ਪੱਥਰ ਕਹੇ! “ਖੁਰੀ ਜਾਣੇ ਆ ਯਾਰ”

ਆਜ਼ਾਦੀ ਕੀ ਹੈ? ਸਮਝਣ ਦੀ ਲੋੜ ਹੈ। ਅਸੀਂ ਪਹਿਲਾ ਵੀ ਆਜ਼ਾਦ ਸੀ, ਅਸੀਂ ਹੁਣ ਵੀ ਆਜ਼ਾਦ ਹਾਂ। ਸਾਡੀ ਮਾਨਸਿਕਤਾ ਪਹਿਲਾ ਵੀ ਗ਼ੁਲਾਮ ਸੀ ਤੇ ਹੁਣ ਵੀ। ਹਾਲਾਤ ਤੇ ਨਜ਼ਰ ਮਾਰਿਆਂ ਹਾਲੇ ਕੀਤੇ ਦਿਖਾਈ ਨਹੀਂ ਦੇ ਰਿਹਾ ਕਿ ਅਸੀਂ ਭਵਿੱਖ ‘ਚ ਇਸ ਮਾਨਸਿਕ ਗ਼ੁਲਾਮੀ ‘ਚੋਂ ਬਾਹਰ ਨਿਕਲ ਆਵਾਂਗੇ। ਇਤਿਹਾਸ ਗਵਾਹ ਹੈ ਕਿ ਅਸੀਂ ਓਨੇ ਮਾੜੇ ਦਿਨ ਨਹੀਂ ਦੇਖੇ ਜਿੰਨੇ ਹੋਰਨਾ ਮੁਲਕਾਂ ਦੇ ਗ਼ੁਲਾਮਾਂ ਨੇ ਦੇਖੇ। ਉਧਾਰਨ ਦੇ ਤੌਰ ਤੇ ਅਫ਼ਰੀਕੀ ਦੇਸ਼ਾਂ ਦਾ ਇਤਿਹਾਸ ਪੜ੍ਹਿਆ ਜਾ ਸਕਦਾ ਜਿੱਥੇ ਗ਼ੁਲਾਮਾਂ ਦੇ ਬੇੜੀਆਂ ਪਾ ਕੇ ਕੋੜੇ ਮਾਰ-ਮਾਰ ਕੇ ਕੰਮ ਲਿਆ ਜਾਂਦਾ ਸੀ ਤੇ ਅੰਨ ਦੇ ਨਾਂ ਤੇ ਜਾਨਵਰਾਂ ਵਾਂਗ ਧਰਤੀ ਤੇ ਕੁਝ ਰਾਸ਼ਨ ਖਿਲਾਰ ਦਿਤਾ ਜਾਂਦਾ ਸੀ। ਦੁਨੀਆ ‘ਚ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆ ਮੁਲਕਾਂ ‘ਚ ਅਫ਼ਰੀਕਾ ਤੇ ਭਾਰਤ ਦਾ ਨਾਂ ਸਭ ਤੋਂ ਉਤੇ ਆਉਂਦਾ ਹੈ। ਪਰ ਜਦੋਂ ਦੋਹਾ ਮੁਲਕਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਭਾਰਤ ਆਜ਼ਾਦ ਹੋਣ ‘ਚ ਪਹਿਲਾ ਬਾਜੀ ਮਾਰ ਗਿਆ ਤੇ ਅਫ਼ਰੀਕਾ ਦੇਰੀ ਨਾਲ ਆਜ਼ਾਦ ਹੋਇਆ। ਦੂਜੇ ਪਾਸੇ ਜੇ ਦੇਖਦੇ ਹਾਂ ਤਾਂ ਅਫ਼ਰੀਕਾ ਦੇਰੀ ਨਾਲ ਆਜ਼ਾਦ ਹੋ ਕੇ ਵੀ ਭਾਰਤ ਤੋਂ ਮੂਹਰੇ ਨਿਕਲ ਗਿਆ। ਕਾਰਨ ਸਪੱਸ਼ਟ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ‘ਚ ਮਾਨਯੋਗ ਮੰਡੇਲਾ ਸਾਹਿਬ ਨੇ ਕਿਹਾ ਸੀ ਕਿ ਮਾੜੇ ਦਿਨਾਂ ਨੂੰ ਭੁੱਲ ਜਾਉ ਤੇ ਤਰੱਕੀ ਦੇ ਰਾਹ ਪੈ ਜਾਓ। ਬੀਤਿਆ ਵੇਲਾ ਵਾਪਸ ਨਹੀਂ ਆਉਣਾ ਤੇ ਜੇ ਤੁਸੀਂ ਬਦਲੇ ਦੀ ਭਾਵਨਾ ‘ਚ ਅਟਕੇ ਰਹੇ ਤਾਂ ਤੁਸੀਂ ਦੁਨੀਆ ਤੋਂ ਪਿਛੜ ਜਾਵੋਗੇ, ਦੁਨੀਆ ਹਮੇਸ਼ਾ ਚੜ੍ਹਦੇ ਨੂੰ ਸਲਾਮਾਂ ਕਰਦੀ ਹੈ। ਪਰ ਭਾਰਤ ਦੀ ਮਾਨਸਿਕਤਾ ਕੁਝ ਵੱਖਰੀ ਰਹੀ, ਆਜ਼ਾਦ ਹੋਏ, ਪਰ ਮੁਲਕ ਦੇ ਬਟਵਾਰੇ ਨੇ ਆਜ਼ਾਦੀ ਦਾ ਮੁਲਾਂਕਣ ਬਦਲ ਕੇ ਰੱਖ ਦਿੱਤਾ। ਗੋਰਿਆਂ ਦੇ ਰਾਜ ‘ਚ ਡਾਂਗਾਂ ਉਨ੍ਹਾਂ ਤੇ ਵਰ੍ਹਦੀਆਂ ਰਹੀਆਂ ਜਿਨ੍ਹਾਂ ਨੇ ਮੂਹਰੋਂ ਆਵਾਜ਼ ਉਠਾਈ। ਆਵਾਜ਼ ਕਿਸ ਨੇ ਉਠਾਈ! ਮੁੱਠੀ ਭਰ ਨੇਤਾਵਾਂ ਨੇ। ਹੁਣ ਸਵਾਲ ਇਹ ਆਉਂਦਾ ਕੇ ਫੇਰ ਡਾਂਗ ਨੇਤਾਵਾਂ ਤੇ ਵਰ੍ਹੀ ਹੋਣੀ ਹੈ? ਨਹੀਂ ਜੀ! ਕਦੇ ਤੁਸੀਂ ਕਿਤੇ ਦੇਖਿਆ ਕਿ ਨਹਿਰੂ ਨੂੰ ਲੰਮਾ ਪਾ ਰੱਖਿਆ ਜਾਂ ਜ਼ਿਨਾਹ ਨੂੰ? ਸੋ ਧਿਆਨ ਨਾਲ ਦੇਖੋਗੇ ਤਾਂ ਹਾਲਾਤ ਉਦੋਂ ਵੀ ਉਹੀ ਸੀ, ਹਾਲਾਤ ਹੁਣ ਵੀ ਉਹੀ ਹਨ। ਉਦੋਂ ਵੀ ਕੁਝ ਕੁ ਬੰਦਿਆਂ ਦੀ ਚੌਧਰ ਕਰਨ ਦੀ ਮਾਨਸਿਕਤਾ ਨੇ ਤਕਰੀਬਨ ਦੱਸ ਲੱਖ ਲੋਕਾਂ ਦੀ ਬਲੀ ਲਈ ਅੱਜ ਵੀ। ਜਦੋਂ ਰਾਜ-ਕਾਜ ਮਿਲ ਗਿਆ ਫੇਰ ਕੀ ਹੋਇਆ? ਉਹੀ ਜੋ ਆਜ਼ਾਦੀ ਤੋਂ ਪਹਿਲਾਂ ਹੁੰਦਾ ਸੀ। ਫੇਰ ਆਵਾਜ਼ ਉਠਾਉਣ ਵਾਲੇ ਆਮ ਬੰਦੇ ਦੇ ਵਰ੍ਹੀਆਂ ਡਾਂਗਾਂ, ਜੋ ਨਿਰੰਤਰ ਜਾਰੀ ਹਨ। ਹੁਣ ਵੀ ਤੁਹਾਨੂੰ ਕਦੇ ਨਹੀਂ ਦਿਖਾਈ ਦੇਵੇਗਾ ਕਿ ਅੱਜ ਕੈਪਟਨ ਢਾਹ ਰੱਖਿਆ ਜਾਂ ਰਾਹੁਲ ਜਾਂ ਸੁਖਬੀਰ। ਅੱਜ ਵੀ ਕੁੱਟ ਤੇਰੇ ਮੇਰੇ ਵਰਗਿਆਂ ਤੇ ਪੈਂਦੀ ਹੈ। ਇਨ੍ਹਾਂ ਚੰਦ ਕੁ ਚੌਧਰੀਆਂ ਕੋਲ ਤਜਰਬਾ ਹੀ ਏਨਾ ਹੋ ਗਿਆ ਕਿ ਉਹ ਸਾਡੀ ਮਾਨਸਿਕਤਾ ਨੂੰ ਬਦਲਣ ਹੀ ਨਹੀਂ ਦਿੰਦੇ।

ਆਜ਼ਾਦੀ ਦਿਹਾੜੇ ਮੌਕੇ ਕੋਈ ਆਜ਼ਾਦੀ ਦੀਆਂ ਵਧਾਈਆਂ ਦੇ ਰਿਹਾ ਕੋਈ ਤਾਨ੍ਹੇ ਮਾਰ ਰਿਹਾ। ਪਰ ਸਹੀ ਮਾਅਨਿਆਂ ‘ਚ ਲੋੜ ਸੋਚਣ ਦੀ ਹੈ ਕਿ ਅਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ। ਕਹਿੰਦੇ ਹਨ ਕਿ ਆਜ਼ਾਦ ਮੁਲਕ ‘ਚ ਤੁਹਾਨੂੰ ਬੋਲਣ ਲਿਖਣ ਦੀ ਆਜ਼ਾਦੀ ਹੁੰਦੀ ਹੈ। ਜੇ ਇਹੀ ਆਜ਼ਾਦੀ ਹੁੰਦੀ ਹੈ ਤਾਂ ਫੇਰ ਕੋਣ ਕਹਿੰਦਾ ਕਿ ਅਸੀਂ ਆਜ਼ਾਦ ਨਹੀਂ ਹਾਂ? ਸਾਡੇ ਤਾਂ ਆਜ਼ਾਦੀ ਡੁੱਲ੍ਹ-ਡੁੱਲ੍ਹ ਪੈ ਰਹੀ ਹੈ। ਅੱਜ ਦੇ ਆਧੁਨਿਕ ਦੌਰ ‘ਚ ਅਸੀਂ ਬੋਲਣ ਦੀ ਥਾਂ ਜਦੋਂ ਮਰਜ਼ੀ ਕਿਸੇ ਦੀ ਧੀ ਭੈਣ ਇੱਕ ਕਰ ਦਿੰਦੇ ਹਾਂ। ਲਿਖਣ ਵੇਲੇ ਅੱਗਾ ਪਿਛਾ ਨਹੀਂ ਦੇਖਦੇ। ਮੈਨੂੰ ਤਾਂ ਲਗਦਾ ਹੋਰਨਾ ਮੁਲਕਾਂ ਨਾਲੋ ਅਸੀਂ ਆਜ਼ਾਦੀ ਦੀ ਕੁਝ ਜ਼ਿਆਦਾ ਹੀ ਵਰਤੋਂ ਕਰਦੇ ਹਾਂ। ਜਿੱਥੇ ਮਰਜ਼ੀ, ਜਦੋਂ ਮਰਜ਼ੀ ਅਸੀਂ ਕਾਨੂੰਨ ਨੂੰ ਟਿੱਚ ਜਾਣ ਸਕਦੇ ਹਾਂ। ਕਾਨੂੰਨ ਭਾਵੇਂ ਸੜਕਾਂ ਦੇ ਹੋਣ ਭਾਵੇਂ ਦਫ਼ਤਰਾਂ ਦੇ ਅਸੀਂ ਜਦੋਂ ਮਰਜ਼ੀ ਆਪਣੇ ਮੁਤਾਬਿਕ ਢਾਲ ਸਕਦੇ ਹਾਂ। ਇਹ ਨਾ ਦਿਸਣ ਵਾਲੀ ਆਜ਼ਾਦੀ ਵਿਦੇਸ਼ ਆ ਕੇ ਮਹਿਸੂਸ ਹੋਈ, ਜਦੋਂ ਮੋੜ ਮੋੜ ਤੇ ਆਪਣੇ ਆਪ ਨੂੰ ਰੋਕਣਾ ਪਿਆ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਜਾ ਇਹ ਨਹੀਂ ਕਰ ਸਕਦੇ, ਜੁਰਮਾਨਾ ਹੋ ਜਾਊ। ਦੋਸਤੋ ਤੁਸੀਂ ਤਾਂ ਆਵੇ ਹੁੰਦੇ-ਸੁੰਦੇ ਰੋਈ ਜਾਂਦੇ ਹੋ, ਗ਼ੁਲਾਮੀ ਤਾਂ ਅਸੀਂ ਭੋਗ ਦੇ ਹਾਂ। ਕੁਝ ਕੁ ਨਮੂਨੇ ਸੁਣ ਲਵੋ! ਅਸੀਂ ਆਪਣੇ ਘਰ ਵੀਕ ਐਂਡ ਤੋਂ ਬਿਨਾਂ ਉਚੀ ਆਵਾਜ਼ ‘ਚ ਰੌਲਾ ਜਾ ਸੰਗੀਤ ਨਹੀਂ ਸੁਣ ਸਕਦੇ, ਸੜਕ ਦੇ ਕੰਢੇ ਖੜੋ ਹੋਲੇ ਨਹੀਂ ਹੋ ਸਕਦੇ, ਭਾਵੇਂ ਵਿਚ ਹੀ ਨਿਕਲ ਜਾਵੇ। ਥੁੱਕਣ ਨੂੰ ਜਦੋਂ ਦਿਲ ਕਰਦਾ ਮਨ-ਮਸੋੜ ਕੇ ਰਹਿ ਜਾਈਦਾ। ਕਿ ਮਜਾਲ ਆ ਆਪਣੇ ਕੰਮ ਦੀ ਮਸ਼ਹੂਰੀ ਦੋ ਨੀਲ ਦੀਆਂ ਡੱਬੀਆਂ ਲੈ ਕੇ ਕਿਸੇ ਕੰਧ-ਕੌਲੇ ਤੇ ਕਰ ਦਈਏ। ਭਾਵੇਂ ਬਥੇਰੇ ਡਾਲਰ ਕਮਾਈ ਦੇ ਆ ਪਰ ਕੀ ਮਜਾਲ ਆ ਕਿ ਦੇ ਲੈ ਕੇ ਕੋਈ ਕੰਮ ਕਰਾ ਲਈਏ, ਉਸੇ ਲਾਈਨ ‘ਚ ਲੱਗ ਕੇ ਕੰਮ ਕਰਾਉਣੇ ਪੈਂਦੇ ਆ। ਹੋਰ ਸੁਣ ਲਵੋ ਪਿਛਲੇ ਸਾਲ ਖੇਤ ‘ਚ ਪਏ ਵਾਧੂ ਜੇ ਬਾਲਣ ਨੂੰ ਅੱਗ ਲਾਉਣੀ ਸੀ ਪਰ ਦੇਖ ਲਓ ਸਾਡੀ ਗ਼ੁਲਾਮੀ, ਆਪਣਾ ਖੇਤ, ਆਪਣਾ ਬਾਲਣ ਤੇ ਆਪਣੀ ਸੀਖਾਂ ਵਾਲੀ ਡੱਬੀ, ਪਰ ਸਰਕਾਰ ਕਹੇ! ਨਾ ਜੀ ਇਸ ਰੁੱਤੇ ਤੂੰ ਅੱਗ ਨਹੀਂ ਲਾ ਸਕਦਾ, ਜਦੋਂ ਠੰਢ ਹੋਈ ਉਦੋਂ ਸਾਡੇ ਕੋਲੋਂ ਮਨਜ਼ੂਰੀ ਲੈ ਕੇ ਜਾਈਂ। ਹੁਣ ਤੁਸੀਂ ਦੱਸੋ ਗ਼ੁਲਾਮ ਕੋਣ ਹੋਇਆ? ਸੋ ਦੋਸਤੋ! ਲੋਹੜਿਆਂ ਦੀ ਆਜ਼ਾਦ ਫ਼ਿਜ਼ਾ ‘ਚ ਸਾਹ ਲੈ ਰਹੇ ਹੋ, ਐਵੇਂ ਨਾ ਮਰੂ-ਮਰੂ ਕਰੀ ਜਾਓ। ਹਾਂ ਜੇ ਲੋੜ ਹੈ ਤਾਂ ਅੱਜ ਗ਼ੁਲਾਮ ਮਾਨਸਿਕਤਾ ‘ਚੋਂ ਬਾਹਰ ਆਉਣ ਦੀ ਹੈ। ਕਹਿੰਦੇ ਆ ਕਿ ਜਿੱਥੇ ਮਾਨਸਿਕ ਤੰਦਰੁਸਤੀ ਹੈ, ਉਥੇ ਚੰਗੀ ਸਿਹਤ ਹੈ ਤੇ ਜਿੱਥੇ ਚੰਗੀ ਸਿਹਤ ਹੈ, ਉਥੇ ਚੰਗਾ ਸਮਾਜ ਹੈ ਤੇ ਜਿਹੜੇ ਮੁਲਕ ਦਾ ਸਮਾਜ ਚੰਗਾ ਹੈ, ਉਸ ਮੁਲਕ ਨੂੰ ਧਰਤੀ ਦਾ ਸਵਰਗ ਕਿਹਾ ਜਾ ਸਕਦਾ।

Install Punjabi Akhbar App

Install
×