PIC (1)
ਡਾ. ਮੁਹੰਮਦ ਇਦਰੀਸ
ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ. ਭਾਈ ਕਾਹਨ ਸਿੰਘ ਨਾਭਾ ਦੇ ਗੁਰਸ਼ਬਦ ਰਤਨਾਕਰ ਮਹਾਨਕੋਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸਾਖ ਸੁਦੀ 3 (20 ਵੈਸਾਖ) ਸੰਮਤ 1526 ਈਸਵੀ ਨੂੰ ਹੋਇਆ ਸੀ. ਹਰਬੰਸ ਸਿੰਘ ਦੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਨੁਸਾਰ ਆਧੁਨਿਕ ਇਤਿਹਾਸਕਾਰਾਂ ਅਨੁਸਾਰ ਕੱਤਕ ਦੇ ਮਹੀਨੇ ਪੂਰੇ ਚੰਨ ਵਾਲੇ ਦਿਨ ਮਨਾਇਆ ਜਾਂਦਾ ਹੈ. ਰਾਇ ਭੋਇ ਦੀ ਤਲਵੰਡੀ ਦਾ ਨਾਮ ਹੁਣ ਨਨਕਾਣਾ ਸਾਹਿਬ ਹੈ ਗੁਰੂ ਨਾਨਕ ਦੇਵ ਜੀ 550 ਸਾਲਾ ਦਿਵਸ ਨੂੰ ਸਮਰਪਿਤ ਹਿੱਤ ਪਾਕਿਸਤਾਨ ਦੀ ਸਰਕਾਰ ਵੱਲੋਂ ਜਿਲਾ ਬਣਾ ਦਿੱਤਾ ਗਿਆ. ਇਹ ਲਾਹੌਰ ਤੋਂ 65 ਕਿਲੋਮੀਟਰ ਪੱਛਮ ਵੱਲ ਹੈ.. ਉਹਨ੍ਹਾਂ ਦੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਅਤੇ ਪਿਤਾ ਦਾ ਮਹਿਤਾ ਕਾਲੂ ਸੀ, ਉਹ ਖੱਤਰੀਆ ਬੇਦੀ ਗੋਤ ਨਾਲ ਸਬੰਧ ਰੱਖਦੇ ਸਨ. ਮੁੱਢਲੀ ਉਮਰ ਵਿਚ ਗੁਰੂ ਨਾਨਕ ਜੀ ਦੁਆਰਾ ਸਿੱਖਿਆ ਦੇ ਖੇਤਰ ਵਿਚ ਹਿਸਾਬ ਤੇ ਲੰਡਾ ਲਿਪੀ ਆਦਿ ਆਪਣੇ ਪਿਤਾ ਤੋਂ, ਗੋਪਾਲ ਪੰਡਿਤ ਤੋਂ ਹਿੰਦੀ, ਬ੍ਰਿਜ ਲਾਲ ਪੰਡਿਤ ਤੋਂ ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਇੱਕ ਮੁਸਲਿਮ ਮੋਲਵੀ ਕੁਤਬਊਦਦੀਨ ਤੋਂ ਸਿੱਖੀ ਸੀ. ਬਚਪਨ ਤੋਂ ਹੀ ਉਨ੍ਹਾਂ ਦਾ ਸੁਭਾਅ ਸੂਫੀਆਂ ਅਤੇ ਸੰਤਾਂ ਵਾਲਾ ਸੀ.
ਪਰਿਵਾਰਕ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਉਹ ਨੌਕਰੀ ਕਰਨ ਹਿੱਤ ਸੁਲਤਾਨਪੁਰ ਲੋਧੀ ਵੱਡੀ ਭੈਣ ਨਾਨਕੀ ਕੋਲ ਆ ਗਏ. ਜਿਸ ਨੂੰ ਸਤਿਕਾਰ ਸਹਿਤ ਬੇਬੇ ਨਾਨਕੀ ਕਿਹਾ ਜਾਂਦਾ ਹੈ. ਬੇਬੇ ਨਾਨਕੀ ਦੇ ਪਤੀ ਜੈ ਰਾਮ ਦੁਆਰਾ ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖ਼ਾਨ ਲੋਧੀ ਜੋ ਪੰਜਾਬ ਦਾ ਗਵਰਨਰ ਸੀ, ਦੇ ਮੋਦੀਖਾਨਾ ਵਿਚ ਦਿਵਾ ਦਿੱਤੀ ਗਈ. ਪ੍ਰੰਤੂ ਇੱਥੇ ਵੀ ਉਨ੍ਹਾਂ ਦਾ ਮਨ ਦੁਨਿਆਵੀ ਕੰਮਾਂ ਵਿਚ ਨਾ ਲੱਗਾ, ਸਗੋਂ ਉਹ ਪ੍ਰਮਾਤਮਾ ਦੀ ਉਸਤਤ ਵਿਚ ਮਸਤ ਅਤੇ ਲੀਨ ਰਹਿੰਦੇ ਸਨ. 1487 ਈਸਵੀ ਵਿਚ ਮੂਲ ਚੰਦ ਖੱਤਰੀ ਜੋ ਕਿ ਬਟਾਲਾ ਲਾਗੇ ਪੱਖੋਕੇ ਰੰਧਾਵਾਂ ਦਾ ਰਹਿਣ ਵਾਲਾ ਸੀ ਦੀ ਪੁੱਤਰੀ ਸੁਲੱਖਣੀ ਨਾਲ ਉਨਾਂ ਦਾ ਵਿਆਹ ਹੋਇਆ. ਉਹਨਾਂ ਦੇ ਘਰ ਬਾਬਾ ਸਿਰੀ ਚੰਦ ਅਤੇ ਬਾਬਾ ਲਖਮੀ ਦਾਸ ਪੁੱਤਰਾਂ ਦਾ ਜਨਮ ਹੋਇਆ. ਗੁਰੂ ਨਾਨਕ ਦੇਵ ਜੀ ਨੂੰ ਕਾਲੀ ਵੇਂਈ ਸੁਲਤਾਨਪੁਰ ਲੋਧੀ ਵਿਖੇ ਗਿਆਨ ਪ੍ਰਾਪਤ ਹੋਇਆ ਸੀ.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਾਰਤ ਵਿਚ ਸ਼ੈੈਵਮਤ, ਵੈਸ਼ਨਵ ਮੱਤ, ਬੁੱਧ, ਜੈਨ, ਇਸਲਾਮ ਧਰਮ, ਸਿੱਧ, ਨਾਥ, ਜੋਗੀਆਂ, ਭਗਤੀ ਲਹਿਰ, ਇਸਲਾਮ ਤੇ ਸੂਫ਼ੀ ਮਤ ਆਦਿ ਲਹਿਰਾਂ ਤੇ ਧਰਮਾਂ ਦਾ ਪ੍ਰਸਾਰ ਤੇ ਪ੍ਰਚਾਰ ਹੋ ਚੁੱਕਾ ਸੀ. ਗਿਆਨ ਪ੍ਰਾਪਤ ਉਪਰੰਤ ਗੁਰੂ ਨਾਨਕ ਦੇਵ ਜੀ ਦਾ ਮੁੱਢਲਾ ਮੰਤਵ ਉਪਰੋਕਤ ਸੰਪਰਦਾਵਾਂ, ਲਹਿਰਾਂ ਤੇ ਧਰਮਾਂ ਦੇ ਸਥਾਨਾਂ ਦੇ ਮੁਖੀਆਂ ਤੇ ਯਾਤਰਾਵਾਂ ਕਰਕੇ ਉਹਨਾਂ ਦੇ ਸਥਾਨਾਂ ਨਾਲ, ਸਮਾਜਿਕ, ਧਾਰਮਿਕ, ਸੱਭਿਆਚਾਰਕ ਮੁੱਦਿਆ ਉਪਰ ਸੰਵਾਦ ਰਚਾਉਣਾ ਸੀ. ਇਸ ਜਗਿਆਸਾ ਦੀ ਪੂਰਤੀ ਹਿੱਤ ਗੁਰੂ ਨਾਨਕ ਦੇਵ ਜੀ ਦੁਆਰਾ ਮਹੱਤਵਪੂਰਨ ਯਾਤਰਾਵਾਂ ਕੀਤੀਆਂ ਗਈਆਂ ਸਨ. ਯਾਤਰਾਵਾਂ ਦੌਰਾਨ ਵਧੇਰੇ ਸਮਾਂ ਭਾਈ ਮਰਦਾਨਾ (ਮੁਸਲਿਮ ਸਾਥੀ) ਉਹਨਾਂ ਦੇ ਨਾਲ ਰਹੇ ਸਨ. ਪੁਰਾਤਨ ਜਨਮ ਸਾਖੀ ਅਨੁਸਾਰ ਪੰਜ ਯਾਤਰਾਵਾਂ ਕੀਤੀਆਂ ਸਨ. ਪਰ ਸਿੱਖ ਪਰੰਪਰਾਵਾਂ ਵਿਚ ਗੁਰੂ ਜੀ ਦੀਆਂ ਚਾਰ ਉਦਾਸੀਆਂ ਦਾ ਜ਼ਿਕਰ ਆਉਂਦਾ ਹੈ. ਮਿਹਰਬਾਨ ਵਾਲੀ ਜਨਮਸਾਖੀ ਅਨੁਸਾਰ ਵੀ ਚਾਰ ਉਦਾਸੀਆਂ ਸਨ.
ਸ਼ੁਰੂਆਤ ਪੂਰਬ ਤੇ ਦੱਖਣ ਵੱਲ ਹਿੰਦੂ ਧਰਮ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਮਥਰਾ, ਅਯੁੱਧਿਆ, ਪ੍ਰਯਾਗ, ਬਨਾਰਸ, ਢਾਕਾ, ਗਯਾ, ਮਾਲਦੇਵ ਆਦਿ ਸਥਾਨਾਂ ਤੇ ਜਾ ਕੇ ਧਾਰਮਿਕ ਮੁਖੀਆਂ ਨਾਲ ਹੱਕ ਤੇ ਸੱਚ ਪ੍ਰਤੀ ਸੰਵਾਦ ਰਚਾਏ ਗਏ. ਪਰਬਤ ਦੇ ਇਲਾਕਿਆਂ ਜਵਾਲਾਮੁਖੀ, ਕਾਂਗੜਾ, ਰਵਾਲਸਰ, ਕੁੱਲੂ, ਮਨੀਕਰਨ, ਲਾਹੌਲ ਸਪਿਤੀ, ਕਸ਼ਮੀਰ ਵਾਦੀ, ਤਿੱਬਤ, ਨੇਪਾਲ ਅਤੇ ਭੂਟਾਨ ਆਦਿ ਧਾਰਮਿਕ ਸਥਾਨਾਂ ਤੇ ਗਏ.
ਗੁਰੂ ਨਾਨਕ ਦੇਵ ਜੀ ਸਮੇਂ ਭਾਰਤ ਵਿਚ ਦਿੱਲੀ ਸਲਤਨਤ ਦੇ ਲੋਧੀ ਸੁਲਤਾਨਾਂ ਅਤੇ ਮੁਗ਼ਲ ਬਾਦਸ਼ਾਹਾਂ ਦਾ ਰਾਜ ਸੀ. ਲੋਧੀ ਸੁਲਤਾਨ ਅਤੇ ਮੁਗ਼ਲ ਬਾਦਸ਼ਾਹ ਦੋਵੇਂ ਇਸਲਾਮ ਧਰਮ ਦੇ ਪੈਰੋਕਾਰ ਸਨ. ਇਸਲਾਮ ਮੱਧ ਪੂਰਬ ਤੋਂ ਕੇਂਦਰੀ ਏਸ਼ੀਆ ਰਾਹੀਂ ਭਾਰਤ ਵਿਚ ਪਹੁੰਚਿਆ ਸੀ. ਇਸਲਾਮ ਦੇ ਮੂਲ ਸਥਾਨ ਮੱਕਾ ਸ਼ਰੀਫ ਅਤੇ ਹੋਰ ਪ੍ਰਮੁੱਖ ਇਸਲਾਮੀ ਕੇਂਦਰਾਂ, ਧਾਰਮਿਕ ਸਥਾਨਾਂ ਦੀ ਅਗਲੀ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨਾਲ ਸੁਲਤਾਨ ਪੁਰ ਲੋਧੀ ਤੋਂ ਸ਼ੁਰੂ ਕੀਤੀ ਗਈ ਸੀ. ਇਸ ਯਾਤਰਾ ਦਾ ਮੰਤਵ ਭਾਰਤੀ ਹੁਕਮਰਾਨਾਂ ਦੇ ਧਰਮ, ਧਾਰਮਿਕ ਸਥਾਨਾਂ, ਰੀਤੀ^ਰਿਵਾਜਾਂ ਵਿਰਾਸਤ ਅਤੇ ਉਨ੍ਹਾਂ ਦੇ ਜੀਵਨ ਸ਼ਕਤੀ ਸੋਮਿਆਂ ਨੂੰ ਜਾਨਣਾ ਸੀ. ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਅਨੁਸਾਰ ਗੁਰੂ ਨਾਨਕ ਦੇਵ ਜੀ ਮੱਕਾ ਮਦੀਨਾ ਤੋਂ ਬਗ਼ਦਾਦ ਪਹੁੰਚੇ ਸਨ. ਮੱਕਾ ਜਾਣ ਸਮੇਂ ਰਸਤੇ ਵਿਚ ਤਲਵੰਡੀ ਰਾਇ ਭੌਇ, ਖ਼ੈਰਪੁਰ, ਸਿੰਧ, ਖ਼ਾਨਪੁਰ, ਅਹਿਮਦਪੁਰ ਉੱਚ,  ਮੁਲਤਾਨ, ਆਦਿ ਪ੍ਰਮੁੱਖ ਇਸਲਾਮੀ ਧਾਰਮਿਕ ਸਥਾਨਾਂ ਤੇ ਰੁਕੇ ਸਨ. ਮੁਲਤਾਨ ਵਿਚ ਸੌਹਰਾਵਰਦੀ ਸੂਫ਼ੀਆਂ ਨੂੰ ਮਿਲਣ ਉਪਰੰਤ ਉੱਚ ਵਿਖੇ ਹਾਜੀ ਅਬਦੁੱਲਾ ਬੁਖ਼ਾਰੀ ਸੌਹਰਾਵਰਦੀ ਨੂੰ ਮਿਲੇ ਸਨ. ਪਾਕਪਟਨ ਵਿਖੇ ਸ਼ੇਖ ਫ਼ਰੀਦ ਦੀ ਦਰਗਾਹ ਉੱਪਰ 12ਵੇਂ ਗੱਦੀ ਨਸ਼ੀਨ ਸ਼ੇਖ਼ ਇਬਰਾਹੀਮ ਫ਼ਰੀਦ ਸਾਨੀ ਨਾਲ ਮੁਲਾਕਾਤ ਉਪਰੰਤ ਤੁਲੰਬਾ ਭਾਵ ਮਖ਼ਦੂਮਪੁਰਾ ਗਏ. ਉੱਥੇ ਗੂਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਹੋਈ ਸੀ.
ਇਸ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ਼ਤੀ ਰਾਹੀਂ ਸਫ਼ਰ ਤੈਅ  ਕੀਤਾ ਗਿਆ. ਉਨ੍ਹਾਂ ਦੇ ਨਾਲ ਭਾਈ ਮਰਦਾਨਾ ਤੇ ਮੁਲਤਾਨ ਦਾ ਸੂਫ਼ੀ ਬਹਾਊਦਦੀਨ ਵੀ ਸਨ. ਇਸ ਯਾਤਰਾ ਦੌਰਾਨ ਹੀ ਲਖ਼ਪਤ ਨਗਰ ਤੋਂ ਕੁਰੀਆਨੀ ਅਤੇ ਕੋਟ ਸਵੇਰਾ ਰਾਹੀਂ ਸਮੁੰਦਰ ਕੰਢੇੇ ਤੇ ਬਣੇ ਨਰਾਇਣ ਸਵਾਮੀ ਮੰਦਿਰ ਵਿਖੇ ਜਾਣ ਉਪਰੰਤ ਸੈਨਮਿਆਨੀ (ਮਿਆਨੀ) ਬੰਦਰਗਾਹ ਮੌਜੂਦਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ 80 ਕਿਲੋਮੀਟਰ ਪੱਛਮ ਵੱਲ ਪਹੁੰਚੇ ਸਨ.
ਯਮਨ ਦੇ ਸ਼ਹਿਰ ਅਦਨ ਵਿਖੇ ਕੁਝ ਦਿਨ ਰੁਕਣ ਉਪਰੰਤ ਸਾਊਦੀ ਅਰਬੀਆ ਦੇ ਸ਼ਹਿਰ ਜੱਦਾ ਦੀ ਬੰਦਰਗਾਹ ਰਾਹੀਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਅਤੇ ਸੱਯਦ ਮੁਹੰਮਦ ਗੌਸ,  ਜੋ ਕਿ ਸਨਕੌਤਰਾ ਦਾ ਰਹਿਣ ਵਾਲਾ ਸੂਫ਼ੀ ਸੀ, ਨਾਲ 40 ਮੀਲ ਲੰਬਾ ਰੇਗਿਸਤਾਨੀ ਰਸਤਾ ਤੈਅ ਕਰਕੇ ਮੱਕਾ ਪਹੁੰਚੇ ਸਨ. ਮੱਕਾ ਸਰੀਫ਼ ਵਿਖੇ ਰੱਬ ਦੇ ਘਰ ਕਾਅਬਾ ਦੀ ਮਸਜਿਦ ਵੱਲ ਗੁਰੂ ਨਾਨਕ ਦੇਵ ਜੀ ਦਾ ਪੈਰ੍ਹ ਕਰਕੇ ਸੌਣਾ ਅਤੇ ਮੌਲਵੀ ਮੁਹੰਮਦ ਹਸਨ, ਇਮਾਮ ਜਫ਼ਰ, ਪੀਰ ਅਬਦਲ ਵਹਾਵ ਅਤੇ ਰੁਕਨਊਦਦੀਨ ਨਾਲ ਵਾਰਤਾ ਮੁਸਲਿਮ ਸਿੱਖ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ. ਇਸ ਸਮੇਂ ਗੁਰੂ ਨਾਨਕ ਜੀ ਨੇ ਨੀਲਾ ਬਾਣਾ ਧਾਰਨ ਕੀਤਾ ਹੋਇਆ ਸੀ, ਨਮਾਜ ਪੜ੍ਹਨ ਵਾਲਾ ਮੁਸੱਲਾ, ਲੋਟਾ ਅਤੇ ਸ਼ਬਦਾਂ ਦੀ ਪੋਥੀ ਕੋਲ ਰੱਖੇ ਹੋਏ ਸਨ. ਦੇਖਣ ਵਿਚ ਗੁਰੂ ਨਾਨਕ ਦੇਵ ਜੀ ਮੁਸਲਿਮ ਹਾਜੀ ਲੱਗਦੇ ਸਨ. ਇਹ ਵੇਰਵਾ ਮੱਕੇ ਮਦੀਨੇ ਦੀ ਗੋਸ਼ਟ ਅਧੀਨ ਦਰਜ ਹੈ. ਭਾਈ ਗੁਰਦਾਸ ਜੀ ਦੁਆਰਾ ਇਸ ਨੂੰ ਵਾਰ ਪਹਿਲੀ ਦੀ ਪਾਊੜੀ ਵਿਚ ਲਿਖਿਆ ਗਿਆ ਹੈ. ਭਾਈ ਗੁਰਦਾਸ, ਭਾਈ ਮਨੀ ਸਿੰਘ ਅਤੇ ਮਿਹਰਬਾਨ ਅਨੁਸਾਰ ਮੱਕਾ ਤੋਂ ਗੁਰੂ ਨਾਨਕ ਮਦੀਨਾ ਸ਼ਰੀਫ ਵੱਲ ਨੂੰ ਗਏ ਜਿੱਥੇ ਹਜ਼ਰਤ ਮੁਹੰਮਦ (ਸ) ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਤੀਤ ਕੀਤੇ ਸਨ. ਮਦੀਨਾ ਵਿਖੇ ਉਨ੍ਹਾਂ ਦੀ ਵਾਰਤਾ ਇਮਾਮ ਜਫ਼ਰ ਆਦਿ ਮੌਲਵੀਆਂ ਨਾਲ ਹੋਈ ਸੀ. ਮਦੀਨਾ ਸ਼ਰੀਫ ਤੋਂ ਉਹ ਬਗ਼ਦਾਦ ਗਏ. ਬਗ਼ਦਾਦ ਵਿਖੇ ਉਨ੍ਹਾਂ ਦੀ ਵਾਰਤਾ ਪੀਰ ਦਸਤਗੀਰ, ਅਬਦੁਲ ਕਾਦਿਰ ਜਿਲਾਨੀ, ਪੀਰ ਬਹਿਲੋਲ ਆਦਿ ਮੌਲਵੀਆਂ ਨਾਲ ਹੋਈ ਸੀ. ਭਾਈ ਗੁਰਦਾਸ ਜੀ ਅਨੁਸਾਰ
ਫਿਰਿ ਮਕੇ ਆਇਆ ਨੀਲ ਬਸਤ੍ਰ ਧਾਰੇ ਬਨਵਾਰੀ
ਆਸਾ ਹਥਿ ਕਿਤਾਬ ਕਛਿ
ਦੂਜਾ ਬਾਂਗ ਮੁਸਲਾ ਧਾਰੀ.
ਬਗਦਾਦ ਤੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਤਹਿਰਾਨ ਅਤੇ ਮਸਹਦ (ਤੂਸ) ਰਾਹੀਂ ਤਬਰੇਜ਼, ਕੰਧਾਰ, ਕਾਬੁਲ, ਜਲਾਲਾਬਾਦ, ਪਿਸ਼ਾਵਰ, ਨੌਸ਼ਿਹਰਾ, ਹੋਤੀ ਮਰਦਾਨ, ਹਸਨ ਅਬਦਾਲ, ਸੱਯਦਪੁਰ ਤੋਂ ਤਲਵੰਡੀ ਰਾਇ ਭੋਇ ਰਾਹੀਂ ਵਾਪਿਸ ਪਹੁੰਚੇ ਸਨ. ਗੁਰੂ ਨਾਨਕ ਦੇਵ ਜੀ ਦੁਆਰਾ ਵਧੇਰੇ ਰਸਤਾ ਪੈਦਲ ਹੀ ਤਹਿ ਕੀਤਾ ਗਿਆ ਸੀ, ਪ੍ਰਸਿੱਧ ਯਾਤਰੀ ਇਬਨ^ਬਾਤੂਤਾ, ਹਾਜੀਆਂ, ਵਪਾਰੀਆਂ, ਸੂਫ਼ੀਆਂ ਅਤੇ ਕੁਝ ਹਮਲਾਵਰਾਂ ਵਲੋਂ ਮੱਧਕਾਲ ਸਮੇਂ ਇਸ ਰਸਤੇ ਰਾਹੀਂ ਆਉਣ ਜਾਣ ਦੇ ਸਾਨੂੰ ਅਨੇਕਾਂ ਹਵਾਲੇ ਮਿਲਦੇ ਹਨ. 22 ਸਤੰਬਰ 1539 ਈਸਵੀ ਨੂੰ ਅ੍ਰੰਮਿਤ ਵੇਲੇ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ.
ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਉਦੇਸ਼ ਝੂਠੇ ਰੀਤੀ^ਰਿਵਾਜਾਂ, ਕਰਮਕਾਡਾਂ, ਮੂਰਤੀ ਪੂਜਾ, ਜਾਤ^ਪਾਤ, ਜਨਮ, ਰੰਗ, ਨਸਲ, ਬਰਾਦਰੀਆਂ, ਊਚ^ਨੀਚ, ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ ਆਦਿ ਅਸਮਾਨਤਾਵਾਂ ਆਦਿ ਵਿਰੁਧ ਸੁਨੇਹਾ ਦੇਣਾ ਸੀ. ਗੁਰੂ ਜੀ ਦੁਆਰਾ ਦਿੱਤੇ ਗਏ ਉਪਦੇਸ਼ ਇਸਲਾਮ ਧਰਮ *ਤੇ ਹਜ਼ਰਤ ਮੁਹੰਮਦ (ਸ) ਦੀਆਂ ਸਿੱਖਿਆਵਾਂ ਵਿਚਕਾਰ ਅਨੇਕਾਂ ਸਮਾਨਤਾਵਾਂ ਰੱਖਦੇ ਹਨ. ਇਨ੍ਹਾਂ ਵਿਚੋਂ ਪ੍ਰਮੁੱਖ ਸਮਾਨਤਾਵਾਂ ਇੱਕ ਰੱਬ, ਉਸ ਪ੍ਰਤੀ ਸੱਚਾ ਵਿਸ਼ਵਾਸ਼, ਰੱਬ ਦੀ ਬੰਦਗੀ, ਜਾਤ^ਪਾਤ ਦਾ ਖੰਡਨ, ਯੱਗਾਂ, ਬਲੀਆਂ ਤੇ ਹੋਰ ਕਰਮਕਾਂਡਾਂ ਦਾ ਵਿਰੋਧ, ਮੂਰਤੀ ਪੂਜਾ ਦਾ ਖੰਡਨ, ਧਾਰਮਿਕ ਸਹਿਨਸ਼ੀਲਤਾ, ਰੱਬ ਦੀ ਨਿਰੰਕਾਰਤਾ, ਸਰਵ ਵਿਆਪਕਤਾ, ਦਿਆਲਤਾ, ਅਨੰਤਤਾ, ਰੱਬ ਦੀ ਪ੍ਰਾਪਤੀ ਲਈ ਸਮਰਪਿਤਤਾ, ਚੰਗੇ ਕੰਮਾਂ ਤੇ ਕਰਮਾਂ ਤੇ ਜ਼ੋਰ, ਗ੍ਰਹਿਸਤੀ ਜੀਵਨ, ਸਰਬੱਤ ਦਾ ਭਲਾ, ਸੰਸਾਰ ਦੀ ਉਤਪਤੀ, ਨਰੋਆ ਸਮਾਜ ਸਿਰਜਣ ਲਈ ਉਪਦੇਸ਼, ਨੈਤਿਕ ਅਤੇ ਪਵਿੱਤਰ ਜੀਵਨ ਬਤੀਤ ਕਰਨ ਤੇ ਜੋਰ, ਪ੍ਰਭਾਵਸ਼ਾਲੀ ਵਿਅਕਤੀਤਵ, ਸਿਖਿਆਵਾਂ ਅਨੁਸਾਰ ਜੀਵਨ, ਸਿੱਖਿਆਵਾਂ ਦੀ ਸਰਲਤਾ, ਜਾਤੀ ਅਭਿਮਾਨ ਦਾ ਖੰਡਨ, ਸੰਗਤ ਅਤੇ ਲੰਗਰ ਪ੍ਰਥਾ, ਮਨੁੱਖਤਾ ਦੀ ਸੇਵਾ, ਸਵੇਰ^ਸ਼ਾਮ ਪਰਮਾਤਮਾ ਦਾ ਨਾਮ ਲੈਣਾ, ਜ਼ੁਕਾਤ ਤੇ ਧਰਮ ਹਿੱਤ ਦਾਨ ਪੁੰਨ ਰਾਜਨੀਤਿਕ ਅਤਿਆਚਾਰਾਂ ਅਤੇ ਜਬਰ ਵਿਰੁੱਧ ਆਵਾਜ਼ ਉਠਾਉਣੀ, ਸੱਚੇ ਮਾਰਗ ਦਰਸ਼ਕ, ਪੈਗੰਬਰ, ਦਾਰਸ਼ਨਿਕ, ਗ੍ਰਹਿਸਤੀ ਦੇ ਨਾਲ ਸੱਚ ਦੀ ਆਵਾਜ਼ ਲਈ ਯਾਤਰਾ ਕਰਨ ਵਾਲੇ, ਸੱਚੇ ਤੇ ਪੱਕੇ ਦੇਸ਼ ਭਗਤ, ਨਿਧੱੜਕ, ਨਿਮਰਤਾ ਦੇ ਪੰੁਜ ਅਤੇ ਮਿੱਠੇ ਸੁਭਾਅ ਵਾਲੇ ਨੀਤੀ ਵੇਤਾ, ਅਤੇ ਵਿਸ਼ਵ ਵਿਆਪੀ ਤੇ ਸਿੱਖਿਅਕ ਆਦਿ ਹਨ.
ਗੁਰੂ ਨਾਨਕ ਦੇਵ ਜੀ ਨੂੰ ਵਿਸ਼ਵ ਦੇ ਮਹੱਤਵਪੂਰਨ ਧਰਮਾਂ ਇਸਲਾਮ ਅਤੇ ਹਿੰਦੂ ਵਿਚ ਵਿਸ਼ੇਸ਼ ਤੇ ਉਚੇਚਾ ਸਥਾਨ ਪ੍ਰਾਪਤ ਹੈ. ਦੋਵੇਂ ਧਰਮਾਂ ਦੇ ਲੋਕ ਗੁਰੂ ਜੀ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਕਹਿੰਦੇ ਹਨ:
ਬਾਬਾ ਨਾਨਕ ਸ਼ਾਹ ਫ਼ਕੀਰ॥
ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ॥