ਆਸਟਰੇਲੀਆ ਸਰਕਾਰ ਅਤੇ ਗੂਗਲ ਵਿਚਾਲੇ ਗਤੀਰੋਧ ਜਾਰੀ -ਨਵੇਂ ਪ੍ਰਸਤਾਵਿਤ ਕਾਨੂੰਨ ਤੋਂ ਗੂਗਲ ਨਾਖੁਸ਼

ਸਰਚ ਇੰਜਣ ਬੰਦ ਕਰਨ ਦੀ ਧਮਕੀ 

(ਬ੍ਰਿਸਬੇਨ) ਦੁਨੀਆ ਦੀ ਦਿੱਗਜ ਇੰਟਰਨੈੱਟ ਕੰਪਨੀ ਗੂਗਲ ਨੇ ਆਸਟਰੇਲਿਆਈ ਸਰਕਾਰ ਨੂੰ ਧਮਕੀ ਵਾਲੇ ਲਹਿਜੇ ‘ਚ ਕਿਹਾ ਹੈ ਕਿ ਆਸਟ੍ਰੇਲੀਆ ‘ਚ ਨਵੇਂ ਮੀਡੀਆ ਕੋਡ ਦੇ ਤਹਿਤ ਉਸਨੂੰ ਆਪਣੀਆਂ ਵੈਬਸਾਈਟਾਂ ਅਤੇ ਕਹਾਣੀਆਂ ਨਾਲ ਲਿੰਕ ਦਿਖਾਉਣ ਲਈ ਖ਼ਬਰਾਂ ਦੀ ਅਦਾਇਗੀ ਕਰਨ ਲਈ ਲਗਾਤਾਰ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਅਨੁਸਾਰ ਸਰਕਾਰ ਨਵੇਂ ਪ੍ਰਸਤਾਵਿਤ ਕਾਨੂੰਨ ਵਿਚ ਤਬਦੀਲੀ ਕਰੇ ਨਹੀਂ ਤਾਂ ਉਹ ਦੇਸ਼ ‘ਚ ਆਪਣੇ ਸਰਚ ਇੰਜਣ ਦੀ ਵਰਤੋਂ ‘ਤੇ ਰੋਕ ਲਗਾ ਸਕਦੇ ਹਨ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੰਸਦੀ ਕਾਰਵਾਈ ਦੌਰਾਨ ਗੂਗਲ ਦੀ ਤਲਖ਼ੀ ਵਿਰੁੱਧ ਤਿੱਖਾ ਰੋਸ ਜਤਾਇਆ ਹੈ ਅਤੇ ਕਿਹਾ ਹੈ ਕਿ ਡਿਜੀਟਲ ਮੀਡੀਆ ਲਈ ਨਵਾਂ ਕੋਡ ਸਥਾਪਤ ਕਰਨ ਵਾਲਾ ਇਹ ਕਾਨੂੰਨ ਇਸ ਸਮੇਂ ਸੰਸਦੀ ਜਾਂਚ ਦੁਆਰਾ ਵਿਚਾਰਿਆ ਜਾ ਰਿਹਾ ਹੈ। ਉਹਨਾਂ ਸਪਸ਼ਟ ਕਿਹਾ ਕਿ ਆਸਟਰੇਲਿਆਈ ਸੰਸਦ ਲੋਕਾਂ ਲਈ ਸਪੱਸ਼ਟ ਨੀਤੀ ਤਹਿਤ ਨਿਯਮ ਬਣਾਉੰਦੀ ਹੈ। ਆਸਟਰੇਲੀਆ ਵਿਚ ਤੁਹਾਡਾ ਬਹੁਤ ਸਵਾਗਤ ਹੈ ਪਰ ਅਸੀਂ ਧਮਕੀਆਂ ਦਾ ਜਵਾਬ ਨਹੀਂ ਦਿੰਦੇ। ਸੈਨੇਟਰ ਐਂਡਰਿਊ ਬ੍ਰੈਗ ਨੇ ਗੂਗਲ ‘ਤੇ ਇਸਨੂੰ ਆਸਟਰੇਲੀਆ ਅਤੇ ਨੀਤੀ ਬਣਾਉਣ ਵਾਲਿਆਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਗੌਰਤਲਬ ਹੈ ਕਿ ਇਹ ਟਿਪਣੀਆਂ ਉਦੋਂ ਆਈਆਂ ਹਨ ਜਦੋਂ ਗੂਗਲ ਨੇ ਇੱਕ ਸੰਸਦੀ ਜਾਂਚ ਦੌਰਾਨ ਜ਼ੋਰ ਦੇ ਕੇ ਕਿਹਾ ਸੀ ਕਿ ਜੇ ਫੈਡਰਲ ਸਰਕਾਰ ਆਪਣੇ ਯੋਜਨਾਬੱਧ ਡਿਜੀਟਲ ਮੀਡੀਆ ਕੋਡ ਨੂੰ ਅੱਗੇ ਵਧਾਉਂਦੀ ਹੈ ਤਾਂ ਉਹ ਆਪਣੇ ਸਰਚ ਇੰਜਨ ਨੂੰ ਆਸਟਰੇਲੀਆ ਵਿੱਚ ਉਪਲਬਧ ਕਰਵਾਉਣਾ ਬੰਦ ਕਰ ਦੇਵੇਗੀ। ਗੂਗਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਨੇਜਿੰਗ ਡਾਇਰੈਕਟਰ ਮੇਲਾਨੀਆ ਸਿਲਵਾ ਨੇ ਪ੍ਰਸਤਾਵਿਤ ਯੋਜਨਾ ਦੀ ਸੰਸਦੀ ਸੁਣਵਾਈ ਨੂੰ ‘ਗੈਰ ਪ੍ਰਬੰਧਨਯੋਗ’ ਅਤੇ ‘ਵਿੱਤੀ ਜੋਖਮ’ ਬਿਆਨਿਆ ਹੈ। ਉਹਨਾਂ ਅਨੁਸਾਰ ਵੈਬਸਾਈਟਾਂ ਵਿਚਾਲੇ ਬਿਨਾਂ ਰੁਕਾਵਟ ਜੋੜਨ ਦਾ ਸਿਧਾਂਤ ਖੋਜ ਲਈ ਬੁਨਿਆਦੀ ਹੁੰਦਾ ਹੈ ਅਤੇ ਇਹ ਵਿੱਤੀ ਅਤੇ ਕਾਰਜਸ਼ੀਲ ਜੋਖਮ ਨੂੰ ਜੋੜਦਾ ਹੈ। ਇਸ ਲਈ ਜੇ ਕੋਡ ਦਾ ਇਹ ਸੰਸਕਰਣ ਕਾਨੂੰਨ ਬਣ ਜਾਂਦਾ ਤਾਂ ਇਹ ਸਾਨੂੰ ਆਸਟ੍ਰੇਲੀਆ ਵਿਚ ਗੂਗਲ ਸਰਚ ਨੂੰ ਉਪਲੱਬਧ ਕਰਵਾਉਣਾ ਬੰਦ ਕਰਨ ਹੋਵੇਗਾ। ਸ੍ਰੀਮਤੀ ਸਿਲਵਾ ਨੇ ਕਿਹਾ ਕਿ ਕੰਪਨੀ ਖਬਰਾਂ ਦੇ ਪ੍ਰਕਾਸ਼ਕਾਂ ਨਾਲ ਸੌਦੇ ਨੂੰ ਤਿਆਰ ਕਰਨ ਲਈ ਤਿਆਰ ਹੈ ਤਾਂ ਜੋ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸਮੱਗਰੀ ਵੱਲ ਸੇਧਿਤ ਕੀਤਾ ਜਾ ਸਕੇ ਅਤੇ ਪੂਰੀ ਦੁਨੀਆ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।

Install Punjabi Akhbar App

Install
×