ਪਰਬਤਾਰੋਹੀ ਬਲਜੀਤ ਕੌਰ ਨਿਪਾਲ ਦੇ ਮਾਊਂਟ ਅੰਨਪੂਰਨਾ ਤੋਂ ਮਿਲੀ ਸਹੀ ਸਲਾਮਤ !

ਭਾਰਤੀ ਪਰਬਤਾਰੋਹੀ ਬਲਜੀਤ ਕੌਰ 7,300 ਮੀਟਰ ਦੀ ਉਚਾਈ ਉੱਪਰ ਜ਼ਿੰਦਾ ਮਿਲੀ ਹੈ ਜਦਕਿ ਰਾਜਸਥਾਨ ਦੇ ਪਰਬਤਾਰੋਹੀ ਅਨੁਰਾਗ ਮਾਲੂ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਵਿਚ ਲੱਗੀ ਟੀਮ ਨੇ ਉਸ ਨੂੰ ਜਿੰਦਾ ਵੇਖਿਆ ਹੈ। ਇਕ ਮੁਹਿੰਮ ਦੇ ਪ੍ਰਬੰਧਕ ਨੇ ਦੱਸਿਆ ਕਿ ਮਾਊਂਟ ਅੰਨਪੂਰਨਾ ਉਤੇ ਕੈਂਪ 4 ਤੋਂ ਲਾਪਤਾ ਹੋਈ ਭਾਰਤੀ ਮਹਿਲਾ ਪਰਬਤਾਰੋਹੀ ਜ਼ਿੰਦਾ ਮਿਲ ਗਈ ਹੈ। ਪਾਇਨੀਅਰ ਅਡਵੈਂਚਰ ਦੇ ਚੇਅਰਮੈਨ ਪਸੰਗ ਸ਼ੇਰਪਾ ਨੇ ਹਿਮਾਲੀਅਨ ਟਾਈਮਜ਼ ਨੂੰ ਦੱਸਿਆ ਕਿ ਇਕ ਹਵਾਈ ਖੋਜੀ ਟੀਮ ਨੇ ਹਿਮਾਚਲ ਪ੍ਰਦੇਸ਼ ਦੀ ਪਰਬਤਾਰੋਹੀ ਬਲਜੀਤ ਕੌਰ ਦਾ ਪਤਾ ਲਾਇਆ ਹੈ। ਬਲਜੀਤ ਨੇ ਦੁਨੀਆ ਦੀ ਦਸਵੀਂ ਸਭ ਤੋਂ ਉੱਚੀ ਚੋਟੀ ’ਤੇ ਬੀਤੇ ਦਿਨ ਬਿਨਾਂ ਆਕਸੀਜਨ ਦੇ ਕਦਮ ਰੱਖਿਆ ਸੀ ਪਰ ਉੱਤਰਦੇ ਸਮੇਂ ਉਹ ਲਾਪਤਾ ਹੋ ਗਈ ਸੀ। ਉਨ੍ਹਾਂ ਕਿਹਾ, ‘ਅਸੀਂ ਉਸ ਨੂੰ ਉੱਚੇ ਕੈਂਪ ਤੋਂ ਹੈਲੀਕਾਪਟਰ ਰਾਹੀਂ ਵਾਪਸ ਲਿਆਉਣ ਦੀ ਤਿਆਰੀ ਕਰ ਰਹੇ ਹਾਂ।’ ਸ਼ੇਰਪਾ ਮੁਤਾਬਕ ਖੋਜੀ ਟੀਮ ਨੇ ਬਲਜੀਤ ਕੌਰ ਨੂੰ ਚੌਥੇ ਕੈਂਪ ਵੱਲ ਇਕੱਲੀ ਉੱਤਰਦਿਆਂ ਦੇਖਿਆ ਸੀ। ਉਹ ਅੱਜ ਸਵੇਰ ਤੱਕ ਰੇਡੀਓ ਸੰਪਰਕ ’ਚੋਂ ਬਾਹਰ ਹੋ ਗਈ ਸੀ ਪਰ ਜਦੋਂ ਹਵਾਈ ਖੋਜ ਮੁਹਿੰਮ ਸ਼ੁਰੂ ਹੋਈ ਤਾਂ ਉਹ ਮਦਦ ਲਈ ਰੇਡੀਓ ਸਿਗਨਲ ਭੇਜਣ ’ਚ ਕਾਮਯਾਬ ਰਹੀ। ਜ਼ਿਕਰਯੋਗ ਹੈ ਕਿ ਬਲਜੀਤ ਕੌਰ ਪਿਛਲੇ ਸਾਲ ਮਈ ਵਿੱਚ ਮਾਊਂਟ ਤਹੋਤਸੇ ਫਤਹਿ ਕੀਤਾ ਸੀ ਤੇ ਇੱਕ ਹੀ ਸੀਜ਼ਨ ਵਿੱਚ ਅੱਠ ਹਜ਼ਾਰ ਮੀਟਰ ਉੱਚੀਆਂ ਚਾਰ ਚੋਟੀਆਂ ਚੜ੍ਹਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ।