ਆਸਟ੍ਰੇਲੀਆ ‘ਚ 24 ਮਈ ਨੂੰ ਹੋਵੇਗੀ Quad ਨੇਤਾਵਾਂ ਦੀ ਬੈਠਕ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸੰਮੇਲਨ ਵਿੱਚ ਲੈਣਗੇ ਹਿੱਸਾ

ਕਵਾਡ ਦੇਸ਼ਾਂ ਦੇ ਨੇਤਾ ਅਗਲੇ ਮਹੀਨੇ ਆਸਟ੍ਰੇਲੀਆ ਦੇ ਸਿਡਨੀ ਵਿਚ ਤੀਜੀ ਵਾਰ ਆਹਮੋ-ਸਾਹਮਣੇ ਦੀ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਕਿਹਾ ਕਿ ਇਸ ਬੈਠਕ ਦਾ ਉਦੇਸ਼ ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ, ਉੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ, ਵਿਸ਼ਵ ਸਿਹਤ, ਜਲਵਾਯੂ ਤਬਦੀਲੀ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਇੰਡੋ-ਪੈਸੀਫਿਕ ਖੇਤਰ ਨਾਲ ਜੁੜੇ ਮੁੱਦਿਆਂ ‘ਤੇ ਆਪਸੀ ਸਹਿਯੋਗ ਨੂੰ ਡੂੰਘਾ ਕਰਨਾ ਹੈ। ਕਵਾਡ ਇੱਕ ਚਤੁਰਭੁਜ ਸੁਰੱਖਿਆ ਸੰਵਾਦ ਸਮੂਹ ਹੈ ਜਿਸ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਆਸਟ੍ਰੇਲੀਆ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ।

ਜੀਨ-ਪੀਅਰੇ ਨੇ ਕਿਹਾ ਕਿ “ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 24 ਮਈ ਨੂੰ ਸਿਡਨੀ ਵਿੱਚ ਹੋਣ ਵਾਲੀ ਕਵਾਡ ਲੀਡਰਸ ਦੀ ਬੈਠਕ ਵਿੱਚ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਰਨਗੇ। ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ। ਪਿਛਲੇ ਸਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਆਯੋਜਿਤ ਕਵਾਡ ਕਾਨਫਰੰਸ ਵਿੱਚ ਅਲਬਾਨੀਜ਼ ਨੇ ਸ਼ਿਰਕਤ ਕੀਤੀ ਸੀ।