IMG-20190910-WA0066

ਬਠਿੰਡਾ/ 10 ਸਤੰਬਰ/ — ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਭਾ ਦੇ ਪ੍ਰਧਾਨ ਤੇ ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ ਦੇ ਪਲੇਠੇ ਤੇ ਚਰਚਿਤ ਨਾਵਲ ‘ਮੈਂ ਹੁਣ ਉਹ ਨਹੀਂ’ ਤੇ ਸਥਾਨਕ ਟੀਚਰਜ ਹੋਮ ਵਿਖੇ ਸਾਹਿਤਕ ਵਿਚਾਰ ਗੋਸਟੀ ਹੋਈ। ਗੋਸਟੀ ਦਾ ਨਿਵੇਕਲਾਪਣ ਇਹ ਸੀ ਕਿ ਪਰੰਪਰਾ ਤੋਂ ਉਲਟ ਇਸਦਾ ਕੋਈ ਪ੍ਰਧਾਨਗੀ ਮੰਡਲ ਨਹੀਂ ਸੀ ਤੇ ਬੁਲਾਰਿਆਂ ਨੂੰ ਗੋਸਟੀ ਤੋਂ ਪਹਿਲਾਂ ਨਾਵਲ ਪੜ੍ਹਣ ਲਈ ਦਿੱਤਾ।

ਗੋਸਟੀ ਦਾ ਮੁੱਢ ਬੰਨਦਿਆਂ ਅਲੋਚਕ ਡਾ: ਰਵਿੰਦਰ ਸੰਧੂ ਨੇ ਕਿਹਾ ਕਿ ਜਿੱਥੇ ਆਮ ਤੌਰ ਤੇ ਹੋਰ ਲੇਖਕ ਸਮਕਾਲੀ ਸਮੱਸਿਆ ਦੇ ਵਰਨਣ ਤੱਕ ਸੀਮਿਤ ਹੁੰਦੇ ਹਨ, ਉੱਥੇ ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਭਵਿੱਖ ਦੀਆਂ ਸਮੱਸਿਆਵਾਂ ਦੀ ਦਿਸ਼ਾ ਵੀ ਦਿਖਾਉਂਦਾ ਹੈ। ਪੀਪਲਜ ਫੋਰਮ ਬਰਗਾੜੀ ਦੇ ਪ੍ਰਧਾਨ ਤੇ ਨਾਵਲ ਦੇ ਪ੍ਰਕਾਸਕ ਖੁਸਵੰਤ ਬਰਗਾੜੀ ਨੇ ਕਿਹਾ ਕਿ ਇਸ ਨਾਵਲ ਦੀਆਂ ਸਾਰੀਆਂ ਕਾਪੀਆਂ ਵਿਕ ਗਈਆਂ, ਜੋ ਚੰਗੀ ਰਚਨਾ ਦਾ ਸਬੂਤ ਹੈ। ਸਾਹਿਤ ਚਿੰਤਕ ਤੇ ਅਨੁਵਾਦਕ ਡਾ: ਪਰਮਜੀਤ ਰੋਮਾਣਾ ਦਾ ਕਹਿਣਾ ਸੀ ਕਿ ਨਾਵਲਕਾਰ ਨੇ ਪਾਤਰਾਂ ਦੇ ਚਿੱਤਰਣ ਤੇ ਜਿਆਦਾ ਜੋਰ ਲਾਇਆ ਹੈ ਜਦੋਂ ਕਿ ਨਾਵਲ ਦਾ ਸਮੁੱਚਾ ਕਲੇਵਰ ਅਣਗੌਲਿਆ ਰਹਿ ਜਾਂਦਾ ਹੈ। ਉਹਨਾਂ ਨਾਵਲਕਾਰ ਨੂੰ ਨਾਵਲ ਤਕਨੀਕ ਸਬੰਧੀ ਕੁਝ ਸੁਝਾਅ ਵੀ ਦਿੱਤੇ। ਉਘੇ ਗਜਲਗੋ ਅਨੁਵਾਦਕ ਤੇ ਨਾਵਲਕਾਰ ਬੂਟਾ ਸਿੰਘ ਚੌਹਾਲ ਦਾ ਕਹਿਣਾ ਸੀ ਕਿ ਜਸਪਾਲ ਮਾਨਖੇੜਾ ਨੇ ਕਿਸਾਨੀ ਸੰਕਟ ਸਬੰਧੀ ਆਏ ਹੁਣ ਤੱਕ ਦੇ ਨਾਵਲਾਂ ਤੋਂ ਅਗਲੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਉੱਪਰ ਕਾਰਪੋਰੇਟ ਘਰਾਣਿਆਂ ਦੇ ਭਾਰੂ ਹੋਣ ਦੀ ਸਮੱਸਿਆ ਨੂੰ ਨਾਵਲਕਾਰ ਨੇ ਬਾਖੂਬੀ ਪੇਸ ਕੀਤਾ ਹੈ।

ਉਘੇ ਸਾਹਿਤ ਚਿੰਤਕ ਰਾਜਪਾਲ ਸਿੰਘ ਨੇ ਨਾਵਲਕਾਰ ਵੱਲੋਂ ਪਾਤਰਾਂ ਦੇ ਮਨੋਵਿਗਿਆਨ ਨੂੰ ਬਾਖੂਬੀ ਚਿੱਤਰਣ ਤੇ ਨਾਵਲਕਾਰ ਦੀ ਪ੍ਰਸੰਸਾ ਕੀਤੀ ਗਈ। ਉਹਨਾਂ ਕਿਹਾ ਕਿ ਟੈਕਨਾਲੌਜੀ ਕਾਰਨ ਤਬਦੀਲੀਆਂ ਇਤਨੀਆਂ ਤੇਜ ਹੋਈਆਂ ਹਨ ਜੋ ਪਾਠਕਾਂ ਦੇ ਜਲਦੀ ਸਮਝ ਨਹੀਂ ਆ ਰਹੀਆਂ। ਪਰ ਜਸਪਾਲ ਮਾਨਖੇੜਾ ਇਹਨਾਂ ਤਬਦੀਲੀਆਂ ਨੂੰ ਕੁੱਝ ਹੱਕ ਤੱਕ ਪਕੜਣ ਵਿੱਚ ਕਾਮਯਾਬ ਹੋਇਆ ਹੈ।

ਕਹਾਣੀਕਾਰ ਦਰਸਨ ਜੋਗਾ ਨੇ ਨਾਵਲ ਦੀ ਰੌਚਿਕਤਾ ਅਤੇ ਨਾਵਲ ਦੇ ਬਹੁਪੱਖੀ ਧਰਾਤਕ ਦੀ ਗੱਲ ਕੀਤਦੀ। ਅੰਗਰੇਜੀ ਤੇ ਪੰਜਾਬੀ ਦੇ ਸਾਹਿਤ ਦੇ ਗੰਭੀਰ ਪਾਠਕ ਪ੍ਰਿ: ਸੁਭਪ੍ਰੇਮ ਬਰਾੜ ਦਾ ਕਹਿਣਾ ਸੀ ਕਿ ਟੈਕਨਾਲੌਜੀ ਤੇ ਮੰਡੀ ਦਾ ਜਲੌਅ ਏਨਾ ਲਿਸ਼ਕਵਾਂ ਹੈ ਕਿ ਆਮ ਬੰਦੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਉਹ ਕਾਰਪੋਰੇਟ ਜਗਤ ਦੇ ਸਰੋਕਾਰਾਂ ਨੂੰ ਰੋਕਣ ਅਤੇ ਸਮਝਣ ਤੋ ਬੇਵੱਸ ਅਤੇ ਲਾਚਾਰ ਦਿਖਾਈ ਦਿੰਦਾ ਹੈ। ਇਸ ਨਾਵਲ ਵਿੱਚ ਸਮੱਸਿਆ ਉਭਾਰਣ ਦੀ ਕੀਤੀ ਗਈ ਕੋਸ਼ਿਸ ਸਲਾਘਾਯੋਗ ਹੈ। ਸਮਰੱਥ ਆਲੋਚਕ ਗੁਰਦੇਵ ਖੋਖਰ ਨੇ ਨਾਵਲ ਦੇ ਵਿਸ਼ੇ ਵਾਰੇ ਕਿਹਾ ਕਿ ਇਹ ਨਾਵਲ ਕਿਸਾਨੀ ਸੰਕਟ ਵਾਰੇ ਹੈ ਪਰ ਕਿਸਾਨ ਦੇ ਸਾਥੀ ਮਜਦੂਰ ਦੀ ਗੈਰਹਾਜਰੀ ਇਸ ਨਾਵਲ ‘ਚ ਬੇਹੱਦ ਰੜਕਦੀ ਹੈ। ਉਹਨਾਂ ਅੱਗੇ ਕਿਹਾ ਕਿ ਨਾਵਲ ਦਾ ਅੰਤ ਵੀ ਬੇਹੱਦ ਨਿਰਾਸ਼ਾਜਨਕ ਹੈ। ਕਿਸਾਨੀ ਨਾਲ ਜੁੜੇ ਅਤੇ ਸਾਹਿਤ ਦੇ ਚੇਤੰਨ ਪਾਠਕ ਹਰਬੰਸ ਸਿੰਘ ਬਰਾੜ ਦਾ ਕਹਿਣਾ ਸੀ ਕਿ ਜਿਵੇਂ ਨਾਵਲ ਵਿੱਚ ਵਿਖਾਇਆ ਗਿਆ ਹੈ ਕਿ ਕਾਰਪੋਰੇਟ ਘਰਾਣੇ ਖੇਤੀ ਉੱਪਰ ਕਾਬਜ ਹੋ ਕੇ ਖੁਦ ਬਹੁਮੰਤਵੀ ਖੇਤੀ ਕਰਨਗੇ, ਅਜਿਹਾ ਨਹੀਂ ਹੋਵੇਗਾ ਬਲਕਿ ਇਹ ਕੰਮ ਖੁਦ ਵੱਡੇ ਜਿਮੀਦਾਰ ਕਰਨਗੇ। ਉਹਨਾਂ ਕਿਹਾ ਕਿ ਨਾਵਲ ਦੀਆਂ ਘਟਨਾਵਾਂ ਸਹਿਜ ਨਂਹੀਂ।

ਡਾ: ਜਸਪਾਲਜੀਤ ਦਾ ਕਥਨ ਸੀ ਕਿ ਨਾਵਲ ਵਿੱਚ ਪੰਜਾਬ ਦਾ ਆਰਥਿਕ ਪੱਖ ਭਾਰੂ ਹੈ ਅਤੇ ਸੱਭਿਆਚਾਰਕ ਸੰਕਟ ਅਣਹਗੋਲਿਆ ਹੈ। ਉਘੇ ਵਿਦਵਾਨ ਡਾ: ਲਾਭ ਸਿੰਘ ਖੀਵਾ ਨੇ ਕਿਹਾ ਕਿ ਨਾਵਲ ਕਿਸਾਨੀ ਸੰਕਟ ਦਾ ਨਾਵਲ ਨਾ ਹੋ ਕੇ ਕਾਰਪੋਰੇਟ ਜਗਤ ਦੇ ਸਮੁੱਚੇ ਅਰਥਚਾਰੇ ਅਤੇ ਸਮਾਜਿਕ ਸੰਕਟ ਵਾਰੇ ਹੈ। ਇਸਤੋਂ ਪਹਿਲਾਂ ਜਿੱਥੇ ਦਮਜੀਤ ਦਰਸਨ ਨੇ ਨੇ ਨਾਵਲ ਦੀ ਭਾਸ਼ਾ, ਬੋਲੀ, ਸ਼ੈਲੀ ਦੀ ਪ੍ਰਸੰਸਾ ਕੀਤੀ, ਉਥੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਅਤੇ ਪ੍ਰਬੁੱਧ ਪਾਠਕ ਜੇ ਸੀ ਪਰਿੰਦਾ ਨੇ ਨਾਵਲ ਵਿੱਚ ਨਵੀਂ ਤਕਨੀਕ ਕਾਰਨ ਬਦਲੇ ਜੀਵਨ ਮੁੱਲਾਂ ਦੇ ਬਾਖੂਬੀ ਚਿਤਰਣ ਦੀ ਤਾਰੀਫ਼ ਕੀਤੀ। ਇਸ ਮੌਕੇ ਬਰਨਾਲਾ ਤੋਂ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਲੇਖਕ ਪਰਮਜੀਤ ਮਾਨ ਨੇ ਕਿਹਾ ਕਿ ਨਾਵਲ ਵਿੱਚ ਆਇਆ ਪਿੰਡ ਦਾਨਪੁਰ ਸਮੁੱਚੇ ਪੰਜਾਬ ਦੇ ਸੰਕਟ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਅਖੌਤੀ ਵਿਕਾਸ ਵਿੱਚ ਲੋਕਾਂ ਦਾ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋਇਆ ਹੈ।

ਇਸ ਗੋਸਟੀ ਵਿੱਚ ਸ਼ਾਇਰ ਰਣਬੀਰ ਰਾਣਾ, ਰਣਜੀਤ ਗੌਰਵ, ਲਛਮਣ ਮਲੂਕਾ, ਲਛਮਣ ਦਾਸ ਮੁਸਾਫਿਰ, ਦਿਲਜੀਤ ਬੰਗੀ, ਸੱਚਪ੍ਰੀਤ ਕੌਰ ਖੀਵਾ, ਜਰਨੈਲ ਭਾਈਰੂਪਾ, ਬਲਵੰਤ ਬੰਟੀ ਆਦਿ ਹਾਜ਼ਰ ਸਨ। ਗੋਸਟੀ ਦੇ ਅਖ਼ੀਰ ਵਿੱਚ ਜਸਪਾਲ ਮਾਨਖੇੜਾ ਨੇ ਜਿੱਥੇ ਬੁਲਾਰਿਆਂ ਦਾ ਯੋਗ ਰਾਵਾਂ ਤੇ ਸੁਝਾਵਾਂ ਲਈ ਧੰਨਵਾਦ ਕੀਤਾ ਉੱਥੇ ਨਾਵਲ ਵਾਰੇ ਉੱਠੇ ਕੁੱਝ ਨੁਕਤਿਆ ਵਾਰੇ ਸਮਸ਼ਟੀਕਰਨ ਦਿੱਤੇ। ਸਮੁੱਚੇ ਬੁਲਾਰਿਆਂ ਨੇ ਇਸ ਗੋਸਟੀ ਦੀ ਪ੍ਰਸੰਸਾਂ ਕਰਦਿਆਂ ਅਜਿਹੀਆਂ ਗੋਸਟੀਆਂ ਦੀ ਨਿਰੰਤਰਤਾ ਬਣਾਈ ਰੱਖਣ ਲਈ ਆਪਣੀ ਸਾਂਝੀ ਰਾਏ ਵੀ ਦਿੱਤੀ।