
ਮਾਹਿਲਪੁਰ : ਪੰਜਾਬ ਵਿੱਚੋਂ ਕਨੇਡਾ ਜਾ ਰਹੇ ਵਿਦਿਆਰਥੀਆਂ ਦੇ ਮਸਲੇ ਆਏ ਦਿਨ ਵਧਦੇ ਜਾ ਰਹੇ ਹਨ। ਕਿਸੇ ਨੂੰ ਪੀ ਆਰ ਨਹੀਂ ਮਿਲ ਰਹੀ ਤੇ ਕਿਸੇ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਕੁਝ ਵਿਗੜੇ ਹੋਏ ਵਿਦਿਆਰਥੀ ਬਾਕੀ ਵਿਦਿਆਰਥੀਆਂ ਦੇ ਕੈਰੀਅਰ ਨੂੰ ਢਾਹ ਲਾ ਰਹੇ ਹਨ। ਅਜਿਹੇ ਮਸਲਿਆਂ ਤੇ ਵਿਚਾਰ ਕਰਨ ਲਈ ਖਾਲਸਾ ਕਾਲਜ ਮਾਹਿਲਪੁਰ ਦੀ ਸਾਬਕਾ ਵਿਦਿਆਰਥਣ ਰਵਨੀਤ ਕੌਰ ਨੇ ਕੈਨੇਡਾ ਦੇ ਕੇਂਦਰੀ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਇਨ੍ਹਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ। ਹਰਜੀਤ ਸਿੰਘ ਸੱਜਣ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੈਨੇਡਾ ਵਰਗਾ ਦੇਸ਼ ਮਾਨਵਤਾ ਦੇ ਭਲੇ ਲਈ ਜੁਟਿਆ ਹੋਇਆ ਹੈ। ਉਨ੍ਹਾਂ ਇਸ ਗੱਲ ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਮਾਹਿਲਪੁਰ ਇਲਾਕੇ ਨੇ ਪੂਰੀ ਦੁਨੀਆਂ ਵਿੱਚ ਨਾਮਨਾ ਕਮਾਇਆ ਹੈ ।ਉਹਨਾਂ ਆਪਣੇ ਪਿਤਰੀ ਇਲਾਕੇ ਮਾਹਿਲਪੁਰ, ਬੰਬੇਲੀ, ਬਾਹੋਵਾਲ, ਮਹਿਮਦਵਾਲ ਆਦਿ ਪਿੰਡਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਵਿਦਿਆਰਥੀਆਂ ਨੂੰ ਉਹਨਾਂ ਭਰੋਸਾ ਦਿੱਤਾ ਕਿ ਸਹੀ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀ ਹਰ ਇਨਸਾਨ ਨਾਲ ਹਮਦਰਦੀ ਹੈ ਲੋੜ ਹੈ ਸਮਰਪਤ ਹੋ ਕੇ ਕਾਰਜ ਕਰਨ ਦੀ। ਕਨੇਡਾ ਦਾ ਸਿਸਟਮ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ ਹੈ ਜਿਸ ਕਰਕੇ ਹਰ ਇਨਸਾਨ ਆਪਣੀ ਮਿਹਨਤ ਨਾਲ ਤਰੱਕੀ ਦੀਆਂ ਮੰਜ਼ਲਾਂ ਪ੍ਰਾਪਤ ਕਰ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕੀ ਰਵਨੀਤ ਕੌਰ ਖਾਲਸਾ ਕਾਲਜ ਤੋਂ ਬਾਅਦ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਐਮ ਐਸ ਸੀ ਕਰਨ ਉਪਰੰਤ ਉਚੇਰੀ ਸਿੱਖਿਆ ਵਾਸਤੇ ਸਰੀ ਪੁੱਜੇ ਹਨ। ਉਹ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਦੀ ਪੁੱਤਰੀ ਹੈ। ਇਸ ਵਿਚਾਰ-ਚਰਚਾ ਮੌਕੇ ਉਹਨਾਂ ਨਾਲ ਬਲਵੀਰ ਸਿੱਧੂ ,ਵੀਰਾਂ ਦੇਵੀ,ਨਿਰਮਲ ਪਰਮਾਰ, ਤਨਵੀਰ ਮਾਨ ਅਤੇ ਯੁਧਵੀਰ ਸਿੰਘ ਵੀ ਹਾਜ਼ਿਰ ਹੋਏ।