ਦੋ ਨਿੰਬੂ ਤੇ ਤਿੰਨ ਮਿਰਚਾਂ

20140704_170405ਲਓ ਮਿੱਤਰੋ! ਆਹ ਦੋ ਨਿੰਬੂ ਤੇ ਤਿੰਨ ਮਿਰਚਾਂ ਦੀ ਫੋਟੋ, ਆਪਾਂ ਆਪਣੀ ਨਜ਼ਰ ਲੱਗਣ ਤੋਂ ਨਹੀਂ ਪਾਈ, ਇਹਨਾਂ ਪਿੱਛੇ ਇਕ ਕਹਾਣੀ ਹੈ, ਜੋ ਅੱਜ ਮੇਰੇ ਨਾਲ ਵਾਪਰੀ, ਸੋਚਿਆ ਆਪ ਸਭ ਨੂੰ ਸੁਣਾ ਕੇ ਖਰੀ ਕਰ ਲਵਾਂ;
ਰੱਬ ਨੇ ਆਪਾਂ ਨੂੰ ਬਣਾਇਆ ਘੁਮੱਕੜ ਕਿਸਮ ਦਾ ਇਨਸਾਨ, ਤੇ ਉਹੋ ਜਿਹੀ ਹੀ ਜੌਬ ਦੇ ਦਿੱਤੀ ਕਿ ਤੁਰਿਆ ਫਿਰ ਕੌਲੇ ਕੱਛਦਾ, ਕਦੇ ਕਿਤੇ ਕਦੇ ਕਿਤੇ। ਕੰਮ ਦੇ ਸਿਲਸਿਲੇ ‘ਚ ਹਰ ਰੋਜ ਤਕਰੀਬਨ 4-5 ਘਰਾਂ ‘ਚ ਜਾਣਾ ਪੈਂਦਾ। ਹਰ ਘਰੇ ਨਵੀਂ ਤੇ ਵੱਖਰੀ ਕਹਾਣੀ ਜਨਮ ਲੈ ਲੈਂਦੀ ਹੈ। ਬਾਕੀ ਮੇਰੇ ਜਿਹੇ ਗਾਲੜੀ ਬੰਦੇ ਨੂੰ ਰੋਜ ਨਵੇਂ-ਨਵੇਂ ਸਰੋਤੇ ਖ਼ੂਬ ਮਿਲ ਜਾਂਦੇ ਹਨ। ਕਦੇ ਨਹਿਲੇ ਮਿਲਦੇ ਆ ਤੇ ਕਦੇ-ਕਦੇ ਦਹਿਲੇ ਮਿਲ ਜਾਂਦੇ ਆ। ਮੁੱਕਦੀ ਗੱਲ ਘਰੇ ਵਿਹਲਿਆਂ ਨਾਲੋਂ ਜੌਬ ਤੇ ਗੁਰਚੇਤ ਚਿੱਤਰਕਾਰ ਦੇ ਕਹਿਣ ਆਂਗੂੰ ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ ਆ।
ਹੁਣ ਜਦੋਂ ਜੌਬ ਤੇ ਨਿੱਤ ਨਵੀਆਂ ਕਹਾਣੀਆਂ ਰੂਪੀ ਈਂਧਨ ਮਿਲਦਾ ਰਹਿੰਦਾ ਹੈ ਤਾਂ ਫੇਰ ਧੂੰਆਂ ਵੀ ਤਾਂ ਮਰਨਾ ਹੀ ਹੋਇਆ! ਇਹ ਤਾਂ ਭਲੇ ਵੇਲਿਆਂ ‘ਚ ਹਰਮਨ ਰੇਡੀਓ ਚੱਲ ਪਿਆ ਤੇ ਤੜਕੇ ਤੜਕੇ ਕੁਝ ਭੜਾਸ ਉੱਥੇ ਕੱਢ ਲਈਦੀ ਹੈ ਤੇ ਬਾਕੀ ਰਹਿੰਦੀ-ਖਹਿੰਦੀ, ਜਿਉਂਦੀ ਰਹੇ ਫੇਸਬੁੱਕ।
ਮੁੱਦੇ ਤੇ ਆਉਂਦੇ ਹਾਂ ਜੀ; ਅੱਜ ਮੇਰੀ ਜੌਬ ਸੀ ਘਰ ਤੋਂ ਘੰਟਾ ਕੁ ਦੂਰ, ਯਾਨੀ 100 ਕੁ ਕਿੱਲੋਮੀਟਰ, ਰਿਵਰਲੈਂਡ ਦੇ ਨਿੱਕੇ ਜਿਹੇ ਕਸਬੇ ‘ਸਵਾਨ ਰੀਚ’ ਲਾਗੇ ਇਕ ਫਾਰਮ ਹਾਊਸ ਵਿਚ। ਢਾਣੀ ‘ਚ ਕਾਫ਼ੀ ਪੁਰਾਣਾ ਤੇ ਵੱਡਾ ਘਰ, ਨਵੇਂ ਸਿਰਿਓਂ ਛੱਤ ਬਦਲੀ ਤੇ ਕਲੀ-ਕੂਚੀ ਕਰਵਾਉਣ ਕਾਰਨ ‘ਪੇਅ ਟੀਵੀ’ ਚੱਲਣੋਂ ਹਟ ਗਿਆ। ਆਪਾਂ ਵੀ ਜਾ ਪਹੁੰਚੇ। ਅਧਖੜ ਜਿਹੀ ਉਮਰ ਦਾ ਹੱਟਾ-ਕੱਟਾ ਗੋਰਾ। ਜਿਹੋ-ਜਿਹੀ ਦਿੱਖ ਉਹੋ ਜਿਹਾ ਨਾਂ, ‘ਡਾਨ’। ਗਾਲੜੀ ਏਨਾ ਕੁ ਕਿ ਮਿੰਟੂ ਬਰਾੜ ਨੂੰ ਵੀ ਮਾਤ ਪਾਵੇ।
ਆਪਾਂ ਵੀ ਭਾਅ ਲਿਆ ਕਿ ਮਿੱਤਰਾ ਅੱਜ ਤਾਂ ਦਹਿਲਾ ਮਿਲ ਗਿਆ ਲਗਦਾ। ਮਨ ਬਣਾ ਲਿਆ ਕਿ ਅੱਜ ਇਸ ਤੋਂ ਹਾਰਨ ਦਾ ਸੁਆਦ ਹੀ ਚੱਖਦੇ ਹਾਂ। ਪਰ ਅੰਦਰੋਂ ਹੌਸਲਾ ਵੀ ਨਹੀਂ ਛੱਡਿਆ ਕਿ ਜੇ ਕਿਤੇ ਦਾਅ ਫੁਰ ਗਿਆ ਤਾਂ ਲਾ ਦਿਆਂਗੇ ਸੀਪ। ਚਲੋ ਜੀ! ਕੰਮ-ਕੁੰਮ ਤਾਂ ਕੋਈ ਖ਼ਾਸ ਨਹੀਂ ਸੀ ਆਪਾਂ ਇਕ ਗੱਲ ਸੁੱਟੀਏ ਤੇ ਉਹ ਮੂਹਰੋਂ ਚਾਰ ਸੁਣਾ ਕੇ ਦਮ ਲਵੇ। ਪਰ ਗੱਲਾਂ ਪਤੇ ਦੀਆਂ ਕਰ ਰਿਹਾ ਸੀ। ਬਿੰਦ-ਬਿੰਦ ਤੋਂ ਚਿੱਟੀ ਦਾੜ੍ਹੀ ਐਵੇਂ ਨਾ ਆਉਣ ਦਾ ਅਹਿਸਾਸ ਕਰਾਈ ਜਾਵੇ। ਆਪਾਂ ਵੀ ਕਈ ਬਾਰ ਕੋਸ਼ਿਸ਼ ਕੀਤੀ ਕਿ ਦੱਸਿਆ ਜਾਵੇ ਕਿ ਦਾੜ੍ਹੀ ਤਾਂ ਏਧਰ ਵੀ ਚਿੱਟੀ ਆ ਪਰ ਕਾਲਸ ਨਾਲ ਢਕੀ ਆ।
ਚਲੋ ਜੀ! ਇਹ ਮੰਨਣ ‘ਚ ਕਾਹਦੀ ਸ਼ਰਮ ਕਿ ਉਹ ਆਪਾਂ ਨੂੰ ਹਰ ਮੋਰਚੇ ਤੇ ਭੁਟਾਨੀ ਦੇਈ ਜਾਵੇ। ਆਪਣੇ ਕੋਲ ਜੇ ਇਕ ਹੌਸਲੇ ਦੀ ਗੱਲ ਸੀ ਤਾਂ ਉਹ ਇਹ ਕਿ ਆਪਾਂ ਨੂੰ ਹਾਰਦਾ ਦੇਖਣ ਵਾਲਾ ਉੱਥੇ ਸਿਰਫ਼ ਇਕ 17 ਕੁ ਸਾਲਾ ਦਾ ਬੁੱਢਾ ਕੁੱਤਾ ਸੀ। ਜਿਸ ਨੂੰ ਡਾਨ ਦੇ ਦੱਸਣ ਮੁਤਾਬਿਕ ਨਾ ਸੁਣਦਾ ਸੀ ਤੇ ਨਾ ਹੀ ਦਿਸਦਾ ਸੀ।
ਗੱਲੀਂ ਬਾਤੀਂ ਉਸਨੇ ਦੱਸਿਆ ਕਿ ਉਸ ਦੇ ਘਰ ਵਾਲੀ ਫਿਲਪੀਅਨ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ‘ਚ ਬਹੁਤ ਸਾਰੇ ਅਧਖੜ ਗੋਰੇ ਫਿਲਪੀਨ ਜਾ ਥਾਈਲੈਂਡ ਸੈਰ ਕਰਨ ਗਏ ਜਵਾਨ ਕੁੜੀਆਂ ਨਾਲ ਵਿਆਹ ਕਰਵਾ ਲੈਂਦੇ ਹਨ। ਜੋ ਕਾਫ਼ੀ ਕਾਮਯਾਬ ਵੀ ਦੇਖੇ ਗਏ ਹਨ ਕਿਉਂਕਿ ਦੋਨਾਂ ਪਾਸੇ ਲੋੜ ਹੁੰਦੀ ਹੈ ਸਹਾਰੇ ਦੀ। ਚਲੋ ਇਹ ਵੱਖਰਾ ਮੁੱਦਾ ਕਿਸੇ ਦਿਨ ਫੇਰ।
ਡਾਨ ਦੇ ਦੱਸਣ ਮੁਤਾਬਿਕ ਉਸ ਕੋਲ 80 ਕੁ ਕਿੱਲੇ ਸੰਤਰੇ, 150 ਕਿੱਲਾ ਅੰਗੂਰ, 75 ਕੁ ਕਿਲ੍ਹੇ ਨਿੰਬੂ ਆਦਿ ਹਨ। ਕੁਲ ਮਿਲਾ ਕੇ ਸਾਢੇ ਕੁ ਚਾਰ ਸੋ ਕਿਲ੍ਹੇ ਦੀ ਵਾਹੀ ਕਰਦਾਂ। ਜਦੋਂ ਉਸ ਨੇ ਨਿੰਬੂਆਂ ਦੀ ਗੱਲ ਕੀਤੀ ਤਾਂ ਆਪਾਂ ਵੀ ਉਸ ਨੂੰ ਪੁੱਛ ਲਿਆ ਕਿ ਕਿਹੜੇ ਨਿੰਬੂ ਨੇ? ਕਿਉਂਕਿ ਇਥੇ ਕਾਗ਼ਜ਼ੀ ਨਿੰਬੂ ਘੱਟ ਹੀ ਮਿਲਦੇ ਹਨ ਸੋ ਸੋਚਿਆ ਜੇ ਡਾਨ ਕੋਲੇ ਹੋਏ ਤਾਂ ਲੈ ਚੱਲਾਂਗੇ। ਉਹ ਬੜੀ ਫੁਰਤੀ ਨਾਲ ਗਿਆ ਤੇ ਦੋ ਨਿੰਬੂ ਲਈ ਆਵੇ, ਕਹਿੰਦਾ ਆਹ ਦੋ ਕਿਸਮਾਂ ਹਨ। ਫੇਰ ਕਹਿੰਦਾ! ਤੁਸੀ ਇੰਡੀਅਨ ਮਿਰਚਾਂ ਬਹੁਤ ਪਸੰਦ ਕਰਦੇ ਹੋ। ਮੇਰੇ ਹਾਂ ‘ਚ ਸਿਰ ਹਿਲਾਉਣ ਦੀ ਦੇਰੀ ਸੀ ਕਿ ਇਕ ਲਾਲ ਮਿਰਚ ਤੇ ਇਕ ਹਰੀ ਮਿਰਚ ਤੋੜੀ ਆਵੇ। ਆਖੇ ਕਿਹੜੀ ਪਸੰਦ ਕਰਦਾ, ਆਪਾ ਕਿਹਾ ਅਸੀਂ ਪੁੰਨ ਦੀ ਗਾਂ ਦੇ ਦੰਦ ਗਿਣਨ ਵਾਲਿਆਂ ‘ਚੋਂ ਨਹੀਂ ਹਾਂ। ਜੋ ਵੀ ਆਵੇ ਸੋ ਰਾਜ਼ੀ ਜਾਵੇ।
ਚਲੋ ਜੀ, ਗੱਲੀਂ ਬਾਤੀ ਮੈਂ ਡਾਨ ਦੇ ਚੈਨਲ ਚਲਾ ਕੇ ਘਰ ਦੇ ਬਾਹਰ ਮਿਰਚਾਂ ‘ਚ ਆ ਕੇ ਇਕ ਮੋਟੀ ਜਿਹੀ ਹਰੀ ਮਿਰਚ ਤੋੜ ਲਈ। ਡਾਨ ਹੋਰੀਂ ਤਾਂ ਪੈ ਗਏ ਮੈਨੂੰ ਉਲੀ-ਉਲੀ ਕਰ ਕੇ, ਕਹਿੰਦਾ! ਇਹ ਕਿ ਕਰੀ ਜਾਨਾਂ? ਜੇ ਮੇਰੀ ਘਰ ਵਾਲੀ ਨੇ ਦੇਖ ਲਿਆ ਨਾਲੇ ਤੇਰੇ ਤਾਉਣੀ ਲਾਉ ਨਾਲੇ ਮੇਰੇ। ਮੈਂ ਕਿਹਾ ਯਾਰ ਮੈਂ ਤਾਂ ਸੋਚਦਾ ਸੀ ਤੂੰ ਉਹ ਦੋ ਨਿੰਬੂ ਤੇ ਦੋ ਮਿਰਚਾਂ ਮੈਨੂੰ ਸੈਂਪਲ ਦੇ ਤੌਰ ਤੇ ਦਿਖਾਏ ਸਨ। ਉਹ ਕਹੇ ਤੈਨੂੰ ਜਿੰਨੀਆਂ ਦਿੱਤੀਆਂ ਉਸੇ ਨਾਲ ਇਨਜੁਆਏ ਕਰ।
ਕੋਈ ਗੱਲ ਨਾ ਔੜਦੀ ਦੇਖ ਪੁੱਛਿਆ ਕਿ ਚੱਲ ਮੁੱਲ ਹੀ ਦੇ ਦੇਵੋ, ਨਿੰਬੂ ਤਾਂ ਮੈਨੂੰ ਪਸੰਦ ਨਹੀਂ ਆਹ ਮਿਰਚਾਂ ਕਿੱਲੋ ਦੋ ਕਿੱਲੋ ਤੋਲ ਦੇ। ਕਹਿੰਦਾ ਨਾ ਜੀ ਮੈਂ ਆਪਣੇ ਬੈਟਰ ਹਾਫ਼ ਤੋਂ ਕੁੱਟ ਥੋੜਾ ਖਾਣੀ ਹੈ। ਜਦੋਂ ਉਸ ਨੂੰ ਕਿਹਾ ਕਿ ਚਲੋ ਘਰਵਾਲੀ ਤੋਂ ਪੁੱਛ ਲਵੋ। ਉਹ ਕਹਿੰਦਾ ਕਿ ਉਹ ਤਾਂ ਘਰ ਨਹੀਂ, ਕਿਸੇ ਦੇ ਸੰਤਰੇ ਤੋੜਨ ਜਾਂਦੀ ਆ ਐਕਸਟਰਾ ਇਨਕਮ ਲਈ।
ਆਪਾਂ ਨੂੰ ਅਹਿਸਾਸ ਹੋਇਆ ਕਿ ਗੋਰਾ ਚਿੱਤ ਹੋ ਰਿਹਾ, ਹੁਣ ਥੋੜਾ ਜਿਹਾ ਜੋਰ ਲਾਇਆ ਜਾਵੇ। ਡਾਨ ਪਹਿਲਾਂ ਬਾਰ-ਬਾਰ ਇੰਡੀਅਨ ਫੂਡ ਸਲਾਹ ਰਿਹਾ ਸੀ ਸੋ ਸੋਚਿਆ ਕਿ ਹੁਣ ਇਹ ਹਥਿਆਰ ਵਰਤਿਆ ਜਾਵੇ। ਯਾਰ ਹੋਰੀਂ ਛੇਤੀ ਦੇਣੇ ਆਪਣੀ ਵੈਨ ‘ਚ ਗਏ ਤੇ ਉਸ ਵਿਚ ਇਕ ਪਿੰਨੀਆਂ ਦਾ ਭਰਿਆ ਡੱਬਾ ਪਿਆ ਸੀ। ਜੋ ਅਕਸਰ ਸਾਡਾ ਬੈਟਰ ਹਾਫ਼ ਗਾਹੇ-ਬਗਾਹੇ ਲਈ ਰੱਖ ਛਡਦਾ ਹੈ। ਢੱਕਣ ਖੋਲ੍ਹ ਕੇ ਡੱਬਾ ਡਾਨ ਮੂਹਰੇ ਕਰ ਦਿੱਤਾ। ਉਸ ਨੇ ਧੰਨਵਾਦ ਕਹਿੰਦਿਆਂ ਇਕ ਪਿੰਨੀ ਚੁੱਕ ਲਈ। ਮੈਂ ਕਿਹਾ ਹੋਰ ਲੈ ਲਵੋ। ਉਹ ਕਹੇ ‘ਇਟਸ ਓ ਕੇ।’ ਜਿਉਂ-ਜਿਉਂ ਪਿੰਨੀਂ ਖਾਵੇ, ਤਿਉਂ-ਤਿਉਂ ਸਿਫ਼ਤਾਂ ਦੇ ਪੁਲ ਬੰਨ੍ਹੀ ਜਾਵੇ। ਕਹੇ ਇਹ ਸੱਚੀਂ ਤੇਰੇ ਘਰਵਾਲੀ ਨੇ ਬਣਾਈਆਂ? ਤੂੰ ਤਾਂ ਬਹੁਤ ਲੱਕੀ ਬੰਦਾ। ਆਪਾਂ ਲੋਹਾ ਗਰਮ ਦੇਖਿਆ ਤੇ ਇਕ ਹੋਰ ਸੱਟ ਮਾਰੀ ਤੇ ਪਿੰਨੀਆਂ ਦਾ ਡੱਬਾ ਉਸ ਦੇ ਹੱਥ ਫੜਾ ਦਿੱਤਾ। ਉਹ ਕਹੇ ਨਹੀਂ ਤੇਰੇ ਘਰਵਾਲੀ ਤੇਰੇ ਨਾਲ ਲੜੇਗੀ। ਮੈਂ ਕਹਾਂ ਨਹੀਂ ਉਹ ਤੇਰੇ ਘਰਵਾਲੀ ਵਰਗੀ ਨਹੀਂ। ਉਹ ਆਖੇ ਸੱਚੀ? ਯਕੀਨ ਨਾ ਆਵੇ ਗੋਰੇ ਨੂੰ, ਜਿਵੇਂ ਉਸ ਨੂੰ ਪਤਾ ਨੀ ਕਿਹੜੀ ਬਹੁਮੁੱਲੀ ਚੀਜ਼ ਦਾ ਮਾਲਕ ਬਣਾ ਦਿੱਤਾ ਹੋਵੇ। ਮੇਰੇ ਨਾਹ-ਨਾਹ ਕਹਿੰਦਿਆਂ ਉਹ ਫੇਰ ਵੀ ਪਿੰਨੀਆਂ ਵਾਲਾ ਡੱਬਾ ਖ਼ਾਲੀ ਕਰ ਕੇ ਮੋੜ ਹੀ ਗਿਆ ਨਾਲੇ ਕਹਿੰਦਾ ਜ਼ਨਾਨੀਆਂ ਨੂੰ ਭਾਂਡੇ ਬਹੁਤ ਪਿਆਰੇ ਹੁੰਦੇ ਹਨ।
ਉਹ ਕਹਿੰਦਾ ਤੇਰੇ ਘਰ ਇਹੋ ਜਿਹੀਆਂ ਪਿੰਨੀਆਂ ਹੋਰ ਬਹੁਤ ਹੋਣਗੀਆਂ। ਆਪਾਂ ਵੀ ਮਿਹਣਿਆਂ ਤੇ ਉਤਰ ਆਏ। ਮੈਂ ਕਿਹਾ, ”ਨਹੀਂ, ਮੇਰੇ ਕਿਹੜਾ 75 ਕਿੱਲਿਆਂ ‘ਚ ਨਿੰਬੂ ਲੱਗੇ ਆ।” ਡਾਨ, ਗੱਲ ਸਮਝਦਾ ਹੋਇਆ ਵੀ ਨਾ ਸਮਝੇ ਤੇ ਆਪਾਂ ਫੇਰ ਜੇਤੂ ਮੁਦਰਾ ‘ਚ ਕਿਸੇ ਪਾਸੇ ਤੋਂ ਚਿੱਤ ਕਰਨ ਦੀ ਕਸਰ ਨਹੀਂ ਸੀ ਛੱਡ ਰਹੇ। ਇਕੋ ਸਾਹ ‘ਚ ਕਹਿ ਦਿੱਤਾ ਕਿ ਨਾ ਸਾਡੇ ਕੋਲ ਮੁਰੱਬੇ ਆ, ਨਾ ਅਸੀਂ ਘਰਵਾਲੀ ਮੁੱਲ ਲੈ ਕੇ ਆਏ ਹਾਂ ਬੱਸ ਜਿਗਰੇ ਆ ਜਿਗਰੇ ਜੱਟਾਂ ਕੋਲ ਤਾਂ। ਸਾਡੇ ਬਾਬੇ ਨੇ ਸਾਨੂੰ ਹੁਕਮ ਦਿੱਤਾ ਕਿ ਵੰਡ ਕੇ ਛਕੋ।
ਭਾਵੇਂ ਹੁਣ ਤੱਕ ਡਾਨ ਮੇਰੇ ਨਾਲ ਹਾਰ ਜਿੱਤ ਦੀ ਬਾਜੀ ਨਹੀਂ ਲਾ ਰਿਹਾ ਸੀ, ਉਹ ਤਾਂ ਸਾਡੇ ਹੀ ਸੁਭਾਅ ‘ਚ ਸ਼ਾਮਿਲ ਹੈ ਕਿ ਕਿਸੇ ਤੋਂ ‘ਲੰਡੀ ਚੂਹੀ’ ਨਹੀਂ ਲੈਣੀ। ਪਰ ਫੇਰ ਵੀ ਮੈਨੂੰ ਉਸ ਦੇ ਚਿਹਰੇ ਤੇ ਹਾਰ ਦੇ ਭਾਵ ਦਿਖਾਈ ਦਿੱਤੇ।
ਆਪਾਂ ਫੇਰ ਜਾਂਦੇ-ਜਾਂਦੇ ਸੀਪ ਲਾਉਣ ਦੀ ਮਨਸਾ ‘ਚ ਇਹ ਕਹਿਣਾ ਚਾਹਿਆ ਕਿ ਆਸਟ੍ਰੇਲੀਆ ‘ਚ ਪਿਛਲੇ ਸੱਤ ਸਾਲ ‘ਚ ਅਣਗਿਣਤ ਗੋਰੇ ਦੇਖੇ ਜਿਹੜੇ ਘਰਵਾਲੀ ਤੋਂ ਬਹੁਤ ਡਰਦੇ ਹਨ ਪਰ ‘ਚੁਆਨੀ-ਛਾਪ’ ਤੇ ‘ਮੱਖੀ ਚੂਸ’ ਗੋਰਾ ਪਹਿਲੀ ਵਾਰ ਦੇਖਿਆ। ਹੁਣ ਸਮੱਸਿਆ ਇਹ ਸੀ ਕਿ ਇਹ ਗੱਲ ਗੋਰੇ ਨੂੰ ਸਮਝਾਉਂਦੇ-ਸਮਝਾਉਂਦੇ ਆਪਣੀ ਅੰਗਰੇਜ਼ੀ ਮੁੱਕ ਜਾਣ ਦਾ ਖ਼ਤਰਾ ਸਿਰ ਤੇ ਸੀ। ਸੋ ਗੂਗਲ ਮਾਤਾ ਤੋਂ ਪੁੱਛ ਕਢਵਾ ਕੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਗੋਰੇ ਦੇ ਹਾਵ-ਭਾਵ ਮੈਨੂੰ ਦਰਸਾ ਰਹੇ ਸੀ ਕਿ ਤੂੰ ਫੇਰ ਹਾਰ ਗਿਆ। ਜਿੱਤਿਆ ਭਾਵੇਂ ਡਾਨ ਵੀ ਨਹੀਂ ਸੀ ਪਰ ਆਪਣੇ ਹੋਮੇ ਨੂੰ ਕੁਝ ਪੱਠੇ ਪਾ ਕੇ ਅਸੀਂ ਚਾਂਈਂ-ਚਾਂਈਂ ਤਿੰਨ ਮਿਰਚਾਂ ਤੇ ਦੋ ਨਿੰਬੂ ਲੈ ਕੇ ਘਰ ਨੂੰ ਆ ਗਏ।
ਇਹ ਲੇਖ ਲਿਖਦਿਆਂ-ਲਿਖਦਿਆਂ ਰਸੋਈ ‘ਚੋਂ ਘਰਵਾਲੀ ਦੀ ਆਵਾਜ਼ ਕੰਨੀ ਪਈ ਕਿ ਆਹ ਤਿੰਨ ਮਿਰਚਾਂ ਜੀਆਂ ਕੀ ਲਿਆਉਣ ਲੱਗੇ ਸੀ ਨਾਲੇ ਇਹਨਾਂ ‘ਚੋਂ ਇਕ ਲਾਲ ਜੀ ਤਾਂ ਜਵੀਂ ਗਲੀ ਪਈ ਆ। ਆਪ ਮੁਹਾਰੇ ਬੋਲੀ ਜਾ ਰਹੀ ਸੀ, ਕਿ ਦੱਸੋ ਹੁਣ ਇਸ ਦੀ ਚਟਣੀ ਬਣਾਵਾਂ ਕਿ ਆਚਾਰ ਪਾਵਾਂ! ਚਲੋ ਅੱਜ ਆਥਣੇ ਰੋਟੀ ਨਾਲ ਉਂਝ ਹੀ ਖਾ ਲਿਓ।
ਆਪਾਂ ਵੀ ਆਪਣੇ ਦਿਲ ਦੀ ਗੱਲ ਫੇਰ ਕਹਿ ਹੀ ਦਿੱਤੀ ਕਿ ਇਹ ਮਿਰਚਾਂ ਮੈਂ ਆਪਣੇ ਖਾਣ ਲਈ ਥੋੜਾ ਲਿਆਈਆਂ ਇਹ ਤਾਂ ਸਾਡੇ ਹੋਉਮੇ ਦੀ ਖ਼ੁਰਾਕ ਨੇ, ਫਰੇਮ ਕਰਵਾ ਕੇ ਸਾਰੀ ਉਮਰ ਰੱਖਾਂਗੇ, ਤੇ ਇਸ ਨੂੰ ਸਿਰਲੇਖ ਦੇਵਾਂਗੇ; ”ਜਦੋਂ ਅਸੀਂ ਨਹਿਲੇ ਨਾਲ ਦਹਿਲਾ ਕੁੱਟਿਆ।”

Welcome to Punjabi Akhbar

Install Punjabi Akhbar
×
Enable Notifications    OK No thanks