ਇਟਲੀ : ਹੜ੍ਹ ਨਾਲ ਹੁਣ ਤੱਕ 14 ਲੋਕਾਂ ਦੀ ਮੌਤ, ਸਰਕਾਰ ਨੇ ਕੀਤਾ ਐਮਰਜੈਂਸੀ ਦਾ ਐਲਾਨ !

ਇਟਲੀ ਦਾ ਇਮਿਲੀਆ ਰੋਮਾਨਾ ਸੂਬਾ ਹੜ੍ਹ ਦੀ ਮਾਰ ਹੇਠ ਸਹਿਕ ਰਿਹਾ ਹੈ, ਜਿਸ ਵਿੱਚ ਖਰਾਬ ਮੌਸਮ ਦੇ ਚੱਲਦਿਆਂ 14 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਦੋਂ ਕਿ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ।

ਇਟਲੀ ਸਰਕਾਰ ਜਮੀਨੀ ਪਧੱਰ ‘ਤੇ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹਜ਼ਾਰਾਂ ਸੁਰੱਖਿਆ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਸੁਰੱਖਿਅਤ ਕਰਨ ਵਿੱਚ ਦਿਨ-ਰਾਤ ਬਿਨ੍ਹਾਂ ਰੁੱਕੇ ਜ਼ਿੰਮੇਵਾਰੀ ਨਿਭਾਅ ਰਹੇੇ ਹਨ ਪਰ ਸੂਬੇ ਦੀਆਂ ਬਹੁਤੀਆਂ ਨਦੀਆਂ ਦੇ ਕਿਨਾਰੇ ਟੁੱਟਣ ਕਾਰਨ ਪਾਣੀ ਨੇ ਕਈ ਸ਼ਹਿਰਾਂ ਤੇ ਪਿੰਡਾਂ ਨੂੰ ਆਪਣੇ ਨਾਲ ਗਹਿਗਚ ਕਰ ਦਿੱਤਾ ਹੈ, ਜਿਸ ਕਾਰਨ ਸੂਬੇ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਕਈ ਇਲਾਕਿਆਂ ਵਿੱਚ ਜ਼ਮੀਨ ਵੀ ਧੱਸ ਗਈ ਹੈ।

ਮੌਸਮ ਮਾਹਰਾਂ ਨੇ ਕਿਹਾ ਕਿ ਸੂਬੇ ਦਾ ਉੱਤਰ-ਪੂਰਬੀ ਖੇਤਰ ਖਤਰੇ ਦੇ ਨਿਸ਼ਾਨ ਵਿੱਚ ਹੈ, ਕੁਝ ਹੋਰ ਸੂਬੇ ਜਿਹੜੇ ਕਿ ਇਮਿਲੀਆ ਰੋਮਾਨਾ ਨਾਲ ਲੱਗਦੇ ਹਨ, ਉਹ ਪੀਲੇ ਨਿਸ਼ਾਨ ਵਿੱਚ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਮੌਜੂਦਾ ਸਥਿਤੀ ਦਾ ਪਲ-ਪਲ ਜਾਇਜਾ ਲੈ ਰਹੀ ਹੈ ਤੇ ਇਟਲੀ ਸਰਕਾਰ ਦੇਸ਼ ਵਿੱਚ ਆਈ ਤਬਾਹੀ ਦੇ ਮੱਦੇ ਨਜ਼ਰ ਯੂਰਪੀਅਨ ਯੂਨੀਅਨ ਤੋਂ ਵਿਸ਼ੇਸ਼ ਆਰਥਿਕ ਮਦਦ ਦੀ ਮੰਗ ਕਰਨ ਦਾ ਵਿਚਾਰ ਕਰ ਰਹੀ ਹੈ। ਖਰਾਬ ਮੌਸਮ ਨੇ ਇਟਲੀ ਦਾ ਅਰਬਾਂ ਯੂਰੋ ਦਾ ਨੁਕਸਾਨ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕਾਂ ਦਾ ਜਨ ਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਿਹਾ ਹੈ।