ਪੰਜਾਬੀ ਅਖ਼ਬਾਰ ਦੀ ਅਗਲੀ ਪੁਲਾਂਘ

ਪਿਛਲੇ ਵਰ੍ਹੇ ਯਾਨੀ ੧੬ ਫ਼ਰਵਰੀ ੨੦੧੩ ਨੂੰ ਪੰਜਾਬੀ ਅਖ਼ਬਾਰ ਦਾ ਅਗਾਜਿ ਸਾਊਥ ਆਸਟ੍ਰੇਲੀਆ ਵਿਚ ਕੀਤਾ ਸੀ। ਉਸ ਵਕਤ ਇਸ ਦਾ ਦਾਇਰਾ ਸਿਰਫ਼ ਸਾਊਥ ਆਸਟ੍ਰੇਲੀਆ ਨੂੰ ਮੰਨਿਆ ਗਿਆ ਸੀ। ਪਰ ਆਨਲਾਈਨ ਪੜ੍ਹਨ ਵਾਲੇ ਪਾਠਕਾਂ ਦੀ ਮੰਗ ਦੇ ਮੱਦੇ ਨਜ਼ਰ ਪੰਜਾਬੀ ਅਖ਼ਬਾਰ ਸਾਰੇ ਸਾਊਥ ਆਸਟ੍ਰੇਲੀਆ, ਪਰਥ, ਕੈਨਬਰਾ, ਵੱਲਗੁਲਗਾ ਅਤੇ ਮਿਲਦੁਰਾ ਆਦਿ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਭਾਵੇਂ ਆਰਥਿਕ ਤੌਰ ਤੇ ਅਦਾਰੇ ਨੂੰ ਕਾਫ਼ੀ ਬੋਝ ਪਿਆ ਪਰ ਸਮਾਜਿਕ ਤੌਰ ਤੇ ਮਿਲੀ ਫੀਡ ਬੈਕ ਨੇ ਸਾਨੂੰ ਡੋਲਣ ਨਹੀਂ ਦਿੱਤਾ। ਅਗਲੀ ਪੁਲਾਂਘ ਮੈਲਬਾਰਨ ਵੱਲ ਪੁੱਟਣ ਦੀ ਕੋਸ਼ਿਸ਼ ਇਸ ਅੰਕ ਤੋਂ ਹੋ ਰਹੀ ਹੈ। ਅਸੀਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇਸ ਨਾਲ ਅਦਾਰੇ ਉਤੇ ਹੋਰ ਬੋਝ ਬਣੇਗਾ। ਪਰ ਫੇਰ ਵੀ ਆਪ ਸਭ ਦੇ ਪਿਆਰ ਅਤੇ ਸਤਿਕਾਰ ਦੇ ਹੌਸਲੇ ਨਾਲ ਇਸ ਪੁਲਾਂਘ ਨੂੰ ਪੁੱਟਣ ਦਾ ਹੀਆਂ ਕੀਤਾ ਹੈ। ਇਸ ਉਮੀਦ ਨਾਲ ਕਿ ਕਦੇ ਨਾ ਕਦੇ ਕੰਮ ਦੀ ਕਦਰ ਜ਼ਰੂਰ ਪਵੇਗੀ। ਅੱਜ ਦੇ ਇਸ ਸੰਪਾਦਕੀ ਜਰੀਏ ਉਨ੍ਹਾਂ ਸਾਰੇ ਸਜਣਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪਿਛਲੇ ਇਕ ਸਾਲ ਦੌਰਾਨ ਪੰਜਾਬੀ ਅਖ਼ਬਾਰ ਦੇ ਮੋਢੇ ਨਾਲ ਮੋਢਾ ਜੋੜਿਆ। ਅੱਗੇ ਆਉਣ ਵਾਲੇ ਸਮੇਂ ‘ਚ ਸਾਡੀ ਪਾਠਕਾਂ ਕੋਲ ਬੇਨਤੀ ਹੈ ਕਿ ਉਹ ਸਾਨੂੰ ਫੀਡ ਬੈਕ ਜ਼ਰੂਰ ਭੇਜਣ ਤਾਂ ਕਿ ਸੁਧਾਰ ਜਾਰੀ ਰੱਖਿਆ ਜਾ ਸਕੇ। ਪੰਜਾਬੀ ਅਖ਼ਬਾਰ ਨਾਲ ਜੁੜੇ ਲੇਖਕਾਂ ਅਤੇ ਜੁੜਨਾ ਚਾਹੁੰਦੇ ਲੇਖਕਾਂ ਲਈ ਇਕ ਬੇਨਤੀ ਇਹ ਹੈ ਕਿ ਅਕਸਰ ਹੀ ਅਸੀਂ ਲਿਖਤਾਂ ਵਿਚ ਵੱਖ ਵੱਖ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਦੁਆਉਣ ਦੀ ਕੋਸ਼ਿਸ਼ ਕਰਦੇ ਹਾਂ। ਜੋਕਿ ਲੰਮੇ ਸਮੇਂ ਤੋਂ ਪ੍ਰਚਲਿਤ ਹੈ। ਬਹੁਤ ਘੱਟ ਲੇਖਕ ਹੋਣਗੇ ਜਿਨ੍ਹਾਂ ਮਸਲਿਆਂ ਦੇ ਨਾਲ ਉਨ੍ਹਾਂ ਦੇ ਹੱਲ ਵੀ ਦੱਸੇ ਹੋਣਗੇ। ਹਰ ਬੰਦੇ ਦੀ ਆਪਣੀ ਸੋਚ ਤੇ ਸਮਝ ਹੁੰਦੀ ਹੈ ਸੋ ਪਤਾ ਨਹੀਂ ਕਿਸ ਦੀ ਸਲਾਹ ਜਾ ਮਸ਼ਵਰਾ ਮਸਲੇ ਦਾ ਹੱਲ ਕਰ ਜਾਵੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮਸਲੇ ਵੀ ਚੁੱਕੋ ਨਾਲ-ਨਾਲ ਉਨ੍ਹਾਂ ਦੇ ਹੱਲ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ।
ਅਗਲੀ ਗੱਲ, ਪਰਥ ‘ਚ ਹੋਣ ਵਾਲੀਆਂ ੨੭ ਵੀਆਂ ਸਿੱਖ ਖੇਡਾਂ ਸਿਰ ਤੇ ਹਨ ਪਰ ਖੇਡਾਂ ਵਿਚ ਸਿਆਸਤ ਫੇਰ ਭਾਰੂ ਹੋਈ ਦਿੱਖ ਰਹੀ ਹੈ। ਖ਼ਾਸ ਕਰਕੇ ਕਬੱਡੀ ਦੇ ਮੈਦਾਨ ਤੇ ਖਿਡਾਰੀ ਘੱਟ ਤੇ ਪ੍ਰਬੰਧਕ ਵੱਧ ਕਬੱਡੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਣਨ ‘ਚ ਇਹ ਆ ਰਿਹਾ ਹੈ ਕਿ ਆਸਟ੍ਰੇਲੀਅਨ ਕਬੱਡੀ ਧੜਿਆਂ ਵਿਚ ਵੰਡੀ ਗਈ ਹੈ ਤੇ ਪ੍ਰਬੰਧਕ ਇਕ ਦੂਜੇ ਨਾਲ ਆਪਣੀ ਟੀਮ ਨੂੰ ਖਿਡਾਉਣਾ ਨਹੀਂ ਚਾਹੁੰਦੇ। ਜੋਕਿ ਖੇਡ ਅਤੇ ਖਿਡਾਰੀ ਲਈ ਬਹੁਤ ਘਾਤਕ ਹੈ। ਕਹਿੰਦੇ ਹੁੰਦੇ ਹਨ ਕਿ ‘ਪਾਣੀ ਦੇ ਮਾਰਿਆਂ ਨੂੰ ਪਾਣੀ ਹਰਾ ਕਰਦਾ’ ਸੋ ਆਸ ਕਰਨੀ ਬਣਦੀ ਹੈ ਕਿ ਖਿਡਾਰੀਆਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰਬੰਧਕ ਆਪਣੀਆਂ ਨਿੱਜੀ ਸਮੱਸਿਆਵਾਂ ਨੂੰ ਖੇਡ ਤੋਂ ਦੂਰ ਰੱਖਣਗੇ। ਇਕ ਤਾਂ ਪਰਥ ਦੂਰ ਹੋਣ ਕਾਰਨ ਉਥੇ ਸਿੱਖ ਖੇਡਾਂ ਦੀ ਰੌਣਕ ਸਿਡਨੀ, ਮੈਲਬੌਰਨ ਵਰਗੀ ਨਹੀਂ ਹੁੰਦੀ ਦੂਜਾ ਜੇ ਕਬੱਡੀ ਵਾਲਾ ਮਸਲਾ ਨਾ ਸੁਲਝਿਆ ਤਾਂ ਇਹਨਾਂ ਖੇਡਾਂ ਦਾ ਰੰਗ ਵੀ ਫਿੱਕਾ ਪੈ ਜਾਣਾ। ਪਹਿਲਾਂ ਹੀ ਪਰਥ ਖੇਡਾਂ ‘ਚ ਕ੍ਰਿਕਟ ਨਹੀਂ ਹੋ ਰਹੀ। ਇਕੱਲੀ ਹਾਕੀ ਅਤੇ ਸੋਕਰ ਨਾਲ ਇਹਨਾਂ ਦਾ ਮਿਆਰ ਬਣਾਇਆ ਨਹੀਂ ਰੱਖਿਆ ਜਾ ਸਕਦਾ।
ਆਖ਼ਿਰ ਵਿੱਚ ਭਾਰਤੀ ਚੋਣਾ ਦੀ ਜੇ ਗੱਲ ਕੀਤੀ ਜਾਵੇ ਤਾਂ ਵਿਦੇਸ਼ ਬੈਠੇ ਮਿੱਤਰਾਂ ਨੂੰ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਸਾਨੂੰ ਚਾਹੀਦੇ ਹੈ ਕਿ ਆਪਣੇ ਪਰਵਾਰਾਂ ਨੂੰ ਜਾਗਰੂਕ ਕੀਤਾ ਜਾਵੇ ਤਾਂਕਿ ਸਹੀ ਨੁਮਾਂਦਿਆਂ ਨੂੰ ਚੁਣ ਕੇ ਸੰਸਦ ਵਿੱਚ ਭੇਜਿਆ ਜਾ ਸਕੇ। ਹੁਣ ਵਕਤ ਹੈ ਆਪਣੀ ਤਾਕਤ ਵਰਤਣ ਦਾ ਬਾਅਦ ਵਿਚ ਪਛਤਾਉਣ ਤੇ ਰੌਲਾ ਪਾਉਣ ਦਾ ਕੋਈ ਫ਼ਾਇਦਾ ਨਹੀਂ। ਭਾਵੇਂ ‘ਪੰਜਾਬੀ ਅਖ਼ਬਾਰ’ ਕਿਸੇ ਵੀ ਧੜੇ ਨਾਲ ਸੰਬੰਧ ਨਹੀਂ ਰੱਖਦਾ ਪਰ ਮੇਰੀ ਇਕ ਨਿੱਜੀ ਰਾਇ ਹੈ ਕਿ ਅਸੀਂ ਕਾਂਗਰਸ, ਭਾਜਪਾ ਅਤੇ ਪੰਥਕ ਸਰਕਾਰਾਂ ਨੂੰ ਕਾਫ਼ੀ ਪਰਖ ਚੁਕੇ ਹਾਂ ਤੇ ਵਕਤ ਵੀ ਦੇ ਚੁੱਕੇ ਹਾਂ ਪਰ ਨਤੀਜੇ ਕੋਈ ਖ਼ਾਸ ਨਹੀਂ ਆਏ, ਸੋ ਇਸ ਬਾਰ ਜੇ ‘ਆਪ’ ਨੂੰ ਅਜ਼ਮਾ ਲਿਆ ਜਾਵੇ ਤਾਂ ਸ਼ਾਇਦ ਭਵਿੱਖ ‘ਚ ਕੋਈ ਚੰਗੇ ਨਤੀਜੇ ਆ ਜਾਣ।

Install Punjabi Akhbar App

Install
×