“ਪੂੰਜੀਵਾਦੀ ਗਲਬਾ ਅਜਿਹੀ ਅਦਿੱਖ ਗੁਲਾਮੀ ਹੈ ਜਿਸ ਦੀ ਸਮਝ ਬੜੀ ਦੇਰ ਨਾਲ ਆਉਂਦੀ ਹੈ -ਡਾ: ਨੂਰਪੁਰ “

” ਬਹੁਗਿਣਤੀ ਲੋਕਾਂ ਦੀ ਬੌਧਿਕਤਾ  ਨੂੰ ਖਾਣ ਪੀਣ ਅਤੇ ਕੱਪੜੇ ਪਹਿਨਣ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ- ਕਾਲਮਨਵੀਸ ਮੰਚ ”

ਵੈਬੀਨਾਰ ਵਿੱਚ ਬੁੱਧੀਜੀਵੀਆਂ ਨੇ ਕਾਰਪੋਰੇਟ ਦੇ ਕੁਦਰਤ ‘ਤੇ ਮਨੁੱਖ-ਮੁਖੀ ਗਲਬੇ ਦੇ ਵਾਧੇ ‘ਤੇ ਪ੍ਰਗਟਾਈ ਚਿੰਤਾ

    ਲੰਡਨ = “ਕਾਰਪੋਰੇਟ ਘਰਾਣਿਆਂ  ਦਾ ਗਲਬਾ ਧਰਤੀ ਦੇ ਵੱਖ ਵੱਖ ਖਿਤਿਆਂ, ਖਣਿੱਜ ਪਦਾਰਥਾਂ, ਪਹਾੜਾਂ, ਝੀਲਾਂ, ਬੰਦਰਗਾਹਾਂ ਹਵਾਈ ਅੱਡਿਆਂ, ਮੀਡੀਆ ਹਾਊਸਾਂ ਤੋਂ ਲੈ ਕੇ ਸਾਡੇ ਦੁਆਰਾ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਲੋੜਾਂ ਤੱਕ ਹੀ ਸੀਮਤ ਨਹੀ ਰਿਹਾ ਇਹ ਹੁਣ ਸਾਡੀਆਂ ਭੌਤਿਕ ਲੋੜਾਂ ਤੋ ਵੀ ਅਗੇ ਵਧ ਕੇ ਸਾਡੀਆਂ  ਮਾਨਸਿਕ ਤੇ ਸਭਿਆਚਾਰਕ ਲੋੜਾਂ ਨੂੰ ਵੀ ਆਪਣੇ ਮੁਨਾਫੇ ਵਾਧੇ ਲਈ  ਢਾਲ ਰਿਹਾ ਹੈ । ਪੂੰਜੀਵਾਦੀ ਗਲਬਾ ਅਜਿਹੀ ਅਦਿੱਖ ਗੁਲਾਮੀ ਹੈ ਜਿਸ ਦੀ ਸਮਝ ਬੜੀ ਦੇਰ ਨਾਲ ਆਉਂਦੀ ਹੈ  । “,ਇਹ ਵਿਚਾਰ ਨਾਮਵਰ ਕਾਲਮਨਵੀਸ ਡਾ ਗੁਰਚਰਨ ਨੂਰਪੁਰ ਨੇ  ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਕਰਵਾਏ ਕੌਮਾਂਤਰੀ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਕਹੇ।  ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਵੈੱਬਨਾਰ ਚ ਆਪਣੀ ਗੱਲ ਨੂੰ ਅਗੇ ਤੋਰਦਿਆਂ ਡਾ ਨੂਰਪੁਰ ਨੇ ਕਿਹਾ ਕਿ ਇਸ  ਵਿਵਸਥਾ ਦੀਆਂ ਸਭ ਤਰਜੀਹਾਂ ਮੁਨਾਫੇ ਲਈ ਹਨ। ਇਸ ਲਈ ਇਸਦੀ ਕੋਸਿ਼ਸ਼  ਲੋਕਾਂ ਨੂੰ ਵੱਧ ਤੋਂ ਵੱਧ ਸਾਧਨਹੀਣ ਬਣਾਉਣਾ ਹੈ । ਹਰ ਤਰ੍ਹਾਂ  ਦੀਆਂ ਜਨਤਕ ਸੇਵਾਵਾਂ ਨੂੰ ਖਤਮ ਕਰਨਾ  ਹੈ। ਬਹੁਗਿਣਤੀ ਲੋਕਾਂ ਦੀ ਬੌਧਿਕਤਾ  ਨੂੰ ਖਾਣ ਪੀਣ ਅਤੇ ਕੱਪੜੇ ਪਹਿਨਣ ਤੱਕ ਹੀ ਸੀਮਤ ਕਰਨਾ ਹੈ।  

ਜਾਣਕਾਰੀ ਦਿੰਦਿਆਂ  ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ  ਨੇ ਦਸਿਆ ਹੈ ਕਿ ਡਾ ਨੂਰਪੁਰ ਨੇ ਅਗੇ ਕਿਹਾ ਕਿ ਮੰਡੀ ਤੇ ਇਸ ਦਾ ਸੰਚਾਲਨ ਕਰ ਰਹੇ ਕਾਰਪੋਰੇਟ ਘਰਾਣਿਆਂ ਦੀਆਂ  ਨੀਤੀਆਂ ਅਜਿਹੀਆਂ ਨੀਤੀਆਂ ਹਨ ਜਿਨ੍ਹਾ  ਦੀ ਆਮ ਮਨੁੱਖ ਨੂੰ ਤਾਂ ਕੀ ਆਪਣੇ ਆਪ ਨੂੰ ਸਰਬ ਗਿਆਤਾ ਸਮਝਦੇ ਬੁੱਧੀਜੀਵੀਆਂ ਨੂੰ ਵੀ 
ਛੇਤੀ ਕੀਤਿਆਂ ਸਮਝ ਨਹੀਂ ਪੈਂਦੀ।  ਬਹੁਤ ਸਾਰੇ ਰਾਜਨੇਤਾ ਵੀ ਇਸ ਸਮਝ ਪੱਖੋਂ ਸੱਖਣੇ ਹਨ। ਖੇਤੀਬਾੜੀ ਲਈ ਪਾਸ  ਨਵੇਂ ਕਾਨੂੰਨਾਂ ਖ਼ਿਲਾਫ ਪੰਜਾਬ ਹਰਿਆਣਾ ਵਿੱਚ ਪਹਿਲੀ
ਵਾਰ ਕਾਰਪੋਰੇਟ ਨੀਤੀਆਂ ਦਾ ਵੱਡਾ ਵਿਰੋਧ ਹੋਇਆ ਹੈ। ਇਹ ਦੇਸ਼ ਵਿੱਚ ਵਾਪਰ ਰਹੀ ਅਜਿਹੀ ਪਹਿਲੀ ਘਟਨਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਪਹਿਲੀ ਵਾਰ ਵੱਡੀ
ਗਿਣਤੀ ਵਿੱਚ ਕਾਰਪੋਰੇਟ ਨੀਤੀਆਂ ਦੇ ਵਿਰੋਧ ਵਿੱਚ ਸੜਕਾਂ ‘ਤੇ ਆਏ ਹਨ। ਰਾਜਨੀਤਕ ਪਾਰਟੀਆਂ ਨੂੰ ਵੀ  ਆਪਣੇ ਪਿੱਛੇ ਲੱਗਣ ਤੇ ਆਪਣੀ ਨੀਤੀ ਚ ਕੂਹਣੀ ਮੋੜ ਲੈਣ ਲਈ
ਮਜ਼ਬੂਰ ਕੀਤਾ ਹੈ। ਮੌਜੂਦਾ ਕੁਦਰਤ ਤੇ ਮਨੁੱਖ ਦੋਖੀ ਵਿਕਾਸ ਮਾਡਲ ਦੇ ਵਿਕਲਪਿਕ  ਕੁਦਰਤ ਤੇ ਮਨੁੱਖ ਮੁੱਖੀ ਵਿਕਾਸ ਮਾਡਲ ਲਾਗੂ ਕਰਨ ਲਈ  ਰਾਜਨੀਤਕ ਚੇਤਨਾ ਤੇ 
ਵਿਸ਼ਾਲ ਲੋਕ ਲਾਮਬੰਦੀ ਇਨ੍ਹਾਂ ਮੰਡੀ ਤੇ ਕਾਰਪੋਰੇਟੀ ਨੀਤੀਆਂ ਨੂੰ ਅਗੇ ਵਧਣ ਤੋ ਰੋਕਣ ਦਾ ਰਾਹ ਬਚਦਾ ਹੈ। ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਭਾਰਤ ਵਿੱਚ ਕਾਰਪੋਰੇਟ
ਸੈਕਟਰ ਦਾ ਫੈਲਾ ਦਹਾਕਿਆਂ ਤੋਂ ਵੱਧ ਰਿਹਾ ਹੈ ਅਤੇ ਹੁਣ ਇਹ ਚਰਮ ਸੀਮਾ ਤੇ ਪੁੱਜ ਗਿਆ ਹੈ। ਦੇਸ਼ ਦੀ ਦੌਲਤ ਕੁਝ ਪਰਿਵਾਰਾਂ ਦੇ ਹੱਥ ਵਿੱਚ ਵੱਧ ਰਹੀ ਹੈ ਅਤੇ ਗਰੀਬੀ
ਤੇ ਭੁੱਖਮਰੀ ਨੇ ਆਮ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ।

ਵੈੱਬੀਨਾਰ ਚਰਚਾ ਨੂੰ ਅਗੇ ਤੋਰਦਿਆਂ ਡਾ ਗਿਆਨ ਸਿੰਘ ਨੇ ਕਿਹਾ ਕਿ  , ਮੋਦੀ ਸਰਕਾਰ ਨੇ ਪੁਰਾਣੀ ਸ਼ਰਾਬ ਹੀ ਨਵੀਆਂ ਬੋਤਲਾਂ ਵਿੱਚ ਪਾ ਕੇ ਪੇਸ਼ ਕੀਤੀ।ਪੁਰਾਣੇ ਕਾਰਪੋਰੇਟ
ਕਲਚਰ ਨੂੰ, ਲੋਕ-ਹਿੱਤ ਦੀ ਝੂਠੀ ਪੁੱਠ ਦੇ ਕੇ ਹੋਰ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ।  ਸਾਨੂੰ ਜੁਗਾਦਿ ਅਰਥ ਵਿਗਿਆਨੀਆਂ ਦੀ ਥਾਂ ਲੋਕ ਭਲਾਈ ਵਾਲੇ ਅਰਥ ਵਿਗਿਆਨੀਆਂ
ਦੀ ਲੋੜ ਹੈ। ਡਾ: ਰਣਜੀਤ ਸਿੰਘ ਘੁੰਮਣ ਮੁਤਾਬਕ ਇਹ ਵੇਖਣਾ ਜ਼ਰੂਰੀ ਹੈ ਕਿ ਰਾਜ ਸੱਤਾ ਕਿਹੜੇ ਲੋਕਾਂ ਦੇ ਕਬਜ਼ੇ ਵਿੱਚ ਹੈ, ਸਿਰਫ ਲੱਛਣਾਂ ਨੂੰ ਹੀ ਵੇਖਣ ਦੀ ਲੋੜ ਨਹੀਂ ਬਲਕਿ
ਜੜ੍ਹ ਨੂੰ ਵੀ  ਵੇਖਣ ਦੀ ਲੋੜ ਹੈ।  ਪੂੰਜੀਵਾਦ ਕੋਲ ਕੇਵਲ ਦਿਮਾਗ ਹੁੰਦਾ ਹੈ, ਦਿਲ ਨਹੀਂ ਹੁੰਦਾ। ਡਾ: ਹਰਜਿੰਦਰ ਵਾਲੀਆ ਮੁਤਾਬਕ ਬਾਜ਼ਾਰ ਅਤੇ ਕਾਰਪੋਰੇਟ ਨੇ ਮੀਡੀਆ ਨੂੰ
ਆਪਣੇ ਸ਼ਿਕੰਜੇ ਵਿੱਚ ਲੈ ਲਿਆ ਹੈ, ਉਹਨਾਂ ਨੇ ਕਾਰਪੋਰੇਟ ਦੇ ਗ਼ਲਬੇ ਨੂੰ ਸਮਝਾਉਣ ਲਈ ਜੀਓ ਨੈੱਟਵਰਕ ਦੀ ਮਿਸਾਲ ਦਿੱਤੀ।  ਡਾ : ਐਸ.ਪੀ. ਸਿੰਘ ਨੇ ਕਿਹਾ ਕਿ ਕਾਰਪੋਰੇਟ
ਸੈਕਟਰ ਆਪਣੀਆਂ ਬਾਹਵਾਂ ਲਗਾਤਾਰ ਫੈਲਾ ਰਿਹਾ ਹੈ ਅਤੇ ਮੌਜੂਦਾ ਮੰਡੀ ਉਤੇ ਆਪਣੀ ਪਕੜ ਪੀਡੀ ਕਰ ਰਿਹਾ ਹੈ। ਵਰਿੰਦਰ ਸ਼ਰਮਾ ਐਮ.ਪੀ. ਬਰਤਾਨੀਆ ਮੁਤਾਬਕ
ਕਾਰਪੋਰੇਟ ਨੂੰ ਨੱਥ ਪਾਉਣ ਲਈ ਆਰਥਿਕਤਾ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ, ਅਰਥ ਵਿਗਿਆਨੀ ਸਾਨੂੰ ਇਸ ਮਾਮਲੇ ਵਿੱਚ ਸੇਧ ਦੇਣ, ਇਸ ਤੋਂ ਅਗਲੀ ਲੋੜ ਇਹ ਹੈ
ਰਾਜ ਸੱਤਾ ਦੀ ਲੋਕਾਂ ਨੂੰ ਪ੍ਰਾਪਤੀ ਹੋਣੀ ਵੀ ਜ਼ਰੂਰੀ ਹੈ। ਰਵਿੰਦਰ ਸਹਿਰਾਅ ਦੱਸਿਆ ਕਿ ਚੌਮਸਕੀ ਵਰਗੇ ਅਰਥ ਸ਼ਾਸਤਰੀਆਂ ਨੂੰ ਅੱਜਕੱਲ੍ਹ ਕੋਈ ਜਾਣਦਾ ਤੱਕ ਨਹੀਂ ਜੋ ਕਿ
ਚਿੰਤਾ ਦਾ ਵਿਸ਼ਾ ਹੈ। ਭਾਰਤ ਦੀ ਜੀਡੀਪੀ ਘੱਟ ਰਹੀ ਹੈ ਪ੍ਰੰਤੂ ਚੀਨ ਦੀ  ਬਹੁਤ ਘੱਟ ਪ੍ਰਭਾਵਿਤ ਹੋਈ ਹੈ।ਮੋਤਾ ਸਿੰਘ ਸਰਾਏ ਯੂਕੇ ਮੁਤਾਬਕ ਸਰਕਾਰਾਂ ਨੇ ਰਾਜ ਕਰਨਾ ਹੁੰਦਾ ਹੈ
ਅਤੇ ਲੋਕਾਂ ਨੇ ਜਿਉਣਾ ਹੁੰਦਾ ਹੈ, ਇਸ ਲਈ ਲੋਕਾਂ ਦੇ ਜੀਵਨ ਵਾਸਤੇ ਸਹੀ ਉਪਰਾਲੇ ਕਰਨਾ ਜ਼ਰੂਰੀ ਹੈ। ਕੰਵਲਜੀਤ  ਸਿੰਘ ਜਵੰਦਾ ਮੁਤਾਬਕ ਸਾਨੂੰ ਪਹਿਲਾਂ ਤਾਂ ਆਪਣਾ ਰਸਤਾ
ਪਛਾਨਣ ਦੀ ਲੋੜ ਹੈ ਕਿ ਕਿਹੜਾ ਮਾਡਲ ਸਾਡੇ ਲਈ ਸਹੀ ਹੈ?ਐੱਸ. ਐੱਲ. ਵਿਰਦੀ ਮੁਤਾਬਕ ਅਸੀਂ ਉਦੋਂ ਹੀ ਬੋਲਦੇ ਹਾਂ ਜਦੋਂ ਸਾਡੇ ਉੱਪਰ ਮੁਸੀਬਤ ਪੈਂਦੀ ਹੈ  ਉਹਨਾਂ ਕਿਹਾ
ਕਿ ਕਿਸਾਨੀ ਅੰਦੋਲਨ ਵਿੱਚ ਖੇਤ ਮਜ਼ਦੂਰ ਦੀ ਗੱਲ ਹੋਣੀ ਬਹੁਤ ਹੀ ਜ਼ਰੂਰੀ ਹੈ। ਜੀ  ਐੱਸ. ਗੁਰਦਿੱਤ ਨੇ ਕਿਹਾ ਕਿ ਕਾਰਪੋਰੇਟ ਨੇ ਸਮਾਜ ਭਲਾਈ ਦਾ ਇੱਕ ਝੂਠਾ ਮੁਖੌਟਾ ਪਾਇਆ
ਹੋਇਆ ਹੈ, ਅਮਰੀਕਾ ਵਰਗੇ ਦੇਸ਼ਾਂ ਵਿੱਚ ਇਹ ਬਹੁਤ ਪਹਿਲਾਂ ਆ ਜਾਣ ਕਾਰਨ ਇਸਦੇ ਅਸਰ ਉਥੇ ਸਪਸ਼ਟ ਨਜ਼ਰ ਆ ਰਹੇ ਹਨ ਪ੍ਰੰਤੂ ਭਾਰਤ ਵਿੱਚ ਇਸਦੇ ਅਸਰ ਦਿਸਣੇ ਅਜੇ
ਬਾਕੀ ਹਨ। ਰਵਿੰਦਰ ਚੋਟ ਨੇ ਵਿਚਾਰ ਪ੍ਰਗਟਾਇਆ ਕਿ ਸਾਨੂੰ ਆਪਣੀ ਆਵਾਜ਼ ਲੋਕਾਂ ਦੇ ਵਿੱਚ ਲੈ ਕੇ ਜਾਣੀ ਜ਼ਰੂਰੀ ਹੈ।

ਇਸ ਵੈਬੀਨਾਰ ਵਿੱਚ ਡਾ: ਗੁਰਚਰਨ ਸਿੰਘ ਨੂਰਪੁਰ, ਡਾ: ਗਿਆਨ ਸਿੰਘ, ਡਾ: ਰਣਜੀਤ ਸਿੰਘ ਘੁੰਮਣ, ਵਰਿੰਦਰ ਸ਼ਰਮਾ ਐਮ.ਪੀ. ਯੂਕੇ, ਡਾ: ਹਰਜਿੰਦਰ ਵਾਲੀਆ, ਡਾ ਐਸ.ਪੀ. ਸਿੰਘ,
ਮੋਤਾ ਸਿੰਘ ਸਰਾਏ ਯੂਕੇ, ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਹਿਰਾਅ, ਪਰਵਿੰਦਰਜੀਤ ਸਿੰਘ, ਕੇਹਰ ਸ਼ਰੀਫ, ਬੰਸੋ ਦੇਵੀ, ਐਡਵੋਕੇਟ ਐਸ.ਐਲ. ਵਿਰਦੀ, ਡਾ: ਆਸਾ ਸਿੰਘ ਘੁੰਮਣ,
ਡਾ: ਕੰਵਲਜੀਤ ਜਵੰਦਾ, ਜੀ.ਐਸ. ਗੁਰਦਿੱਤ, ਰਵਿੰਦਰ ਚੋਟ, ਡਾ: ਚਰਨਜੀਤ ਸਿੰਘ ਗੁਮਟਾਲਾ, , ਸੁਰਿੰਦਰ ਮਚਾਕੀ, ਡਾ: ਸ਼ਿਆਮ ਸੁੰਦਰ ਦੀਪਤੀ, ਬੇਅੰਤ ਕੌਰ ਗਿੱਲ,
ਗਿਆਨ ਸਿੰਘ ਮੋਗਾ, ਗੁਰਦੀਪ ਬੰਗੜ ਯੂਕੇ, ਇੰਦਰਜੀਤ ਸਿੰਘ ਲੁਧਿਆਣਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਜਨਕ ਪਲਾਹੀ, ਪਰਗਟ ਸਿੰਘ ਰੰਧਾਵਾ, ਜਗਦੀਪ ਸਿੰਘ ਕਾਹਲੋਂ,
ਲਖਬੀਰ ਕੌਰ, ਗੁਰਜੀਤ ਸਿੰਘ , ਗੁਰਪ੍ਰੀਤ ਸਿੰਘ  ਪਟਿਆਲਾ, ਮਨਦੀਪ ਸਿੰਘ, ਰਵੀ ਅਤੇ ਹੋਰ ਵੈਬੀਨਾਰ ‘ਚ ਸ਼ਾਮਲ ਹੋਏ। ਵੈਬੀਨਾਰ ਦੇ ਹੋਸਟ ਪਰਵਿੰਦਰਜੀਤ ਸਿੰਘ ਸਨ।

Install Punjabi Akhbar App

Install
×