Mardana

‘ਛੇੜ ਮਰਦਾਨਿਆਂ ਰਬਾਬ ਬਾਣੀ ਆਈ ਆ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਚੋਂ ਇਹ ਸਬਦ ਸੁਣਦਿਆਂ ਹੀ ਮਰਦਾਨਾ ਆਪਣੀਆਂ ਉਂਗਲਾਂ ਦੀ ਹਰਕਤ ਨਾਲ ਰਬਾਬ ਤੋਂ ਸੰਗੀਤ ਧੁੰਨਾਂ ਬਖੇਰਦਾ ਤਾਂ ਬਾਬਾ ਨਾਨਕ ਰੱਬੀ ਬਾਣੀ ਉਚਾਰਦੇ। ਕਈ ਦਹਾਕੇ ਇਹ ਸਾਥ ਨਿਭਿਆ ਅਤੇ ਅਜਿਹੀ ਬਾਣੀ ਉਚਾਰੀ ਗਈ ਜਿਸਤੇ ਅਮਲ ਕਰਿਆਂ ਅੱਜ ਵੀ ਜੀਵਨ ਸਫ਼ਲ ਹੋ ਜਾਂਦਾ ਹੈ।
ਪਿੰਡ ਰਾਇ ਭੋਇ ਦੀ ਤਲਵੰਡੀ ਜਿਲ੍ਹਾ ਸੇਖੂਪੁਰਾ ਜੋ ਪਾਕਿਸਤਾਨ ਵਿੱਚ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਵਿਖੇ ਭਾਈ ਮਰਦਾਨਾ ਦਾ  ਜਨਮ ਮੀਰ ਬਾਦਰੇ ਦੇ ਘਰ ਮਾਈ  ਲੱਖੋ ਦੀ ਕੁੱਖੋਂ ਹੋਇਆ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ੯ ਸਾਲ ਵੱਡਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਰਾਏਭੋਇ ਦੀ ਤਲਵੰਡੀ ਦੇ ਪਟਵਾਰੀ ਹੋਣ ਕਾਰਨ ਉੱਥੇ ਰਹਿੰਦੇ ਸਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਉੱਥੇ ਹੀ ਹੋਇਆ। ਭਾਈ ਮਰਦਾਨੇ ਨੇ ਜਦ ਬਾਲ ਨਾਨਕ ਦੇਵ ਦੇ ਦਰਸਨ ਕੀਤੇ ਤਾਂ ਉਹ ਇਸ ਰੂਹਾਨੀ ਜੋਤ ਨੂੰ ਦੇਖ ਦੇ ਨਿਹਾਲ ਹੋ ਗਿਆ। ਦੋਵੇਂ ਬਚਪਨ ਦੇ ਸਾਥੀ ਬਣ ਗਏ ਅਤੇ ਇਹ ਸਾਥ ਮਰਦਾਨੇ ਨੇ ਆਪਣੇ ਆਖਰੀ ਸਾਹ ਤੱਕ ਨਿਭਾਇਆ।
ਭਰ ਜਵਾਨੀ ਸਮੇਂ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਤਿਆਗ ਕੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਲੋਕਾਈ ਨੂੰ ਸੇਵਾ ਸਿਮਰਨ ਮਿਹਨਤ ਕਰਨ ਅਤੇ ਅਕਾਲ ਪੁਰਖ ਦਾ ਸੰਦੇਸ ਦੇਣ ਲਈ ਯਾਤਰਾ ਕਰਨ ਦਾ ਮਨ ਬਣਾਇਆ ਤਾਂ ਉਹਨਾਂ ਬਚਪਨ ਦੇ ਸਾਥੀ ਮਰਦਾਨੇ ਨੂੰ ਸਾਥ ਨਿਭਾਉਣ ਲਈ ਕਿਹਾ। ਭਾਈ ਮਰਦਾਨੇ ਵੱਲੋਂ ਹਾਂ ਕਰਨ ਤੇ ਗੁਰੂ ਨਾਨਕ ਦੇਵ ਜੀ ਨੇ ਬੀਬੀ ਨਾਨਕੀ ਤੋਂ ਪੈਸੇ ਦਿਵਾਉਂਦਿਆਂ ਉਸਨੂੰ ਰਬਾਬ ਖਰੀਦ ਕੇ ਲਿਆਉਣ ਲਈ ਕਿਹਾ।
ਭਾਈ ਮਰਦਾਨਾ ਰਬਾਬ ਲੈ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਸੰਗੀਤਕ ਧੁੰਨਾਂ ਛੇੜਣ ਲਈ ਕਿਹਾ, ਉਂਗਲਾਂ ਨੇ ਰਬਾਬ ਦੀਆਂ ਤਾਰਾਂ ਤੇ ਹਰਕਤ ਕੀਤੀ ਤਾਂ ‘ਧੰਨ ਨਿਰੰਕਾਰ ਨਾਨਕ ਤੇਰਾ ਬੰਦਾ’ ਦੀ ਅਵਾਜ ਸੁਣਾਈ ਦਿੱਤੀ। ਬਚਪਨ ਦਾ ਸਾਥ ਰਬਾਬ ਨੇ ਅਜਿਹਾ ਪੱਕਾ ਕਰ ਦਿੱਤਾ ਕਿ ਗੁਰੂ ਜੀ ਵੱਲੋਂ ਦੁਨੀਆਂ ਭਰ ਵਿੱਚ ਕੀਤੀਆਂ ਉਦਾਸੀਆਂ ਸਮੇਂ ਭਾਈ ਬਾਲਾ ਤੋਂ ਇਲਾਵਾ ਭਾਈ ਮਰਦਾਨਾ ਤੇ ਉਸਦੀ ਰਬਾਬ ਨੇ ਪੂਰਾ ਸਾਥ ਦਿੱਤਾ। ਰੂਹਾਨੀ ਜੋਤ ਦੇ ਇਸ ਸਾਥ ਸਦਕਾ ਭਾਈ ਮਰਦਾਨੇ ਦੀ ਗਿਣਤੀ ਭਗਤਾਂ ਵਿੱਚ ਹੋਣ ਲੱਗੀ।
ਦੇਸ ਦਸੰਤਰਾਂ ਦੀ ਯਾਤਰਾ ਕਰਦੇ ਹੋਏ ਜਦ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਮਰਦਾਨਾ ਤੇ ਭਾਈ ਬਾਲਾ ਸਮੇਤ ਅਫਗਾਨਸਤਾਨ ਦੇ ਸ਼ਹਿਰ ਖੁਰਮ ਪੁੱਜੇ, ਤਾਂ ਬਾਬਾ ਨਾਨਕ ਤੇ ਭਾਈ ਮਰਦਾਨਾ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸਾਥ ਵਿਛੜਣ ਦਾ ਸਮਾਂ ਆ ਗਿਆ ਅਤੇ ਭਾਈ ਮਰਦਾਨੇ ਨੇ ਗੁਰੂ ਜੀ ਦੇ ਸਨਮੁੱਖ ਜਿੰਦਗੀ ਦਾ ਆਖਰੀ ਸੁਆਸ ਲੈਂਦਿਆਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਗੁਰੂ ਜੀ ਨੇ ਆਪਣੇ ਇਸ ਬਚਪਨ ਦੇ ਸਾਥੀ ਦਾ ਆਪਣੇ ਹੱਥੀਂ ਖੁਰਮ ਸ਼ਹਿਰ ਵਿਖੇ ਹੀ ਸਸਕਾਰ ਕੀਤਾ ਅਤੇ ਫਿਰ ਭਾਈ ਬਾਲਾ ਸਮੇਤ ਵਾਪਸ ਰਾਏਭੋਇ ਦੀ ਤਲਵੰਡੀ ਆ ਗਏ।
ਗੁਰੂ ਜੀ ਨੇ ਭਾਈ ਬਾਲੇ ਨੂੰ ਭੇਜ ਦੇ ਭਾਈ ਮਰਦਾਨੇ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਤਾਂ ਭਾਈ ਮਰਦਾਨੇ ਦਾ ਪੁੱਤਰ ਸ਼ਹਿਜਾਦਾ ਗੁਰੂ ਜੀ ਕੋਲ ਆਇਆ ਤਾਂ ਉਹਨਾਂ ਸ਼ਹਿਜਾਦੇ ਨੂੰ ਦੱਸਿਆ ਕਿ ਭਾਈ ਮਰਦਾਨੇ ਦੀ ਇੱਛਾ ਸੀ ਕਿ ਉਸਦਾ ਸਸਕਾਰ ਕੀਤਾ ਜਾਵੇ ਤਾਂ ਜੋ ਉਸਦੀ ਮੁਕਤੀ ਹੋ ਜਾਵੇ ਅਤੇ ਉਹ ਧਰਤੀ ਵਿੱਚ ਦੱਬਿਆ ਹੀ ਨਾ ਰਹਿ ਜਾਵੇ। ਇਸ ਲਈ ਉਸਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਸਦਾ ਸਸਕਾਰ ਕਰ ਦਿੱਤਾ ਹੈ। ਇਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜਾਦੇ ਨੂੰ ਸਿਰੋਪਾ ਦਿੱਤਾ ਤਾਂ ਉਸਨੇ ਆਪਣੇ ਬਾਪ ਦੇ ਸਸਕਾਰ ਵਾਲੇ ਸਥਾਨ ਤੇ ਜਾਣ ਦੀ ਇੱਛਾ ਜਾਹਰ ਕੀਤੀ।
ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਸ਼ਹਿਜਾਦੇ ਸਮੇਤ ਲਹੌਰ ਸਾਹਦਰਾ ਸਿਆਲਕੋਟ ਤਿਲੁੰਬਾ ਆਦਿ ਸ਼ਹਿਰਾਂ ਵਿਚਦੀ ਹੁੰਦੇ ਹੋਏ ਖੁਰਮ ਪਹੁੰਚੇ। ਸ਼ਹਿਜਾਦੇ ਨੇ ਆਪਣੇ ਪਿਤਾ ਭਾਈ ਮਰਦਾਨੇ ਦੀ ਮੜ੍ਹੀ ਨੂੰ ਨਤਮਸਤਕ ਕੀਤਾ ਤਾਂ ਗੁਰੂ ਜੀ ਨੇ ਸਹਿਜਾਦੇ ਨੂੰ ਕਿਹਾ ਕਿ ਇਹ ਭਾਈ ਮਰਦਾਨੇ ਦਾ ਅੰਤਿਮ ਅਸਥਾਨ ਹੈ ਇਸ ਲਈ ਤੂੰ ਆਪਣੇ ਪਰਿਵਾਰ ਸਮੇਤ ਇੱਥੇ ਰਹਿਣ ਲੱਗ ਪਓ, ਹੁਣ ਮਰਦਾਨੇ ਦੀ ਥਾਂ ਤੇਰੀ ਮੰਜੀ ਹੋਵੇਗੀ। ਗੁਰੂ ਜੀ ਨੇ ਉਸਨੂੰ ਵਚਣ ਦਿੱਤਾ ਕਿ ਅਸੀਂ ਤੇਰੇ ਅੰਗ ਸੰਗ ਰਹਾਂਗੇ ਜਦੋਂ ਤੂੰ ਯਾਦ ਕਰੇਂਗਾ ਅਸੀ ਹਾਜਰ ਹੋਵਾਂਗੇ। ਸ਼ਹਿਜਾਦੇ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉੱਥੇ ਰਹਿਣ ਦਾ ਭਰੋਸਾ ਦਿੱਤਾ। ਕੁਝ ਇਤਿਹਾਸਕਾਰ ਭਾਈ ਮਰਦਾਨੇ ਦੀ ਮੌਤ ਦਾ ਸਥਾਨ ਕਰਤਾਰਪੁਰ ਅਤੇ ਕੁਝ ਬਗਦਾਦ ਨੂੰ ਵੀ ਮੰਨਦੇ ਹਨ।
ਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਸ਼ਹਿਜਾਦਾ ਵੀ ਆਪਣੇ ਪਿਤਾ ਵਾਂਗ ਰਬਾਬ ਦਾ ਮਾਹਰ ਬਣਿਆ। ਇਸ ਉਪਰੰਤ ਪੀੜ੍ਹੀ ਦਰ ਪੀੜ੍ਹੀ ਭਾਈ ਮਰਦਾਨੇ ਦੀ ਬੰਸ ਗੁਰਬਾਣੀ ਦਾ ਕੀਰਤਨ ਕਰਦੀ ਆ ਰਹੀ ਹੈ ਅਤੇ ਇਸ ਬੰਸ ਦੇ ਕੀਰਤਨੀਆਂ ਤੋਂ ਕੀਰਤਨ ਪਰਵਾਹ ਕਰਦਿਆਂ ਸਿੱਖ ਸੰਗਤਾਂ ਬਾਬਾ ਨਾਨਕ ਤੇ ਭਾਈ ਮਰਦਾਨਾ ਦੇ ਰੂਹਾਨੀ ਦਰਸਨ ਕਰਦੀਆਂ ਹਨ। ਅੱਜ ਕੱਲ੍ਹ ਇਸ ਬੰਸ ਦੀ ੧੭ਵੀਂ ਪੀੜ੍ਹੀ ਵਿੱਚੋਂ ਅਸਿਕ ਅਲੀ ਜੋ ਭਾਈ ਲਾਲ ਜੀ ਦੇ ਨਾਂ ਨਾਲ ਪ੍ਰਸਿੱਧ ਹਨ, ਆਪਣੀ ਪਰਿਵਾਰਕ ਜੁਮੇਵਾਰੀ ਨਿਭਾਉਂਦਿਆਂ ਲੋਕਾਈ ਨੂੰ ਕੀਰਤਨ ਨਾਲ ਨਿਹਾਲ ਕਰ ਰਹੇ ਹਨ।
ਇੱਥੇ ਇਹ ਗੱਲ ਵੀ ਕਰਨੀ ਜਰੂਰੀ ਹੈ ਕਿ ਭਾਈ ਮਰਦਾਨੇ ਦੀ ਬੰਸ ਦੇ ਇਸ ਕੀਰਤਨੀਏ ਭਾਈ ਲਾਲ ਜੀ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਹੋ ਸਕਦੈ ਕਿ ਮਰਯਾਦਾ ਦੀ ਕੋਈ ਮੱਦ ਅਜਿਹਾ ਕਰਨ ਦੀ ਇਜਾਜਤ ਨਾ ਦਿੰਦੀ ਹੋਵੇ, ਪਰ ਜੇਕਰ ਦੂਜੇ ਪੱਖ ਤੋਂ ਦੇਖਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਜਿਸ ਭਾਈ ਮਰਦਾਨੇ ਤੇ ਉਸਦੀ ਰਬਾਬ ਦੀਆਂ ਧੁੰਨਾਂ ਛੇੜ ਕੇ ਬਾਣੀ ਉਚਾਰਣ ਕਰਦੇ ਸਨ, ਉਸ ਬੰਸ ਨੂੰ ਦਰਬਾਰ ਸਾਹਿਬ ਵਿੱਚ ਉਸੇ ਬਾਣੀ ਦਾ ਕੀਰਤਨ ਕਰਨ ਦੀ ਇਜਾਜਤ ਨਾ ਮਿਲਣੀ ਭਾਈ ਮਰਦਾਨੇ ਦੀ ਬੰਸ ਦੇ ਦਿਲਾਂ ਤੇ ਡੂੰਘੀ ਸੱਟ ਜਰੂਰ ਮਾਰਦੀ ਹੈ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਜਨਮ ਦਿਵਸ ਮੌਕੇ ਭਾਈ ਮਰਦਾਨੇ ਦੀ ਸਿੱਖ ਧਰਮ ਪ੍ਰਤੀ ਕੀਤੀ ਸੇਵਾ, ਬਾਬਾ ਨਾਨਕ ਨਾਲ ਨਿਭਾਏ ਸਾਥ ਅਤੇ ਉਸਦੇ ਵਾਰਸਾਂ ਵੱਲੋਂ ਸਿੱਖ ਧਰਮ ਪ੍ਰਤੀ ਨਿਭਾਈ ਜਾ ਰਹੀ ਵਫ਼ਦਾਰੀ ਨੂੰ ਦੇਖਦਿਆਂ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਹੌਸਲਾ ਦੇਣ ਵਾਲਾ ਕੋਈ ਫੈਸਲਾ ਲੈਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਭੁੱਲਰ,
ਗਲੀ ਨੰ:੧੨ ਭਾਈ ਮਤੀ ਦਾਸ ਨਗਰ,
ਬਠਿੰਡਾ ਮੋਬਾਇਲ ੯੮੮੮੨-੭੫੯੧੩