18gsc fdk

ਫਰੀਦਕੋਟ, 18 ਸਤੰਬਰ:- ਨੇੜਲੇ ਪਿੰਡ ਅਰਾਂਈਆਂ ਵਾਲਾ ਕਲਾਂ ਦੇ ਸਰਕਾਰੀ ਸੀਨੀ. ਸੈਕੰ. ਸਕੂਲ ਵਿਖੇ ਜਗਦੇਵ ਸਿੰਘ ਸੰਧੂ ਸੇਵਾ ਮੁਕਤ ਮੁੱਖ ਅਧਿਆਪਕ ਦੇ ਸਹਿਯੋਗ ਨਾਲ ‘ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਬੱਚਿਆਂ ਨੂੰ ਉਸਾਰੂ ਸੋਚ, ਹਾਂਪੱਖੀ ਨਜਰੀਆ, ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਮਿਹਨਤ, ਇਮਾਨਦਾਰੀ, ਨਿਮਰਤਾ ਅਤੇ ਲਿਆਕਤ ਆਦਿਕ ਵਿਸ਼ਿਆਂ ਸਬੰਧੀ ਨੈਤਿਕਤਾ ਦਾ ਪਾਠ ਪੜਾਇਆ, ਉੱਥੇ ਉਨਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਸਰਕਾਰੀ ਸਕੂਲਾਂ ‘ਚ ਪੜਨ ਵਾਲੇ ਗਰੀਬ ਘਰਾਂ ਦੇ ਬੱਚੇ ਆਪਣੀ ਮਿਹਨਤ ਅਤੇ ਲਗਨ ਨਾਲ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਜੱਜ, ਵਕੀਲ, ਡਾਕਟਰ, ਮਾਸਟਰ, ਇੰਜੀਨੀਅਰ ਆਦਿਕ ਰੁਤਬਿਆਂ ਤੱਕ ਪਹੁੰਚਣ ‘ਚ ਕਾਮਯਾਬ ਹੋਏ ਹਨ। ਸੁਸਾਇਟੀ ਦੇ ਪ੍ਰਧਾਨ ਮਾ. ਅਸ਼ੌਕ ਕੋਸ਼ਲ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਸਕੱਤਰ ਕੁਲਵੰਤ ਸਿੰਘ ਚਾਨੀ, ਤਰਕਸ਼ੀਲ ਆਗੂ ਸੁਖਚੈਨ ਸਿੰਘ ਥਾਂਦੇਵਾਲਾ, ਲੈਕ. ਮੁਖਤਿਆਰ ਸਿੰਘ ਮੱਤਾ ਅਤੇ ਅਧਿਆਪਕ ਗੁਰਮੀਤ ਸਿੰਘ ਨੇ ਵੀ ਮਿਹਨਤ ਅਤੇ ਇਮਾਨਦਾਰੀ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ। ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਤਰਸੇਮ ਨਰੂਲਾ ਨੇ ਦੱਸਿਆ ਕਿ ਮਾ. ਸੋਮਨਾਥ ਅਰੋੜਾ ਵਲੋਂ ਪੁੱਛੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਸਮੇਤ ਸਕੂਲ ਦੇ ਛੇਵੀਂ ਤੋਂ ਬਾਰਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਕੁੱਲ 37 ਬੱਚਿਆਂ ਨੂੰ ਸਨਮਾਨ ਚਿੰਨ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮਾ. ਸੁਖਮੰਦਰ ਸਿੰਘ ਅਤੇ ਸ਼ਾਮ ਲਾਲ ਚਾਵਲਾ ਨੇ ਦੱਸਿਆ ਕਿ ਅੰਤ ‘ਚ ਮੁੱਖ ਮਹਿਮਾਨ ਅਤੇ ਸਕੂਲ ਮੁਖੀ ਮੈਡਮ ਸੁਧਾ ਗਰਗ ਸਮੇਤ ਸਮੁੱਚੇ ਸਟਾਫ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇਕਬਾਲ ਸਿੰਘ ਮੰਘੇੜਾ, ਲਛਮਣ ਦਾਸ ਮਹਿਰਾ, ਗੁਰਚਰਨ ਸਿੰਘ ਮਾਨ, ਅਵਤਾਰ ਸਿੰਘ ਆਦਿ ਵੀ ਹਾਜਰ ਸਨ।