IMG_0736 IMG_0739 IMG_0732
ਦੇਸੂ ਯੋਧਾ ਹਰਿਆਣਾ, ਬਠਿੰਡਾ/ 9 ਅਕਤੂਬਰ/ ਬਲਵਿੰਦਰ ਸਿੰਘ ਭੁੱਲਰ
ਨਿਯਮਾਂ ਨੂੰ ਅਣਗੌਲਿਆਂ ਕਰਕੇ ਦੂਜੇ ਰਾਜ ਵਿੱਚ ਛਾਪਾ ਮਾਰਨਾ ਬਠਿੰਡਾ ਪੁਲਿਸ ਨੂੰ ਇਸ ਕਦਰ ਪੁੱਠਾ ਪੈ ਗਿਆ, ਕਿ ਉਸ ਵੱਲੋਂ ਕੀਤੀ ਬੇਲੋੜੀ ਫਾਇਰਿੰਗ ਨਾਲ ਨਾ ਸਿਰਫ ਇੱਕ ਬੇਗੁਨਾਹ ਕਾਮੇ ਦੀ ਮੌਤ ਹੋ ਗਈ, ਬਲਕਿ ਉਤੇਜਿਤ ਪੇਂਡੂਆਂ ਵੱਲੋਂ ਉਸਦੇ ਕਰਮਚਾਰੀਆਂ ਦੀ ਕੀਤੀ ਗਿੱਦੜਕੁੱਟ ਨੇ ਅੱਤਵਾਦ ਦਾ ”ਖਾਤਮਾ” ਕਰਨ ਦੀ ਦਾਅਵੇਦਾਰ ਪੰਜਾਬ ਪੁਲਿਸ ਨੂੰ ਸ਼ਰਮਨਾਕ ਸਥਿਤੀ ਵਿੱਚ ਪਾ ਕੇ ਰੱਖ ਦਿੱਤਾ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਕੁਝ ਦਿਨ ਪਹਿਲਾਂ ਸੀ ਆਈ ਏ ਸਟਾਫ ਬਠਿੰਡਾ 1 ਦੀ ਪੁਲਿਸ ਨੇ ਕਿਸੇ ਵਿਅਕਤੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ, ਪੁੱਛਗਿੱਛ ਦੌਰਾਨ ਹੋਏ ਇੰਕਸਾਫ ਤੇ ਉਸਨੂੰ ਨਾਲ ਲੈ ਕੇ ਉਹ ਹਰਿਆਣਾ ਦੇ ਥਾਨਾ ਡੱਬਵਾਲੀ ਸ਼ਹਿਰੀ ਅਧੀਨ ਪੈਂਦੇ ਪਿੰਡ ਦੇਸੂ ਯੋਧਾਂ ਵਿਖੇ ਅਗਲੀ ਕਾਰਵਾਈ ਲਈ ਚਲੀ ਗਈ। ਨਿਯਮਾਂ ਮੁਤਾਬਿਕ ਦੂਜੇ ਰਾਜ ਜਾਂ ਥਾਨੇ ਵਿੱਚ ਜਾਣ ਸਮੇਂ ਉੱਥੋਂ ਦੀ ਪੁਲਿਸ ਨੂੰ ਸੂਚਿਤ ਕਰਨਾ ਜਰੂਰੀ ਹੁੰਦਾ ਹੈ, ਲੇਕਿਨ ਬਠਿੰਡਾ ਪੁਲਿਸ ਨੇ ਅਜਿਹਾ ਕਰਨ ਦੀ ਬਜਾਏ ਸਿੱਧੇ ਤੌਰ ਤੇ ਹੀ ਕੁਲਵਿੰਦਰ ਸਿੰਘ ਨਾਂ ਦੇ ਇੱਕ ਸਖ਼ਸ ਦੇ ਘਰ ਅੱਜ ਸੁਭਾ 6 ਵਜੇ ਦੇ ਕਰੀਬ ਉਦੋਂ ਛਾਪਾਮਾਰੀ ਜਾ ਕੀਤੀ, ਜਦੋਂ ਉਹ ਪਰਿਵਾਰ ਹਾਲੇ ਚਾਹ ਪਾਣੀ ਹੀ ਪੀ ਰਿਹਾ ਸੀ।
ਇਸੇ ਦੌਰਾਨ ਹੋਈ ਤਲਖੀ ਤੋਂ ਇੱਕ ਪੁਲਿਸ ਕਰਮਚਾਰੀ ਇਸ ਕਦਰ ਆਪਾ ਖੋਹ ਬੈਠਾ ਕਿ ਉਸਨੇ ਫਿਲਮੀ ਸਟਾਈਲ ਵਿੱਚ ਆਪਣੇ ਆਟੋਮੈਟਿਕ ਹਥਿਆਰ ਨਾਲ ਫਾਇਰਿੰਗ ਸੁਰੂ ਕਰ ਦਿੱਤੀ। ਇਸ ਫਾਇਰਿੰਗ ਨਾਲ ਕਰੀਬ 55 ਸਾਲਾ ਰਾਹਗੀਰ ਜੱਗਾ ਸਿੰਘ ਜੋ ਕੁਲਵਿੰਦਰ ਦਾ ਚਾਚਾ ਲਗਦਾ ਸੀ, ਮਾਰਿਆ ਗਿਆ। ਬੱਸ ਫਿਰ ਕੀ ਸੀ ਅਚਨਚੇਤ ਰੋਣ ਕੁਰਲਾਉਣ ਦੀ ਆਵਾਜ਼ ਸੁਣ ਕੇ ਅਣਗਿਣਤ ਪੇਂਡੂ ਘਟਨਾ ਸਥਾਨ ਤੇ ਪੁੱਜ ਗਏ। ਸਬੰਧਤ ਘਰ ਵਾਲਿਆਂ ਸਮੇਤ ਉਹ ਪੁਲਿਸ ਮੁਲਾਜਮਾਂ ਨੂੰ ਇਸ ਕਦਰ ਟੁੱਟ ਕੇ ਪੈ ਗਏ, ਕਿ ਇੱਕ ਔਰਤ ਕਰਮਚਾਰੀ ਸਮੇਤ ਪੁਲਸੀਏ ਜਾਨ ਬਚਾ ਕੇ ਉਸ ਕਮਰੇ ਵਿੱਚ ਜਾ ਲੁਕੇ, ਜਿਸ ਵਿੱਚ ਪਹਿਲਾਂ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਸਧਾਰਨ ਪਾਠ ਪ੍ਰਕਾਸ ਕੀਤਾ ਹੋਇਆ ਸੀ।
ਹਾਲਾਂਕਿ ਪੁਲਿਸ ਮੁਲਾਜਮਾਂ ਨੇ ਅੰਦਰੋਂ ਕੁੰਡਾ ਲਾ ਲਿਆ ਸੀ, ਲੇਕਿਨ ਬੇਗੁਨਾਹ ਦੀ ਮੌਤ ਤੋਂ ਪਿੰਡ ਵਾਲੇ ਏਨੇ ਜਿਆਦਾ ਗੁੱਸੇ ਵਿੱਚ ਸਨ, ਕਿ ਉਹਨਾਂ ਵੱਲੋਂ ਕੀਤੀ ਧੱਕਾਮੁੱਕੀ ਨਾਲ ਕੁੰਡਾ ਟੁੱਟ ਗਿਆ। ਬੱਸ ਫਿਰ ਕੀ ਸੀ! ਲੋਕਾਂ ਨੇ ਬੜੀ ਬੇਦਰਦੀ ਨਾਲ ਪੁਲਿਸ ਵਾਲਿਆਂ ਨੂੰ ਸੋਟਿਆਂ ਥਾਪਿਆਂ ਤੇ ਰਾਡਾਂ ਨਾਲ ਕੁਟਾਪਾ ਚਾੜ੍ਹ ਦਿੱਤਾ, ਇਸ ਮੌਕੇ ਹੱਥ ਜੋੜ ਜੋੜ ਪੁਲਿਸ ਕਰਮਚਾਰੀ ਆਪਣੀ ਜਾਨ ਦੀ ਖੈਰ ਮੰਗਦੇ ਦੇਖੇ ਗਏ। ਇਹ ਸਾਰਾ ਕੁੱਝ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਆਪਣੇ ਸਮਾਰਟ ਫੋਨਾਂ ਰਾਹੀਂ ਕੀਤੀ ਵੀਡੀਓਗ੍ਰਾਫੀ ਵਿੱਚ ਕੈਦ ਹੋ ਚੁੱਕਾ ਹੈ, ਜੋ ਬੜੀ ਵੱਡੀ ਪੱਧਰ ਤੇ ਸੋਸਲ ਮੀਡੀਆ ਵਿੱਚ ਛਾਈ ਪਈ ਹੈ।
ਇਤਲਾਹ ਮਿਲਦਿਆਂ ਹੀ ਬਠਿੰਡਾ, ਡੱਬਵਾਲੀ ਅਤੇ ਸਿਰਸਾ ਤੋਂ ਮੀਡੀਆ ਪ੍ਰਤੀਨਿਧ ਪਿੰਡ ਦੇਸੂ ਯੋਧਾਂ ਨੂੰ ਚੱਲ ਪਏ। ਸਬੰਧਤ ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਮੂੰਹ ਹਨੇਰੇ ਆਈ ਪੁਲਿਸ ਨੇ ਸੱਭਿਅਕ ਤਰੀਕੇ ਨਾਲ ਗੱਲ ਕਰਨ ਦੀ ਬਜਾਏ ਨਾ ਸਿਰਫ ਬਦਤਮੀਜੀ ਵਾਲਾ ਰੁਖ਼ ਅਪਨਾਇਆ, ਸਗੋਂ ਇਤਰਾਜ ਕਰਨ ਤੇ ਬੇਲੋੜੀ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇੱਕ ਬੇਗੁਨਾਹ ਕਾਮੇ ਦੀ ਮੌਤ ਹੋ ਗਈ, ਜੋ ਮਜਦੂਰੀ ਕਰਨ ਲਈ ਜਾ ਰਿਹਾ ਸੀ।
ਪਿੰਡ ਵਾਸੀਆਂ ਦੇ ਗੁੱਸੇ ਦਾ ਇਹ ਸਿਖ਼ਰ ਹੀ ਸੀ, ਕਿ ਗੋਲੀਬਾਰੀ ਤੋਂ ਬਾਅਦ ਉਹ ਪੁਲਿਸ ਕਰਮਚਾਰੀਆਂ ਨੂੰ ਨਾ ਸਿਰਫ ਧਰਤੀ ਤੇ ਘਸੀਟਦੇ ਰਹੇ, ਬਲਕਿ ਬਾਹਾਂ ਬੰਨ ਕੇ ਕੁਟਦੇ ਵੀ ਦੇਖੇ ਗਏ। ਜੇਕਰ ਕੁਝ ਸਮਝਦਾਰ ਪਿੰਡ ਵਾਸੀ ਮੌਕਾ ਨਾ ਸੰਭਾਲਦੇ ਤਾਂ ਬਹੁਤ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋ ਸਕਦਾ ਸੀ। ਕਿਸੇ ਪੇਂਡੂ ਵੱਲੋਂ ਦਿੱਤੀ ਸੂਚਨਾ ਦੇ ਅਧਾਰ ਤੇ ਡੱਬਵਾਲੀ ਤੋਂ ਆਈ ਪੁਲਿਸ ਨੇ ਬਠਿੰਡਾ ਪੁਲਿਸ ਦੇ ਕਰਮਚਾਰੀਆਂ ਨੂੰ ਛੁਡਵਾ ਕੇ ਆਪਣੇ ਕਬਜੇ ਵਿੱਚ ਲੈ ਲਿਆ। ਦੂਜੇ ਪਾਸੇ ਸੂਚਨਾ ਮਿਲਣ ਤੇ ਬਠਿੰਡਾ ਦੇ ਵੱਖ ਵੱਖ ਥਾਨਿਆਂ ਤੋਂ ਵੀ ਪੁਲਿਸ ਪਾਰਟੀਆਂ ਮੌਕੇ ਤੇ ਪੁੱਜ ਗਈਆਂ, ਪਰ ਉਸਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਹਾਲਾਤ ਨੂੰ ਆਪਣੇ ਕਾਬੂ ਵਿੱਚ ਲੈ ਲਿਆ ਸੀ।
ਮ੍ਰਿਤਕ ਜੱਗਾ ਸਿੰਘ ਦੀ ਲਾਸ਼ ਕਬਜੇ ਵਿੱਚ ਲੈ ਕੇ ਹਰਿਆਣਾ ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਦਾ ਅਮਲ ਸੁਰੂ ਕਰ ਦਿੱਤਾ, ਥਾਨਾ ਸਿਟੀ ਡੱਬਵਾਲੀ ਵਿਖੇ ਮੌਜੂਦ ਡੀ ਐੱਸ ਪੀ ਕੁਲਦੀਪ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਪੁਲਿਸ ਲਿਖਾ ਪੜ੍ਹੀ ਵਿੱਚ ਰੁਝੀ ਹੋਣ ਕਰਕੇ ਅਜੇ ਤੱਕ ਕਿਸੇ ਫਾਈਨਲ ਨਤੀਜੇ ਤੇ ਨਹੀਂ ਪੁੱਜੀ। ਦੂਜੇ ਪਾਸੇ ਸਥਾਨਕ ਮੈਕਸ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਰੇਂਜ ਦੇ ਆਈ ਜੀ ਸ੍ਰੀ ਏ ਕੇ ਮਿੱਤਲ ਨੇ ਦੱਸਿਆ ਕਿ ਗਿਰਫਤਾਰ ਕਥਿਤ ਦੋਸੀ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਉਸਨੂੰ ਨਾਲ ਲੈ ਕੇ ਜਿਉਂ ਹੀ ਬਠਿੰਡਾ ਦੀ ਪੁਲਿਸ ਪਾਰਟੀ ਹਰਿਆਣਾ ਦੇ ਬਾਰਡਰ ਨਜਦੀਕ ਪੁੱਜੀ ਤਾਂ ਸੱਕੀ ਵਿਅਕਤੀ ਭੱਜ ਨਿਕਲੇ, ਜਿਹਨਾਂ ਦਾ ਪਿੱਛਾ ਕਰਦੀ ਹੋਈ ਟੀਮ ਜਦ ਦੇਸੂ ਯੋਧਾ ਪੁੱਜੀ ਤਾਂ ਕੁਝ ਸਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ, ਜਿਸਦੀ ਬਦੌਲਤ ਸੱਤ ਕਰਮਚਾਰੀ ਜਖਮੀ ਹੋ ਗਏ।