ਪਿੰਡ, ਪੰਜਾਬ ਦੀ ਚਿੱਠੀ (140)

ਮਿਤੀ : 24-04-2023

ਲਓ ਬਈ ਪਿਆਰਿਓ, ਲਓ ਰੱਬ ਦਾ ਨਾਮ, ਵਹਿਗੁਰੂ ਤੇ ਚਿੱਠੀ ਸ਼ੁਰੂ।

ਇੱਥੇ ਅਸੀਂ ਸਾਰੇ ਰਾਜ਼ੀ ਖੁਸ਼ੀ ਹਾਂ। ਪ੍ਰਮਾਤਮਾ ਤੁਹਾਨੂੰ ਸਦਾ ਸੁਖੀ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਸਾਡਾ ਬਾਬਾ, ਤੀਜੀ ਵਾਰੀ ਵੀ, ਕੈਂਪ ਤੋਂ ਖਾਲੀ ਮੁੜ ਆਇਆ ਹੈ। ਮੋਟੇ ਸੀਸਿਆਂ ਵਾਲੀ ਐਨਕ ਲਾ, ਓਹ ਬੋਚ ਬੋਚ ਆਂਉਂਦਾ ਭਾਈਵਾਲਾਂ ਕੋਲ ਪੁੱਜਾ ਤਾਂ ਭੋਲੂ ਠੇਠਰ ਨੇ ਹਮਦਰਦੀ ਨਾਲ ਪੁੱਛਿਆ, “ਬਾਬਾ ਕਿਵੇਂ ਬਣੀ ਗੱਲ ਕੈਂਪ ਤੋਂ ਕੇ ਨਹੀਂ ” “ਕਿੱਥੇ ਕਰਮ ਐਡੇ ਮੇਰੇ ਸ਼ੇਰਾ, ਦਾਦੂ ਕੀ ਫੀਨੀ ਦਾ ਪਹਿਲੇ ਨਾਕੇ ਈ, ਬੇੜਾ ਪਾਰ ਹੋ ਗਿਆ, ਮੈਂ, ਜਿੰਸਾ ਤੇ ਬਿੱਲੂ ਫੇਰ ਸੁੱਕੇ ਮੁੜ ਆਏ।” ਹਉਂਕਾ ਜਾ ਲੈ ਕੇ, ਅੱਖ ਉੱਪਰ ਸੱਜੇ ਹੱਥ ਨਾਲ ਛੱਪਰ ਜਾ ਬਣਾ, ਸੱਦੇ ਨੇ ਦੂਰੋਂ ਕੁੱਝ ਲੱਭਦਿਆਂ ਸਰਸਰੀ ਜਾ ਜਵਾਬ ਦਿੱਤਾ। “ਨਾਲੇ ਤੂੰ ਆਂਹਦਾ ਸੀ, ਇਹ ਓਹੀ ਜੈਤੋ ਮੰਡੀ ਆਲਾ ਡਾਕਟਰ ਐ ਜਿਹਨੇ ਉੱਥੇ ਤੇਰੀ ਅੱਖ ਪਾਸ ਕੀਤੀ ਸੀ, ਫੇਰ ਕੀ ਨੰਨਾ ਪੈ ਗਿਆ ”ਨਿਸ਼ਾਨ ਨੇ ਅੰਤਰਾ ਲਿਆ।” ਮੰਡੀ ਗਿਆਂ ਤਾਂ ਤਰੀਕ ਦੇਤੀ ਸੀ ਪਰੇਸ਼ਨ ਦੀ, ਸੱਤ ਹਜਾਰ ਖ਼ਰਚ ਦੱਸ ਤਾ ਸੀ ਫੇਰ ਗਿੱਲ ਬਾਈ ਆਂਹਦਾ ਕੈਂਪ ਤੋਂ ਵੇਖ ਲਈਏ, ਬੁੱਕ ਰੁਪਈਆਂ ਦਾ ਬੱਚ ਜੇ ਖਵਰੇ, ਪਰ ਕਿੱਥੇ ਕਿਸਮਤ ਮੇਰੀ।” ਹਥਿਆਰ ਸਿੱਟਦਿਆਂ ਸੱਦਾ ਸਿੰਹੁ ਲਿਫ ਜੇ ਗਿਆ। “ਗਿੱਲ ਬਾਈ ਨੇ ਸੇਵਾ ਕਰਕੇ ਊਂ ਤਾਂ ਕਈਆਂ ਦਾ ਪੁੰਨ ਖੱਟਿਆ।” ਹਵੇਲੀ ਆਲੇ ਗੁਰਸੇਵਕ ਪ੍ਰਧਾਨ ਨੇ ਰਵੀ ਭਾਈ ਦੀ ਸੇਵਾਦਾਰੀ ਦਾ ਹੰਮਾ ਭਰਿਆ। “ਰੱਬ ਉਹਦੀ ਸੇਵਾ ਲੇਖੇ ਲਾਵੇ, ਪਹਿਲਾਂ ਕੈਂਪ ਦਾ ਪਤਾ ਕਰਦੈ, ਫੇਰ ਨੰਬਰ ਲਵਾਂਉਂਦੈ, ਆਵਦੀ ਕਾਰ ‘ਤੇ ਲਿਜਾਂਦਾ ਲਿਆਂਉਂਦਾ, ਚਾਰ ਪੈਸੇ ਵੀ ਖਰਚਦੈ ਪੱਲਿਓਂ, ਸਾਰਾ ਦਿਨ ਉੱਥੇ ਭਕਾਈ ਵੀ ਕਰਦੈ, ਪਰ ਓਹਦੇ ਕੀ ਸਾਰੇ ਐ, ਮੁਲਖ ਹੁੰਦੈ ਲੋੜੀਂਦਾ ਛੀ ਸੱਤ ਸੌ, ਪਰੇਸ਼ਨ ਕਰਨੇ ਹੁੰਦੇ ਐ ਸੌ, ਕੋਸ਼ਟ ਤਾਂ ਬਹੁਤ ਕਰਦੈ, ਅਜੇ ਕਿਹੜਾ ਓਹਨੇ ਢੇਰੀ ਢਾਹੀ ਐ, ਹੌਂਸਲਾ ਦਿੰਦੈ, ਦਵਾਈ ਵੰਡਦੈ, ਰੱਬ ਉਹਦਾ ਭਲਾ ਕਰੇੱ” ਸਦਾਕਤ ਸਿੰਹੁ ਉਰਫ ਸੱਦੇ ਬਾਬੇ ਨੇ ਗੁਰਦੁਆਰੇ ਵੱਲ ਹੱਥ ਜੋੜ ਕੇ ਨਮਸਕਾਰਿਆ। “ਕੋਈ ਨੀ ਤੂੰ ਹੌਂਸਲਾ ਨਾ ਛੱਡ, ਅਸੀਂ ਸਾਰੇ ਗਿੱਲ ਬਾਈ ਨਾਲ ਰਲ ਕੇ ਤੇਰੀ ਅੱਖ ਜ਼ਰੂਰ ਬਣਾਂਵਾਂਗੇ।” ਕਲੱਬ ਆਲੇ ਜਗ ਸਿੰਹੁ ਪ੍ਰਧਾਨ ਨੇ ਹਾਮੀ ਓਟੀ। ਇੰਨ੍ਹੇ ਨੂੰ ਬਾਬਾ ਬੋਲ ਪਿਆ… “ਵਾਹਿਗੁਰੂ ਜੀ….. ਸੰਗਤ ਜੀ, ਪਰਸੋਂ ਐਤਵਾਰ ਨੂੰ, ਚੈਨਸੁੱਖ ਅੱਖਾਂ ਦਾ ਮੁਫ਼ਤ ਚੈਕੱਪ ਕੈਂਪ ਲੱਗੂਗਾ। ਆਧਾਰ ਕਾਰਡ ਲੈ ਕੇ ਐਡਵੋਕੇਟ ਰਵਿੰਦਰ ਸਿੰਘ ਗਿੱਲ ਨੂੰ ਨਾਂ ਥੇਹ ਲਿਖਾ ਦਿਓ…ਵਾਹਿਗੁਰੂ…..।”ਹੋਰ, ਪੀਤੂ ਕੇ ਪੀਟੇ ਦਾ ਪਿੱਤਾ ਖਰਾਬ ਹੋ ਗਿਆ ਹੈ। ਅਮਰੀਕ ਸਿੰਘ ਕੇ ਅਮਰੀਕਾ ਤੋਂ ਆ ਗਏ ਹਨ। ਛਿੜਕਾ ਛੰਬੀ ਨੇ, ਲੋਕਾਂ ਦਾ ਅੱਗਾ ਸਿੱਲ੍ਹਾ ਕਰ ਦਿੱਤਾ ਹੈ। ਛੀਆਂ ਦਾ ਪਿਓ, ਛਿੰਦਾ, ਵਧੀ ਆਬਾਦੀ ਦਾ ਫਿਕਰ ਕਰ ਰਿਹੈ। ਧੱਤੀ ਅਜੇ ਵੀ ਕੁਲਜਣਾਂ ਕਰੀ ਜਾਂਦੀ ਐ। ਵੱਲੇ ਤੇ ਤੱਲੇ ਕੋਲ ਨਸ਼ਾ ਫੜਿਆ ਗਿਐ। ਲੋੜ ਵੇਲੇ ਸਕੂਲ ਦੀ, ਪਾਣੀ ਵਾਲੀ ਮੋਟਰ, ਘੜਿੱਚ ਹੋ ਗਈ ਹੈ। ਸਵੇਰੇ ਵੈਨਾਂ ‘ਚ ਬੱਚੇ ਊਂਘਦੇ ਹੀ ਚੜ੍ਹ ਜਾਂਦੇ ਹਨ। ਕੁੱਤੇ ਕੁੱਟਾਂ ਦਾ ਕਰਮੂ ਵਲੈਤ ਉੱਡ ਗਿਆ ਹੈ। ਭੋਲੂ ਤੇ ਭਾਲਾ, ਨੰਗੜਖ਼ਸ਼ਾਹ ਦੇ ਡੇਰੇ ਦੇ ਭੰਗੜ ਹਨ। ਐਸ.ਡੀ.ਓ. ਕੀ ਚੀਨੀ, ਅਫ਼ਸਰ ਲੱਗ ਗਈ ਹੈ। ਪੱਕੇ ਸੋਨੇ ਨੂੰ ਅੱਗ ਤੇ ਜਾਬਾਂ ਦੇ ਭੇੜ ਜਾਰੀ ਹਨ। ਤੁਸੀਂ, ਬੱਚਤ ਰੱਖਿਓ, ਧਿਆਨ ਤੁਹਾਡੇ ਵੱਲ ਹੀ ਹੈ। ਰੱਬ ਕਰੇ ਖ਼ੈਰੱ ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,(ਡਾ.)

(ਡਾ.) ਸਰਵਜੀਤ ਸਿੰਘ ‘ਕੁੰਡਲ*
9464667061
sarvsukhhomoeoclinic@gmail.com