ਨਿਊਜ਼ੀਲੈਂਡ ਦੇ ਵਿਚ ਯੂਬਰ ਕੰਪਨੀ ਨੇ ਟੈਕਸੀ ਕੰਪਨੀਆਂ ਨੂੰ ਸੋਚਣ ਲਈ ਕੀਤਾ ਮਜ਼ਬੂਰ- ਐਪ ਰਾਹੀਂ ਬੁਕਿੰਗ ਅਤੇ ਕਿਰਾਇਆ ਲਗਪਗ ਅੱਧਾ

car
ਨਿਊਜ਼ੀਲੈਂਡ ਦੇ ਵਿਚ ਟੈਕਸੀ ਕੰਪਨੀਆਂ ਦੇ ਬਿਜਨਸ ਵਿਚ ਇਨ੍ਹੀਂ ਦਿਨੀਂ ਸੰਨ੍ਹ ਲੱਗ ਰਹੀ ਹੈ ਕਿਉਂਕਿ ਅਮਰੀਕਾ ਦੀ ਇਕ ਕੰਪਨੀ ‘ਯੂਬਰ’ ਨੇ ਇਥੇ ਕੁਝ ਮਹੀਨਿਆਂ ਤੋਂ ਟੈਕਸੀਆਂ ਦਾ ਅਜਿਹਾ ਬਦਲ ਪੇਸ਼ ਕੀਤਾ ਕਿ ਲੋਕ ਹੁਣ ਅੱਧੇ ਕਿਰਾਏ ਦੇ ਵਿਚ ਹੀ ਉਸਦੀ ਵਰਤੋਂ ਕਰ ਰਹੇ ਹਨ। ‘ਯੂਬਰ’ ਦੀ ਐਪ ਤੋਂ ਪ੍ਰਾਈਵੇਟ ਰਾਈਡ ਲੈਣ ਵਾਸਤੇ ਕਾਰ ਦੀ ਮੰਗ ਕੀਤੀ ਜਾਂਦੀ ਹੈ ਅਤੇ ਕੰਪਨੀ ਦੇ ਨਾਲ ਡ੍ਰਾਈਵਰ ਵਜੋਂ ਕੰਮ ਕਰ ਰਹੇ ਡ੍ਰਾਈਵਰ ਆਪਣੀ ਕਾਰ ਲੈ ਕੇ ਸਵਾਰੀ ਦੇ ਘਰ ਪਹੁੰਚ ਜਾਂਦੇ ਹਨ। ਸਾਰਾ ਭਾੜਾ ਆਨਲਾਈਨ ਦਿੱਤਾ ਜਾਂਦਾ ਹੈ ਅਤੇ ਡ੍ਰਾਈਵਰ ਨੂੰ ਫਿਰ ਕੰਪਨੀ ਵਾਪਿਸ ਕਰਦੀ  ਹੈ। ਇਸ ਦੇ ਵਾਸਤੇ ਕੰਪਨੀ ਦੇ ਨਾਲ ਡ੍ਰਾਈਵਰਾਂ ਨੂੰ ਰਜਿਸਟਰਡ ਹੋਣਾ ਪੈਂਦਾ ਹੈ। ਲੋਕੀ ਅਤੇ ਜਿਨ੍ਹਾਂ ਟੈਕਸੀ ਡ੍ਰਾਈਵਰਾਂ ਨੂੰ ਘੱਟ ਸਵਾਰੀ ਮਿਲਦੀ ਸੀ ਉਹ ਤਾਂ ਖੁਸ਼ ਹਨ ਪਰ ਕਈ ਟੈਕਸੀ ਕੰਪਨੀਆਂ ਵਾਲੇ ਯੂਬਰ ਕੰਪਨੀ ਨੂੰ ਕਈ ਤਰ੍ਹਾਂ ਦੀਆਂ ਚੁਣੋਤੀਆਂ ਦੇ ਰਹੇ ਹਨ। ‘ਯੂਬਰ’ ਨੇ ਟੈਕਸੀ ਕੰਪਨੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿਉਂਕਿ ਬਹੁਤ ਸਾਰਾ ਬਿਜਨਸ ਇਧਰ ਤੋਂ ਉਧਰ ਹੋ ਰਿਹਾ ਹੈ।
ਇਸ ਕੰਪਨੀ ਨੂੰ 38 ਸਾਲਾ ਟ੍ਰਾਵਿਸ ਕਾਲਾਨਿਕ ਨੇ ਸੈਨ ਫਰਾਂਸਿਸਕੋ ਦੇ ਵਿਚ ਖੋਲ੍ਹਿਆ ਸੀ ਅਤੇ ਅੱਜ ਇਹ 50 ਦੇਸ਼ਾਂ ਦੇ ਵਿਚ ਕੰਮ ਕਰ ਰਹੀ ਹੈ ਅਤੇ ਇਸ ਕੰਪਨੀ ਦੀ ਜਾਇਦਾਦ 3 ਬਿਲੀਅਨ ਅਮਰੀਕੀ ਡਾਲਰ ਤੋਂ ਉਪਰ ਹੈ। ਜੇਕਰ ਕੋਈ ਯੂਬਰ ਡ੍ਰਾਈਵਰ ਦੀ ਸਰਵਿਸ ਲੈਂਦਾ ਹੈ ਤਾਂ ਉਸ ਕੋਲ ਟੈਕਸੀ ਡ੍ਰਾਈਵਰ ਵਾਲੀਆਂ ਸਾਰੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ ਪਰ ਉਸਨੂੰ ਕਾਰ ਦੇ ਉਤੇ ਟੈਕਸੀ ਵਾਲੀ ਲਾਈਟ ਆਦਿ ਲਗਾਉਣ ਦੀ ਲੋੜ ਨਹੀਂ ਹੈ। ਡ੍ਰਾਈਵਰ ਭਾੜਾ ਮੀਟਰ ਵੀ ਨਹੀਂ ਚਲਾ ਸਕਦਾ। ਕੈਮਰਾ ਚਲਾਉਣਾ ਵੀ ਜਰੂਰੀ ਨਹੀਂ ਮੰਨਿਆ ਜਾ ਰਿਹਾ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਿਊਜ਼ੀਲੈਂਡ ਦੇ ਵਿਚ ਯੂਬਰ ਕਿੰਨਾ ਕੁ ਸਫਲ ਹੁੰਦੀ ਹੈ।