ਜੈਜੀਤ ਸਿੰਘ ਜੌਹਲ ਉਰਫ ਜੋਜੋ ਨੇ ਬਾਦਲਾਂ ਅਤੇ ਪੀ.ਟੀ.ਸੀ. ਚੈਨਲ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

20180525_160537
(ਪ੍ਰੈਸ ਕਾਨਫਰੰਸ ਕਰਦੇ ਹੋਏ ਜੋਜੋ ਜੌਹਲ (ਫੋਟੋ: ਗੁਰਦਾਸ ਸਿੰਘ))

ਬਠਿੰਡਾ– ਸ਼ਰੀਕੇਬਾਜੀ ਨੇ ਬਾਦਲ ਪਰਿਵਾਰ ਦੀਆਂ ਰਿਸਤੇਦਾਰੀਆਂ ਨੂੰ ਵੀ ਇਸ ਕਦਰ ਪ੍ਰਭਾਵਿਤ ਕਰਨਾ ਸੁਰੂ ਕਰ ਦਿੱਤਾ ਹੈ, ਕਿ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ, ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ ਅਤੇ ਪੀ ਟੀ ਸੀ ਦੇ ਪ੍ਰਬੰਧਕ ਰਵਿੰਦਰ ਨਰਾਇਣ ਦੇ ਨਾਂ ਦਸ ਕਰੋੜ ਰੁਪਏ ਦੀ ਮਾਨਹਾਨੀ ਦਾ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।

ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ, ਕਿ ਸ਼ਿਸਟਾਚਾਰ ਤੇ ਸਲੀਨਤਾ ਦੇ ਪੱਖ ਤੋਂ ਸ੍ਰ: ਪ੍ਰਕਾਸ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨੂੰ ਪਾਸ ਤੇ ਦਾਸ ਦੀ ਜਿਸ ਜੋੜੀ ਵਜੋਂ ਸਮੁੱਚੇ ਪੰਜਾਬ ਵਿੱਚ ਇੱਕ ਮਿਸਾਲ ਦੇ ਤੌਰ ਤੇ ਲਿਆ ਜਾਂਦਾ ਸੀ, ਪਰਿਵਾਰਕ ਬਖੇੜੇ ਕਾਰਨ ਦੋਵਾਂ ਭਰਾਵਾਂ ਦੀ ਔਲਾਦ ਦੇ ਨਾ ਸਿਰਫ ਸਿਆਸੀ ਰਾਹ ਹੀ ਅਲੱਗ ਅਲੱਗ ਹੋ ਗਏ, ਬਲਕਿ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੀ ਕੁੜੱਤਣ ਉਹਨਾਂ ਦੀਆਂ ਸ਼ਕੀਰੀਆਂ ਤੱਕ ਵੀ ਪੁੱਜ ਗਈ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਜਦ ਸ੍ਰ: ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਵਿੱਤ ਮੰਤਰੀ ਬਣ ਗਏ, ਤਾਂ ਉਹਨਾਂ ਨੇ ਆਪਣੇ ਨਜਦੀਕੀ ਰਿਸਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੂੰ ਆਪਣੇ ਬਠਿੰਡਾ ਦਫ਼ਤਰ ਦੀ ਡਿਉਟੀ ਸੌਂਪ ਦਿੱਤੀ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਸਾਬਕਾ ਹੋ ਚੁੱਕੀ ਬਾਦਲ ਸਰਕਾਰ ਵਿੱਚ ਪਹਿਲਾਂ ਹੀ ਕਈ ਅਹਿਮ ਵਿਭਾਗਾਂ ਦੇ ਮੰਤਰੀ ਰਹਿ ਚੁੱਕਣ ਤੋਂ ਇਲਾਵਾ ਸ੍ਰ: ਸੁਖਬੀਰ ਸਿੰਘ ਬਾਦਲ ਦੀ ਸੱਜੀ ਬਾਂਹ ਵਜੋਂ ਵਿਚਰ ਰਹੇ ਹਨ।

ਕੈਪਟਨ ਸਰਕਾਰ ਦੇ ਹੋਂਦ ਵਿੱਚ ਆਉਣ ਦੇ ਬਾਵਜੂਦ ਵੀ ਜਦ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਠੇਕੇਦਾਰਾਂ ਤੋਂ ਪਹਿਲਾਂ ਦੀ ਤਰ੍ਹਾਂ ਹੀ ਗੁੰਡਾ ਟੈਕਸ ਦੀ ਵਸੂਲੀ ਦਾ ਅਮਲ ਜਾਰੀ ਰਿਹਾ ਤਾਂ ਹਕੂਮਤ ਦੀ ਚੁਫ਼ੇਰਿਉਂ ਤੋਏ ਤੋਏ ਹੋਣ ਲੱਗ ਪਈ। ਇਹ ਮਾਮਲਾ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਉੱਠਿਆ ਸੀ, ਨਤੀਜੇ ਵਜੋਂ ਸਰਕਾਰ ਨੂੰ ਸਖ਼ਤੀ ਦਾ ਰੁਖ਼ ਅਪਣਾਉਣਾ ਪਿਆ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਇਦ ਹੀ ਅਕਾਲੀ ਦਲ ਦਾ ਕੋਈ ਸਮਾਗਮ ਹੋਵੇ, ਜਿਸ ਵਿੱਚ ਗੁੰਡਾ ਟੈਕਸ ਦਾ ਜਿਕਰ ਕਰਦਿਆਂ ਆਗੂਆਂ ਵੱਲੋਂ ਜੋਜੋ ਜੌਹਲ ਨੂੰ ਇੱਕ ਖਲਨਾਇਕ ਵਜੋਂ ਪੇਸ ਨਾ ਕੀਤਾ ਹੋਵੇ।

ਸ਼ਾਇਦ ਇਹ ਵੀ ਇੱਕ ਕਾਰਨ ਸੀ, ਕਿ ਵਿਧਾਨ ਸਭਾ ਦੇ ਲੰਘ ਚੁੱਕੇ ਸੈਸਨ ਦੇ ਆਖ਼ਰੀ ਦਿਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਜਾਤੀ ਤੇ ਸਿਆਸੀ ਸ਼ਰੀਕਾਂ ਤੋਂ ਇਲਾਵਾ ਉਹਨਾਂ ਦੇ ਰਿਸਤੇਦਾਰ ਬਿਕਰਮ ਮਜੀਠੀਆ ਨੂੰ ਨਿਸ਼ਾਨਾ ਬਣਾਉਂਦਿਆਂ ਕੁਝ ਅਜਿਹੇ ਇੰਕਸਾਫ ਕਰਨ ਤੋਂ ਵੀ ਗੁਰੇਜ ਨਹੀਂ ਸੀ ਕੀਤਾ, ਜਿਹਨਾਂ ਦੀ ਬਦੌਲਤ ਪਰਿਵਾਰਕ ਕੁੜੱਤਣ ਸਿਖ਼ਰਾਂ ਛੋਹ ਗਈ। ਇਹ ਵੀ ਸ਼ਾਇਦ ਇਸੇ ਕੁੜੱਤਣ ਦਾ ਨਤੀਜਾ ਹੈ ਕਿ ਆਪਣੇ ਵਿਰੁੱਧ ਕੀਤੀ ਇਲਜਾਮਬਾਜੀ ਦੇ ਪ੍ਰਤੀਕਰਮ ਵਜੋਂ ਜੋਜੋ ਜੌਹਲ ਨੂੰ ਅੱਜ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਪੀ ਟੀ ਸੀ ਦੇ ਪ੍ਰਬੰਧਕ ਤੱਕ ਦਸ ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ ਭੇਜ ਦਿੱਤਾ।

ਸਥਾਨਕ ਪ੍ਰੈਸ ਕਲੱਬ ਵਿਖੇ ਮੀਡੀਆ ਪ੍ਰਤੀਨਿਧਾਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਜੋਜੋ ਨੇ ਇੰਕਸਾਫ਼ ਕੀਤਾ ਕਿ ਜੱਦੀ ਪੁਸਤੀ ਉਹ ਨਾ ਸਿਰਫ ਬਿਕਰਮ ਮਜੀਠੀਆ ਦੇ ਪਰਿਵਾਰ ਤੋਂ ਕਿਤੇ ਵੱਧ ਰਾਈਸ ਸਨ, ਬਲਕਿ ਉਸਦੇ ਬਾਪ ਕੋਲ ਬਾਦਲ ਪਰਿਵਾਰ ਤੋਂ ਵੀ ਕਿਤੇ ਵੱਧ ਜਾਇਦਾਦ ਹੋਇਆ ਕਰਦੀ ਸੀ। ਸੁਖਬੀਰ ਤੋਂ ਲੈ ਕੇ ਮਜੀਠੀਆ ਵੱਲੋਂ ਉਸ ਖਿਲਾਫ ਲਾਏ ਦੋਸਾਂ ਦਾ ਜਿਕਰ ਕਰਦਿਆਂ ਜੋਜੋ ਨੇ ਕਿਹਾ ਕਿ ਉਸਦੇ ਬਜੁਰਗਾਂ ਨੇ ਜੀਰਾ ਵਿਖੇ ਰਾਮਲੀਲਾ ਗਰਾਉਂਡ ਅਤੇ ਮੁਕਤਸਰ ਵਿਖੇ ਗੁਰੂਘਰਾਂ ਨੂੰ ਜਮੀਨ ਦਾਨ ਕੀਤੀ ਸੀ, ਜਦ ਕਿ ਸੁਖਬੀਰ ਇਹ ਸਾਬਤ ਕਰੇ ਕਿ ਉਸਨੇ ਆਪਣੀ ਸਵਰਗਵਾਸੀ ਮਾਂ ਦੀ ਯਾਦ ਵਿੱਚ ਬਾਦਲ ਪਿੰਡ ਦੇ ਕਿਸੇ ਗੁਰੂ ਘਰ ਨੂੰ ਪੱਖਾ ਵੀ ਦਾਨ ਕੀਤਾ ਹੋਵੇ।

1997 ਤੋਂ ਪਹਿਲਾਂ ਆਪਣੀ ਅਤੇ ਮਜੀਠੀਆ ਪਰਿਵਾਰ ਦੀ ਮਾਲੀ ਸਥਿਤੀ ਦੇ ਸੰਦਰਭ ਵਿੱਚ ਦੋਵਾਂ ਵੱਲੋਂ ਉਸਤੋਂ ਪਹਿਲਾਂ ਅਤੇ ਬਾਅਦ ਦੀਆਂ ਇਨਕਮ ਟੈਕਸ ਰਿਟਰਨਾਂ ਦੇ ਵਿਸ਼ਲੇਸਣ ਦੀ ਪੇਸਕਸ ਕਰਦਿਆਂ ਜੋਜੋ ਨੇ ਕਿਹਾ ਕਿ ਇਸਤੋਂ ਹੀ ਸਪਸ਼ਟ ਹੋ ਜਾਵੇਗਾ ਕਿ ਸਰਕਾਰੀ ਤਾਕਤ ਦੀ ਦੁਰਵਰਤੋਂ ਦੇ ਜ਼ਰੀਏ ਮਨਪ੍ਰੀਤ ਬਾਦਲ ਤੇ ਉਸਦੇ ਰਿਸਤੇਦਾਰਾਂ ਜਾਂ ਸੁਖਬੀਰ ਅਤੇ ਉਸਦੇ ਰਿਸਤੇਦਾਰਾਂ ਦੀਆਂ ਜਮੀਨਾਂ ਜਾਇਦਾਦਾਂ ਵਿੱਚ ਘਾਟੇ ਵਾਧੇ ਦੀ ਦਰ ਕੀ ਹੈ? ਜੋਜੋ ਨੇ ਕਿਹਾ ਕਿ ਅਗਰ ਮਿਥੇ ਹੋਏ ਸਮੇਂ ਅੰਦਰ ਸੁਖਬੀਰ, ਹਰਸਿਮਰਤ, ਮਜੀਠੀਆ, ਚੀਮਾ ਤੇ ਨਰਾਇਣ ਨੇ ਉਸਤੋਂ ਖਿਮਾਂ ਜਾਚਣਾ ਨਾ ਕੀਤੀ ਤਾਂ ਉਹ ਉਹਨਾਂ ਵਿਰੁੱਧ ਮਾਨਹਾਨੀ ਦੇ ਦੀਵਾਨੀ ਅਤੇ ਫੌਜਦਾਰੀ ਮੁਕੱਦਮੇ ਦਾਇਰ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਵਿਧਾਨ ਸਭਾ ਹਲਕਾ ਬਠਿੰਡਾ ਦੀ ਸਮੁੱਚੀ ਕਾਂਗਰਸੀ ਲੀਡਰਸਿਪ ਹਾਜਰ ਸੀ, ਜਿਹਨਾਂ ਵਿੱਚ ਪ੍ਰਮੁੱਖ ਹਨ ਸਰਵ ਸ੍ਰੀ ਮੋਹਨ ਲਾਲ ਝੁੰਬਾ, ਟਹਿਲ ਸਿੰਘ ਸੰਧੂ, ਅਸੋਕ ਕੁਮਾਰ, ਰਾਜਨ ਗਰਗ, ਪਵਨ ਮਾਨੀ, ਚਮਕੌਰ ਮਾਨ ਅਤੇ ਮੀਡੀਆ ਸਲਾਹਕਾਰ ਹਰਜੋਤ ਸਿੱਧੂ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×