
ਹਾਂ ਬਈ ਸੱਜਣੋ, ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਅਸੀਂ ਇੱਥੇ ਸਭ ਰਾਜ਼ੀ-ਖੁਸ਼ੀ ਹਾਂ। ਰੱਬ ਕਰਕੇ, ਤੁਹਾਡੇ ਵੀ ਝੰਡੇ ਝੂਲਦੇ ਰਹਿਣ। ਅੱਗੇ ਸਮਾਚਾਰ ਇਹ ਹੈ ਕਿ ਕਣਕ ਮਗਰੋਂ, ਤੂੜੀ ਦੀ ਸਾਂਭਾ-ਸੰਭਾਈ ਕਰਦੇ ਭੂਰੇ ਹੋਰੀਂ, ਸਵੇਰੇ ਮੋੜ ਉੱਤੇ ਹਾਜਰੀ ਲਾਉਣ ਆ ਬੈਠੇ ਤਾਂ ਵਗੇ ਜਾਂਦੇ ਵਾਸੀਆਂ ਆਲੇ ਫ਼ੌਜੀ ਨੂੰ ਚਾਚੇ ਮਿੱਠੇ ਨੇ ਛੇੜਿਆ, “ਆ ਜਾ ਡਰੈਵਰਾ ਸੁਣਾ ਜਾ ਕੋਈ ਯੂ.ਪੀ.-ਸ਼ੂ.ਪੀ. ਦੀ।” “ਕੁੱਪ ਬੰਨਣੈਂ ਯਾਰ, ਉੱਤੋਂ ਰੱਬ ਕਾਂਟਾ ਖਿੱਚੀ ਆਂਉਦੈ।” ਪੈਰ ਮਲਦੇ ‘ਫੌਜੀ ਡਰੈਵਰੱ ਨੇ ਕਿਹਾ। “ਪਹਿਲਾਂ ਤੂੰ ਫ਼ੌਜ ‘ਚ ਸੇਵਾ ਕੀਤੀ, ਫੇਰ ਯੂ.ਪੀ., ਹੁਣ ਵੈਨ ਦੱਬੀ ਫਿਰਦੈਂ, ਅੱਜ ਤਾਂ ਛੁੱਟੀ ਐ, ਟਿਕ ਜਾ ਭੋਰਾ, ਮਰਨ ਲੱਗਿਆਂ ਤਾਂ ਇੱਕ ਸਿੱਕਾ ਈ ਪਾਉਣੈਂ ਤੇਰੀ ਜੇਬ ‘ਚ, ਨਾਂ ਲਟੋ-ਪੀਂਘ ਹੋਈ ਜਾ।” ਤਾਏ ਗੁਰਦਿਆਲ ਨੇ ਮਜ਼ਾਕ ਕੀਤਾ। “ਲੈ ਬਈ ਸੁਣੋਂ ਫੇਰ, ਅਸੀਂ ਸੰਤਾਲੀ ਰੌਲੇ ਦੇ ਉੱਜੜੇ ਆਏ ਮਖੂ, ਉੱਥੋਂ ਚੁਰਾਸੀ ਦੇ ਭਜਾਏ ਗਏ ਬਾਰਾਂਬੰਕੀ ਯੂ.ਪੀ.। ਜੰਗਲ ਦਾ ਇਲਾਕਾ। ੱਕੇਰਾਂ ਪਰੋਜਪੁਰੋਂ ਕਈ ਮੀਨ੍ਹਿਆਂ ਦੀ ਪਿਲਸਨ ਲੈ ਗਿਆ, ‘ਕੱਠੀ। ਰਾਤ ਨੂੰ ਆ ਗਏ ਤਿੰਨ-ਚਾਰ ਪਸਤੌਲਾਂ ਆਲੇ। ਆਪਾਂ ਮੁਕਰਗੇ। ਕਾਪੀ ਦਿਖਾਓ। ਸਾਰਾ ਸਮਾਨ ਫਰੋਲ, ਡਰੰਮ ਉਲਟਾ, ਨਹੀਂ ਮਿਲੇ, ਮੁੜਗੇ ਘੁਰ-ਘੁਰ ਕਰਦੇ। ਸਵੇਰੇ ਅਸੀਂ ਪਿੰਡ ‘ਚ ਗ੍ਰਾਮ-ਪ੍ਰਧਾਨ ਕੋਲ ਗਏ, ਬਈ ਜ਼ਮੀਨ ਲੈ-ਲਾ, ਅਸੀਂ ਪੰਜਾਬ ਚੱਲੇ! ਓਹ ਸਾਰੀ ਕਹਾਣੀ ਸੁਣ, ਸਾਨੂੰ ਕਿਸੇ ਕੋਲ ਲੈ ਗਿਆ। ਪੱਕਾ ਘਰ, ਚੁਬਾਰਾ, ਗੁੰਡੇ ਜੇ ਫਿਰਨ। ‘ਓਏ ਮਿੰਦਰੀਆ! ਨੀਚੇ ਆ ਸਾਲੇ, ਮੇਰੇ ਸਰਦਾਰ ਬਾਹੀਓਂ ਕੋ ਤਾਕਤ ਵਿਖਾਵੈ, ਨੀਚੇ ਉੱਤਰ। ਅਸੀਂ ਡਰੀਏ। ਓਹ ਥੱਲੇ ਆ ਕੇ ਆਂਹਦਾ, ‘ਚਾਚਾ ਕਿਓਂ ਗਰਮ ਹੋਵੈ, ਤੇਰੇ ਭਾਈ, ਮੇਰੇ ਭਾਈ, ਪਤਾ ਨਹੀਂ ਥਾ ਹਮੇ, ਆਓ ਖਾਓ ਪੀਓ। ਖੈਰ ਉਸ ਤੋਂ ਬਾਦ ਸੁੱਤੀ ਗੰਗਾ ਵੱਸੀ। ਉੱਥੇ ਤਾਂ ਆਂਏਂ ਇਲਾਕੇ ਵੰਡੇ ਹੋਏ ਐ। ਫੇਰ ਮੈਂ ਆ ਗਿਆ। ਭਰਾ ਛੱਬੀ ਵਿਸਵਿਆਂ ਦਾ ਠੇਕਾ ਘੱਲ ਛੱਡਦੈ ਤੇ ਆਪਾਂ ਏਥੇ ਜਵਾਕ ਢੋਅ ਲੈਨੇ ਆਂ। ਮੈਨੂੰ ਦਿਓ ਹੁਣ ਛੁੱਟੀ, ਤੂੜੀ ਸਾਂਭੀਏ, ਏਸੇ ਤੂੜੀ ‘ਚ ਹੀ ਮੈਂ ਪਿਲਸਨ ਦੇ ਪੈਸੇ ਨੱਪ ਕੇ ਬਚਾਏ ਸਨ।” ਇੱਕੇ ਸਾਹ ਹੱਡ-ਬੀਤੀ ਸੁਣਾ ਫੌਜੀ ਲੈਫਟ-ਰਾਈਟ ਕਰ ਗਿਆ।
ਹੋਰ, ਬੁਖ਼ਾਰ ਕਈਆਂ ਨੂੰ ਢਾਹੀ ਖੜ੍ਹੈ। ਤੇਜੂ ਬਾਈ ਅਜੇ ਵੀ ਸਭ ਨੂੰ ਕਹਿੰਦਾ, ‘ਆ ਬਈ ਬੂਟਾ ਸਿਓਂ ਬਿਸ਼ਨੋਈ। ਫਾਜ਼ਿਲਕਾ ਆਲੇ ਵੰਗੇ, ਆੜੂ ਅਤੇ ਹਿਮਾਚਲੀ ਮਟਰ ਵਾਧੂ ਆ। ਗੰਢੇ-ਟਰਾਲੀ ‘ਤੇ ਸੌ ਦੇ ਅੱਠ ਕਿੱਲੋ ਮਿਲਦੇ ਐ, ਫੇਰ ਵੀ ਨਹੀਂ ਲੈਂਦੇ ਲੋਕ। ਖਿਦੋਵਾਲੀ ਆਲਾ ਖੇਤੂ ਅਜੇ ਵੀ ਖੁਦ-ਖੁਦ ਕਰਕੇ ਹੱਸਦੈ। ਭਦੌੜ ਆਲੇ ਸ਼ਾਕਾਹਾਰੀ ਭਗਵਾਨੇ ਨੂੰ ਅਜੇ ਵੀ ‘ਕੁੱਕੜ ਤੇ ਫੁੱਫੜੱ ਦੇ ਰਿਸ਼ਤੇ ਦੀ ਸਮਝ ਨਹੀਂ ਪਈ। ਸਸਕੈਚਵਨ, ਸਿਸਕਾਟੂਨ ਅਤੇ ਸ਼ਨੈਗਨ ਵਾਲੇ ਸਭ ਠੀਕ ਹਨ। ਪਾਣੀ-ਝਾਰੇ ਆਲੇ ਸਾਧ ਦੇ ਡੇਰੇ ਦੇ ਸਫ਼ੈਦੇ ਮੌਲ ਰਹੇ ਹਨ। ਗੋਗੀ, ਕਾਲਜ ‘ਚ ਕਲਾਸਾਂ ਲਾਉਣ ਲੱਗ ਪਿਐ। ਵਿਆਹ, ਭੋਗ ਅਤੇ ਪਾਰਟੀਆਂ ਓਵੇਂ ਹੀ ਹਨ। ਰੱਬ ਕਾਇਮ ਰੱਖੇ ਸਭ ਨੂੰ। ਸੱਚ, ਡਾਕਖਾਨੇ, ਹੁਣ ਬੈਂਕ ਵੀ ਬਣ ਗਏ ਹਨ। ਚੰਗਾ, ਰੱਖਿਓ ਖਿਆਲ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061