ਚੈਂਚਲ ਸਿੰਘ ਬੈਂਸ ਵੱਲੋਂ ਮਾਹਿਲਪੁਰ ਵਿਚ ਨਿੱਕੀਆਂ ਕਰੂੰਬਲਾਂ ਸਟੂਡੀਓ ਦਾ ਉਦਘਾਟਨ

ਤਸਵੀਰ: ਨਿੱਕੀਆਂ ਕਰੂੰਬਲਾਂ ਸਟੂਡੀਓ ਦਾ ਉਦਘਾਟਨ ਕਰਦੇ ਹੋਏ ਚੈਂਚਲ ਸਿੰਘ ਬੈਂਸ, ਬਲਜਿੰਦਰ ਮਾਨ, ਮਨਜੀਤ ਕੌਰ,ਸੁਖਮਨ ਸਿੰਘ,ਮਨਜਿੰਦਰ ਸਿੰਘ ,ਹਰਵੀਰ ਮਾਨ ਆਦਿ।

ਮਾਹਿਲਪੁਰ: ਕਾਮਾਗਾਟਾਮਾਰੂ ਲਾਏਬਰੇਰੀ ਕੈਮਲੂਪਸ ਕਨੇਡਾ ਦੇ ਸੰਚਾਲਕ ਚੈਂਚਲ ਸਿੰਘ ਬੈਂਸ ਨੇ ਕਰੰਬਲਾਂ ਭਵਨ ਮਾਹਿਲਪੁਰ ਵਿਚ ਨਿੱਕੀਆਂ ਕਰੂੰਬਲਾਂ ਸਟੂਡੀਓ ਦਾ ਉਦਘਾਟਨ ਕਰਦਿਆਂ ਕਿਹਾ ਕਿ ਨਿੱਕੀਆਂ ਕਰੂੰਬਲਾਂ ਯੂ ਟਿਊਬ ਚੈਨਲ ਰਾਹੀਂ ਬੱਚਿਆਂ ਦੀਆਂ ਰਚਨਾਤਮਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ।

ਉਨ੍ਹਾਂ ਅੱਗੇ ਕਿਹਾ ਕਿ ਕਰੂੰਬਲਾਂ ਪਰਿਵਾਰ ਵੱਲੋਂ 27 ਸਾਲ ਤੋਂ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਰਾਹੀਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਮਾਤ ਭਾਸ਼ਾ ਨਾਲ ਜੋੜਿਆ ਜਾ ਰਿਹਾ ਹੈ। ਪ੍ਕਾਸ਼ਨ ਦੀ ਸੰਦਲੀ ਪੈੜ ਕਰਕੇ ਇਸ ਰਸਾਲੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਸ਼ਾਮਲ ਹੋ ਚੁੱਕਾ ਹੈ। ਨਿਜੀ ਖੇਤਰ ਦਾ ਪੂਰੇ ਪੰਜਾਬ ਵਿਚੋਂ ਉੱਨੀ ਸੌ ਪਚੰਨਵੇ ਤੋਂ ਨਿਰੰਤਰ ਛਪਣ ਵਾਲਾ ਇਹ ਇਕੋ-ਇਕ ਪੰਜਾਬੀ ਬਾਲ ਰਸਾਲਾ ਹੈ।

ਉਨ੍ਹਾਂ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਮਾਹਿਲਪੁਰ ਤੋਂ ਛਪਣ ਵਾਲੇ ਇਸ ਰਸਾਲੇ ਦੀ ਮੰਗ ਅਮਰੀਕਾ ਕੈਨੇਡਾ ਵਿੱਚ ਵੀ ਹੈ। ਨਿੱਕੀਆਂ ਕਰੂੰਬਲਾਂ ਯੂ ਟਿਊਬ ਚੈਨਲ ਦੀ ਪ੍ਰਬੰਧਕੀ ਸੰਪਾਦਕਾ ਅਤੇ ਨਿਰਮਾਤਰੀ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਉਨ੍ਹਾਂ ਦਾ ਉਦੇਸ਼ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨਾ ਹੈ। ਇਸ ਮੌਕੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਬੱਚਿਆਂ ਦੀਆਂ ਕਲਾਤਮਿਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪ੍ਰਕਾਸ਼ਨ ਵੱਲੋਂ ਲੇਖਕਾਂ ਦੀਆਂ ਬਾਲ ਪੁਸਤਕਾਂ ਦਾ ਵੀ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ।

ਚੈਨਲ ਦੇ ਨੌਜਵਾਨ ਅਕਰ ਸੁਖਮਨ ਸਿੰਘ ਨੇ ਇਸ ਸਮਾਗਮ ਦਾ ਕਲਾਤਮਿਕ ਢੰਗ ਨਾਲ ਸੰਚਾਲਨ ਕੀਤਾ । ਜਿਸ ਦੀ ਸਮੂਹ ਦਰਸ਼ਕਾਂ ਨੇ ਪ੍ਰਸੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਉਸਨੇ ਅੱਜ ਤੱਕ ਜਿੰਨੀਆਂ ਵੀ ਪ੍ਰਾਪਤੀਆਂ ਕੀਤੀਆ ਹਨ ਉਹ ਨਿੱਕੀਆਂ ਕਰੂੰਬਲਾਂ ਪਰਿਵਾਰ ਦੀ ਬਦੌਲਤ ਸੰਭਵ ਹੋਈਆਂ ਹਨ। ਇਸ ਮੌਕੇ ਬੱਚਿਆਂ ਵੱਲੋਂ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮਹਿਮਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਲਜਿੰਦਰ ਮਾਨ ਪਰਿਵਾਰ ਦੀ ਚੜ਼ਦੀ-ਕਲਾ ਦੀ ਕਾਮਨਾ ਕੀਤੀ।

ਇਸ ਸਮਾਗਮ ਵਿੱਚ ਬੱਗਾ ਸਿੰਘ ਆਰਟਿਸਟ ,ਪਵਨ ਸਕਰੂਲੀ, ਹਰਮਨਪ੍ਰੀਤ ਕੌਰ, ਹਰਵੀਰ ਮਾਨ ਮਨਜਿੰਦਰ ਸਿੰਘ ਕੁਲਦੀਪ ਕੌਰ ਬੈਂਸ,ਨਿਧੀ ਅਮਨ ਸਹੋਤਾ ਆਦਿ ਉਚੇਚੇ ਤੌਰ ਤੇ ਹਾਜ਼ਰ ਹੋਏ।ਇਲਾਕੇ ਦੇ ਸਕੂਲ ਮੁਖੀਆਂ, ਅਧਿਆਪਕਾਂ ,ਮਾਪਿਆਂ, ਵਿਦਿਆਰਥੀਆਂ ਅਤੇ ਸਾਹਿਤਕਾਰਾਂ ਨੇ ਇਸ ਸਮਾਗਮ ਵਿਚ ਆਪਣੀ ਭਰਪੂਰ ਹਾਜ਼ਰੀ ਲਗਵਾਈ।