ਅਲਬਾਨੀਜ਼ ਨੇ ਰੱਦ ਕੀਤੀ Quad ਮੀਟਿੰਗ, ਕਿਹਾ-PM ਮੋਦੀ ਕਰ ਸਕਦੇ ਹਨ ਆਸਟ੍ਰੇਲੀਆ ਦਾ ਦੌਰਾ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਗਲੇ ਹਫ਼ਤੇ ਹੋਣ ਵਾਲੀ ਕਵਾਡ ਮੀਟਿੰਗ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਵੱਲੋਂ ਇਹ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਬੈਠਕ ‘ਚ ਸ਼ਾਮਲ ਨਾ ਹੋਣ ਕਾਰਨ ਲਿਆ ਗਿਆ ਹੈ। ਬਾਈਡੇਨ ਇਸ ਸਮੇਂ ਅਮਰੀਕਾ ਵਿੱਚ ਕਰਜ਼ੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਲੱਗੇ ਹੋਏ ਹਨ। ਅਜਿਹੇ ‘ਚ ਉਨ੍ਹਾਂ ਨੇ ਅਗਲੇ ਹਫ਼ਤੇ ਦੇ ਆਪਣੇ ਵਿਦੇਸ਼ ਦੌਰੇ ਮੁਲਤਵੀ ਕਰ ਦਿੱਤੇ ਹਨ। ਹਾਲਾਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਹਫ਼ਤੇ ਆਸਟ੍ਰੇੇਲੀਆ ਵਿੱਚ ਪੀ.ਐੱਮ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਸਕਦੀ ਹੈ। ਭਾਰਤੀ ਪੱਖ ਵੱਲੋਂ ਵੀ ਇਸ ਬਾਰੇ ਜਲਦ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕਵਾਡ ਮੀਟਿੰਗ 24 ਮਈ ਨੂੰ ਆਸਟ੍ਰੇਲੀਆ ਦੇ ਸਿਡਨੀ ‘ਚ ਹੋਣੀ ਸੀ। ਇਸ ਬਾਰੇ ਅਲਬਾਨੀਜ਼ ਨੇ ਪਹਿਲਾਂ ਕਿਹਾ ਸੀ ਕਿ ਕਵਾਡ ਵਿਚ ਸ਼ਾਮਲ ਦੇਸ਼-ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਅਮਰੀਕਾ ਦੀ ਮੌਜੂਦਗੀ ਤੋਂ ਬਿਨਾਂ ਵੀ ਬੈਠਕ ਲਈ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਬਾਈਡੇਨ ਦੇ ਦੌਰੇ ਨੂੰ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਜਾਪਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੀ ਹੈ। ਹਾਲਾਂਕਿ ਬਾਅਦ ਵਿੱਚ ਰਾਸ਼ਟਰਪਤੀ ਅਲਬਾਨੀਜ਼ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਵਾਡ ਭਾਈਵਾਲਾਂ ਦੇ ਇਸ ਦੌਰੇ ਦੀਆਂ ਤਾਰੀਖਾਂ ਨੂੰ ਅੱਗੇ ਵਧਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਮੀਟਿੰਗ ਨੂੰ ਮੁੜ ਤੈਅ ਕਰਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਹੈ।