• ਮਾਨਵਤਾ ਪੱਖੀ ਸਿੱਖੀ ਸੋਚ ਦਾ ਨਾਮ ਹੈ ਖਾਲਸਾ ਏਡ

bagel singh dhaliwal 190908 ਮਾਨਵਤਾ ਪੱਖੀ ਸਿੱਖੀ ਸੋਚ ਦਾ ਨਾਮ ਹੈ ਖਾਲਸਾ ਏਡ dd

ਖਾਲਸਾ ਏਡ ਦੁਨੀਆਂ ਪੱਧਰ ਤੇ ਇੱਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ ਸਿੱਖੀ ਅਤੇ ਸਿੱਖੀ ਸਿਧਾਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿੱਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਚ ਜੇ ਕੋਈ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਆਉਂਦੀ ਹੈ,ਤਾਂ ਖਾਲਸਾ ਏਡ ਉਥੋਂ ਦੇ ਲੋਕਾਂ ਨੂੰ ਸਹਾਰਾ ਦੇਣ ਲਈ ਸਭ ਤੋ ਪਹਿਲਾਂ ਪਹੁੰਚ ਜਾਂਦੀ ਹੈ।ਭਾਂਵੇਂ ਵਰ੍ਹਦੀਆਂ ਗੋਲੀਆਂ ਹੋਣ ਜਾਂ ਹੜਾਂ ਦੀ ਮਾਰ ਹੋਵੇ ਖਾਲਸਾ ਏਡ ਨੇ ਬਗੈਰ ਕਿਸੇ ਡਰ ਭੈਅ ਤੋ ਅਤੇ ਬਗੈਰ ਕਿਸੇ ਨਸਲੀ ਭਿੰਨ ਭੇਦ ਤੋਂ ਉਥੇ ਪਹੁੰਚ ਕੇ ਬਿਪਤਾ ਦੀ ਮਾਰ ਝੱਲ ਰਹੀ ਲੋਕਾਈ ਨੂੰ ਸਾਂਭਿਆ ਹੈ।ਭਾਂਵੇਂ ਸੀਰੀਆ ਹੋਵੇ,ਜਾਂ ਬੰਗਲਾਦੇਸ, ਜਾਂ ਫਿਰ ਭਾਰਤ ਦੀ ਮਹਾਂ ਨਗਰੀ ਮੁੰਬਈ,ਜਾਂ ਕੇਰਲਾ ਹੋਵੇ,ਜਾਂ ਫਿਰ ਹਕੂਮਤੀ ਦਹਿਸਤਗਰਦੀ ਦਾ ਜਬਰ ਝੱਲ ਰਿਹਾ ਕਸ਼ਮੀਰ ਹੋਵੇ,ਇਹ ਸੰਸਥਾ ਰੱਬ ਬਣਕੇ ਆ ਬਹੁੜਦੀ ਹੈ।ਜਿੱਥੇ ਵੀ ਮਾਨਵਤਾ ਤੇ ਕੋਈ ਭੀੜ ਪਈ,ਇਸ ਸੰਸਥਾ ਨੇ ਅਪਣੇ ਫਰਜਾਂ ਤੇ ਡਟ ਕੇ ਪਹਿਰਾ ਦਿੱਤਾ ਹੈ,ਪਰੰਤੂ ਹੁਣ ਜਦੋ ਪੰਜਾਬ ਵਿੱਚ ਇਸ ਸੰਸਥਾ ਨੇ ਅਪਣੇ ਲੋਕਾਂ ਦੀ ਬਾਂਹ ਆਣ ਫੜੀ ਹੈ ਤਾਂ ਭਾਰਤ ਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਡਾਹਢੀ ਪੀੜ ਮਹਿਸੂਸ ਕੀਤੀ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਉਹ ਹੀ ਖਾਲਸਾ ਏਡ ਵਾਲਾ ਰਵੀ ਸਿੰਘ ਹੈ,ਜਿਸ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਰਵੀ ਸਿੰਘ ਨੂੰ ਭਾਰਤ ਦੇ ਬਹੁਤ ਵੱਡੇ ਪੁਰਸ਼ਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ,ਪ੍ਰੰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।

ਸੋ ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ,ਜਦੋ ਰਵੀ ਸਿੰਘ ਨੂੰ ਇਹ ਦੱਸਣਾ ਪਿਆ ਹੈ ਕਿ ਉਹ ਭਾਰਤੀ ਨਹੀ ਹੈ। ਰਵੀ ਸਿੰਘ ਵੱਲੋਂ ਪੁਰਸ਼ਕਾਰ ਨਾ ਲੈਣ  ਲਈ ਦਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿੱਚ ਉਹਨਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿੱਤਾ ਸੀ,ਓਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਜਰੂਰ ਰੜਕਣ ਲੱਗ ਪਿਆ ਹੈ,ਪਰੰਤੂ ਉਹਦੇ ਵਿਸ਼ਵ ਪੱਧਰੀ ਉੱਚੇ ਕੱਦ ਅੱਗੇ ਅਜੇ ਤੱਕ ਕੇਂਦਰੀ ਹਕੂਮਤ ਬੇਬੱਸ ਜਾਪਦੀ ਹੈ।ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਖਾਲਸਾ ਏਡ ਨੇ ਕਦੇ ਵੀ ਨਸਲ ਦੇਖ ਕੇ ਕਿਸੇ ਦੀ ਮਦਦ ਨਹੀ ਕੀਤੀ,ਸਗੋਂ ਪੂਰੇ ਗੁਰੂ ਆਸ਼ੇ ਤੇ ਪਹਿਰਾ ਦਿੰਦਿਆਂ ਸਿਰਫ ਮਾਨਵਤਾ ਦੀ ਭਲਾਈ ਹੀ ਲੋਚੀ ਹੈ।ਇਹ ਵੀ ਕੇਹਾ ਇਤਫਾਕ ਹੈ ਕਿ ਕਸ਼ਮੀਰ ਅਤੇ ਪੰਜਾਬ ਦੇ ਹੜਾਂ ਦੀ ਸਮੱਸਿਆ ਤੋ ਪਹਿਲਾਂ ਜਿਹੜੀ ਖਾਲਸਾ ਏਡ ਵਰਗੀ ਵਿਸ਼ਵ ਪੱਧਰੀ ਸੰਸਥਾ ਦੇ ਸਾਰੇ ਪੰਜਾਬੀ ਅਤੇ ਭਾਰਤੀ ਸਿਫਤਾਂ ਕਰਦੇ ਨਹੀ ਸਨ ਥੱਕਦੇ,ਉਹਨਾਂ ਨੇ ਹੁਣ ਖਾਲਸਾ ਏਡ ਤੇ ਉਂਗਲਾਂ ਚੁੱਕਣੀਅਆ ਸੁਰੂ ਕਰ ਦਿੱਤੀਆਂ ਹਨ।ਇਹ ਸਾਰਾ ਕੁੱਝ ਕਸ਼ਮੀਰ ਅਤੇ ਪੰਜਾਬ ਵਿੱਚ ਖਾਲਸਾ ਏਡ ਦੇ ਜਿਕਰਯੋਗ ਕਾਰਜਾਂ ਤੋ ਬਾਅਦ ਸ਼ੁਰੂ ਹੋਇਆ ਹੈ।ਮਾਨਵ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਪੰਜਾਬ ਅਤੇ ਕਸ਼ਮੀਰ ਦੀ ਕੋਈ ਮਦਦ ਕਰਨ ਲਈ ਅੱਗੇ ਆਵੇ।

ਜਦੋਂ ਤੋ ਪੰਜਾਬ ਅੰਦਰ ਹੜਾਂ ਮਾਰੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਖਾਲਸਾ ਏਡ ਨੇ ਜੁੰਮੇਵਾਰੀ ਨਾਲ ਉਹਨਾਂ ਪੀੜਤ ਲੋਕਾਂ ਦੇ ਮੁੜ ਵਸੇਵੇ ਦੀ ਜੁੰਮੇਵਾਰੀ ਅਪਣੇ ਮੋਢਿਆਂ ਤੇ ਲੈ ਲਈ ਹੈ,ਤਾਂ ਬਹੁਤ ਲੋਕਾਂ ਦੇ ਢਿੱਡੀ ਪੀੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।ਇਹਨਾਂ ਗੱਲਾਂ ਨੂੰ ਸਰਸਰੀ ਨਹੀ,ਬਲਕਿ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ,ਕਿਉਕਿ ਬਿਨਾ ਸ਼ੱਕ ਖਾਲਸਾ ਏਡ ਦਾ ਕੱਦ ਬੁੱਤ ਸਿੱਖਾਂ ਦੀਆਂ ਹੋਰ ਸੰਸਥਾਵਾਂ ਦੇ ਮੁਕਾਬਲੇ ਬਹੁਤ ਉੱਚਾ ਹੋ ਗਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਿਹੜੀ ਕਦੇ ਸਿੱੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਸੀ ,ਪਰੰਤੂ ਖਾਲਸਾ ਏਡ ਦੇ ਕਾਰਜਾਂ ਸਾਹਮਣੇ ਬੌਨੀ ਹੋਕੇ ਰਹਿ ਗਈ ਹੈ।ਇਸ ਸਮੇ ਬੱਚੇ ਬੱਚੇ ਦੀ ਜੁਬਾਨ ਤੇ ਖਾਲਸਾ ਏਡ ਦਾ ਨਾਮ ਹੈ।ਸਿੱਖ ਹਲਕਿਆਂ ਵਿੱਚ ਰਵੀ ਸਿੰਘ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਾਉਣ ਦੀ ਮੰਗ ਵੀ ਉੱਠਣ ਲਗੀ ਹੈ।ਵਿਦੇਸਾਂ ਵਿੱਚ ਬੈਠੇ ਸਿੱਖ ਉਹਨਾਂ ਦੀ ਦਿਲ ਖੋਲ ਕੇ ਮਦਦ ਕਰ ਰਹੇ ਹਨ।

ਇਹਨਾਂ ਗੱਲਾਂ ਨੇ ਕੇਂਦਰੀ ਤਾਕਤਾਂ ਅਤੇ ਪੰਜਾਬ ਵਿੱਚ ਉਹਨਾਂ ਦੇ ਵਫਾਦਰਾਂ ਨੂੰ ਚਿੰਤਤ ਕੀਤਾ ਹੈ,ਜਿਸ ਕਰਕੇ ਪੰਜਾਬ ਅੰਦਰ ਅਪਣੇ  ਵਫਾਦਾਰਾਂ ਰਾਹੀ ਖਾਲਸਾ ਏਡ ਨੂੰ ਬਦਨਾਮ ਕਰਕੇ ਉਹਨਾਂ ਦੀ ਲੋਕ ਪ੍ਰਿਅਤਾ ਨੂੰ ਢਾਹ ਲਾਉਣ ਦੀਆਂ ਸਾਜਿਸ਼ਾਂ ਤੇਜ ਹੋ ਗਈਆਂ ਹਨ।ਖਾਲਸਾ ਏਡ ਪ੍ਰਤੀ ਆਮ ਸਿੱਖਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਚੰਡੀਗੜ ਤੋ ਛਪਦੇ ਪੰਜਾਬੀ ਦੇ ਅਖਬਾਰ ਨੇ ਇੱਕ ਵਾਰ ਫਿਰ ਸਿੱਖਾਂ ਦੀ ਇਸ ਹਰਮਨ ਪਿਆਰੀ ਸੰਸਥਾ ਨੂੰ ਢਾਹ ਲਾਉਣ ਦੀ ਪੂਰੀ ਵਾਹ ਲਾ ਦਿੱਤੀ ਹੈ।ਪਹਿਲਾਂ ਵੀ ਇਹ ਅਦਾਰਾ ਭਾਰਤੀ ਸਿਸਟਮ ਨੂੰ ਖੁਸ਼ ਕਰਨ ਲਈ ਸਮੇ ਸਮੇ ਸਿੱਖ ਵਿਰੋਧੀ ਰਿਪੋਰਟਾਂ ਛਾਪ ਕੇ ਅਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਰਿਹਾ ਹੈ।ਖਾਲਸਾ ਏਡ ਸਬੰਧੀ ਛਾਪੀ ਰਿਪੋਰਟ ਵਿੱਚ ਉਕਤ ਅਖਬਾਰ ਨੇ ਇਸ ਸੰਸਥਾ ਦੀ ਹਰਮਨ ਪਿਆਰਤਾ ਨੂੰ ਢਾਹ ਲਾਉਣ ਦੀ ਪੂਰੀ ਜੀਅ ਜਾਨ ਨਾਲ ਕੋਸ਼ਿਸ਼ ਕੀਤੀ ਹੈ,ਜਿਸ ਦੀ ਵਿਸ਼ਵ ਪੱਧਰ ਤੇ ਸਿੱਖਾਂ ਨੇ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ ਹੈ।ਜਦੋ ਖਾਲਸਾ ਏਡ ਨੂੰ ਬਦਨਾਮ ਕਰਨ ਲਈ ਵੱਡੀ ਪੱਧਰ ਤੇ ਜਤਨ ਹੋ ਰਹੇ ਹਨ ਤਾਂ ਆਮ ਸਿੱਖਾਂ ਅਤੇ ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ,ਜਿਹੜੀਆਂ ਅਪਣੇ ਤੌਰ ਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।ਸਿੱਖ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਰੀਆਂ ਹੀ ਸਮਾਜ ਸੇਵੀ ਸਿੱਖ ਸੰਸਥਾਵਾਂ ਨੂੰ ਖਾਲਸਾ ਏਡ ਨਾਲ ਅਪਣੀ ਸਹਿਮਤੀ ਬਣਾ ਲੈਣੀ ਚਾਹੀਦੀ ਹੈ।ਭਾਂਵੇਂ ਉਹ ਸੰਸਥਾਵਾਂ ਅਪਣੇ ਪੱਧਰ ਤੇ ਵੀ ਕੰਮ ਕਰਦੀਆਂ ਰਹਿਣ ਪਰ ਸਿੱਖ ਕੌਂਮ ਦੀ ਇਸ ਸਿਰਮੌਰ ਸੰਸਥਾ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ।

ਇਸ ਖੇਤਰ ਦੀਆਂ ਸਮੁੱਚੀਆਂ ਲੋਕ ਸੇਵਕ ਸੰਸਥਾਵਾਂ ਨੂੰ ਰਵੀ ਸਿੰਘ ਦੇ ਨਾਲ ਸਾਂਝ ਬਣਾ ਲੈਣੀ ਚਾਹੀਦੀ ਹੈ,ਤਾਂ ਕਿ ਉਹਨਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ,ਜਿਹੜੀਆਂ ਹਰ ਸਮੇ ਸਿੱਖਾਂ ਵਿੱਚ ਪਾਟਕ ਪਾਕੇ ਉਹਨਾਂ ਦੀ ਤਾਕਤ ਕਮਜੋਰ ਕਰਨ ਵਿੱਚ ਜਤਨਸ਼ੀਲ ਰਹਿੰਦੀਆਂ ਹਨ।ਜਿਸਤਰਾਂ ਆਰ ਐਸ ਐਸ ਹਿੰਦੂ ਸਮਾਜ ਦੀ ਸਰਬ ਉੱਚ ਤੇ ਸਰਬ ਪਰਵਾਨਿਤ ਸੰਸਥਾ ਬਣ ਚੁੱਕੀ ਹੈ, ਖਾਲਸਾ ਏਡ ਵਰਗੀ ਸੰਸਥਾ ਨੂੰ ਵੀ ਉਸੇ ਤਰਜ ਤੇ ਮਜਬੂਤ ਕਰਨ ਦੀ ਲੋੜ ਹੈ।ਕਈ ਵਾਰ ਵਿਰੋਧੀਆਂ ਵੱਲੋਂ ਚੁੱਕੇ ਹੋਏ ਨੁਕਸਾਨ ਵਾਲੇ ਕਦਮ ਵੀ ਰਾਸ ਆ ਜਾਂਦੇ ਹਨ,ਹੁਣ ਜਦੋ ਇਹ ਸਭ ਨੂੰ ਚਾਨਣ ਹੋ ਚੁੱਕਾ ਹੈ ਕਿ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਸਿੱਖਾਂ ਦਾ ਮਾਣ ਸਤਿਕਾਰ ਦੁਨੀਆਂ ਪੱਧਰ ਤੇ ਵਧੇ,ਬਲਕਿ ਉਹ ਹਮੇਸਾਂ ਸਿੱਖਾਂ ਨੂੰ ਦੁਨੀਆਂ ਸਾਹਮਣੇ ਮਾੜਾ ਬਣਾ ਕੇ ਪੇਸ ਕਰਨ ਵਿੱਚ ਹੀ ਸਾਰੀ ਤਾਕਤ ਝੋਕਦੀਆਂ ਆ ਰਹੀਆਂ ਹਨ,ਜਦੋ ਕਿ ਹੋ ਹਮੇਸਾਂ ਹੀ ਉਹਨਾਂ ਦੀ ਸੋਚ ਦੇ ਉਲਟ ਰਿਹਾ ਹੈ।ਖਾਲਸਾ ਏਡ ਗੁਰੂ ਆਸ਼ੇ ਅਨੁਸਾਰ ਚੱਲ ਕੇ ਸਰਬੱਤ ਦੇ ਭਲੇ ਦੇ ਸੰਕਲਪ ਤੇ ਕੰਮ ਕਰਦੀ ਹੋਈ ਅੱਗੇ ਵਧ ਰਹੀ ਹੈ,ਜਿਸ ਦੀ ਹਰ ਪਾਸੇ ਤੋ ਸਰਾਹਣਾ ਹੋਣੀ ਸੁਭਾਵਿਕ ਹੈ।

ਸੋਚਣਾ ਇਹ ਵੀ ਜਰੂਰੀ ਬਣਦਾ ਹੈ ਕਿ ਇਸ ਸਿੱਖ ਸੰਸਥਾ ਨੂੰ ਵਿਸ਼ਵ ਪੱਧਰ ਤੇ ਸਿੱਖਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ,ਜਦੋ ਕਿ ਹਿਸਾਬ ਉਹ ਲੋਕ ਪੁੱਛ ਰਹੇ ਹਨ,ਜਿੰਨਾਂ ਦਾ ਸਿੱਖ ਸਰੋਕਾਰਾਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਉਹ ਵੱਖਰੀ ਗੱਲ ਹੈ ਕਿ ਇਹਨਾਂ ਲੋਕਾਂ ਵਿੱਚ ਕੁੱਝ ਉਹ ਲੋਕ ਵੀ ਸ਼ਾਮਿਲ ਹਨ,ਜਿੰਨਾਂ ਦਾ ਚਿਹਰਾ ਮੋਹਰਾ ਵੀ ਸਿੱਖਾਂ ਵਾਲਾ ਹੀ ਹੈ,ਪਰ ਗੁਰੂ ਦੀ ਮੱਤ ਤੋ ਦੂਰ ਹੋ ਕੇ ਲੋਭ ਲਾਲਸਾ ਬੱਸ ਵਿਰੋਧੀਆਂ ਦੇ ਇਸਾਰੇ ਤੇ ਚੱਲ ਕੇ ਅਪਣੀ ਕੌਂਮ,ਅਪਣੇ ਲੋਕਾਂ ਅਤੇ ਅਪਣੀ ਸਰ ਜਮੀਨ ਨਾਲ ਧਰੋਹ ਕਮਾ ਰਹੇ ਹਨ।ਸੋ ਉਪਰੋਕਤ ਸਾਰੀਆਂ  ਵਿਰੋਧੀ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਿੱਥੇ ਸਿੱਖ ਨੁਮਾਇੰਦਾ ਬਣ ਚੁੱਕੀ ਖਾਲਸਾ ਏਡ ਵਰਗੀ ਸੰਸਥਾ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ,ਓਥੇ ਅਜਿਹੇ ਪੰਜਾਬ,ਪੰਜਾਬੀਅਤ ਅਤੇ ਮਾਨਵਤਾ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰ ਕਰਨ ਦੀ ਵੀ ਫੌਰੀ ਲੋੜ ਹੈ,ਤਾਂ ਕਿ ਸੰਸਾਰ ਪੱਧਰ ਤੇ ਮਜਬੂਤੀ ਨਾਲ ਪੈੜਾਂ ਛੱਡ ਰਹੀ ਮਾਨਵਤਾ ਪੱਖੀ ਸਿੱਖ ਸੋਚ ਦਾ ਪਸਾਰਾ ਦੁਨੀਆਂ ਦੇ ਹਰ ਕੋਨੇ ਤੱਕ ਹੋ ਸਕੇ।