ਐਂਡਰਾਇਡ ਕੀ ਹੈ?

ਅਪਰੇਟਿੰਗ ਸਿਸਟਮ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਵਰਤੋਂਕਾਰ ਅਤੇ ਕੰਪਿਊਟਰ ਜਾਂ ਮੋਬਾਈਲ ਫੋਨ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਇਹ ਵਰਤੋਂਕਾਰ ਨੂੰ ਕੰਮ ਕਰਨ ਲਈ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਂਦਾ ਹੈ ਅਤੇ ਸਾਰੇ ਸਰੋਤਾਂ ਦਾ ਉਚਿੱਤ ਪ੍ਰਬੰਧ ਕਰਦਾ ਹੈ। ਅਪਰੇਟਿੰਗ ਸਿਸਟਮ ਦੀ ਚੋਣ ਸਾਡੀ ਵਰਤੋਂ ਵਾਲੇ ਯੰਤਰ ਉੱਪਰ ਨਿਰਭਰ ਕਰਦੀ ਹੈ। ਬਜ਼ਾਰ ਵਿੱਚ ਕਈ ਪ੍ਰਕਾਰ ਦੇ ਅਪਰੇਟਿੰਗ ਸਿਸਟਮ ਉਪਲਬਧ ਹਨ ਜਿਵੇਂ ਕਿ:

* ਵਿੰਡੋਜ਼ (ਕੰਪਿਊਟਰ ਅਤੇ ਮੋਬਾਈਲ ਲਈ)
* ਮੈਕ ( ਐੱਪਲ ਦੇ ਕੰਪਿਊਟਰ ਲਈ)
* ਡੌਸ (ਕੰਪਿਊਟਰ ਲਈ)
* ਲਾਈਨਕਸ ਅਤੇ ਯੂਨਿਕਸ (ਕੰਪਿਊਟਰ ਲਈ)
* ਐਂਡਰਾਇਡ (ਮੋਬਾਈਲ, ਟੈਬਲਟ, ਹਲਕੇ ਲੈਪਟਾਪ ਆਦਿ ਲਈ)
* ਆਈ ਓ ਐੱਸ (ਆਈਫੋਨਾਂ ਲਈ)

ਇਨ੍ਹਾਂ ਵਿੱਚੋਂ ਐਂਡਰਾਇਡ ਇੱਕ ਆਧੁਨਿਕ ਅਤੇ ਓਪਨ ਸੋਰਸ ਅਪਰੇਟਿੰਗ ਸਿਸਟਮ ਹੈ ਜਿਹੜਾ ਕਿ ਟੱਚ ਸਕਰੀਨ ਵਾਲੇ ਉਪਕਰਨਾਂ ਵਿੱਚ ਵਰਤਿਆ ਜਾਂਦਾ ਹੈ। ਲਾਈਨਕਸ ਆਧਾਰਿਤ ਇਹ ਸਾਫ਼ਟਵੇਅਰ ਬਿਲਕੁਲ ਮੁਫ਼ਤ ਹੈ ਜਿਸ ਕਾਰਨ ਇਸ ਦੇ ਉਪਭੋਗਤਾਵਾਂ ਦੀ ਗਿਣਤੀ ’ਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਐਂਡਰਾਇਡ ਅਪਰੇਟਿੰਗ ਸਿਸਟਮ ਲਈ ਸਭ ਤੋਂ ਪਹਿਲਾਂ ’ਐਂਡਰਾਇਡ ਇੰਕ’ ਨੇ ਕੰਮ ਸ਼ੁਰੂ ਕੀਤਾ। ਬਾਅਦ ਵਿੱਚ ਗੂਗਲ ਨੇ ਇਸ ਨੂੰ ਆਰਥਿਕ ਮਦਦ ਦੇਣੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਕੁਝ ਕੰਪਨੀਆਂ ਦਾ ਇੱਕ ’ਓਪਨ ਹੈਂਡਸੈੱਟ ਗੱਠਜੋੜ’ ਬਣਾਇਆ ਗਿਆ ਜਿਸ ਨੇ ਗੂਗਲ ਦੀ ਅਗਵਾਈ ਹੇਠ ਐਂਡਰਾਇਡ ਓਪਨ ਸੋਰਸ ਪ੍ਰੋਜੈਕਟ ਚਲਾਇਆ ਹੋਇਆ ਹੈ। ਸੈਮਸੰਗ, ਐੱਚਟੀਸੀ, ਸੋਨੀ, ਐੱਲਜੀ, ਮੋਟਰੋਲਾ ਆਦਿ ਇਸ ਦੀਆਂ ਭਾਈਵਾਲ ਕੰਪਨੀਆਂ ਹਨ। ਇਹ ਕੰਪਨੀ ਮੂਲ ਰੂਪ ਵਿੱਚ ਸੰਚਾਰ ਅਤੇ ਹੈਂਡਸੈੱਟ ਨਿਰਮਾਣਕਰਤਾ ਕੰਪਨੀਆਂ ਹਨ। ਗੂਗਲ ਨੇ ਇਨ੍ਹਾਂ ਕੰਪਨੀਆਂ ਨੂੰ ਮੁਫ਼ਤ ਐਂਡਰਾਇਡ ਅਪਰੇਟਿੰਗ ਸਿਸਟਮ ਵਰਤਣ ਤੇ ਇਸ ਪਲੇਟਫਾਰਮ ਨੂੰ ਉਪਭੋਗਤਾਵਾਂ ਲਈ ਲਚਕੀਲਾ ਰੱਖਣ ਅਤੇ ਅਪਗ੍ਰੇਡ ਦੀ ਸੁਵਿਧਾ ਦੇਣ ਦੀ ਸ਼ਰਤ ਰੱਖੀ ਹੋਈ ਹੈ।

ਦੁਨੀਆਂ ਦਾ ਸਭ ਤੋਂ ਪਹਿਲਾ ਐਂਡਰਾਇਡ ਫੋਨ ਅਕਤੂਬਰ 2008 ਵਿੱਚ ਵੇਚਿਆ ਗਿਆ। ਗੂਗਲ ਮੁਤਾਬਕ ਦੁਨੀਆਂ ਭਰ ’ਚ ਪ੍ਰਤੀ ਦਿਨ ਕਰੀਬ 9 ਲੱਖ ਐਂਡਰਾਇਡ ਉਪਕਰਨ ਐਂਡਰਾਇਡ ਲਈ ਕਿਰਿਆਸ਼ੀਲ ਹੁੰਦੇ ਹਨ। ਇਹ ਅਪਰੇਟਿੰਗ ਸਿਸਟਮ ਸਾਡੇ ਮੋਬਾਈਲ ਦੇ ਹਾਰਡਵੇਅਰ ਨਾਲ ਸਿੱਧਾ ਜੁੜ ਜਾਂਦਾ ਹੈ। ਓਪਨ ਸੋਰਸ ਹੋਣ ਕਾਰਨ ਇਸ ਪ੍ਰਤੀ ਹੈਕਰਾਂ ਅਤੇ ਸਾਫਟਵੇਅਰ ਵਿਕਾਸਕਰਤਾਵਾਂ ਦੀ ਰੁਚੀ ਵਧੀ ਹੈ।

ਵਿਸ਼ੇਸ਼ਤਾਵਾਂ:
* ਇਹ ਬਿਲਕੁਲ ਮੁਫ਼ਤ ਹੈ। ਉਪਭੋਗਤਾ ਨੂੰ ਸਿਰਫ਼ ਹੈਂਡਸੈੱਟ ਦੀ ਕੀਮਤ ਹੀ ਅਦਾ ਕਰਨੀ ਪੈਂਦੀ ਹੈ।
* ਇਸ ਦਾ ਇੰਟਰਫੇਸ ਉਂਗਲੀ ਦੇ ਸਪਰਸ਼ ’ਤੇ ਆਧਾਰਿਤ ਹੈ। ਇਸ ਦੀ ਸਕਰੀਨ ’ਤੇ ਸਵਾਈਪਿੰਗ, ਟੈਪਿੰਗ, ਪਿੰਚਿੰਗ ਆਦਿ ਕਿਰਿਆਵਾਂ ਕਰਵਾਈਆਂ ਜਾ ਸਕਦੀਆਂ ਹਨ।
* ਇਹ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ।
* ਪਿਛਲੀਆਂ ਕਮੀਆਂ ਨੂੰ ਦੂਰ ਕਰਨ ਲਈ ਗੂਗਲ ਇਸ ਦੇ ਨਵੇਂ ਸੰਸਕਰਨ ਮੁਹੱਈਆ ਕਰਵਾਉਂਦਾ ਰਹਿੰਦਾ ਹੈ। ਨਵੇਂ ਸੰਸਕਰਨ ਮੁਫ਼ਤ ਵਿੱਚ ਅੱਪਡੇਟ ਕੀਤੇ ਜਾ ਸਕਦੇ ਹਨ।
* ਵਿਕਾਸਕਰਤਾ ਇਸ ਰਾਹੀਂ ਮੁਫ਼ਤ ’ਚ ਨਵੀਆਂ ਐਪਲੀਕੇਸ਼ਨਾਂ ਬਣਾ ਸਕਦੇ ਹਨ।
* ਗੂਗਲ ਪਲੇਅ ਸਟੋਰ ’ਤੇ ਲੱਖਾਂ ਐਪਸ ਉਪਲਬਧ ਹਨ ਜਿਨ੍ਹਾਂ ਨੂੰ ਲੋੜ ਅਨੁਸਾਰ ਕਦੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
* ਗੂਗਲ ਐਪਲੀਕੇਸ਼ਨਾਂ ਨੂੰ ਪਲੇਅ ਸਟੋਰ, ਈ-ਮੇਲ, ਵੈੱਬ ਸਰਵਰ, ਬਲੂ-ਟੁੱਥ, ਐੱਸਡੀ ਕਾਰਡ ਰਾਹੀਂ ਇੱਕ ਦੂਜੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
* ਐਂਡਰਾਇਡ ਲਈ ਬੇਹੱਦ ਹਲਕੇ-ਫੁਲਕੇ ਅਤੇ ਸ਼ਕਤੀਸ਼ਾਲੀ ਐੱਸਕਿਊਐੱਲ ਲਾਈਟ ਡਾਟਾਬੇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
* ਅੱਜ ਮਾਈਕਰੋਮੈਕਸ ਸਮੇਤ ਕਈ ਸਵਦੇਸ਼ੀ ਕੰਪਨੀਆਂ ਐਂਡਰਾਇਡ ਆਧਾਰਿਤ ਫ਼ੋਨ ਬਣਾਉਣ ’ਚ ਯੋਗਦਾਨ ਪਾ ਰਹੀਆਂ ਹਨ। ਇਸ ਨਾਲ ਫ਼ੋਨ ਸੈੱਟਾਂ ਦੀ ਕੀਮਤ ’ਚ ਕਾਫ਼ੀ ਗਿਰਾਵਟ ਆਈ ਹੈ।

ਸੰਸਕਰਨ
ਐਂਡਰਾਇਡ ਦੇ ਸੰਸਕਰਨ ਖਾਧ ਪਦਾਰਥਾਂ ਜਿਵੇਂ ਕਿ ਕੇਕ, ਪੇਸਟਰੀ ਆਦਿ ਦੇ ਨਾਂ ’ਤੇ ਰੱਖੇ ਗਏ ਹਨ:
* ਐਂਡਰਾਇਡ ਅਲਫ਼ਾ (1.0)
* ਐਂਡਰਾਇਡ ਬੀਟਾ (1.1)
* ਕੱਪਕੇਕ (1.5)
* ਫਰੋਇਆ (2.2 ਤੋਂ 2.2.3)
* ਜਿੰਗਰਬਰੈੱਡ (2.3 ਤੋਂ 2.3.7)
* ਹੋਨੀਕੋਂਬ (3.0 ਤੋਂ 3.2.6)
* ਆਈਸ ਕਰੀਮ ਸੈਂਡ ਵਿੱਚ (4.0 ਤੋਂ 4.0.4)
* ਜੈਲੀ ਬੀਨ (4.1 ਤੋਂ 4.3.1)
* ਕਿੱਟ-ਕੈਟ (4.4 ਤੋਂ 4.4.4)