ਕਈ ਦਿਨਾਂ ਤੋਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਇਕ ਮੁੱਦਾ ਭੜਕ ਰਿਹਾ ਹੈ ਜੋ ਕਿ ਹਰ ਸਾਲ ਬਾਅਦ ਕੁੱਝ ਸਾਲਾਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਦੋ ਧਿਰਾ ਨੇ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਹੈ। ਪਹਿਲੀ ਧਿਰ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕਿ ਅਸੀਂ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਕਿਉਂ ਸਾੜਿਆ ਜਾਵੇ, ਕਿਉਂਕਿ ਉਸਨੇ ਤਾਂ ਆਪਣੀ ਭੈਣ ਨਾਲ ਲਛਮਣ ਵਲੋਂ ਹੋਈ ਬਦਸਲੂਕੀ ਦਾ ਬਦਲਾ ਲੈਣ ਲਈ ਸੀਤਾ ਦਾ ਅਪਹਰਣ ਕੀਤਾ ਸੀ। ਉਸਨੇ ਕੋਈ ਅਜਿਹਾ ਕੁਝ ਵੀ ਨਹੀਂ ਕੀਤਾ, ਜਿਹੜਾ ਸਮਾਜਿਕ ਤੌਰ ਤੇ ਮਨੁੱਖ ਹੋਣ ਦੀ ਮਰਿਯਾਦਾ ਨੂੰ ਭੰਗ ਕੀਤਾ ਹੋਵੇ।
ਰਾਵਣ ਵੇਦਾਂ ਦਾ ਗਿਆਨ ਰੱਖਦਾ ਸੀ। ਉਸਦਾ ਪੁਤਲਾ ਸਾੜਿਆ ਨਾ ਜਾਵੇ, ਇਸ ਲਈ ਲੋਕ ਆਪਸ ‘ਚ ਲੜ-ਲੜ ਕੇ ਭਾਈਚਾਰਕ ਤੌਰ ਤੇ ਇਕ ਦੂਜੇ ਤੋਂ ਦੂਰ ਹੋ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਇਹ ਲੋਕ ਕਿਹੋ ਜਿਹੀ ਜਿੱਤ ਪਾਉਣ ਲਈ ਆਪਸ ‘ਚ ਲੜ ਰਹੇ ਹਨ? ਭਲੇਓ ਮਾਣਸੋ! ਰਾਵਣ ਨੇ ਜੋ ਅਪਰਾਧ ਕੀਤਾ ਸੀ ਰਾਮ ਨੇ ਉਸਨੂੰ ਜਲਾ ਕੇ ਸਜਾ ਦੇ ਦਿੱਤੀ ਸੀ। ਫਿਰ ਤੁਸੀ ਕਿਉਂ ਇੱਕ ਹੀ ਵਿਅਕਤੀ ਦੇ ਅਪਰਾਧੀ ਨੂੰ ਕਾਗਜ਼ੀ ਪੁਤਲਾ ਬਣਾ ਕੇ ਹਰ ਸਾਲ ਸਾੜ ਰਹੇ ਹੋ।
ਦੇਸ਼ ਵਾਸੀਓ! ਸਦੀਆਂ ਤੋਂ ਪੁਰਾਣੇ ਅਪਰਾਧੀ ਨੂੰ ਤਾਂ ਤੁਸੀਂ ਬਾਰ-ਬਾਰ ਸਜਾ ਦੇਈ ਜਾ ਰਹੇ ਹੋ ਪਰ ਤੁਹਾਡੇ ਅਜੋਕੇ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਕੁ ਸੀਤਾ ਵਰਗੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਉਨ੍ਹਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਰੋਲਿਆਂ ਜਾ ਰਹੀਆਂ ਹਨ। ਇੰਨੀ ਬਦਸਲੂਕੀ ਕੀਤੀ ਜਾਂਦੀ ਹੈ ਕਿ ਸੁਣ ਕੇ ਰੂਹ ਕੰਬ ਉਠਦੀ ਹੈ। ਮੇਰੇ ਸਮਾਜ ਦੇ ਲੋਕੋ ਕਾਗਜ਼ ਦੇ ਪੁਤਲੇ ਫੂਕਣ ਨਾਲ ਕਦੀ ਵੀ ਬਦੀ ‘ਤੇ ਨੇਕੀ ਦੀ ਜਿੱਤ ਨਹੀਂ ਹਾਸਿਲ ਕੀਤੀ ਜਾ ਸਕਦੀ। ਜੇ ਸੱਚ ਮੁੱਚ ਬਦੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਰਾਵਣਾਂ ਨੂੰ ਚੁਰਾਹੇ ‘ਚ ਖੜਾ ਕੇ ਸਾੜੋ ਜੋ ਅੱਜ ਦੀਆਂ ਸੀਤਾਵਾਂ ਦੀਆਂ ਇੱਜ਼ਤਾਂ ਰੋਲ ਕੇ ਅਜ਼ਾਦ ਘੁੰਮਦੇ ਫਿਰਦੇ ਹਨ। ਸਮਾਜ ਵਿਚ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਿਅਤ ਨਹੀਂ, ਤੁਸੀਂ ਸਦੀਆਂ ਪੁਰਾਣੇ ਅਪਰਾਧੀ ਦੇ ਪੁਤਲੇ ਸਾੜ ਕੇ ਕਹਿੰਦੇ ਹੋ ਬਦੀ ‘ਤੇ ਨੇਕੀ ਦੀ ਜਿੱਤ ਪਾ ਲਈ ਹੈ। ਇਹ ਕੋਈ ਜਿੱਤ, ਕਿਸ ਖਾਤਰ ਹੈ। ਰਾਵਣ ਨੇ ਤਾਂ ਸੀਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਚੋਟ ਤੱਕ ਨਹੀਂ ਪਹੁੰਚਾਈ।
ਅਜੋਕੇ ਸਮਾਜ ‘ਚ ਆਸੀਫ਼ਾ ਵਰਗੀਆਂ ਬੱਚੀਆਂ ਨਾਲ ਵਧੀਕੀਆਂ ਕਰਕੇ ਮਾਰ ਦਿੱਤਾ ਜਾ ਰਿਹਾ ਹੈ। ਅਜੋਕੇ ਰਾਵਣਾਂ ਨੂੰ ਸਾੜ ਕੇ ਸੱਚਮੁੱਚ ਬਦੀ ‘ਤੇ ਨੇਕੀ ਦੀ ਜਿੱਤ ਪਾਈ ਜਾ ਸਕਦੀ ਹੈ। ਸਮਾਜ ਵਿਚ ਪਲ ਰਹੀਆਂ ਅਨੇਕਾਂ ਬੁਰਾਈਆਂ ਨੂੰ ਠੱਲ ਪਾਉਣ ਲਈ ਇਸ ਵਿਚ ਜ਼ਿੰਮੇਵਾਰ ਅਸਮਾਜਿਕ ਤੱਤਾਂ ਦੇ ਖਿਲਾਫ਼ ਖੜੇ ਹੋਵੋ ਤਾਂ ਜੋ ਬੁਰਾਈ ਦਾ ਖਾਤਮਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਨਜ਼ਰ ਮਾਰ ਸਕਦੇ ਹੋ ਜੇ ਸਮਾਜਕ ਨਜ਼ਰੀਏ ਤੋਂ ਦੇਖਿਆ ਜਾਵੇ ਜੋ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਰਦੇ ਹਨ। ਆਰਥਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਹਰ ਸਾਲ ਭਾਰਤ ਵਿਚ ਪਤਾ ਨਹੀਂ ਕੁ ਪੁਤਲੇ ਫੂਕੇ ਜਾਂਦੇ ਹਨ। ਜਿੰਨਾਂ ‘ਤੇ ਕਰੋੜਾਂ ਦਾ ਖਰਚ ਕੀਤਾ ਜਾਂਦਾ ਹੈ। ਜਿਸ ਵਿਚ ਨੁਕਸਾਨ ਹੁੰਦਾ ਜਿੰਨਾਂ ਵਿਚ ਮ੍ਰਿਤਸਰ ਵਰਗੇ ਹਾਦਸੇ ਵਾਪਰਦੇ ਹਨ। ਇਹਨਾਂ ਨੂੰ ਫੂਕਣ ਨਾਲ ਕਿੰਨਾ ਹੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਜਿਸ ਨਾਲ ਧਰਤੀ ‘ਤੇ ਮਨੁੱਖ ਤੇ ਜੀਵ-ਜੰਤੂ ਬਹੁਤ ਪ੍ਰਭਾਵਿਤ ਹੁੰਦੇ ਹਨ। ਮਾਨਸਿਕ ਨਜ਼ਰੀਏ ਤੋਂ ਦੇਖੀਏ ਤਾਂ ਕਾਗਜ਼ਾਂ ਦੇ ਪੁਤਲੇ ਫੂਕਣ ਨਾਲ ਕਦੇ ਵੀ ਬੁਰਾਈ ਖ਼ਤਮ ਨਹੀਂ ਹੁੰਦੀ। ਜੇ ਬੁਰਾਈ ਖ਼ਤਮ ਕਰਨੀ ਹੈ ਤਾਂ ਅੱਜ ਤੋਂ ਸਮਾਜ ‘ਚ ਹੋ ਰਹੇ ਬਲਾਤਕਾਰ ਵਰਗੇ ਅਪਰਾਧ ਨੂੰ ਅੰਜ਼ਾਮ ਦੇ ਰਹੇ ਰਾਵਣਾਂ ਨੂੰ ਨੱਥ ਪਾ ਕੇ ਅਸਲ ‘ਚ ‘ਬਦੀ ‘ਤੇ ਨੇਕੀ ਦੀ ਜਿੱਤ’ ਹੋਵੇਗੀ।

-ਰਾਜਵਿੰਦਰ ਕੌਰ ‘ਭਰੂਰ’
98775-11533