• ਨਿਊਜ਼ੀਲੈਂਡ ਸਿੱਖ ਖੇਡਾਂ-2019 ‘ਚ ਭਾਗ ਲੈਣ ਲਈ ਖੇਡ ਟੀਮਾਂ ਅਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਨੇ ਸੈਂਕੜੇ ਦਾ ਅੰਕੜਾ ਪਾਰ ਕੀਤਾ
  • ਕਬੱਡੀ ਮੈਚਾਂ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੀ ਪੂਰੀ ਤਰ੍ਹਾਂ ਤਿਆਰ ਨਜ਼ਰ ਆਈ
NZ PIC 15 Sep-1
(ਨਿਊਜ਼ੀਲੈਂਡ ਸਿੱਖ ਖੇਡਾਂ ਸਬੰਧੀ ਅੱਪਡੇਟ ਜਾਰੀ ਕਰਨ ਸਮੇਂ ਇਕੱਤਰ ਪ੍ਰਬੰਧਕ, ਕੋਆਰਡੀਨੇਟਰ ਅਤੇ ਸਹਿਯੋਗੀ)

ਔਕਲੈਂਡ 15  ਸਤੰਬਰ – ਕਹਿੰਦੇ ਨੇ ਘਰ ਦੇ ਵਿਚ ਕਿੱਡੀ ਵੱਡੀ ਖੁਸ਼ੀਆਂ ਦੀ ਦਸਤਕ ਹੋਣ ਵਾਲੀ ਹੈ , ਉਸਦਾ ਅੰਦਾਜ਼ਾ ਘਰ ਅੰਦਰ ਹੋਣ ਵਾਲੀਆਂ ਤਿਆਰੀਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅੱਜ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਜੋ ਕਿ 30 ਨਵੰਬਰ ਅਤੇ 1 ਦਸੰਬਰ ਨੂੰ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਹੀਆਂ ਹਨ ਸਬੰਧੀ ਪ੍ਰਬੰਧਕਾਂ ਨੇ ਆਪਣੇ ਸਾਰੇ ਖੇਡ ਕੋਆਰਡੀਨੇਟਰਜ਼, ਸਭਿਆਚਾਰਕ ਕੋਆਰਡੀਨੇਜ਼ਰਜ਼, ਈਵੈਂਟ ਮੈਨੇਜਮੈਂਟ ਅਤੇ ਮੀਡੀਆ ਪਾਰਟਨਰਜ਼ ਦੇ ਹੁਣ ਤੱਕ ਦੀ ਜਾਣਕਾਰੀ ਸਾਂਝੀ ਕੀਤੀ। ਅੱਜ ਦੀ ਮੀਟਿੰਗ ਸਾਰੇ ਖੇਡ ਕੋਆਰਡੀਨੇਟਰਜ਼ ਦੇ ਨਾਲ ਇਕ ਸੰਖੇਪ ਅੱਪਡੇਟਸ ਦੇ ਨਾਲ ਸ਼ੁਰੂ ਹੋਈ। ਖੇਡ ਟੀਮਾਂ ਦੀ ਰਜਿਸਟ੍ਰੇਸ਼ਨ ਸੈਂਕੜੇ ਦਾ ਅੰਕੜਾ ਪਾਰ ਕਰ ਚੁੱਕੀ ਹੈ। ਸ. ਦਲਜੀਤ ਸਿੰਘ ਸਿੱਧੂ ਨੇ ਸਾਰਿਆਂ ਨੂੰ ਹੁਣ ਤੱਕ ਦੀ ਤਾਲਮੇਲ ਸਬੰਧੀ ਸਾਂਝ ਪਾਈ। ਇਸ ਉਪਰੰਤ ਹਲਕੇ ਸੰਗੀਤਕ ਮਾਹੌਲ ਅਤੇ ਮਿਕਸ ਐਂਡ ਮਿੰਗਲ ਦੇ ਨਾਲ ਚਾਹ-ਪਾਣੀ ਦਾ  ਦੌਰ ਚੱਲਿਆ। ਕਾਨਫਰੰਸ ਦੀ ਸ਼ੁਰੂਆਤ ਪ੍ਰਸਿੱਧ ਐਕਟਰ ਤੇ ਨਿਊਜ਼ ਰੀਡਰ ਸ. ਅਰਵਿੰਦਰ ਸਿੰਘ ਭੱਟੀ ਦੇ ਵੀਡੀਓ ਸੁਨੇਹੇ ਨਾਲ ਹੋਈ। ਸਿੱਖ ਖੇਡਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਤੇ ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਲਿਖਿਆ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ’ ਜੋ ਕਿ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਗਾਇਕ ਹਰਮਿੰਦਰ ਨੂਰਪੁਰੀ (ਕਰ ਕ੍ਰਿਪਾ ਫੇਮ) ਨੇ ਗਾਇਆ ਹੈ,  ਵੀ ਸੁਣਾਇਆ ਗਿਆ। ਇਸ ਗੀਤ ਦਾ ਮਿਊਜ਼ਿਕ ਵਿਸ਼ਵ ਪ੍ਰਸਿੱਧ ਜੋੜੀ ਜੱਸੀ ਬ੍ਰਦਰਜ਼ ਨੇ ਤਿਆਰ ਕੀਤਾ ਹੈ। ਸਟੇਜ ਸੰਚਾਲਨ ਸ. ਪਰਮਿੰਦਰ ਸਿੰਘ ਨੇ ਸੰਭਾਲਦਿਆਂ ਇਸ ਮੀਟਿੰਗ ਨੂੰ ਏਜੰਡੇ ਦੀ ਲਾਈਨ ਉਤੇ ਲਿਆਂਦਾ। ਈਵੈਂਟ ਸੁਰੱਖਿਆ, ਹੈਲਥ ਐਂਡ ਸੇਫਟੀ, ਮੁਫਤ ਜਨਕ ਟਰਾਂਸਪੋਰਟ, ਵਿਦੇਸ਼ੀ ਖਿਡਾਰੀਆਂ ਵਾਸਤੇ ਰਿਹਾਇਸ ਅਤੇ ਟਰਾਂਸਫਰਜ਼, ਖੇਡਾਂ ਦੀਆਂ ਸ਼੍ਰੇਣੀਆ ਆਦਿ ਉਤੇ ਗੱਲਬਾਤ ਹੋਈ। ਸਭ ਤੋਂ ਪਹਿਲਾਂ ਸ. ਦਲਜੀਤ ਸਿੰਘ ਸਿੱਧੂ ਨੇ ਵਿਸਥਾਰ ਰੂਪ ਵਿਚ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਦਾ ਵੇਰਵਾ ਸਾਂਝਾ ਕੀਤਾ। ਖੇਡਾਂ ਦੀ ਰਜਿਟ੍ਰੇਸ਼ਨ ਜੋ ਕਿ ਸੈਂਕੜੇ ਤੋਂ ਟੱਪ ਗਈ ਹੈ ਬਾਰੇ ਤਸੱਲੀ ਪ੍ਰਗਟ ਕਰਦਿਆਂ ਖੇਡਾਂ ਦੀ ਪੂਰੇ ਮੁਲਕ ਦੇ ਵਿਚ ਬੱਲੇ-ਬੱਲੇ ਹੋਣ ਦੀ ਆਸ ਪ੍ਰਗਟ ਕੀਤੀ ਗਈ। ਇਸ ਖੇਡ ਮੇਲੇ ਵਿਚ ਸ਼ਾਮਿਲ ਮਹਿਲਾ ਤੇ ਪੁਰਸ਼ ਕਬੱਡੀ, ਐਥਲੈਟਿਕਸ, ਹਾਕੀ, ਬਾਸਕਟਬਾਲ, ਵਾਲੀਵਾਲ, ਵਾਲੀਵਾਲ ਸ਼ੂਟਿੰਗ, ਨੈਟਬਾਲ, ਗੋਲਫ, ਟੈਨਿਸ, ਬੈਡਮਿੰਟਨ, ਕ੍ਰਿਕਟ, ਰੈਸਲਿੰਗ, ਟੱਚ ਰਗਬੀ, ਸ਼ੂਟਿੰਗ, ਗਤਕਾ, ਦਸਤਾਰ ਕੰਪੀਟੀਸ਼ਨ ਅਤੇ ਸਭਿਆਚਾਰਕ ਪ੍ਰੋਗਰਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਸਬੰਧੀ ਅੱਪਡੇਟ, ਤਾਲਮੇਲ ਅਤੇ ਜਿੰਮੇਵਾਰੀਆਂ, ਸਪਾਂਸਰਜ਼ ਦੇ ਲਈ ਮੌਕੇ ਅਤੇ ਪ੍ਰਸ਼ਨ ਉਤਰ ਵੀ ਹੋਏ।  ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪਹੁੰਚੇ ਅਹੁਦੇਦਾਰ ਵੀ ਕਬੱਡੀ ਮੇਚਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨਜ਼ਰ ਆਏ। ਕੋਆਰਡੀਨੇਟਰ ਇਸ ਤਰ੍ਹਾਂ ਹਨ: ਫੁੱਟਬਾਲ-ਸਤਨਾਮ ਬੈਂਸ, ਸਰਬਜੀਤ ਸਿੰਘ ਢਿੱਲੋਂ, ਸਾਬੀ ਢਿੱਲੋਂ, ਮਹਿਲਾ ਫੁੱਟਬਾਲ-ਹਰਸ਼ੀ ਬੈਂਸ, ਰਾਜ ਮੁੰਡੀ, ਹਾਕੀ-ਗੁਰਪ੍ਰੀਤ ਸਿੰਘ, ਅਮਿੰਦਰਪਾਲ ਸਿੰਘ ਗਿੱਲ, ਬਾਸਕਟਬਾਲ-ਕਮਲ ਢੱਟ, ਅਨੂਪ ਬਸਰਾ, ਰਾਜ ਥਾਂਦੀ, ਵਾਲੀਬਾਲ ਸ਼ੂਟਿੰਗ-ਅਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਵਾਲੀਵਾਲ-ਬੀਰ ਬੇਅੰਤ, ਹਰਪਾਲ ਲੋਹੀ, ਗੈਰੀ, ਨੈਟਬਾਲ-ਸਤਵਿੰਦਰ ਗਿੱਲ, ਗੋਲਫ-ਖੜਗ ਸਿੰਘ, ਪਰਮਿੰਦਰ ਤੱਖਰ, ਬੈਡਮਿੰਟਨ-ਸੰਨੀ ਸਿੰਘ, ਰੁਪਿੰਦਰ ਵਿਰਕ, ਕ੍ਰਿਕਟ-ਜਸਪ੍ਰੀਤ ਸਿੰਘ, ਸਾਹਿਬਪ੍ਰੀਤ ਸਿੰਘ, ਰੈਸਲਿੰਗ-ਗਗਨਦੀਪ, ਮੇਹਰ ਸਿੰਘ, ਟੱਚ ਰਗਬੀ-ਹਰਪਾਲ ਸਿੰਘ, ਹਰਿੰਦਰ ਮਾਨ, ਸ਼ੂਟਿੰਗ-ਰਣਵੀਰ ਸਿੰਘ ਸੰਧੂ, ਲਾਲੀ ਸੰਧੂ, ਗਤਕਾ-ਹਰਜੋਤ ਸਿੰਘ, ਮੰਦੀਪ ਸਿੰਘ, ਦਸਤਾਰ ਮੁਕਾਬਲੇ-ਦਿਲਬਾਗ ਸਿੰਘ, ਰਾਜਾ ਸਿੰਘ, ਸਭਿਆਚਾਰਕ ਪ੍ਰੋਗਰਾਮ-ਪਰਮਿੰਦਰ ਸਿੰਘ, ਨਵਤੇਜ ਰੰਧਾਵਾ, ਸ਼ਰਨਜੀਤ, ਲਵਲੀਨ ਨਿੱਜਰ ਅਤੇ ਚਰਨਜੀਤ ਕੌਰ ਸਿੱਧੂ। ਅੱਜ ਦੇ ਸਮਾਗਮ ਵਿਚ 150 ਤੋਂ ਵੱਧ ਸਖਸ਼ੀਅਤਾਂ ਇਨ੍ਹਾਂ ਖੇਡਾਂ ਦੇ ਵਿਚ ਪੂਰਾ ਸਹਿਯੋਗ ਕਰਨ ਲਈ ਜੁੜੀਆਂ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੀ ਇਸ ਮੌਕੇ ਪਹੁੰਚੇ। ਹਰਪਾਲ ਸਿੰਘ ਪਾਲ ਵੱਲੋਂ ਸਾਊਂਡ ਦੀ ਸੇਵਾ ਜਦ ਕਿ ਖਾਣ-ਪੀਣ ਦਾ ਪ੍ਰਬੰਧ ਇੰਡੀਅਨ ਐਕਸੈਂਟ ਵੱਲੋਂ ਕੀਤਾ ਗਿਆ ਸੀ। ਪੰਜਾਬੀ ਮੀਡੀਆ ਕਰਮੀਆਂ ਤੋਂ ਇਲਾਵਾ ਅਪਨਾ ਟੀ. ਵੀ. ਚੈਨਲ ਵਾਲੇ ਵੀ ਕਵਰ ਕਰਨ ਪਹੁੰਚੇ ਸਨ। ਪ੍ਰਬੰਧਕਾਂ ਵੱਲੋਂ ਪਹੁੰਚੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।