ਆਸਟਰੇਲੀਆ : ਐੱਨਜੈਕ ਡੇਅ ਦੌਰਾਨ ਵਿਸ਼ਵ ਯੁੱਧ ਦੇ ਫੌਜੀਆਂ ਨੂੰ ਨਮਨ ਸ਼ਰਧਾਂਜਲੀਆਂ, ਭਾਰਤੀ ਭਾਈਚਾਰੇ ਵੱਲੋਂ ਜੰਗੀ ਸ਼ਹੀਦਾਂ ਦੀ ਯਾਦ ‘ਚ ਉਸਾਰੇ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਭੇਂਟ

ਇੱਥੇ ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਵੱਲੋਂ 108ਵੇਂ ਐੱਨਜੈਕ ਡੇਅ ਸਮਾਰੋਹਾਂ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਆਸਟਰੇਲਿਆਈ ਲੋਕਾਂ ਦੀ ਤਾਕਤ ਯਾਦ ਕਰਦਿਆਂ ਨਮਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕੈਨਬਰਾ ਵਿਖੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਆਪਣੇ ਗੌਰਵਮਈ ਅਤੀਤ ਦੀ ਸਵੇਰ ਨੂੰ ਰੌਸ਼ਨ ਕਰ ਰਹੇ ਹਾਂ। ਸੂਬਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਐਨਜ਼ੈਕ ਚੌਕ ਵਿਖੇ ਬਰਸਾਤ ਦੇ ਬਾਵਜੂਦ ਵੱਡੀ ਭੀੜ ਨੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ। ਸੂਬੇ ਦੇ ਰਾਜਪਾਲ ਡਾ. ਜੀਨੇਟ ਯੰਗ ਨੇ ਪਰੇਡ ਨੂੰ ਵੇਖਣ ਆਏ ਹਜ਼ਾਰਾਂ ਲੋਕਾਂ ਨੂੰ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਨ ਲਈ ਵਧਾਈ ਦਿੱਤੀ। ਰਾਜ ਭਰ ਦੇ ਹਾਈ ਸਕੂਲਾਂ ਦੇ ਬੈਂਡਾਂ, ਯੁਵਾ ਸੰਗਠਨਾਂ ਸਮੇਤ ਕਈ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਪਰੇਡ ਵਿੱਚ ਦੂਜੇ ਵਿਸ਼ਵ ਯੁੱਧ ਦੇ ਕਈ ਆਸਟਰੇਲਿਆਈ ਆਰਮੀ ਦੇ ਕਰਮਚਾਰੀ ਵੀ ਸ਼ਾਮਲ ਸਨ। ਤਕਰੀਬਨ 20,000 ਲੋਕ ਸਵੇਰੇ ਗੋਲਡ ਕੋਸਟ ‘ਚ ਕਰੁਮਬਿਨ ਵਿਖੇ ਸ਼ਰਧਾਂਜਲੀ ਦੇਣ ਲਈ ਨਿਕਲੇ, ਜਿੱਥੇ ਸਾਬਕਾ ਸੈਨਿਕਾਂ ਦੀਆਂ ਅਸਥੀਆਂ ਸਮੁੰਦਰ ਵਿੱਚ ਪ੍ਰਵਾਹ ਕੀਤੀਆਂ ਗਈਆਂ ਸਨ। ਸਿਡਨੀ ਵਿਖੇ ਐਲਿਜ਼ਾਬੈਥ ਸਟਰੀਟ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਨਾਇਕਾਂ ਨੂੰ ਝੰਡਿਆਂ ਨਾਲ ਸ਼ਰਧਾਂਜਲੀ ਦਿੱਤੀ। ਮੈਲਬਾਰਨ ਦਾ ਸਮਾਗਮ ਵਿਕਟੋਰੀਆ ਸ਼ਰਾਇਨ ਯਾਦਗਾਰ ਵਿਖੇ ਆਯੋਜਿਤ ਕੀਤਾ ਗਿਆ। ਸੂਬਾ ਵਿਕਟੋਰੀਆ ਦੇ ਲੈਫਟੀਨੈਂਟ ਗਵਰਨਰ ਪ੍ਰੋਫੈਸਰ ਜੇਮਸ ਐਂਗਸ ਨੇ ਪ੍ਰਿੰਸ ਬ੍ਰਿਜ ਤੋਂ ਸਾਬਕਾ ਸੈਨਿਕਾਂ ਨੂੰ ਯਾਦ ਕੀਤਾ। ਵਿਕਟੋਰੀਆ ਦੇ ਤੱਟਵਰਤੀ ਸ਼ਹਿਰ ਜੀਲੋਂਗ ਵਿੱਚ ਕੋਰੀਓ ਬੇ ਦੇ ਤੱਟ ‘ਤੇ ਲਗਭਗ 5,000 ਲੋਕ ਸਮਾਗਮਾਂ ‘ਚ ਇਕੱਠੇ ਹੋਏ। ਟਾਊਨਸਵਿਲ ਵਿੱਚ, ਟੋਰੇਸ ਸਟ੍ਰੇਟ ਲਾਈਟ ਇਨਫੈਂਟਰੀ ਬਟਾਲੀਅਨ ਨੇ ਆਪਣੀ ਜੰਗ ਦੇ ਸਮੇਂ ਦੀ ਸ਼ੁਰੂਆਤ ਦੀ 80ਵੀਂ ਵਰ੍ਹੇਗੰਢ ਨੂੰ ਦਰਸਾਉਂਦੇ ਹੋਏ, ਪਹਿਲੀ ਵਾਰ ਐੱਨਜ਼ੈਕ ਡੇਅ ਮਾਰਚ ਵਿੱਚ ਹਿੱਸਾ ਲਿਆ। ਇਹ ਦੂਜੇ ਵਿਸ਼ਵ ਯੁੱਧ ਦੌਰਾਨ ਆਸਟਰੇਲਿਆਈ ਫੌਜ ਦੀ ਪਹਿਲੀ ਆਲ-ਦੇਸੀ ਪੈਦਲ ਬਟਾਲੀਅਨ ਸੀ। ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ‘ਚ ਉੱਤਰੀ ਟੇਰੇਸ ‘ਤੇ ਨੈਸ਼ਨਲ ਵਾਰ ਮੈਮੋਰੀਅਲ ਵਿਚ ਇਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਦੱਖਣੀ ਆਸਟਰੇਲਿਆਈ ਆਰਐਸਐਲ ਨੇ ਰਾਸ਼ਟਰੀ ਯੁੱਧ ਸਮਾਰਕ ਦੇ ਪਿੱਛੇ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਓਪਰੇਸ਼ਨ ਮੈਮੋਰੀਅਲ ਵਿੱਚ 25 ਨਾਮ ਸ਼ਾਮਲ ਕੀਤੇ ਹਨ। ਪਰਥ ਵਿੱਚ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੇਵਾ ਪੁਰਸ਼ਾਂ ਅਤੇ ਔਰਤਾਂ ਦੇ ਸਨਮਾਨ ‘ਚ ਸੁਪਰੀਮ ਕੋਰਟ ਗਾਰਡਨ ਵਿਖੇ ਵੱਡੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਸਾਬਕਾ ਰਾਜਨੇਤਾ ਗ੍ਰਾਹਮ ਐਡਵਰਡਸ ਨੇ ਸ਼ਮੂਲੀਅਤ ਕੀਤੀ। ਆਸਟਰੇਲੀਆ ਦੇ ਟਾਪੂ ਰਾਜ ਹੋਬਾਰਟ ਵਿੱਚ ਸੈਂਕੜੇ ਲੋਕ ਸੀਨੋਟਾਫ ਵਿਖੇ ਇਕੱਠੇ ਹੋਏ ਅਤੇ ਉਹਨਾਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਕਰੀਬ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ ‘ਚੋ 74 ਹਜ਼ਾਰ ਦੇ ਕਰੀਬ ਸ਼ਹੀਦੀ ਹੋਏ ਅਤੇ ਦੂਜੀ ਵਿਸ਼ਵ ਜੰਗ ਵਿੱਚ ਤਕਰੀਬਨ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ‘ਚੋਂ 87 ਹਜ਼ਾਰ ਨੇ ਸ਼ਹੀਦੀਆਂ ਦਿੱਤੀਆਂ। ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15 ਹਜ਼ਾਰ ਸੈਨਿਕਾਂ ‘ਚੋ 1500 ਭਾਰਤੀ ਫੌਜੀਆਂ ਨੇ ਸ਼ਹੀਦੀ ਦਿੱਤੀ। ਇਸ ਮੌਕੇ ਆਸਟਰੇਲੀਆ ਵਿੱਚ ਵਸਦੇ ਪੰਜਾਬੀ ਸਿੱਖ ਭਾਈਚਾਰੇ ਨੇ ਵੀ ਵੱਖ-ਵੱਖ ਥਾਵਾਂ ‘ਤੇ ਸਿੱਖ ਫੌਜੀਆਂ ਨੂੰ ਨਮਨ ਅੱਖਾਂ ਨਾਲ ਯਾਦ ਕੀਤਾ ਅਤੇ ਪਰੇਡ ਵਿੱਚ ਹਿੱਸਾ ਲਿਆ

ਹਰਜੀਤ ਲਸਾੜਾ ਅਤੇ ਦਲਜੀਤ ਸਿੰਘ, ਬ੍ਰਿਸਬੇਨ