ਜੰਮੂ-ਕਸ਼ਮੀਰ ਵਿੱਚ ਕੁਦਰਤੀ ਆਫ਼ਤ

jandkfloods001jpg

ਜੰਨਤ ਮੰਨੀ ਜਾਣ ਵਾਲੀ ਕਸ਼ਮੀਰ ਵਾਦੀ ਇਸ ਮੌਕੇ ਭਿਆਨਕ ਹੜ੍ਹਾਂ ਦੀ ਗ੍ਰਿਫ਼ਤ ਵਿੱਚ ਹੈ। ਜੰਮੂ-ਕਸ਼ਮੀਰ ਵਿੱਚ ਪਿਛਲੇ ਛੇ ਦਹਾਕਿਆਂ ਦੌਰਾਨ ਆਏ ਸਭ ਤੋਂ ਭਿਆਨਕ ਹੜ੍ਹ ਕਾਰਨ ਜ਼ਿੰਦਗੀ ਦੀ ਗੱਡੀ ਪਟੜੀ ਤੋਂ ਉੱਤਰ ਚੁੱਕੀ ਹੈ। ਭਾਵੇਂ 43 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਲਗਪਗ ਚਾਰ ਲੱਖ ਲੋਕ ਅਜੇ ਵੀ ਮੌਤ ਦੇ ਮੂੰਹ ਵਿੱਚ ਫਸੇ ਹੋਏ ਹਨ। ਜਾਨ ਬਚਾਉਣ ਲਈ ਲੋਕ ਘਰਾਂ ਦੀਆਂ ਛੱਤਾਂ ਉੱਤੇ ਸ਼ਰਨ ਲੈਣ ਲਈ ਮਜਬੂਰ ਹਨ। ਸੰਚਾਰ ਨੈੱਟਵਰਕ ਪੂਰੀ ਤਰ੍ਹਾਂ ਟੁੱਟਣ ਕਾਰਨ ਦੇਸ਼ ਅਤੇ ਦੁਨੀਆਂ ਨਾਲ ਰਾਬਤਾ ਬੰਦ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਈ ਦੌਰੇ ਨੇ ਸੂਬੇ ਦੇ ਲੋਕਾਂ ਵਿੱਚ ਕੁਝ ਧੀਰਜ ਜ਼ਰੂਰ ਬੰਨਿ੍ਆ ਪਰ ਜ਼ਮੀਨੀ ਪੱਧਰ ਉੱਤੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ।

ਮਨੁੱਖੀ ਜਾਨਾਂ ਬਚਾਉਣ ਲਈ ਫ਼ੌਜ ਅਤੇ ਹੋਰ ਸੁਰੱਖਿਆ ਦਸਤਿਆਂ ਨੇ ਮਿਸਾਲੀ ਕੰਮ ਕੀਤਾ ਹੈ। ਇੱਕ ਲੱਖ ਤੋਂ ਵੱਧ ਫ਼ੌਜੀ ਦਿਨ ਰਾਤ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਜਿਨ੍ਹਾਂ ਖੇਤਰਾਂ  ਵਿੱਚ ਕਿਸ਼ਤੀਆਂ ਨਹੀਂ ਜਾ ਸਕਦੀਆਂ ਉੱਥੇ ਹੈਲੀਕਾਪਟਰਾਂ ਰਾਹੀਂ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਤਕ ਰਾਸ਼ਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਰ ਵੀ ਖ਼ੁਰਾਕ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ ਹਨ। ਆਪਣੇ ਸਬੰਧੀਆਂ ਬਾਰੇ ਸੂਚਨਾ ਨਾ ਮਿਲਣਾ ਲੋਕਾਂ ਦੀ ਤਕਲੀਫ਼ ਨੂੰ ਵਧਾ ਰਿਹਾ ਹੈ।

ਕੇਂਦਰ ਜਾਂ ਸੂਬਾ ਸਰਕਾਰ ਅਤੇ ਰਾਹਤ ਕੰਮਾਂ ਵਿੱਚ ਲੱਗੀਆਂ ਹੋਰ ਏਜੰਸੀਆਂ ਵੱਲੋਂ ਲਗਾਤਾਰ ਜਾਣਕਾਰੀ ਨਾ ਦੇਣ ਕਾਰਨ ਵੀ ਤੌਖ਼ਲੇ ਵਧ ਰਹੇ ਹਨ। ਲੋਕ ਇਸ ਆਫ਼ਤ ਨਾਲ ਹੋਏ ਨੁਕਸਾਨ, ਹੁਣ ਤਕ ਰਾਹਤ ਕਾਰਜਾਂ ਲਈ ਕੀਤੇ ਜਾ ਰਹੇ ਕੰਮਾਂ ਅਤੇ ਹਾਲਾਤ ਵਿੱਚ ਹੋਣ ਵਾਲੇ ਸੁਧਾਰ ਸਬੰਧੀ ਠੋਸ ਜਾਣਕਾਰੀ ਮਿਲਣ ਦੀ ਉਮੀਦ ਵਿੱਚ ਹਨ। ਇਹ ਜਾਣਕਾਰੀ ਦੇਸ਼ ਦੇ ਲੋਕਾਂ ਨੂੰ ਇਸ ਕੌਮੀ ਆਫ਼ਤ ਵਿੱਚ ਤਨ,ਮਨ ਅਤੇ ਧਨ ਤੋਂ ਮਦਦ ਕਰਨ ਲਈ ਸਹਾਇਕ ਹੋ ਸਕਦੀ ਹੈ। ਵੱਖ-ਵੱਖ ਸੰਸਥਾਵਾਂ, ਗਰੁੱਪਾਂ ਅਤੇ ਵਿਅਕਤੀਆਂ ਵੱਲੋਂ ਰਾਹਤ ਕਾਰਜਾਂ ਲਈ ਇਕੱਠੀ ਕੀਤੀ ਜਾ ਰਹੀ ਮਾਇਆ ਅਤੇ ਸਮੱਗਰੀ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਇਸ ਵੱਡੀ ਆਫ਼ਤ ਨੇ ਦੇਸ਼ ਦੇ ਲੋਕਾਂ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ ਹੈ। ਜਾਨਾਂ ਬਚ ਜਾਣ ਤੋਂ ਬਾਅਦ ਵੱਡੀ ਸਮੱਸਿਆ ਬੀਮਾਰੀਆਂ ਦੇ ਫੈਲਣ ਦੇ ਖ਼ਦਸ਼ੇ ਅਤੇ ਘਰਾਂ ਅੰਦਰ ਭਰ ਚੁੱਕੀ ਗਾਰ ਨੂੰ ਹਟਾ ਕੇ ਉਨ੍ਹਾਂ ਨੂੰ ਰਹਿਣਯੋਗ ਬਣਾਉਣ ਦੀ ਹੈ। ਐਮਰਜੈਂਸੀ ਦੀ ਸਥਿਤੀ ਖ਼ਤਮ ਹੋਣ ਤੋਂ ਬਾਅਦ ਇਹ ਉਸ ਤੋਂ ਵੀ ਵੱਡਾ ਕੰਮ ਹੁੰਦਾ ਹੈ। ਇਸ ਲਈ ਅਗਲੇ ਪੜਾਅ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਅਤੇ ਲੋਕਾਂ ਸਾਹਮਣੇ ਰੱਖਿਆ ਜਾਣਾ ਵੀ ਜ਼ਰੂਰੀ ਹੈ।

ਉੱਤਰਾਖੰਡ ਤੋਂ ਬਾਅਦ ਆਈ ਇਸ ਕੁਦਰਤੀ ਆਫ਼ਤ ਨੇ ਕੁਦਰਤ ਦੀ ਰਜ਼ਾ ਤੋਂ ਬਾਗ਼ੀ ਹੋਣ ਦੇ ਸਵਾਲ ਨੂੰ ਮੁੜ ਖੜ੍ਹਾ ਕਰ ਦਿੱਤਾ ਹੈ। ਮੁਨਾਫ਼ੇ ਉੱਤੇ ਆਧਾਰਿਤ ਵਿਕਾਸ ਦਾ ਮੌਜੂਦਾ ਤਰੀਕਾ, ਪਾਣੀ ਦੇ ਕੁਦਰਤੀ ਵਹਿਣਾਂ ਦੇ ਰਾਹ ਵਿੱਚ ਵੱਡੀਆਂ ਇਮਾਰਤਾਂ ਉਸਾਰਨ ਅਤੇ ਅੰਨ੍ਹੇਵਾਹ ਹੋਰ  ਰੁਕਾਵਟਾਂ ਖੜ੍ਹੀਆਂ ਕਰ ਰਿਹਾ ਹੈ। ਬਿਨਾਂ ਸੋਚੇ ਸਮਝੇ ਅਤੇ ਮਾਹਿਰਾਂ ਦੀ ਰਾਇ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਭਿਆਨਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਵਿੱਚ ਇਹ ਕਹਿਰ ਵਾਪਰ ਚੁੱਕਿਆ ਹੈ ਅਤੇ ਹੁਣ ਕਸ਼ਮੀਰ ਵਿੱਚ ਵੀ ਅਜਿਹਾ ਹੀ ਹੋਇਆ ਹੈ। ਵਿਗਿਆਨਕ ਅਤੇ ਤਕਨੀਕੀ ਤਰੱਕੀ ਨੇ ਮਨੁੱਖ ਲਈ ਬਹੁਤ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਹਨ ਪਰ ਵੱਡੀਆਂ ਆਫ਼ਤਾਂ ਮੌਕੇ ਇਹ ਤੰਤਰ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਸਾਡੇ ਦੇਸ਼ ਦੀ ਤਰਾਸਦੀ ਇਹ ਹੈ ਕਿ ਆਫ਼ਤ ਆਉਣ ਸਮੇਂ ਤਾਂ  ਸਰਗਰਮੀ ਦਿਖਾਈ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਹੀ ਅਜਿਹੀਆਂ ਘਟਨਾਵਾਂ ਦੇ ਕਾਰਨ ਅਤੇ ਉਨ੍ਹਾਂ ਨੂੰ ਰੋਕਣ ਦੇ ਉਪਰਾਲੇ ਭੁਲਾ ਦਿੱਤੇ ਜਾਂਦੇ ਹਨ। ਕੁਦਰਤੀ ਆਫ਼ਤਾਂ ਮੌਕੇ ਫ਼ੌਜ ਜਾਂ ਸੁਰੱਖਿਆ ਦਸਤਿਆਂ ਦੀ ਲੋੜ ਤਾਂ ਪੈਂਦੀ ਹੀ ਹੈ ਪਰ ਸਮਾਜਿਕ ਪੱਧਰ ਉੱਤੇ ਲੋਕਾਂ ਨੂੰ ਵੀ ਅਜਿਹੇ ਮੌਕੇ ਸੰਕਟ ਨਾਲ ਸਿੱਝਣ ਲਈ ਕੁਝ ਨਾ ਕੁਝ ਸਿਖਲਾਈ ਦੇਣ ਦੀ ਜ਼ਰੂਰਤ ਹੈ। ਭਿਆਨਕ ਆਫ਼ਤ ਦਾ ਸਾਹਮਣਾ ਕਰ ਰਹੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਹਰ ਸੰਭਵ ਮਦਦ ਕਰਨ ਨਾਲ ਉਨ੍ਹਾਂ ਦੀ ਪੀੜ ਕੁਝ ਘਟ ਸਕਦੀ ਹੈ।

 ਸੰਪਾਦਕੀ – ਪੰਜਾਬੀ ਟ੍ਰਿਬਿਊਨ

Install Punjabi Akhbar App

Install
×