NZ PIC 12 Oct-2

ਨਵੇਂ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਨੇ ਮੀਡੀਆ ਕਰਮੀਆ ਤੇ ਕਮਿਊਨਿਟੀ ਪ੍ਰਤੀਨਿਧਾਂ ਨਾਲ ਕੀਤੀ ਪਹਿਲੀ ਮਿਲਣੀ
-ਔਕਲੈਂਡ ਆਨਰੇਰੀ ਕੌਂਸਿਲ ਭਵ ਢਿੱਲੋਂ ਨੇ ਆਖਿਆਂ ‘ਜੀ ਆਇਆਂ’
ਔਕਲੈਂਡ 12 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਨੇ ਅੱਜ ਔਕਲੈਂਡ ਸਥਿਤ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ ਦੇ ਦਫਤਰ ਭਾਰਤੀ ਮੀਡੀਆ ਕਰਮੀਆਂ ਅਤੇ ਕਮਿਊਨਿਟੀ ਪ੍ਰਤੀਨਿਧਾਂ ਦੇ ਨਾਲ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ। ਲਗਪਗ ਦੋ ਦਰਜਨ ਤੋਂ ਵੱਧ ਵੱਖ-ਵੱਖ ਅਖਬਾਰਾਂ, ਰੇਡੀਓ ਸਟੇਸ਼ਨ ਅਤੇ ਟੀ.ਵੀ. ਚੈਨਲਾਂ ਨਾਲ ਸਬੰਧਿਤ ਕਰਮੀਆਂ ਨੂੰ  ਸਭ ਤੋਂ ਪਹਿਲਾਂ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ ਨੇ ਜੀ ਆਇਆਂ ਆਖਿਆ। ਉਨ੍ਹਾਂ ਸੰਖੇਪ ਰੂਪ ਵਿਚ ਸ੍ਰੀ ਮੁਕਤੇਸ ਪਰਦੇਸ਼ੀ ਦੇ ਜੀਵਨ ਕਾਰਜ ਕਾਲ ਬਾਰੇ ਦੱਸਿਆ। ਭਾਰਤ ਦੇ ਵਿਚ ਪਾਸਪੋਰਟ ਬਨਾਉਣ ਦੇ ਵਿਚ ਆਈ ਤੇਜ਼ੀ ਤੇ ਵੱਖ- ਵੱਖ ਮੁਲਕਾਂ ਦੇ ਵਿਚ ਸ੍ਰੀ ਮੁਕਤੇਸ਼ ਪਰਦੇਸ਼ੀ ਦੇ ਕੀਤੇ ਕਾਰਜਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਸਟੇਜ ਉਤੇ ਸੱਦਾ ਦਿੱਤਾ। ਸ੍ਰੀ ਮੁਕਤੇਸ਼ ਪਰਦੇਸ਼ੀ ਨੇ ਆਏ ਸਾਰੇ ਮੀਡੀਆ ਕਰਮੀਆਂ ਦਾ ਧੰਨਵਾਦ ਕਰਦਿਆਂ ਭਾਰਤ-ਨਿਊਜ਼ੀਲੈਂਡ ਸਬੰਧਾਂ ਦੀ ਗੱਲ ਕੀਤੀ, ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਦੀ ਨਿਊਯਾਰਕ ਮਿਲਣੀ ਦੀ ਗੱਲ ਕੀਤੀ, ਵਪਾਰ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿਨਸਨ ਪੀਟਰਜ਼ ਦੀ ਫਰਵਰੀ ਮਹੀਨੇ ਸੰਭਾਵੀ ਭਾਰਤ ਯਾਤਰਾ ਦੀ ਗੱਲ ਕੀਤੀ, ਦਿਵਾਲੀ ਵਰਗੇ ਮੇਲਿਆਂ ਦੀ ਗੱਲ ਕੀਤੀ ਅਤੇ ਓ.ਸੀ.ਆਈ. ਬਨਾਉਣ ਵਿਚ ਤੇਜ਼ੀ, ਵਲਿੰਗਟਨ ਵਿਖੇ ਹੀ ਪਾਸਪਰੋਟ ਪ੍ਰਿੰਟ ਕਰਨ ਦੀ ਗੱਲ ਕੀਤੀ ਅਤੇ ਹੋਰ ਸੁਝਾਅ ਮੰਗੇ। ਭਾਰਤ-ਨਿਊਜ਼ੀਲੈਂਡ ਦੇ ਇਸ ਵੇਲੇ 3 ਬਿਲੀਅਨ ਡਾਲਰ ਦੇ ਹੋ ਰਹੇ ਬਿਜ਼ਨਸ ਦੀ ਵੀ ਗੱਲ ਹੋਈ, ਗਲੋਬਲ ਪਾਸਪੋਰਟ ਸੇਵਾ ਬਾਰੇ ਦੱਸਿਆ ਗਿਆ। ਮੀਡਆ ਕਰਮੀਆਂ ਨੇ ਮੰਗ ਰੱਖੀ ਕਿ ਨਿਊਜ਼ੀਲੈਂਡ ਦੇ ਵਿਚ ਇਕ ਦਿਨ ‘ਇੰਡੀਆ ਡੇਅ’ ਮਨਾਇਆ ਜਾਵੇ, ਜਿਸ ਬਾਰੇ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਹਾਂ ਹੈ। ਰੂਪਾ ਸੱਚਦੇਵ ਨੇ ਭਾਰਤੀ ਕੁੜੀਆਂ ਦੇ ਉਤੇ ਹੋ ਰਹੇ ਨਕਲੀ ਵਿਆਹਾਂ ਦੇ ਧੋਖੇ ਅਤੇ ਦਾਜ ਸਮੱਸਿਆ ਦੀ ਗੱਲ ਕੀਤੀ ਜਿਸ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਹੱਦ ਤੱਕ ਤਾਂ ਸਹਾਇਤਾ ਕਰ ਸਕਦੇ ਹਨ ਜੇਕਰ ਕਾਨੂੰਨ ਅਨੁਸਾਰ ਉਨ੍ਹਾਂ ਤੱਕ ਪਹੁੰਚ ਹੋ ਸਕੇ। ਸੈਕਿੰਡ ਸੈਕਟਰੀ ਹਾਈ ਕਮਿਸ਼ਨ ਸ੍ਰੀ ਪਰਮਜੀਤ ਸਿੰਘ ਨੇ ਵੀ ਇਸ ਮੌਕੇ ਕੁਝ ਸਵਾਲਾਂ ਦੇ ਜਵਾਬਾਂ ਨੂੰ ਨਿਖਾਰਿਆ ਅਤੇ ਆਏ ਸਾਰੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।