ਕੀ ਰੱਬ ਹੁੰਦਾ ਹੈ ?

ਪਿੰਡ ਬੋਹੜੂ ਦੀ ਖੁੰਡ ਪੰਚਾਇਤ ਜੁੜੀ ਹੋਈ ਸੀ। ਅਸਮਾਨ ‘ਤੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਕਈ ਦਿਨਾਂ ਤੋਂ ਰੁਕ ਰੁਕ ਕੇ ਬਾਰਸ਼ ਹੋ ਰਹੀ ਸੀ। ਜਿਹਨਾਂ ਨੇ ਕਣਕਾਂ ਸਾਂਭ ਲਈਆਂ ਸਨ, ਉਹਨਾਂ ਦੀ ਵੱਖੀ ‘ਚੋਂ ਗੱਲਾਂ ਨਿਕਲ ਰਹੀਆਂ ਸਨ। ਪਰ ਜਿਹਨਾਂ ਨੇ ਕਣਕ ਅਜੇ ਵੱਢਣੀ ਸੀ, ਉਹਨਾਂ ਦੇ ਚਿਹਰਿਆਂ ‘ਤੇ ਹਵਾਈਆਂ ਉੱਡ ਰਹੀਆਂ ਸਨ। ਗੱਲ ਇਸ ਪਾਸੇ ਮੁੜ ਗਈ ਕਿ ਇਹ ਕਰੋਪੀ ਰੱਬ ਨੇ ਕੀਤੀ ਹੈ ਕਿ ਕੁਦਰਤ ਨੇ? ਬਹੁਤੇ ਕਹਿਣ ਲੱਗ ਪਏ ਕਿ ਜੇ ਰੱਬ ਹੁੰਦਾ ਤਾਂ ਉਸ ਨੂੰ ਪਤਾ ਨਾ ਲੱਗਦਾ ਕਿ ਕਣਕਾਂ ਪੱਕੀਆਂ ਖੜੀਆਂ ਹਨ, ਮੀਂਹ ਨਹੀਂ ਪਾਉਣਾ ਚਾਹੀਦਾ। ਨੰਗ ਪੈਰਿਆਂ ਦੇ ਦੀਪੇ ਨੇ ਪਿੰਡ ਦੇ ਇੱਕ ਸਿਆਣੇ ਬੰਦੇ ਕੱਲੂ ਸ਼ਾਹ ਨੂੰ ਪੁੱਛਿਆ, “ਸ਼ਾਹ ਜੀ, ਰੱਬ ਵਾਕਿਆ ਈ ਹੁੰਦਾ ਏ ਜਾਂ ਬਾਬੇ ਐਵੇਂ ਲੋਕਾਂ ਨੂੰ ਡਰਾ ਕੇ ਪੈਸੇ ‘ਕੱਠੇ ਕਰਨ ਲਈ ਜੱਕੜ ਵੱਢੀ ਜਾਂਦੇ ਨੇ।” ਸ਼ਾਹ ਨੇ ਹੱਸ ਕੇ ਜਵਾਬ ਦਿੱਤਾ, “ਦੀਪਿਆ ਇਸ ਬਹਿਸ ਦਾ ਕੋਈ ਅੰਤ ਨਈਂ। ਹਰ ਬੰਦਾ ਆਪਣੇ ਹਿਸਾਬ ਨਾਲ ਰੱਬ ਦੀ ਹੋਂਦ ਬਾਰੇਰਾਏ ਤਿਆਰ ਕਰਦਾ ਆ।ਇਸ ਬਾਰੇ ਪਹਿਲਾਂ ਤਾਂ ਜਾ ਕੇ ਉਸ ਜੱਟ ਨੂੰ ਪੁੱਛੀਂਜਿਸ ਦੀ ਕਣਕ ਇਸ ਬੇਮੌਸਮੀ ਮੀਂਹ ਨੇ ਬਰਬਾਦ ਕਰ ਦਿੱਤੀ ਹੋਵੇ। ਉਹ ਚਾਲੀ ਗਾਲ੍ਹਾਂ ਤੈਨੂੰ ਕੱਢੂਗਾ ਤੇ ਸੌ ਤੇਰੇ ਇਸ ਰੱਬ ਨੂੰ। ਇਸ ਤੋਂ ਬਾਅਦ ਸ਼ਾਮ ਨੂੰ ਅੰਬਰਸਰ ਦੇ ਕੰਪਨੀ ਬਾਗ ਵਿੱਚ ਲਾਲੀ ਸਮੇਤ ਸੈਰ ਕਰਦੇ ਕਿਸੇ ਲਾਲੇ ਨੂੰ ਪੁੱਛੀਂ। ਉਹ ਰੱਬ ਦਾ ਸੌ ਵਾਰਸ਼ੁਕਰੀਆ ਕਰਦਿਆਂ ਹੋਇਆਂ ਕਹੂਗਾ ਕਿ ਸ਼ੁਕਰ ਆ ਉਹਨੇ ਮੀਂਹ ਪਵਾ ਕੇ ਮੌਸਮ ਠੰਡਾ ਕਰ ਦਿੱਤਾ ਆ। ਫਿਰ ਨਤੀਜਾ ਤੂੰ ਆਪ ਈ ਕੱਢ ਲਈਂ ਕਿ ਰੱਬ ਹੁੰਦਾ ਆ ਕਿ ਨਈਂ?”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062