ਆਸਟ੍ਰੇਲੀਆ : 15 ਸਾਲਾ ਮੁੰਡੇ ਨੇ ਸਕੂਲ ‘ਚ ਕੀਤੀ ਗੋਲੀਬਾਰੀ, ਕੀਤਾ ਗਿਆ ਗ੍ਰਿਫਤਾਰ !

ਪੱਛਮੀ ਆਸਟ੍ਰੇਲੀਆ ਦੇ ਸੂਬੇ ਟੂ ਰੌਕਸ ‘ਚ ਬੁੱਧਵਾਰ ਨੂੰ ਇਕ ਸੈਕੰਡਰੀ ਸਕੂਲ ਦੀ ਕਾਰ ਪਾਰਕ ਵਿਚ ਬੰਦੂਕ ਨਾਲ ਗੋਲੀਬਾਰੀ ਕਰਨ ਵਾਲੇ 15 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੈਸਟਰਨ ਆਸਟ੍ਰੇਲੀਆ ਪੁਲਸ ਫੋਰਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਬ੍ਰੇਕਵਾਟਰ ਡਰਾਈਵ ‘ਤੇ ਸਕੂਲ ਬੁਲਾਇਆ ਗਿਆ ਸੀ, ਜਦੋਂ ਇਹ ਰਿਪੋਰਟ ਮਿਲੀ ਸੀ ਕਿ ਇੱਕ ਅਣਪਛਾਤੇ ਨੇ ਕਾਰ ਪਾਰਕ ‘ਚ ਇੱਕ ਹਥਿਆਰ ਛੱਡ ਦਿੱਤਾ ਸੀ। ਪੁਲਿਸ ਨੇ ਥੋੜ੍ਹੀ ਦੇਰ ਬਾਅਦ ਮੌਕੇ ‘ਤੇ ਪਹੁੰਚ ਕੇ ਮੁੰਡੇ ਨੂੰ ਕਾਬੂ ਕਰ ਲਿਆ।

ਪੁਲਿਸ ਕਮਿਸ਼ਨਰ ਕਰਨਲ ਬਲੈਂਚ ਨੇ ਪ੍ਰੈਸ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਅਤੇ ਫਿਲਹਾਲ ਭਾਈਚਾਰੇ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ। ਉਸਨੇ ਕਿਹਾ “ਜਦੋਂ ਮੈਂ ਅੱਜ ਦੀ ਘਟਨਾ ਬਾਰੇ ਸੁਣਿਆ, ਤਾਂ ਇਹ ਸੱਚਮੁੱਚ ਹੈਰਾਨ ਕਰ ਗਿਆ ਕਿ ਇਹ ਸਭ ਪੱਛਮੀ ਆਸਟ੍ਰੇਲੀਆ ਵਿੱਚ ਵਾਪਰਿਆ ਹੈ,”।

ਮੁੰਡੇ ‘ਤੇ ਤਿੰਨ ਗੋਲੀਆਂ ਚਲਾਉਣ ਦਾ ਦੋਸ਼ ਹੈ, ਜਿਨ੍ਹਾਂ ‘ਚੋਂ ਇਕ ਸਕੂਲ ਦੀ ਇਮਾਰਤ ‘ਤੇ ਲੱਗੀ, ਜਿਸ ‘ਚ ਲੋਕ ਅੰਦਰ ਸਨ। ਦੋ ਹਥਿਆਰ, ਇੱਕ .234 ਰਾਈਫਲ ਅਤੇ ਇੱਕ .22 ਰਾਈਫਲ, ਇੱਕ ਕਾਰ ਵਿੱਚੋਂ ਜ਼ਬਤ ਕੀਤੀ ਗਈ ਸੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਨੌਜਵਾਨ ਸਕੂਲ ਵਿੱਚ ਲੈ ਕੇ ਪਹੁੰਚਿਆ ਸੀ। ਦੋਵੇਂ ਬੰਦੂਕਾਂ ਉਸ ਘਰ ਲਈ ਲਾਇਸੰਸਸ਼ੁਦਾ ਸਨ। ਮੰਨਿਆ ਜਾ ਰਿਹਾ ਹੈ ਕਿ ਮੁੰਡਾ ਸਕੂਲ ਦਾ ਸਾਬਕਾ ਵਿਦਿਆਰਥੀ ਹੈ। ਬਲੈਂਚ ਨੇ ਕਿਹਾ ਕਿ ਮੁੰਡਾ ਅਜੇ ਵੀ ਹਿਰਾਸਤ ਵਿੱਚ ਹੈ, ਅਤੇ ਜਾਂਚ ਜਾਰੀ ਹੈ।