ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਝਟਕਾ, ਗਿਣਤੀ ਦੇ ਨਾਲ ਵੀਜ਼ਾ ਮਿਆਦ ‘ਚ ਕੀਤੀ ਕਟੌਤੀ !

ਪਾਕਿਸਤਾਨ ‘ਚ ਇਸ ਸਮੇਂ ਹਾਲਾਤ ਠੀਕ ਨਹੀਂ ਹਨ। ਸਾਬਕਾ ਪੀਐਮ ਇਮਰਾਨ ਖ਼ਾਨ ਦੇ ਸਮਰਥਕਾਂ ਵਲੋਂ ਦੇਸ਼ ‘ਚ ਹਿੰਸਕ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ‘ਤੇ ਵੀ ਪਿਆ ਹੈ।

ਦੱਸ ਦਈਏ ਕਿ ਸਿੱਖ ਸੰਗਤਾਂ ਦੇ ਜਥਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਜਾਣ ਵਾਲਾ ਹੈ। ਪਰ ਇਸ ਵਾਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੇ ਵੀਜ਼ੇ ਦੀ ਮਿਆਦ ਘਟਾਈ ਜਾ ਰਹੀ ਹੈ। ਜਿਸ ਦਾ ਕਾਰਨ ਹੈ ਦੇਸ਼ ‘ਚ ਪੈਦਾ ਹੋਏ ਤਾਜ਼ਾ ਹਾਲਾਤ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ 400 ਤੋਂ ਵੱਧ ਸ਼ਰਧਾਲੂ ਪਾਕਿਸਤਾਨ ਗਏ ਸੀ, ਜਦਕਿ ਇਸ ਵਾਰ ਸਿਰਫ਼ 250 ਤੋਂ 300 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲੇਗਾ।

ਦੂਜੇ ਪਾਸੇ ਸ਼ਰਧਾਲੂਆਂ ਦਾ ਜੱਥਾ 8 ਜੂਨ ਨੂੰ ਅਟਾਰੀ ਸਰਹੱਦ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਉਹ 16 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਮੁੱਖ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ 17 ਜੂਨ ਨੂੰ ਭਾਰਤ ਪਰਤਣਗੇ। ਇਸ ਤੋਂ ਪਹਿਲਾਂ ਇਹ ਜਥਾ 15 ਤੋਂ 16 ਦਿਨ ਪਾਕਿਸਤਾਨ ਦੇ ਗੁਰੂਘਰਾਂ ਦਾ ਦੌਰਾ ਕਰਦਾ ਸੀ, ਜਦੋਂ ਕਿ ਇਸ ਵਾਰ ਇਹ ਦੌਰਾ ਸੱਤ ਤੋਂ ਅੱਠ ਦਿਨਾਂ ਦਾ ਹੀ ਹੋਵੇਗਾ।