FB_IMG_1570716477427

ਸਾਡੀ ਜਾਤ ਪੰਜਾਬੀ, ਸਾਡੀ ਪਾਤ ਪੰਜਾਬੀ

ਸਾਨੂੰ ਲਾਡ ਲੜਾਉਣ ਵਾਲੀ ਮਾਤ ਪੰਜਾਬੀ

ਸਾਡਾ ਦੀਨਮਾਨ ਤੇ ਸ਼ਾਨੋਸ਼ੋਕਾਤ ਪੰਜਾਬੀ

ਕੀਤੇ ਭੁੱਲ ਨਾ ਜਾਇਓ ਪੰਜਾਬੀਓ

ਗੁਰੂਆਂ ਤੇ ਪੀਰਾਂ ਵੱਲੋਂ ਮਿਲੀ ਸੁਗਾਤ ਪੰਜਾਬੀ

ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਵੱਲੋਂ ਐਡੀਲੇਡ ਵਿਚ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਣ ਅਤੇ ਉਹਨਾਂ ਅੰਦਰ ਪੰਜਾਬੀ ਭਾਸ਼ਾ ਬੋਲਣ ਲਈ ਉਤਸ਼ਾਹ ਪੈਦਾ ਕਰਨ ਵਾਸਤੇ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ I ਇਸ ਉਪਰਾਲੇ ਤਹਿਤ ਪੰਜ ਤੋਂ ਪੰਦਰਾਂ ਸਾਲ ਦੇ ਬੱਚਿਆਂ ਲਈ ਕਾਵ ਪ੍ਰਤੀਯੋਗਤਾ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਪਰਖ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ I ਇਹ ਬਾਲ ਉਤਸਵ ਮਿਤੀ  09.11.2019  ਨੂੰ ਐਲਾਇਜ਼ਾ ਹਾਲ ਵਿਚ ਕਰਵਾਇਆ ਜਾਵੇਗਾ I  ਇਸ ਸਮਾਗਮ ਦੇ ਪਹਿਲੇ ਹਿੱਸੇ ਵਿਚ ਪੰਜਾਬੀ ਦੇ ਪ੍ਰਸਿੱਧ ਕਵੀਆਂ / ਕਵਿੱਤਰੀਆਂ ਦੀਆਂ ਕਵਿਤਾਵਾਂ ਨੂੰ ਅਧਾਰ ਬਣਾ ਕੇ ਕਾਵ ਉਚਾਰਨ ਅਤੇ ਦੱਸੇ ਹਿੱਸੇ ਵਿਚ ਪੰਜਾਬੀ ਸੱਭਿਆਚਾਰ ਸੰਬੰਧੀ ਪ੍ਰਸ਼ਨੋਤਰੀ ਹੋਵੇਗੀ ਜਿਸ ਵਿਚ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਅਹਿਮ ਸ਼ਬਦ ਅਤੇ ਭੁੱਲੇ ਵਿਸਰੇ ਵਰਤਾਰਿਆਂ ਪ੍ਰਤੀ ਸਵਾਲ ਪੁੱਛੇ ਜਾਣਗੇ I ਜਿਕਰ ਯੋਗ ਹੈ ਕਿ ਇਸ ਪ੍ਰਤੀਯੋਗਿਤਾ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀ ਤਿਆਰੀ ਲਈ ਸਾਹਿਤ ਸੁਮੇਲ ਦੀ ਸਮੁੱਚੀ ਟੀਮ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ I

ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਦੀ ਟੀਮ ਦਾ ਕਹਿਣਾ ਹੈ ਕਿ ਬੱਚੇ ਸਾਡਾ ਭਵਿੱਖ ਹਨ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਸਾਡਾ ਕਰਤੱਵ ਹੈ ਆਸਟ੍ਰੇਲੀਆ ਪੰਜਾਬੀਆਂ ਦੇ ਬੱਚਿਆਂ ਲਈ ਅਜਿਹੇ ਬਾਲ ਉਤਸਵ ਦਾ ਆਯੋਜਨ ਸਮੇਂ ਦੀ ਲੋੜ ਹੈ I ਕਿਉਂਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਭੁੱਲ ਜਾਂਦੀਆਂ ਹਨ ਉਹ ਜਿਓਂਦਿਆਂ ਨਹੀਂ ਰਹਿੰਦੀਆਂ ਅਤੇ ਜੜ੍ਹਾਂ ਨਾਲੋਂ ਟੁੱਟੇ ਰੁੱਖ ਜਿਆਦਾ ਚਿਰ ਖੜੇ ਨਹੀਂ ਰਹਿੰਦੇ I ਸਾਡੇ ਬੱਚਿਆਂ ਨੇ ਠੰਡੀਆਂ ਛਾਵਾਂ ਦੇਣ ਵਾਲੇ ਰੁੱਖ ਬਨਣਾ ਹੈ ਅਤੇ ਆਪਣੀ ਮਾਂ ਬੋਲੀ ਦੇ ਪਿਆਰੇ I ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਵੱਲੋਂ ਕੀਤੀ ਗਈ ਛੋਟੀ ਜਹੀ ਕੋਸ਼ਿਸ਼ ਇਕ ਅਜਿਹਾ ਬੀਅ ਬਿਜੇਗੀ ਜੋ ਆਉਣ ਵਾਲੇ ਸਮੇਂ ਵਿਚ ਪੁੰਗਰੇਗਾ, ਨਵੇਂ ਬੂਟੇ ਉੱਗਣਗੇ ਨਵੀਆਂ ਕਰੂੰਬਲਾਂ ਫੁੱਟਣਗੀਆਂ ਅਤੇ  ਮਾਂ ਬੋਲੀ ਪੰਜਾਬੀ ਦਾ ਘੇਰਾ ਵਿਸ਼ਾਲ ਹੋਏਗਾ I ਇਸੇ ਆਸ ਦੇ ਨਾਲ ਸਾਰੀ ਟੀਮ ਵੱਲੋਂ ਸਾਊਥ ਆਸਟ੍ਰੇਲੀਆ  ਵਿਚ ਵਸਦੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ, ਪੰਜਾਬੀ ਭਾਸ਼ਾ ਨਾਲ ਜੋੜੋ ਅਤੇ ਆਪਣੇ ਬੱਚਿਆਂ ਨੂੰ ਬਾਲ ਉਤਸਵ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ I ਜੇਕਰ ਕਵਿਤਾ ਦੀ ਚੋਣ ਕਰਨ ਜਾਂ ਬੱਚੇ ਨੂੰ ਕਵਿਤਾ ਉਚਾਰਨ  ਦਾ ਅਭਿਆਸ ਕਰਾਉਣ ਵਿਚ ਕਿਸੀ ਤਰ੍ਹਾਂ ਦੀ ਮਦਦ ਲੋੜੀਦੀ ਹੈ ਤਾਂ ਪੋਸਟਰ ਵਿਚ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ I ਸਾਰੀ ਟੀਮ ਤੁਹਾਡੀ ਮਦਦ ਲਈ ਹਾਜ਼ਿਰ ਹੈ