ਨਿਊਜ਼ੀਲੈਂਡ ‘ਚ ਡ੍ਰਿੰਕ ਡ੍ਰਾਈਵਿੰਗ ਕਾਨੂੰਨ ਦੇ ਵਿਚ ਸੋਧ

NZ PIC 25 Nov-2

ਨਿਊਜ਼ੀਲੈਂਡ ਦੇ ਵਿਚ ਸ਼ਰਾਬ ਦੇ ਪੈਗ ਲਾ ਕੇ ਗੱਡੀਆਂ ਮੋਟਰਾਂ ਚਲਾਉਣਾ ਵਾਲਿਆਂ ਦੇ ਲਈ ਬੜੀ ਮਹੱਤਵਪੂਰਨ ਖਬਰ ਹੈ ਕਿ ਇਥੇ ਪਹਿਲੀ ਦਸੰਬਰ ਤੋਂ ‘ਡ੍ਰਰਿੰਕ ਡ੍ਰਾਈਵਿੰਗ’ ਕਾਨੂੰਨ ਦੇ ਵਿਚ ਸੋਧ ਹੋ ਰਹੀ ਹੈ। ਨਵੇਂ ਕਾਨੂੰਨ ਦੇ ਮੁਤਾਬਿਕ ਹੁਣ ਡ੍ਰਾਈਵਰ ਦੇ ਸਾਹ ਬਾਹਰ ਕੱਢਦੇ ਸਮੇਂ ਅਲਕੋਹਲ ਦੀ ਮਾਤਰਾ ‘ਬ੍ਰੈਥ ਟੈਸਟ’ ਮਸ਼ੀਨ ਦੇ ਉਤੇ 250 ਮਾਈਕ੍ਰੋਗਰਾਮ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਜਦ ਕਿ ਇਸ ਵੇਲੇ ਇਹ 400 ਮਾਈਕ੍ਰੋਗਰਾਮ ਹੈ। ਇਸੀ ਤਰ੍ਹਾਂ 100 ਮਿਲੀਲੀਟਰ ਖੂਨ ਦੇ ਵਿਚ ਅਲਕੋਹਲ ਦੀ ਮਾਤਰਾ ਨਵੇਂ ਕਾਨੂੰਨ ਮੁਤਾਬਿਕ 50 ਮਿਲੀਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦ ਕਿ ਪਹਿਲਾਂ ਇਹ 80 ਮਿਲੀਗ੍ਰਾਮ ਸੀ। ਇਹ ਕਾਨੂੰਨ 20 ਸਾਲ ਦੀ ਉਮਰ ਅਤੇ ਇਸ ਤੋਂ ਉਪਰ ਵਾਲਿਆਂ ਦੇ ਉਤੇ ਲਾਗੂ ਹੋਵੇਗਾ ਜਦ ਕਿ 20 ਸਾਲ ਤੋਂ ਘੱਟ ਵਾਲਿਆਂ ਦੇ ਲਈ ਇਹ ਮਾਤਰਾ ਜ਼ੀਰੋ ਰੱਖੀ ਗਈ ਹੈ ਮਤਲਬ ਕਿ ਉਹ ਅਲਕੋਹਲ ਦਾ ਸੇਵਨ ਕਰਕੇ ਗੱਡੀ ਨਹੀਂ ਚਲਾ ਸਕਣਗੇ। ਅਲਕੋਹਲ ਦੀ ਮਾਤਰਾ ਚੈਕ ਕਰਨ ਲਈ ਜੇਕਰ ਪੁਲਿਸ ਖੂਨ ਚੈਕ ਕਰਵਾਉਣ ਲਈ ਕਹਿੰਦੀ ਹੈ ਤਾਂ ਇਹ ਪੈਸੇ ਹੁਣ ਡ੍ਰਾਈਵਰ ਨੂੰ ਦੇਣੇ ਪਿਆ ਕਰਨਗੇ ਜੋ ਕਿ ਲਗਪਗ 110 ਡਾਲਰ ਹੋਇਆ ਕਰਨਗੇ।
ਸਜ਼ਾ: ਜੇਕਰ ਨਵੀਂ ਨਿਰਧਾਰਤ ਮਾਤਰਾ ਤੋਂ ਜਿਆਦਾ ਕਿਸੀ ਡ੍ਰਾਈਵਰ ਦੇ ਵਿਚ ਅਲਕੋਹਲ ਦੀ ਮਾਤਾਰ ਪਾਈ ਗਈ ਤਾਂ ਉਸਨੂੰ 12 ਘੰਟੇ ਤੱਕ ਡ੍ਰਾਈਵਿੰਗ ਕਰਨ ਤੋਂ ਰੋਕਿਆ ਜਾ ਸਕੇਗਾ ਅਤੇ ਉਸਦੀ ਗੱਡੀ ਕੋਈ ਹੋਰ ਚਲਾ ਕੇ ਲਿਜਾਏਗਾ। 400 ਤੱਕ ਮਾਤਰਾ ਆਉਣ ਉਤੇ 200 ਡਾਲਰ ਜ਼ੁਰਮਾਨਾ ਅਤੇ 50 ਡੀਮੈਰਿਟ ਅੰਕ ਮਿਲਣਗੇ। ਪਰ ਕ੍ਰਿਮੀਨਲ ਖਾਤਾ ਨਹੀਂ ਖੁੱਲ੍ਹੇਗਾ। ਜੇਕਰ ਮਾਤਰਾ 400 ਤੋਂ ਵਧ ਜਾਂਦੀ ਹੈ ਤਾਂ 200 ਜ਼ੁਰਮਾਨਾ, 50 ਡੀਮੈਰਿਟ ਅੰਕ ਅਤੇ ਕ੍ਰਿਮੀਨਲ ਖਾਤਾ ਖੋਲ੍ਹਿਆ ਜਾਵੇਗਾ। ਜੇਕਰ ਖੂਨ ਦੇ ਵਿਚ ਅਲਕੋਹਲ ਦੀ ਮਾਤਰਾ 51 ਤੋਂ 80 ਆਵੇਗੀ ਤਾਂ 700 ਡਾਲਰ ਜ਼ੁਰਮਾਨਾ, 50 ਡੀਮੈਰਿਟ ਅੰਕ ਅਤੇ ਖੂਨ ਚੈਕ ਆਦਿ ਕਰਨ ਦੀ ਕੀਮਤ ਵੀ ਅਦਾ ਕਰਨੀ ਪਏਗੀ। ਜੇਕਰ ਦੋ ਸਾਲਾਂ ਦੇ ਵਿਚ ਡ੍ਰਾਈਵਰ 100 ਡੀਮੈਰਿਟ ਅੰਕ ਲੈ ਲੈਂਦਾ ਹੈ ਤਾਂ ਤਿੰਨ ਮਹੀਨੇ ਲਈ ਲਾਇਸੰਸ ਕੈਂਸਿਲ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ 30% ਰੋਡ ਐਕਸੀਡੈਂਟ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੁੰਦੇ ਹਨ।