ਨਿਊ ਸਾਊਥ ਵੇਲਜ਼ ਅੰਦਰ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਕੁਆਰਨਟੀਨ ਕਰਨ ਲਈ ਹੋਰ ਹੋਟਲਾਂ ਦੀ ਲੋੜ -ਪ੍ਰੀਮੀਅਰ

(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੋਵਿਡ ਕਾਲ ਦੇ ਚਲਦਿਆਂ, ਅੰਤਰ-ਰਾਸ਼ਟਰੀ ਯਾਤਰੀਆਂ ਦੇ ਲਗਾਤਾਰ ਆਉਣ ਕਾਰਨ ਸਰਕਾਰ ਹੋਰ ਹੋਟਲਾਂ ਅੰਦਰ ਵੀ ਕੁਆਰਨਟੀਨ ਦੀ ਸਹੂਲਤ ਕਰਨ ਬਾਰੇ ਵਿਚਾਰ ਕਰ ਰਹੀ ਹੈ ਅਤੇ ਛੇਤੀ ਹੀ ਇਸ ਬਾਬਤ ਫੈਸਲ ਲੈਣ ਦੀ ਲੋੜ ਹੁਣ ਮਹਿਸੂਸ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਰਜ ਵਾਸਤੇ ਕਾਫੀ ਪੈਸਾ ਵੀ ਖਰਚ ਹੋ ਰਿਹਾ ਹੈ ਅਤੇ ਸਾਲ ਦੇ ਅੰਤਰ ਤੱਕ ਇਸ ਦਾ ਖਰਚਾ 140 ਮਿਲੀਅਨ ਡਾਲਰਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ ਤਾਂ ਉਹ ਇਸ ਗੱਲ ਲਈ ਵੀ ਤਿਆਰ ਹੋ ਰਹੇ ਹਨ ਕਿ ਦੂਸਰੇ ਰਾਜਾਂ ਅਤੇ ਟੈਰਿਟਰੀਆਂ ਨੂੰ ਵੀ ਇਸ ਦਾ ਬਿਲ ਭੁਗਤਾਉਣਾ ਪਵੇਗਾ ਕਿਉਂਕਿ ਇੱਥੇ ਆਉਣ ਵਾਲੇ ਬਾਹਰੀ ਦੇਸ਼ਾਂ ਦੇ ਯਾਤਰੀ ਸਿਰਫ ਨਿਊ ਸਾਊਥ ਵੇਲਜ਼ ਦੇ ਹੀ ਨਹੀਂ ਹੁੰਦੇ ਸਗੋਂ ਦੂਸਰੇ ਰਾਜਾਂ ਦੇ ਵੀ ਹੁੰਦੇ ਹਨ। ਰਾਜ ਦੇ ਬਾਰਡਰ ਵਿਕਟੋਰੀਆ ਰਾਜ ਨਾਲ ਖੋਲ੍ਹਣ ਬਾਰੇ ਹਾਲ ਦੀ ਘੜੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਮਹਿਜ਼ ਇੰਨਾ ਹੀ ਕਿਹਾ ਕਿ ਇਹ ਵਿਚਾਰ ਅਧੀਨ ਹੈ ਕਿ ਜੇਕਰ ਵਿਕਟੋਰੀਆ ਅੰਦਰ ਕਰੋਨਾ ਦੀ ਤੀਜੀ ਮਾਰ ਦਾ ਹਮਲਾ ਹੋਇਆ ਤਾਂ ਫੇਰ ਰਾਜ ਦੀ ਰਣਨੀਤੀ ਕੀ ਹੋਵੇਗੀ….? ਉਨ੍ਹਾਂ ਇਹ ਵੀ ਕਿਹਾ ਕਿ ਮਾਰਚ ਦੀ 20 ਤਾਰੀਖ ਤੋਂ ਲੈ ਕੇ ਹੁਣ ਤੱਕ, ਨਿਊ ਸਾਊਥ ਵੇਲਜ਼ ਅੰਦਰ 274,800 ਬਾਹਰੀ ਦੇਸ਼ਾਂ ਤੋਂ ਆਸਟ੍ਰੇਲੀਆਈ ਵਾਪਿਸ ਆਏ ਹਨ ਜਦੋਂ ਕਿ ਵਿਕਟੋਰੀਆ ਅੰਦਰ ਮਹਿਜ਼ ਇਸ ਆਂਕੜੇ ਦਾ 20% ਅਤੇ ਕੁਈਨਜ਼ਲੈਂਡ ਵਿੱਚ 17% ਹੀ ਹੈ। ਇਸ ਲਈ ਨਿਊ ਸਾਊਥ ਵੇਲਜ਼ ਰਾਜ ਦਾ ਖਰਚਾ ਇਨ੍ਹਾਂ ਰਾਜਾਂ ਨਾਲੋਂ ਕਈ ਗੁਣਾ ਜ਼ਿਆਦਾ ਹੋ ਰਿਹਾ ਹੈ ਅਤੇ ਇਸ ਵਿੱਚ ਸਾਰਿਆਂ ਨੂੰ ਹੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ੳਨ੍ਹਾਂ ਇਹ ਵੀ ਕਿਹਾ ਕਿ ਸਿਰਫ ਇਸ ਮਹੀਨੇ ਵਿੱਚ ਹੀ ਰਾਜ ਅੰਦਰ ਘੱਟੋ ਘੱਟ 120 ਕੋਵਿਡ-19 ਦੇ ਮਾਮਲੇ ਦਰਜ ਹੋਏ ਹਨ ਜਿਹੜੇ ਕਿ ਇਨ੍ਹਾਂ ਬਾਹਰੀ ਦੇਸ਼ਾਂ ਤੋਂ ਆਉਣ ਵਾਲਿਆਂ ਕਾਰਨ ਹੀ ਸਥਾਪਿਤ ਹੋਏ ਹਨ ਜਦੋਂ ਕਿ ਸਥਾਨਕ ਟ੍ਰਾਂਸਮਿਸ਼ਨ ਦੇ ਮਾਮਲੇ ਇਸ ਤੋਂ ਅੱਧੇ ਹਨ।

Install Punjabi Akhbar App

Install
×