
ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਭੋਗ ਕੇ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ਵਿੱਚ ਹੋਇਆ ਸੀ।
ਉਹ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਨ। ਉਹ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦੇ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਕ ਮਜ਼ਬੂਤ ਪ੍ਰਭਾਵ ਰਿਹਾ। ਉਹ ਆਮ ਤੌਰ ‘ਤੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਸ਼ਕਤੀਸ਼ਾਲੀ ਸਿੱਖ ਨੇਤਾ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਜਾਣੇ ਜਾਂਦੇ ਸਨ।
ਜਦੋਂ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ, ਉਹ ਸਭ ਤੋਂ ਘੱਟ ਉਮਰ ਦੇ ਸਨ। ਜਦੋਂ ਉਨ੍ਹਾਂ ਨੇ ਆਖਰੀ ਵਾਰ ਅਹੁਦਾ ਛੱਡਿਆ ਸੀ, ਉਹ ਸਭ ਤੋਂ ਵੱਡੀ ਉਮਰ ਦੇ ਸਨ। ਪ੍ਰਕਾਸ਼ ਸਿੰਘ ਬਾਦਲ ਮਾਰਚ 1970 ਵਿੱਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਸ ਸਮੇਂ ਇਹ ਅਹੁਦਾ ਸੰਭਾਲਣ ਵਾਲੇ ਉਹ ਸਭ ਤੋਂ ਨੌਜਵਾਨ (43) ਆਗੂ ਸਨ। ਉਨ੍ਹਾਂ ਨੇ ਪੰਜਾਬ ਵਿੱਚ ਅਕਾਲੀ-ਦਲ-ਜਨ ਸੰਘ ਦੀ ਸਰਕਾਰ ਲਗਭਗ ਡੇਢ ਸਾਲ ਤੱਕ ਚਲਾਈ। ਫਿਰ ਹਿੰਦੀ ਭਾਸ਼ਾ ਦੇ ਮੁੱਦੇ ‘ਤੇ ਜਨਸੰਘ ਨੇ ਸਮਰਥਨ ਵਾਪਸ ਲੈ ਲਿਆ ਅਤੇ ਇਹ ਸਰਕਾਰ ਡਿੱਗ ਗਈ।