ਬਠਿੰਡਾ ਸ਼ਹਿਰ ਦੇ ਮੇਅਰ ਹੋਣਗੇ ਸ੍ਰ. ਜਗਰੂਪ ਸਿੰਘ ਗਿੱਲ

50 ਵਾਰਡਾਂ ਚੋਂ 43 ਤੇ ਕਾਂਗਰਸ 7 ਤੇ ਅਕਾਲੀ ਦਲ ਜਿੱਤੇ

ਭਾਜਪਾ ਤੇ ਆਪ ਨਹੀਂ ਖੋਹਲ ਸਕੇ ਖਾਤਾ

ਬਠਿੰਡਾ – ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੇ ਨਤੀਜੇ ਜਿੱਥੇ ਹੈਰਾਨੀਜਨਕ ਦਿਖਾਈ ਦਿੱਤੇ, ਉੱਥੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ: ਜਗਰੁਪ ਸਿੰਘ ਗਿੱਲ ਦਾ ਮੇਅਰ ਬਣਨਾ ਵੀ ਲੱਗਭੱਗ ਸਪਸਟ ਕਰ ਦਿੱਤਾ ਹੈ। ਸ਼ਹਿਰ ਦੇ ਪੰਜਾਹ ਵਾਰਡਾਂ ਚੋਂ 43 ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ, ਜਦ ਕਿ ਸ੍ਰੋਮਣੀ ਅਕਾਲੀ ਦਲ ਨੇ ਸੱਤ ਵਾਰਡਾਂ ਵਿੱਚ ਜਿੱਤ ਹਾਸਲ ਕੀਤੀ।
ਇਹਨਾਂ ਨਤੀਜਿਆਂ ਤੋਂ ਇਸ ਗੱਲ ਤੋਂ ਹੈਰਾਨੀ ਹੁੰਦੀ ਹੈ, ਕੇਂਦਰ ਵਿੱਚ ਸੱਤ੍ਹਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਇਸ ਨਿਰੋਲ ਸ਼ਹਿਰ ਵਿੱਚੋਂ ਆਪਣਾ ਖਾਤਾ ਵੀ ਨਹੀਂ ਖੋਹਲ ਸਕੀ। ਭਾਜਪਾ ਤੋਂ ਸ਼ਹਿਰੀ ਵੋਟਰਾਂ ਨੇ ਮੂੰਹ ਮੋੜ ਕੇ ਪਰਤੱਖ ਕਰ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ ਦੇ ਹੱਕ ਵਿੱਚ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕਿਸੇ ਇੱਕ ਵਾਰਡ ਤੋਂ ਜਿੱਤ ਹਾਸਲ ਨਹੀਂ ਕਰ ਸਕੀ, ਜਿਸਨੇ ਪ੍ਰਚਾਰ ਦੌਰਾਨ ਦਿੱਲੀ ਮਾਡਲ ਵਿਕਾਸ ਤੇ ਜੋਰ ਦਿੱਤਾ ਸੀ, ਪਰ ਬਠਿੰਡਾ ਵਾਸੀਆਂ ਤੇ ਉਸਦਾ ਕੋਈ ਅਸਰ ਨਹੀਂ ਹੋਇਆ। ਇਹਨਾਂ ਨਤੀਜਿਆਂ ਨੇ ਸਪਸਟ ਕੀਤਾ ਹੈ ਕਿ ਵੋਟਰ ਕਾਂਗਰਸ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਅਤੇ ਕਿਸਾਨੀ ਸੰਘਰਸ ਨੂੰ ਦਿੱਤੇ ਜਾ ਰਹੇ ਸਹਿਯੋਗ ਨੂੰ ਸਹੀ ਮੰਨ ਰਹੇ ਹਨ। ਦੂਜੇ ਪਾਸੇ ਅਕਾਲੀ ਸਰਕਾਰ ਸਮੇਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਅਕਾਲੀ ਦਲ ਵਿਰੁੱਧ ਗੁੱਸਾ ਅਜੇ ਠੰਢਾ ਨਹੀਂ ਹੋਇਆ। ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਹੋਣ ਸਦਕਾ ਇਹਨਾਂ ਨਤੀਜਿਆਂ ਨੂੰ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।
ਬਠਿੰਡਾ ਦੇ ਵੋਟਰਾਂ ਨੇ ਫੋਟਾਂ ਪਾਉਣ ਸਮੇਂ ਫੈਸਲਾ ਬਹੁਤ ਸੋਚ ਸਮਝ ਨਾਲ ਕੀਤਾ ਦਿਖਾਈ ਦਿੰਦਾ ਹੈ, ਕਿਸੇ ਪਾਰਟੀ ਵਿੱਚ ਉਮੀਦਵਾਰ ਦੇ ਰੁਤਬੇ ਨੂੰ ਨਹੀਂ ਦੇਖਿਆ ਗਿਆ। ਮਿਸਾਲ ਵਜੋਂ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੇ ਸੁਬਾਈ ਆਗੂ ਸ੍ਰ: ਟਹਿਲ ਸਿੰਘ ਸੰਧੂ ਜੋ ਪਾਰਟੀ ਵਿੱਚ ਕਈ ਅਹੁਦਿਆਂ ਤੇ ਰਹੇ ਹਨ, ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਨੂੰ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀ ਅਮਨਦੀਪ ਕੌਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ, ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਸੁਬਾਈ ਆਗੂ ਸ੍ਰ: ਦਲਜੀਤ ਸਿੰਘ ਬਰਾੜ ਤੇ ਬਠਿੰਡਾ ਸ਼ਹਿਰੀ ਪ੍ਰਧਾਨ ਸ੍ਰੀ ਰਾਜਬਿੰਦਰ ਸਿੰਘ ਸਿੱਧੂ ਨੂੰ ਵੀ ਹਾਰ ਹੋਈ। ਮੁਕੰਮਲ ਨਤੀਜੇ ਆ ਜਾਣ ਸਦਕਾ ਕਾਂਗਰਸ ਦਾ ਮੇਅਰ ਬਣਨਾ ਤਾਂ ਤਹਿ ਹੋ ਹੀ ਗਿਆ ਹੈ, ਪਰ ਇਸ ਅਹੁਦੇ ਲਈ ਕਈ ਕਾਂਗਰਸੀ ਮੇਅਰ ਬਣਨ ਦੀ ਇੱਛਾ ਨਾਲ ਹੀ ਚੋਣ ਮੈਦਾਨ ਵਿੱਚ ਉੱਤਰੇ ਸਨ, ਇਹ ਚਰਚਾ ਜੋਰਾਂ ਤੇ ਹੈ ਕਿ ਇਹ ਅਹੁਦਾ ਕਿਸਦੀ ਝੋਲੀ ਪਵੇਗਾ।
ਕਾਂਗਰਸ ਦੇ ਸੀਨੀਅਰ ਆਗੂ ਸ੍ਰ: ਜਗਰੂਪ ਸਿੰਘ ਗਿੱਲ ਨੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਚੋਣ ਵਿੱਚ ਹਿੱਸਾ ਲਿਆ ਤੇ ਜਿੱਤ ਪ੍ਰਾਪਤ ਕੀਤੀ ਹੈ। ਉਹ ਨਗਰ ਕੌਂਸਲ ਬਠਿੰਡਾ ਦੇ ਪ੍ਰਧਾਨ ਅਤੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਉਹ ਅਤੀ ਨਜਦੀਕੀ ਹਨ ਅਤੇ ਨਿਗਮ ਦੇ ਕੰਮਾਂ ਸਬੰਧੀ ਉਹਨਾਂ ਨੂੰ ਕਾਫ਼ੀ ਜਾਣਕਾਰੀ ਹੈ। ਬਠਿੰਡਾ ਸ਼ਹਿਰ ਦਾ ਮੇਅਰ ਕੌਣ ਹੋਵੇਗਾ? ਭਾਵੇਂ ਇਹ ਫੈਸਲਾ ਰਾਜ ਸਰਕਾਰ ਵੱਲੋਂ ਅਜੇ ਨਹੀਂ ਕੀਤਾ ਗਿਆ, ਪਰ ਸ੍ਰ: ਗਿੱਲ ਦਾ ਮੇਅਰ ਬਣਨਾ ਲੱਗਭੱਗ ਸਪਸ਼ਟ ਦਿਖਾਈ ਦੇ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks