ਆਪਣੀ ਬੱਲੇ ਬੱਲੇ ਕੀਹਨੂੰ ਨਹੀਂ ਚੰਗੀ ਲਗਦੀ?

ਆਪਣੀ ਬੱਲੇ ਬੱਲੇ ਕੀਹਨੂੰ ਨਹੀਂ ਚੰਗੀ ਲਗਦੀ? ਪਰ ਰਾਹ ਸਿਰ ਦੀ ਤਾਂ ਝੱਲਣ ਯੋਗ ਹੋ ਸਕਦੀ ਹੈ। ਬਿਨਾਂ ਕੁਝ ਕੀਤਿਆਂ ਗੱਲੀਂ-ਬਾਤੀਂ ਜਠਾਣੀ ਨਾਲੋਂ ਵੱਡੀ ਕਹਾਉਣ ਦਾ ਇਹ ਰੁਝਾਨ ਸਾਡੇ ਪੰਜਾਬੀ ਸਮਾਜ ਨੂੰ ਘੁਣ ਵਾਂਗ ਲੱਗ ਚੁੱਕਾ ਹੈ। ਸ਼ਾਇਦ ਹੀ ਕੋਈ ਦਿਨ ਇਹੋ ਜਿਹਾ ਹੋਵੇ ਜਦੋਂ ਅਸੀਂ ਆਪਣੇ ਕੱਸੀਦੇ ਆਪ ਹੀ ਨਾ ਪੜ੍ਹਦੇ ਹੋਇਆ ਜਾ ਫੇਰ ਸੁਣਦੇ ਹੋਈਆ। ਪੰਜਾਬੀਆਂ ਦੀ ਬੱਲੇ ਬੱਲੇ, ਸਾਰੀ ਦੁਨੀਆ ਤੋਂ ਸਰੇਸ਼ਟ ਪੰਜਾਬੀ, ਹੋਰ ਪਤਾ ਨਹੀਂ ਕਿ ਕੁਝ ਦੇ ਭਰਮ ਅਸੀਂ ਪਾਲ ਰਖੇ ਹਨ। ਇਸ ਵਿਸ਼ੇ ਤੇ ਕਈ ਬਾਰ ਹਰਮਨ ਰੇਡੀਓ ਤੇ ਅਸੀਂ ਟਾਕ ਸ਼ੋਅ ਕੀਤੇ। ਇਸ ਵਿਸ਼ੇ ਤੇ ਕਈ ਬਾਰ ਲਿਖਣ ਦੀ ਵੀ ਕੋਸ਼ਿਸ਼ ਕੀਤੀ ਪਰ ਸੰਯੋਗ ਨਹੀਂ ਬਣਿਆ। ਪਰ ਅੱਜ ਦੇ ਸੰਪਾਦਕੀ ਚ ਇਸੇ ਵਿਸ਼ੇ ਬਾਰੇ ਬੜੇ ਖ਼ੂਬਸੂਰਤ ਅਤੇ ਦਲੀਲ ਨਾਲ ਜੋ ਵਿਖਿਆਨ ਉਭਰ ਰਹੀ ਕਲਮ ਜੀ.ਐੱਸ. ਗੁਰਦਿੱਤ ਨੇ ਕੀਤਾ ਉਹ ਆਪ ਜੀ ਨਾਲ ਸਾਂਝਾ ਕਰਨ ਦੀ ਖ਼ੁਸ਼ੀ ਲਈ ਰਹੇ ਹਾਂ। ਇਹ ਇਕ ਵਿਸ਼ਾਲ ਵਿਸ਼ਾ ਹੈ ਇਕ ਲੇਖ ਚ ਬੱਝਣ ਵਾਲਾ ਨਹੀਂ ਹੈ। ਸੋ ਆਸ ਕਰਦੇ ਹਾਂ ਕਿ ਇਸ ਸੰਵਾਦ ਨੂੰ ਜਾਰੀ ਰੱਖਿਆ ਜਾਵੇਗਾ। ਕੋਈ ਵੀ ਪਾਠਕ ਜਾ ਲੇਖਕ ਇਸ ਬਾਰੇ ਆਪਣੀ ਗੱਲ ਕਰਨਾ ਚਾਹੇ ਤਾਂ ਸਾਨੂੰ ਖ਼ੁਸ਼ੀ ਹੋਵੇਗੀ। ਸਦਾ ਮਕਸਦ ਸਿਰਫ਼ ਆਪਣੇ ਆਪ ਨੂੰ ਅਤੇ ਆਪਣੇ ਪੰਜਾਬੀ ਸਮਾਜ ਨੂੰ ਭੁਲੇਖੇ ਵਿਚੋਂ ਕੱਢਣਾ ਹੈ। ਪਰ ਫੇਰ ਵੀ ਕਿਸੇ ਨੂੰ ਇਹ ਨਜ਼ਰੀਆ  ਚੰਗਾ ਨਾ ਲੱਗੇ ਤਾਂ ਉਹ ਆਪਣੇ ਨਜ਼ਰੀਆ ਤੋਂ ਵੀ ਪਾਠਕਾਂ ਨੂੰ ਇਸੇ ਮਧਿਮ ਰਾਹੀਂ ਜਾਣੂ ਕਰਵਾ ਸਕਦਾ ਹੈ।: ਸੰਪਾਦਕ
”ਪੰਜਾਬੀਆਂ ਦੀ ਸ਼ਾਨ -ਕਿੰਨੀ ਕੁ ਵੱਖਰੀ ?”
ਜੀ. ਐੱਸ. ਗੁਰਦਿੱਤ (+੯੧੯੭੮੧੯੨੫੫੪੫)
ਸਾਡੇ ਇਤਿਹਾਸ ਵਿਚ ਅੰਗਰੇਜ਼ਾਂ ਨੂੰ ਰੱਜ ਕੇ ਨਿੰਦਿਆ ਗਿਆ ਹੈ ਕਿ ਉਹ ਸਾਡੇ ਦੇਸ਼ ਨੂੰ ਲੁੱਟ ਕੇ ਖਾ ਗਏ, ਸਾਡੇ ਉੱਤੇ ਜ਼ੁਲਮ ਕਰਦੇ ਰਹੇ, ਸਾਨੂੰ ਗ਼ੁਲਾਮ ਬਣਾਈ ਰਖਿਆ, ਸਾਡੇ ਦੇਸ਼ ਦੀ ਵੰਡ ਕਰਵਾ ਦਿੱਤੀ ਵਗ਼ੈਰਾ ਵਗ਼ੈਰਾ। ਪਰ ਕੀ ਅਸੀਂ ਕਦੇ ਆਪਣੀਆਂ ਗ਼ਲਤੀਆਂ ਵੀ ਸਵੀਕਾਰ ਕੀਤੀਆਂ?
ਅਸੀਂ ਛੋਟੀਆਂ ਤੇ ਨਿਗੂਣੀਆਂ ਗੱਲਾਂ ਲਈ ਆਪਸ ਵਿਚ ਲੜਦੇ-ਮਰਦੇ ਰਹੇ। ਸਾਡੇ ਰਾਜਿਆਂ ਨੇ ਲੋਕਾਂ ਦਾ ਜੀਵਨ ਪੱਧਰ ਬੁਰੀ ਤਰਾਂ ਨੀਵਾਂ ਕਰੀ ਰਖਿਆ। ਬੰਗਾਲ ਦੇ ਗ਼ੱਦਾਰਾਂ ਨੇ ਨਿੱਜੀ ਹਿੱਤਾਂ ਲਈ ਦੇਸ਼ ਦੇ ਹਿੱਤ ਵੇਚ ਦਿੱਤੇ। ਮਰਾਠਿਆਂ ਤੇ ਨਿਜ਼ਾਮ ਨੇ ਔਖੇ ਵੇਲੇ ਟੀਪੂ ਸੁਲਤਾਨ ਦਾ ਸਾਥ ਨਾ ਦਿੱਤਾ। ਕਰਨਾਟਕ ਦੇ ਨਵਾਬ ਇੱਕ ਦੂਸਰੇ ਨੂੰ ਕਤਲ ਕਰਦੇ ਰਹੇ। ਮੁਗ਼ਲਾਂ ਨੇ ਦੇਸ਼ ਦੀ ਆਰਥਿਕਤਾ ਤਬਾਹ ਕਰ ਦਿੱਤੀ। ਮਹਾਰਾਜੇ ਰਣਜੀਤ ਸਿੰਘ ਨੇ ਏਨਾ ਵੱਡਾ ਰਾਜ ਤਾਂ ਖੜਾ ਕਰ ਲਿਆ ਪਰ ਆਪਣੇ ਇੱਕ ਵੀ ਲਾਡਲੇ ਨੂੰ ਇਸ ਕਾਬਲ ਨਾ ਬਣਾਇਆ ਕਿ ਉਸ ਰਾਜ ਨੂੰ ਸੰਭਾਲ ਸਕੇ।
ਤਾਂ ਫਿਰ ਅੰਗਰੇਜ਼ਾਂ ਦਾ ਕੀ ਦਿਮਾਗ ਖ਼ਰਾਬ ਸੀ ਕਿ ਉਹ ਬਿੱਲੇ ਹੁੰਦੇ ਹੋਏ ਵੀ ਦੁਧ ਦੀ ਰਾਖੀ ਬੈਠਦੇ? ਉਹ ਸੱਤ ਸਮੁੰਦਰ ਪਾਰੋ ਸਾਨੂੰ ਸ਼ਗਨ ਪਾਉਣ ਤਾਂ ਨਹੀਂ ਸੀ ਆਏ? ਬਿੱਲੀਆਂ ਦੀ ਲੜਾਈ ਤੋਂ ਬਾਂਦਰਾਂ ਨੇ ਤਾਂ ਫ਼ਾਇਦਾ ਉਠਾਉਣਾ ਹੀ ਸੀ। ਜੇਕਰ ਅਸੀਂ ਸ਼ਰਾਬੀ ਹੋ ਕੇ ਗਲੀ ਵਿਚ ਡਿੱਗੇ ਪਏ ਹੋਈਏ, ਸਾਨੂੰ ਕੋਈ ਹੋਸ਼ ਨਾ ਹੋਵੇ, ਸਾਡੀ ਪੱਗ ਲੱਥੀ ਪਈ ਹੋਵੇ ਤਾਂ ਫਿਰ ਚੋਰਾਂ ਦਾ ਤਾਂ ਹੱਕ ਬਣਦਾ ਹੀ ਹੈ ਕਿ ਉਹ ਸਾਡੀਆਂ ਜੇਬਾਂ ਖਾਲੀ ਕਰ ਜਾਣ।
ਨਾਲੇ ਦੁਸ਼ਮਣ ਤੋਂ ਵੀ ਕੁਝ ਸਿੱਖਣ ਨੂੰ ਮਿਲ ਜਾਵੇ ਤਾਂ ਦੁਸ਼ਮਣ ਸਮਝ ਕੇ ਨਿੰਦੀ ਹੀ ਨਹੀਂ ਜਾਈਦਾ। ਅੰਗਰੇਜ਼ਾਂ ਦੇ ਝੰਡੇ ਪੂਰੀ ਦੁਨੀਆਂ ਵਿਚ ਜੇਕਰ ਝੂਲਦੇ ਹਨ ਤਾਂ ਇਹ ਉਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ। ਇੱਕ ਛੋਟਾ ਜਿਹਾ ਦੇਸ਼ ਅਧੀ ਦੁਨੀਆਂ ਤੇ ਰਾਜ ਐਵੇਂ ਨਹੀਂ ਕਰ ਗਿਆ? ਜੇ ਉਨ੍ਹਾਂ ਦੇ ਰਾਜ ਵਿਚ ਕਦੇ ਸੂਰਜ ਨਹੀਂ ਡੁੱਬਦਾ ਸੀ ਤਾਂ ਇਹ ਉਨ੍ਹਾਂ ਦੀ ਚਲਾਕੀ, ਕੂਟਨੀਤੀ, ਦਲੇਰੀ, ਸੂਝ-ਬੂਝ, ਹੌਂਸਲੇ ਤੇ ਦ੍ਰਿੜਤਾ ਦਾ ਨਤੀਜਾ ਸੀ। ਸਾਡੇ ਵਾਲੇ ਰਾਜੇ ਮਹਾਰਾਜੇ ਤਾਂ ਆਪਸ ਵਿਚ ਹੀ ਲੜ- ਲੜ ਮਰਦੇ ਰਹੇ।
ਸਾਡੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਲੱਖਾਂ ਵਾਰੀ ਸਲਾਮ ਹੈ। ਉਨ੍ਹਾਂ ਨੇ ਤਾਂ ਆਪਣੀ ਜ਼ਿੰਦਗੀ ਦੇ ਸਭ ਤੋਂ ਹੁਸੀਨ ਪਲ ਦੇਸ਼ ਲਈ ਕੁਰਬਾਨ ਕਰ ਦਿੱਤੇ। ਪਰ ਜਿਹੜੇ ਰਾਜਿਆਂ ਮਹਾਰਾਜਿਆਂ ਨੇ ਅੰਗਰੇਜ਼ਾਂ ਦੀ ਛਤਰੀ ਥੱਲੇ ਆਪਣੀਆਂ ਐਸ਼ ਪ੍ਰਸਤੀਆਂ ਹੀ ਕੀਤੀਆਂ, ਸੋਨੇ ਚਾਂਦੀ ਦੇ ਮਹਿਲ ਹੀ ਬਣਾਉਂਦੇ ਰਹੇ ਪਰ ਜਨਤਾ ਦੇ ਭਲੇ ਦਾ ਕੋਈ ਕੰਮ ਨਾ ਕੀਤਾ, ਉਨ੍ਹਾਂ ਨੂੰ ਬਰਾਬਰ ਦੀਆਂ ਲਾਹਨਤਾਂ ਵੀ ਪਾਉਂਦੇ ਰਹਿਣਾ ਚਾਹੀਦਾ ਹੈ। ਜੇ ਸਾਡੇ ਰਾਜਿਆਂ ਮਹਾਰਾਜਿਆਂ ਨੇ ਵੀ ਉਹੀ ਗੁਣ ਕਮਾਏ ਹੁੰਦੇ ਜਿਹੜੇ ਅੰਗਰੇਜ਼ਾਂ ਨੇ ਕਮਾਏ ਸੀ ਤਾਂ ਸਾਡੇ ਰਾਜ ਦਾ ਵੀ ਕਦੇ ਸੂਰਜ ਨਾ ਡੁੱਬਿਆ ਹੁੰਦਾ। ਦੁਨੀਆ ਅੱਜ ਕਿਸੇ ਮੈਕਾਲੇ, ਡਲਹੌਜ਼ੀ, ਕਾਰਨਵਾਲਿਸ, ਹੇਸਟਿੰਗਜ ਜਾਂ ਕਰਜ਼ਨ ਨੂੰ ਨਾ ਜਾਣਦੀ ਹੁੰਦੀ ਬਲਕਿ ਕਈ ‘ਸਿੰਘਾਂ’ ਜਾਂ ‘ਚੰਦਾਂ’ ਨੂੰ ਜਾਣਦੀ ਹੁੰਦੀ।
ਇਸੇ ਤਰਾਂ ਕਈਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਵਧ ਰਹੀ ਚੜ੍ਹਤ ਵੀ ਬੜੀ ਚੁੱਭਦੀ ਰਹਿੰਦੀ ਹੈ। ਉਨ੍ਹਾਂ ਦੀ ਦਲੀਲ ਹੁੰਦੀ ਹੈ ਕਿ ਚੀਨ ਨੇ ਆਪਣਾ ਸਭ ਕੁਝ ਚੀਨੀ ਭਾਸ਼ਾ ਵਿਚ ਤੇ ਜਪਾਨ ਨੇ ਜਪਾਨੀ ਭਾਸ਼ਾ ਵਿਚ ਬਣਾ ਲਿਆ ਹੈ ਤਾਂ ਅਸੀਂ ਪੰਜਾਬੀ ਵਿਚ ਕਿਉਂ ਨਹੀਂ ਬਣਾ ਸਕਦੇ। ਆਪਣਾ ਤਕਨੀਕੀ ਸਿਖਿਆ ਦਾ ਸਿਲੇਬਸ ਤੇ ਕੰਪਿਊਟਰ ਗਿਆਨ ਵੀ ਪੰਜਾਬੀ ਵਿਚ ਹੀ ਬਣਾਇਆ ਜਾਣਾ ਚਾਹੀਦਾ ਹੈ ਵਗ਼ੈਰਾ ਵਗ਼ੈਰਾ…। ਪਰ ਤੁਹਾਨੂੰ ਬਹੁਗਿਣਤੀ ਉਨ੍ਹਾਂ ਪੰਜਾਬੀਆਂ ਦੀ ਮਿਲੇਗੀ ਜਿਨਾ ਨੂੰ ਅਜੇ ਤੱਕ ਮੋਬਾਈਲ ਤੇ ਪੰਜਾਬੀ ਚਲਾਉਣੀ ਵੀ ਨਹੀਂ ਆਉਂਦੀ। ਕਾਰਨ ਸਿਰਫ ਇਹ ਹੈ ਕਿ ਉਨ੍ਹਾਂ ਨੇ ਕਦੇ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬੱਸ ਪੰਜਾਬੀ ਸਿੰਗਰਾਂ ਦੀਆਂ ਫੁਕਰੀਆਂ ਸੁਣ ਕੇ ਖੁਸ਼ ਹੋਈ ਜਾਣਗੇ ਕਿ
ਪੰਜਾਬੀਆਂ ਦੀ ਸ਼ਾਨ ਵੱਖਰੀ
ਪੰਜਾਬੀਆਂ ਦੀ ਬੱਲੇ ਬੱਲੇ
ਪੰਜਾਬੀਆਂ ਨੇ ਫੱਟੇ ਚੱਕ ਤੇ .. ਵਗ਼ੈਰਾ ਵਗ਼ੈਰਾ
ਤਕਨੀਕੀ ਖੇਤਰ ਵਿਚ ਵੀ ਬਹੁਤੀਆਂ ਮੱਲ੍ਹਾਂ ਯੂਰਪ ਤੇ ਅਮਰੀਕਾ ਵਾਲਿਆਂ ਨੇ ਹੀ ਮਾਰੀਆਂ ਹਨ। ਜਰਮਨ ਵਾਸੀ ਗੁਟਨਬਰਗ ਨੇ ੧੪੫੦ ਈਸਵੀ ਵਿਚ ਪ੍ਰਿੰਟਿੰਗ ਪ੍ਰੈੱਸ ਦੀ ਖੋਜ ਕਰ ਲਈ ਸੀ।. ੧੪੫੨ ਵਿਚ ਪਹਿਲੀ ਬਾਈਬਲ ਪ੍ਰਿੰਟ ਕਰ ਦਿੱਤੀ ਗਈ ਸੀ। ਉਸ ਤੋਂ ੧੦੦ ਸਾਲ ਬਾਅਦ ੧੫੫੬ ਈਸਵੀ ਵਿਚ ਪੁਰਤਗਾਲੀਆਂ ਨੇ ਪ੍ਰਿੰਟਿੰਗ ਪ੍ਰੈੱਸ ਭਾਰਤ ਵਿਚ ਗੋਆ ਵਿਚ ਲਗਾ ਦਿੱਤੀ ਸੀ ਪਰ ਗੁਰੂ ਗਰੰਥ ਸਾਹਿਬ ਨੂੰ ੧੬੦੪ ਈਸਵੀ ਵਿਚ ਵੀ ਹੱਥੀਂ ਹੀ ਲਿਖਣਾ ਪਿਆ ਕਿਉਂਕਿ ਸ਼ਾਇਦ ਸਾਡੀ ਗੁਰਮੁਖੀ ਲਿਪੀ ਉਦੋਂ ਤਕ ਤਕਨੀਕੀ ਤੌਰ ਤੇ ਚੰਗੀ ਤਰਾਂ ਵਿਕਸਤ ਨਹੀਂ ਹੋਈ ਹੋਵੇਗੀ.। ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ੧੭੧੦-੨੦ ਈਸਵੀ ਦੇ ਆਸਪਾਸ ਗੁਰੂ ਗਰੰਥ ਸਾਹਿਬ ਦੀਆਂ ਕਈ ਬੀੜਾਂ ਹੱਥੀਂ ਹੀ ਲਿਖੀਆਂ। ਮੰਨ ਲਿਆ ਕਿ ਸਿੱਖ ਤਾਂ ਉਦੋਂ ਘੱਲੂਘਾਰਿਆਂ ਵਿਚ ਉਲਝੇ ਹੋਏ ਸੀ ਪਰ ਬਾਕੀ ਲੋਕ ਕੀ ਕਰ ਰਹੇ ਸੀ?
ਇਤਿਹਾਸ ਵਿਚ ਇਸ ਗੱਲ ਦਾ ਕੋਈ ਵੀ ਹਵਾਲਾ ਨਹੀਂ ਮਿਲਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਮੀਰ ਸਾਮਰਾਜ ਵਿਚ ਵੀ ਕਦੇ ਗੁਰੂ ਗਰੰਥ ਸਾਹਿਬ ਨੂੰ ਪ੍ਰਿੰਟ ਕਰਵਾਉਣ ਦੀ ਕੋਸ਼ਿਸ਼ ਕੀਤੀ ਹੋਵੇ. ਉਸ ਦੀ ਤਾਂ ਅੰਗਰੇਜ਼ਾਂ ਤੇ ਫਰਾਂਸੀਸੀਆਂ ਨਾਲ ਯਾਰੀ ਵੀ ਚੰਗੀ ਸੀ. ਉਸ ਦੇ ਦਰਬਾਰ ਵਿਚ ਪਛਮ ਦੇ ਕਈ ਕਾਬਲ ਵਿਦਵਾਨ ਤੇ ਮਾਹਿਰ ਵੀ ਸਨ। ਹਰਮੰਦਰ ਸਾਹਿਬ ਉੱਤੇ ਸੋਨਾ ਚੜ੍ਹਾਉਣ ਦਾ ਖਿਆਲ ਤਾਂ ਉਸਨੂੰ ਆ ਗਿਆ ਪਰ ਗਿਆਨ ਦੇ ਖ਼ਜ਼ਾਨੇ ਨੂੰ ਸਾਂਭਣ ਦਾ ਖਿਆਲ ਕਿਉਂ ਨਾ ਆਇਆ? ਕਿਤੇ ਉਹ ਵੀ ਅੱਜ ਦੇ ਅਮੀਰ ਸਿਖਾਂ ਵਰਗਾ ਹੀ ਤਾਂ ਨਹੀਂ ਸੀ ਜਿਹੜੇ ਗੋਲਕਾਂ ਭਰਨ ਨੂੰ ਹੀ ਸਿਖੀ ਸਮਝੀ ਬੈਠੇ ਹਨ? ਕਿਉਂਕਿ ਗੁਰੂ ਗਰੰਥ ਸਾਹਿਬ ਦੀ ਪਹਿਲੀ ਪ੍ਰਿੰਟਿੰਗ ਕਾਪੀ ਅੰਗਰੇਜ਼ਾਂ ਦੇ ਆਉਣ ਤੇ ਹੀ ,੧੮੬੪ ਵਿਚ ਛਾਪੀ ਗਈ।
ਸੋਚ ਕੇ ਵੇਖੋ ਕਿ ਦੁਨੀਆਂ ਭਰ ਦੀਆਂ ਵਿਗਿਆਨਕ ਖੋਜਾਂ, ਜੇ ਸਾਡੇ ਪੰਜਾਬੀਆਂ ਨੇ ਕੀਤੀਆਂ ਹੁੰਦੀਆਂ ਤਾਂ ਹਰ ਤਰਾਂ ਦੀ ਪੜ੍ਹਾਈ ਦਾ ਸਿਲੇਬਸ ਅੱਜ ਪੰਜਾਬੀ ਵਿਚ ਹੀ ਹੁੰਦਾ. ਸਾਰੀ ਦੁਨੀਆਂ ਅੰਗਰੇਜ਼ੀ ਦੀ ਬਜਾਇ ਪੰਜਾਬੀ ਪੜ੍ਹ ਰਹੀ ਹੁੰਦੀ। ਅੱਜ ਅੰਗਰੇਜ਼ਾਂ ਨੂੰ ਇਹ ਫ਼ਿਕਰ ਪਿਆ ਹੁੰਦਾ ਕਿ ਉਨ੍ਹਾਂ ਦੀ ਨਵੀਂ ਪਨੀਰੀ ਆਪਣੀ ਮਾਂ-ਬੋਲੀ ਅੰਗਰੇਜ਼ੀ ਨੂੰ ਭੁੱਲ ਕੇ ਬੱਕਰੇ ਬੁਲਾਉਂਦੀ ਫਿਰਦੀ ਹੈ। ਪਰ ਖੋਜਾਂ ਵਾਲਾ ਸਾਡਾ ਸੁਭਾਅ ਹੀ ਨਹੀਂ ਸੀ। ਅਸੀਂ ਤਾਂ ਜੁਗਾੜ ਲਾਉਣੇ ਹੀ ਜਾਣਦੇ ਸਾਂ। ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਹੀ ਆਉਂਦੀਆਂ ਸੀ ਸਾਨੂੰ। ਗੱਲਾਂ ਤਾਂ ਚੀਨ ਤੇ ਜਪਾਨ ਦੀਆਂ ਕਰ ਲੈਂਦੇ ਹਾਂ ਪਰ ਅਸੀਂ ਆਪਣੀ ਭਾਸ਼ਾ ਨੂੰ ਅੱਜ ਦੇ ਯੁੱਗ ਦੇ ਹਾਣ ਦੀ ਬਣਾਉਣ ਲਈ ਕੀਤਾ ਹੀ ਕੀ ਹੈ?
ਪਰ ਸਭ ਤੋਂ ਵੱਡਾ ਦੁਖ ਇਹ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਸੁਧਰੇ ਨਹੀਂ। ਅਸੀਂ ਆਪਣੀਆਂ ਤਾਰੀਫ਼ਾਂ ਆਪ ਹੀ ਕਰਕੇ ਬਲੈਡਰ ਫੁਲਾਈ ਫਿਰਦੇ ਹਾਂ। ਪਤਾ ਨਹੀਂ ਕਿਹੜੇ ਵਹਿਮ ਵਿਚ ਹਾਂ ਕਿ ਸਾਰੀ ਦੁਨੀਆਂ ਵਿਚ ਸਭ ਤੋਂ ਵਧ ‘ਘੈਂਟ’ ਅਸੀਂ ਹੀ ਹਾਂ। ਜਦੋਂ ਕਿ ਅਸਲੀਅਤ ਇਹ ਹੈ ਕਿ ਜੇ ਦੁਨੀਆਂ ਦੇ ਮੋਹਰੀ ਬਣਨਾ ਹੈ ਤਾਂ ਗੱਲਾਂ ਨਾਲ ਹੀ ਨਹੀਂ ਬਣਿਆ ਜਾਣਾ। ਦੁਨੀਆਂ ਨੂੰ ਕੁਝ ਠੋਸ ਕੰਮ ਕਰ ਕੇ ਵਿਖਾਓ ਤਾਂ ਹੀ ਦੁਨੀਆਂ ਮੰਨੇਗੀ। ਆਪਣੇ ਘਰ ਵਿਚ ਆਪਣੇ ਹੀ ਸੋਹਲੇ ਗਾਈ ਜਾਣ ਨਾਲ, ਅੱਜ ਤੱਕ ਕਿਸੇ ਨੇ ਕੁਝ ਨਹੀਂ ਖੱਟਿਆ। ਜਿਹੜੀਆਂ ਕਮੀਆਂ ਕਾਰਨ, ਸਾਡੇ ਵੱਡੇ-ਵਡੇਰੇ ਬਾਕੀ ਦੁਨੀਆਂ ਤੋਂ ਪਿੱਛੇ ਰਹਿ ਗਏ, ਉਨ੍ਹਾਂ ਕਮੀਆਂ ਨੂੰ ਦੂਰ ਕਰੀਏ ਅਤੇ ਦੁਨੀਆਂ ਦੇ ਮੋਹਰੀ ਹੋਣ ਵੱਲ ਕਦਮ ਧਰੀਏ।
ਅਜੇ ਤੱਕ ਤਾਂ ਹਾਲਤ ਇਹ ਹੈ ਕਿ ਦੁਨੀਆਂ ਵਿਚ ਕਿਤੇ ਕੋਈ ਅੱਤਵਾਦੀ ਹਮਲਾ ਹੋ ਜਾਵੇ ਤਾਂ ਪੱਛਮ ਦੇ ਅਣਜਾਣ ਲੋਕ, ਸਿੱਖਾਂ ਨੂੰ ਤਾਲਿਬਾਨ ਜਾਂ ਅਲਕਾਇਦਾ ਦੇ ਸਾਥੀ ਸਮਝ ਕੇ ਉਨ੍ਹਾਂ ਉੱਤੇ ਹਮਲੇ ਸ਼ੁਰੂ ਕਰ ਦਿੰਦੇ ਹਨ। ਇਸ ਦਾ ਮਤਲਬ ਬਹੁਤੀ ਦੁਨੀਆਂ ਨੂੰ ਤਾਂ ਅਜੇ ਤੱਕ ਸਾਡੇ ਬਾਰੇ ਮੁੱਢਲੀ ਜਾਣਕਾਰੀ ਵੀ ਨਹੀਂ ਹੈ, ਸ਼ਾਨ ਵਾਲੀ ਦਿੱਲੀ ਤਾਂ ਅਜੇ ਕਾਫੀ ਦੂਰ ਹੋਣੀ ਹੈ. ਸਾਡੀ ਸ਼ਾਨ ਉਦੋਂ ਹੀ ਵੱਖਰੀ ਮੰਨੀ ਜਾਏਗੀ ਜਦੋਂ ਇਹ ਗੱਲ ਦੁਨੀਆਂ ਦੇ ਉਹ ਲੋਕ ਵੀ ਮੰਨਣਗੇ ਜਿੰਨਾ ਦੇ ਦੇਸ਼ਾਂ ਵਿਚ ਜਾਣ ਲਈ ਅਸੀਂ ਸੌ-ਸੌ ਜੁਗਾੜ ਲਾਉਂਦੇ ਹਾਂ। ਜਦੋਂ ਉਹ ਵੀ ਸਾਡੀ ਧਰਤੀ ਦੀ ਇੱਕ ਝਲਕ ਵੇਖਣ ਲਈ ਸੁੱਖਾਂ ਸੁੱਖਿਆ ਕਰਨਗੇ। ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪਏਗੀ, ਬਲਕਿ ਉਹ ਹੀ ਕਿਹਾ ਕਰਨਗੇ ਕਿ
”ਪੰਜਾਬੀਆਂ ਦੀ ਸ਼ਾਨ ਵੱਖਰੀ”
ਪਿੰਡ: ਚੱਕ ਬੁਧੋ ਕੇ
ਜ਼ਿਲ੍ਹਾ: ਫ਼ਾਜ਼ਿਲਕਾ (ਪੰਜਾਬ)