Daljit Singh 190910 Zindgi Zindabad -19 ee

ਹਰ ਇਨਸਾਨ ਦੀ ਇਹ ਫਿਤਰਤ ਹੁੰਦੀ ਹੈ ਕਿ ਉਹ ਜਿਹੜਾ ਵੀ ਕੰਮ ਕਰਦਾ ਹੈ, ਉਹ ਆਪਣੀ ਇਕ ਵੱਖਰੀ ਪਹਿਚਾਣ ਲਈ ਅਤੇ ਚਾਰ ਬੰਦਿਆਂ ਵਿਚ ਆਪਣੀ ਪੈਂਠ ਬਨਾਉਂਣ ਨੂੰ ਹੀ ਕਰਦਾ ਹੈ। ਮੈਂ ਬਹੁਤ ਸਾਰੇ ਸੈਲੀਬ੍ਰੇਟੀਜ਼ ਵੇਖੇ ਹਨ ਜੋ ਚਾਹੁੰਦੇ ਹਨ ਕਿ ਉਹ ਜਿਥੋਂ ਦੀ ਲੰਘਣ, ਲੋਕ ਉਨ੍ਹਾਂ ਨੂੰ ਪਹਿਚਾਣਨ, ਸਲਾਮਾਂ ਕਰਨ, ਜਿੰਦਾਬਾਦ ਦੇ ਨਾਅਰੇ ਲਾਉਂਣ ਅਤੇ ਉਨ੍ਹਾਂ ਨੂੰ ਮਿਲਣ ਲਈ ਤਰਲੋ ਮੱਛੀ ਹੋਵਣ। ਹਰੇਕ ਸੈਲੀਬ੍ਰੇਟੀ ਇਕ ਲਿਮਟਿਡ ਦਾਇਰੇ ਤੱਕ ਮਸ਼ਹੂਰ ਹੁੰਦਾ ਹੈ ਅਤੇ ਉਸਦੇ ਜਾਨਣ ਵਾਲੇ ਉਸਦੀ ਵਿਸ਼ੇਸ਼ ਕ੍ਰਿਤ ਕਰਕੇ ਹੀ ਉਸਨੂੰ ਪਿਆਰ ਕਰਦੇ ਹਨ, ਜਿਵੇਂ ਕਿ ਕਿਸੇ ਫਿਲਮ ਐਕਟਰ ਨੂੰ ਜਾਨਣ ਵਾਲੇ ਫਿਲਮੀ ਪ੍ਰੇਮੀ ਹੀ ਹੋ ਸਕਦੇ ਹਨ, ਕਿਸੇ ਕ੍ਰਿਕੇਟਰ ਨੂੰ ਜਾਨਣ ਵਾਲੇ ਕ੍ਰਿਕੇਟ ਪ੍ਰੇਮੀ ਹੀ ਹੋ ਸਕਦੇ ਨੇ, ਕਿਸੇ ਗਾਇਕ ਜਾਂ ਕਲਾਕਾਰ ਨੂੰ ਜਾਨਣ ਵਾਲੇ ਸਿਰਫ ਕਲਾ ਪ੍ਰੇਮੀ ਹੀ ਹੋ ਸਕਦੇ ਅਤੇ ਕਿਸੇ ਡੇਰੇਦਾਰ ਸਾਧ ਅੱਗੇ ਡੰਡਉਤ ਕਰਨ ਵਾਲੇ ਪ੍ਰੇਮੀ ਉਸਦੇ ਸ਼ਰਧਾਲੂ ਹੀ ਹੋ ਸਕਦੇ ਨੇ। ਉਪਰੋਕਤ ਸਭ ਚਹੇਤੇ ਅਪਣੇ ਪਿਆਰੇ ਨੂੰ ਸਰੀਰਕ ਰੂਪ ਵਿਚ ਇਕ ਵੱਖਰੇ ਅੰਦਾਜ਼ ਵਿਚ ਵੇਖ ਕੇ ਹੀ ਰੀਝਦੇ ਹਨ, ਪਰ ਰੇਡੀਓ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਲੋਕ ਤੁਹਾਡੇ ਚਿਹਰੇ ਨੂੰ ਦੇਖੇ ਬਗੈਰ ਤੁਹਾਨੂੰ ਅਥਾਹ ਪਿਆਰ ਅਤੇ ਅਸੀਸਾਂ ਬਖਸ਼ਿਸ ਕਰਦੇ ਹਨ।

ਹੋਰ ਕਿਸੇ ਵੀ ਸੈਲੀਬ੍ਰੇਟੀ ਲਈ ਆਪਣੇ ਚਹੇਤਿਆਂ ਸਾਹਮਣੇ ਆਉਂਣ ਤੋਂ ਪਹਿਲਾਂ 2-4 ਘੰਟੇ ਲਈ ਚਿਹਰੇ ਦਾ ਮੇਕਅੱਪ ਅਤੇ ਡਰੈਸਅੱਪ ਹੋਣ ਦੀ ਤਿਆਰੀ ਕਰਨੀ ਪੈਂਦੀ ਹੈ, ਇਕ ਮਾਹੌਲ ਬਨਾਉਂਣਾ ਪੈਂਦਾ ਹੈ, ਲੋਕਾਂ ਦੀ ਭੀੜ ਜੁਟਾਉਂਣੀ ਪੈਂਦੀ ਹੈ, ਆਪਣੇ ਡਾਇਲਾਗ ਜਾਂ ਭਾਸ਼ਨ ਜ਼ਬਾਨੀ ਯਾਦ ਕਰਨੇ ਪੈਂਦੇ ਹਨ, ਮੌਕੇ ਅਨੁਸਾਰ ਚਿਹਰੇ ਦੇ ਹਾਵ ਭਾਵ ਪ੍ਰਗਟ ਕਰਨੇ ਪੈਂਦੇ ਹਨ ਅਤੇ ਹੋਰ ਵੀ ਬਹੁਤ ਕੁਝ ਜਿਹੜਾ ਉਸਦੇ ਚਹੇਤਿਆਂ ਨੂੰ ਲੁਭਾਏ ਸਭ ਕਰਨਾ ਹੀ ਪੈਂਦਾ ਹੈ। ਪਰ ਦੂਜੇ ਪਾਸੇ ਕਿਸੇ ਰੇਡੀਓ ਦਾ ਪ੍ਰੈਜੈਂਟਰ ਭਾਵੇਂ ਨਾਰਮਲ ਕੁਰਲੀ ਕਰਕੇ ਹੀ ਰਜਾਈ ਦਾ ਨਿੱਘ ਮਾਣਦੇ ਹੋਏ ਤੁਹਾਡੇ ਨਾਲ ਹਵਾ ਦੀਆਂ ਤਰੰਗਾਂ ਰਾਹੀਂ ਗੱਲਬਾਤ ਦਾ ਸਿਲਸਿਲ੍ਹਾ ਸ਼ੁਰੂ ਕਰ ਦੇਵੇ ਅਤੇ ਵਿਚ ਵਿਚਾਲੇ ਚਾਹ ਦੀਆਂ ਚੁੱਸਕੀਆਂ ਵੀ ਲੈਂਦਾ ਜਾਵੇ, ਪਰ ਤੁਸੀਂ ਉਸਦੇ ਵਾਰਤਾਲਾਪ ਨਾਮ ਹੀ ਆਨੰਦ ਮਾਣਦੇ ਹੋ। ਜੇ ਉਹ ਪ੍ਰੈਜੈਂਟਰ ਤੁਹਾਨੂੰ ਆਪਣੇ ਅਲਫਾਜ਼ਾਂ ਦੇ ਤਾਣੇ-ਪੇਟੇ ਵਿਚ ਪਰੋ ਕੇ ਰਖਣ ਦੀ ਕਾਬਲੀਅਤ ਰਖਦਾ ਹੈ ਤਾਂ ਤੁਸੀਂ ਘੰਟਿਆਂ ਬੱਧੀ ਰੇਡੀਓ ਨਾਲ ਜੁੜ੍ਹੇ ਹੋਏ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਹਰਮਨ ਰੇਡੀਓ ਦੇ ਡਾਇਰੈਕਟਰ ਸਰਦਾਰ ਅਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ‘ ਬਾਕੀ ਸਾਰੇ ਇਲੈਕਟ੍ਰੋਨਿਕ ਮੀਡੀਏ ਵਾਲਿਆਂ ਦਾ ਕਮਜ਼ੋਰ ਪੱਖ ਇਹ ਹੁੰਦਾ ਹੈ ਕਿ ਉਹ ਇਕੋ ਸਮੇਂ ਬਹੁਤ ਸਾਰੇ ਦਰਸ਼ੱਕਾਂ ਨੂੰ ਸੰਬੋਧਨ ਹੋ ਰਹੇ ਹੁੰਦੇ ਹਨ। ਰੇਡੀਓ ਪ੍ਰੈਜੈਂਟਰ ਭਾਵੇਂ ਸਾਰੇ ਸ੍ਰੋਤਿਆਂ ਨਾਲ ਹੀ ਮੁਖਾਤਿਬ ਹੋ ਰਿਹਾ ਹੋਵੇ, ਪਰ ਹਰੇਕ ਸ੍ਰੋਤੇ ਨੂੰ ਇਉਂ ਭਾਸਦਾ ਹੈ ਕਿ ਪ੍ਰੈਜੈਂਟਰ ਸਿਰਫ ਮੇਰੇ ਨਾਲ ਗੱਲਬਾਤ ਕਰ ਰਿਹਾ ਹੈ।’

ਖੈਰ ਗੱਲ ਹੋਰ ਪਾਸੇ ਚਲੀ ਗਈ। ਮੇਰਾ ਜਨੂੰਨ ਸ਼ੁਰੂ ਤੋਂ ਹੀ ਇਹੋ ਰਿਹਾ ਹੈ ਕਿ ਮੀਡੀਏ ਰਾਹੀਂ ਆਪਣੇ ਜ਼ਜ਼ਬਾਤ ਅਤੇ ਲੋਕ ਮਸਲੇ ਉਜਾਗਰ ਕਰਨਾ, ਪਰ ਮਸਲੇ ਉਜਾਗਰ ਤਾਂ ਹੁੰਦੇ ਸਨ, ਪਰ ਉਸਦਾ ਹੱਲ ਸਿਰਫ ਅਤੇ ਸਿਰਫ ਪ੍ਰਸ਼ਾਸ਼ਨ ਕੋਲ ਹੀ ਹੁੰਦਾ ਸੀ। ਜਿਹੜੇ ਮਸਲੇ ਆਪਸੀ ਵਾਰਤਾਲਾਪ ਨਾਲ ਹੱਲ ਹੋ ਸਕਦੇ ਹਨ, ਪ੍ਰਿੰਟਿਡ ਮੀਡੀਆ ਉਨ੍ਹਾਂ ਦਾ ਵੀ ਹੱਲ ਨਹੀਂ ਕੱਢ ਸਕਦਾ। ਕੁਝ ਅਖਬਾਰਾਂ ਦਾ ਕਾਲਮ ਨਵੀਸ ਹੋਣ ਦੇ ਬਾਵਜੂਦ ਮੈਂ ਇਕ ਇਹੋ ਜਿਹਾ ਪਲੇਟਫਾਰਮ ਲੱਭ ਰਿਹਾ ਸੀ, ਜਿਥੇ ਆਮ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਆਪਣੀ ਮਾਤ-ਭਾਸ਼ਾ ਵਿਚ ਆਪਸੀ ਵੀਚਾਰ-ਵਟਾਂਦਰਾ ਕੀਤਾ ਜਾ ਸਕੇ।

ਮੈਂ ਇਨ੍ਹਾਂ ਸੋਚਾਂ ਵਿਚ ਹੀ ਵਿਚਰ ਰਿਹਾ ਸੀ ਕਿ ਇਕ ਦਿਨ ਆਸਟ੍ਰੇਲੀਆ ਰਹਿੰਦੀ ਮੇਰੀ ਬੇਟੀ ਦਾ ਫੋਨ ਆਇਆ -” ਪਾਪਾ ਇਥੋਂ ਆਸਟ੍ਰੇਲੀਆ ਤੋਂ ਇਕ ਪੰਜਾਬੀ ਰੇਡੀਓ ਚਲਦਾ ਹੈ। ਜਿਸ ਵਿਚ ਸਾਰੀਆਂ ਵੰਨਗੀਆਂ ਦੇ ਪ੍ਰੋਗਰਾਮ ਪੇਸ਼ ਹੁੰਦੇ ਨੇ।” ਬੇਟੀ ਮੇਰੀ ਸਾਹਿਤਕ ਰੁੱਚੀ ਬਾਰੇ ਭਲੀ-ਭਾਂਤ ਜਾਣੂੰ ਸੀ, ਕਿਉਂਕਿ ਉਸਦੇ ਵਿਆਹ ਤੋਂ ਪਹਿਲਾਂ ਅਸੀਂ ਦੋਵੇਂ ਪਿਉ-ਧੀ ਰਲ ਕੇ ਵਿਦਿਆਰਥੀ ਮੰਚ ਨਾਮ ਦਾ ਪੰਜਾਬੀ ਮੈਗਜ਼ੀਨ ਕੱਢਦੇ ਸਾਂ, ਪਰ ਉਸਦੇ ਆਸਟ੍ਰੇਲੀਆ ਜਾਣ ਤੋਂ ਬਾਅਦ ਮੈਂ ਇੱਕਲਾ ਇਹ ਮੈਗਜ਼ੀਨ ਚਲਾ ਨਹੀਂ ਸਕਿਆ। ਮੈਨੂੰ ਬੇਟੀ ਕੋਲੋਂ ਹਰਮਨ ਰੇਡੀਓ ਬਾਰੇ ਸੁਣ ਕੇ ਕੁਝ ਚੰਗਾ ਜਿਹਾ ਮਹਿਸੂਸ ਹੋਇਆ, ਕਿਉਂਕਿ ਬਚਪਨ ਤੋਂ ਹੀ ਰੇਡੀਓ ਸੁਣਦੇ ਆ ਰਿਹਾ ਸੀ। ਮੈਨੂੰ ਤਾਂ ਹਾਲੇ ਤੱਕ ਵੀ ਅਕਾਸ਼ਵਾਣੀ ਜਲੰਧਰ ਅਤੇ ਵਿਵਧ ਭਾਰਤੀ ਤੋਂ ਪ੍ਰਸਾਰਿਤ ਪਸੰਦੀਦਾ ਪ੍ਰੋਗ੍ਰਾਮਾਂ ਅਤੇ ਰੇਡੀਓ ਪ੍ਰੈਜੈਂਟਰਾਂ ਦੇ ਨਾਮ ਤੱਕ ਯਾਦ ਨੇ। ਫਿਰ ਟੀ. ਵੀ. ਦੇ ਵੱਖ-ਵੱਖ ਚੈਨਲਾਂ ਦੇ ਆਉਂਣ ਨਾਲ ਰੇਡੀਓ ਸੁਨਣ ਦਾ ਰੁਝਾਨ ਬਿਲਕੁੱਲ ਹੀ ਘੱਟ ਗਿਆ।

ਮੈਨੂੰ ਇਹ ਤਾਂ ਪਤਾ ਹੀ ਨਹੀਂ ਸੀ ਕਿ ਬਾਹਰਲੇ ਦੇਸ਼ਾਂ ਵਿਚ ਹਾਲੇ ਵੀ ਰੇਡੀਓ ਸੁਣਨ ਦਾ ਪੂਰਾ ਰੁਝਾਨ ਹੈ। ਇਸ ਬਾਰੇ ਪਤਾ ਤਾਂ ਮੈਨੂੰ ਉਦੋਂ ਲਗਾ, ਜਦੋਂ ਸੰਨ 2013 ਵਿਚ ਹਰਮਨ ਰੇਡੀਓ ਦੇ ਪਟਿਆਲਾ ਸਟੂਡੀਓ ਤੋਂ ਸੋਮ ਸਹੋਤਾ ਨਾਲ ਇਕ ਪ੍ਰੋਗਰਾਮ ਦਿਲ ਤੋਂ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਉਸ ਤੋਂ ਬਾਅਦ ਉਸੇ ਵਰ੍ਹੇ ਵਿਸਾਖੀ ਮੌਕੇ ਇਕ ਹੋਰ ਪ੍ਰੋਗਰਾਮ ਵਿਚ ਇਕ ਫਿਰ ਤੋਂ ਧਾਰਮਿਕ ਰੰਗਤ ਵਾਲੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਇਹ ਪ੍ਰੋਗਰਾਮ ਲਾਈਵ ਚਲ ਰਿਹਾ ਸੀ ਅਤੇ ਸ੍ਰੋਤਿਆਂ ਦੀ ਫੀਡਬੈਕ ਨਾਲੋ ਨਾਲ ਆ ਰਹੀ ਸੀ। ਏਨ੍ਹੀਂ ਸੋਹਣੀ ਫੀਡਬੈਕ ਸੁਣ ਕੇ ਦਿਲ ਬਾਗ-ਬਾਗ ਹੋ ਗਿਆ ਅਤੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਰੇਡੀਓ ਦੇ ਟੈਕਨੀਕਲ ਡਾਇਰੈਕਟਰ ਸਰਬਜੀਤ ਸਿੰਘ ਨਾਲ ਚਾਹ ਦੀਆਂ ਚੁੱਸਕੀਆਂ ਭਰਦੇ ਭਰਦੇ ਮੇਰੀ ਸਰਦਾਰ ਅਮਨਦੀਪ ਸਿੰਘ ਸਿੱਧੂ ਨਾਲ ਟੈਲੀਫੋਨ ‘ਤੇ ਹੋਈ ਲੰਮੀ ਗੱਲਬਾਤ ਦੌਰਾਨ ਇਹ ਪਤਾ ਲਗਾ ਕਿ ਦੇਸ਼-ਵਿਦੇਸਾਂ ਵਿਚ ਇਕੋ ਸਮੇਂ ਹਜਾਰਾਂ ਨਹੀਂ ਲੱਖਾਂ ਸ੍ਰੋਤੇ ਮੈਨੂੰ ਸੁਣ ਰਹੇ ਸਨ। ਕੋਈ ਟਰੱਕ, ਕੋਈ ਟਰਾਲਾ, ਕੋਈ ਟੈਕਸੀ ਚਲਾਉਂਦਾ, ਕੋਈ ਮਾਲ ਵਿਚ ਸਮਾਨ ਨੂੰ ਤਰਤੀਬ ਵਿਚ ਰਖਦਾ ਹੋਇਆ, ਕੋਈ ਗਾਡਨਿੰਗ ਕਰਦਾ ਹੋਇਆ, ਕੋਈ ਪਹਿਰਾ ਦਿੰਦਾ ਹੋਇਆ, ਕੋਈ ਕਾਰ ਵਾਸ਼ ਕਰਦਾ ਹੋਇਆ ਜਾਂ ਕੋਈ ਹੋਰ ਜੌਬ ਕਰਦਾ ਹੋਇਆ, ਕੋਈ ਰਜ਼ਾਈ ਦਾ ਨਿੱਘ ਮਾਣਦਾ ਹੋਇਆ ਅਤੇ ਘਰਾਂ ਵਿਚ ਚੁਲ੍ਹਾ-ਚੌਂਕਾ ਕਰਦੇ ਹੋਏ ਸ੍ਰੋਤੇ ਵੀ ਕੰਨ੍ਹਾਂ ਨੂੰ ਹੈਡਫੋਨ ਲਾ ਕੇ ਰੇਡੀਓ ਰਾਹੀਂ ਮਨ ਪ੍ਰਚਾਵਾ ਕਰ ਲੈਂਦੇ ਹਨ। ਟੀ. ਵੀ. ਵੇਖਣ ਦਾ ਸਮਾਂ ਕਿਸੇ ਕੋਲ ਘੱਟ ਹੀ ਹੈ।

ਅਮਨਦੀਪ ਹੁਰਾਂ ਮੇਰੀ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਵਿਚ ਲਗਨ ਵੇਖ ਕੇ ਮੈਨੂੰ ਕੋਈ ਨਿਵੇਕਲਾ ਰੇਡੀਓ ਪ੍ਰੋਗਰਾਮ ਪੇਸ਼ ਕਰਨ ਲਈ ਪ੍ਰੇਰਿਆ। ਬਾਕੀ ਤਾਂ ਸਭ ਠੀਕ ਸੀ, ਪਰ ਆਸਟ੍ਰੇਲੀਆ ਅਤੇ ਪੰਜਾਬ ਦੇ ਸਮੇਂ ਵਿਚ ਕਾਫੀ ਫਰਕ ਹੋਣ ਕਰਕੇ ਰਾਤ 12 ਕੁ ਵੱਜੇ ਉੱਠ ਕੇ ਲਾਇਵ ਪ੍ਰੋਗਰਾਮ ਦੇਣਾ ਕਠਿਨ ਸੀ। ਫਿਰ ਏਸਦਾ ਹੱਲ ਇਹ ਕੱਢਿਆ ਕਿ ਪਹਿਲਾਂ ਤੋਂ ਪ੍ਰੋਗਰਾਮ ਬਣਾ ਕੇ ਆਸਟ੍ਰੇਲੀਆ ਸਮੇਂ ਦੇ ਅੰਮ੍ਰਿਤ ਵੇਲੇ ਬ੍ਰਾਡਕਾਸਟ ਕੀਤਾ ਜਾ ਸਕਦਾ ਹੈ। ਅੰਨ੍ਹਾ ਕੀ ਭਾਲੇ, ਦੋ ਅੱਖੀਆਂ ਵਾਲੀ ਕਹਾਵਤ ਅਨੁਸਾਰ ਮੈਂ ਝੱਟ ਹਾਂ ਕਰ ਦਿੱਤੀ ਅਤੇ ਮੇਰਾ ਪਲੇਠਾ ਧਾਰਮਿਕ ਪ੍ਰੋਗਰਾਮ ਬਾਬਾਣੀਆਂ-ਕਹਾਣੀਆਂ ਖੂਬ ਪ੍ਰਚਲਿਤ ਹੋਇਆ। ਇਹ ਪ੍ਰੋਗਰਾਮ ਵੀਕਐਂਡ ‘ਤੇ ਪੇਸ਼ ਹੁੰਦਾ ਸੀ ਅਤੇ ਇਸ ਵਿਚ ਇਤਿਹਾਸਕ ਅਤੇ ਗੁਰਮਤਿ ਨਾਲ ਸਬੰਧਤ ਵਾਰਤਾਲਾਪ ਅਤੇ ਧਾਰਮਿਕ ਗੀਤਾਂ ਦਾ ਪ੍ਰਵਾਹ ਚਲਦਾ ਸੀ। ਮੈਨੂੰ ਇਸ ਪ੍ਰੋਗਰਾਮ ਦੀ ਸਫਲਤਾ ਦਾ ਅਹਿਸਾਸ ਉਦੋਂ ਹੋਇਆ ਜਦੋਂ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਈ ਮੇਲਾਂ ਅਤੇ ਟੈਲੀਫੋਨਿਕ ਸੁਨੇਹਿਆਂ ਰਾਹੀਂ ਮੇਰੇ ਦੋਸਤ ਬਣਨੇ ਸ਼ੁਰੂ ਹੋ ਗਏ। ਉਹਨਾਂ ਲੋਕਾਂ ਵਿਚੋਂ ਬਹੁਤਿਆਂ ਨੇ ਭਾਵੇਂ ਮੈਨੂੰ ਕਦੇ ਵੇਖਿਆ ਤੱਕ ਨਹੀਂ ਹੈ, ਪਰ ਹਵਾ ਦੀਆਂ ਤਰੰਗਾਂ ਰਾਹੀਂ ਹੋਈਆਂ ਦੋਸਤੀਆਂ ਦਾ ਦਾਇਰਾ ਹੋਰ ਹੋਰ ਵੱਧਦਾ ਜਾ ਰਿਹਾ ਹੈ।

ਇਸ ਤੋਂ ਬਾਅਦ ਸਰਦਾਰ ਅਮਨਦੀਪ ਸਿੰਘ ਸਿੱਧੂ ਆਪਣੀ ਇੰਡੀਆ ਫੇਰੀ ਸਮੇਂ ਨਿੱਜੀ ਤੌਰ ‘ਤੇ ਮੈਨੂੰ ਪਟਿਆਲਾ ਵਿਖੇ ਮਿਲੇ। ਉਥੇ ਉਨ੍ਹਾਂ ਨੇ ਸਾਰੇ ਪ੍ਰੈਜੈਂਟਰਾਂ ਨੂੰ ਦੁਪਿਹਰ ਦੇ ਖਾਣੇ ਦੀ ਮਿਲਣੀ ‘ਤੇ ਸੱਦਿਆ ਹੋਇਆ ਸੀ। ਉਸ ਸਮੇਂ ਉਹਨਾਂ ਸਾਰੇ ਪ੍ਰੈਜੈਂਟਰਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਬਾਰੇ ਛੋਟੀਆਂ-ਛੋਟੀਆਂ ਟਿੱਪਸ ਵੀ ਦਿੱਤੀਆਂ। ਅਮਨਦੀਪ ਨੇ ਮੈਨੂੰ ਗੁਰਬਾਣੀ ਵੀਚਾਰ ਦਾ ਸਾਰਾ ਪ੍ਰੋਗਰਾਮ ਸੰਭਾਲਣ ਲਈ ਪ੍ਰੇਰਿਆ ਅਤੇ ਮੈਂ ਹਾਂ ਕਰ ਦਿੱਤੀ। ਮੈਂ ਖੁਸ਼ ਸੀ ਕਿ ਗੁਰਬਾਣੀ ਵੀਚਾਰ ਦੀ ਪੂਰਨ ਸੁਪਰਵਿਜ਼ਨ ਮੇਰੇ ਹੱਥ ਆ ਗਈ ਅਤੇ ਨਵੇਂ ਢੰਗ ਨਾਲ ਪੇਸ਼ਕਾਰੀ ਵੇਲੇ ਇਸ ਪ੍ਰੋਗਰਾਮ ਦਾ ਨਾਮ ਗਾਵਹੁ ਸਚੀ ਬਾਣੀ ਪ੍ਰਚਲਿਤ ਹੋਇਆ। ਬਾਕੀ ਰੇਡੀਓ ਵਾਲਿਆਂ ਦਾ ਮੈਨੂੰ ਬਹੁਤਾ ਪਤਾ ਨਹੀਂ, ਪਰ ਅਮਨਦੀਪ ਸਿੰਘ ਕਦੇ ਵੀ ਕਿਸੇ ਪ੍ਰੈਜੈਂਟਰ ਦੇ ਪ੍ਰੋਗਰਾਮ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਸ਼ਾਇਦ ਇਸੇ ਕਰਕੇ ਸਾਰੇ ਪ੍ਰੈਜੈਂਟਰਜ਼ ਆਪਣੀ ਵਧੀਆ ਪੇਸ਼ਕਾਰੀ ਅਦਾ ਕਰਦੇ ਹਨ।

ਪਤਾ ਨਹੀਂ ਕਿਉਂ ਮੇਰੀ ਵਾਰਤਾ ਫਿਰ ਤੋਂ ਘੁੰਮ-ਘੁੰਮਾਅ ਕੇ ਰੇਡੀਓ ਵੱਲ ਚਲੀ ਜਾਂਦੀ ਹੈ, ਪਰ ਇਸ ਰੇਡੀਓ ਨੇ ਜੋ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਦੀ ਇਕ ਲੰਬੀ ਲੜੀ ਮੇਰੇ NRI ਦੋਸਤਾਂ ਦੀ ਲਿਸਟ ਵਿਚ ਜੋੜ ਦਿੱਤੀ ਹੈ ਉਹ ਕਿਵੇਂ ਵਿਸਾਰੀ ਜਾ ਸਕਦੀ ਹੈ। ਮੈਂ ਇਸ ਗੱਲ ਤੋਂ ਡਰਦਾ ਉਨ੍ਹਾਂ ਮਿੱਤਰਾਂ ਦੇ ਨਾਵਾਂ ਬਾਰੇ ਜ਼ਿਕਰ ਨਹੀਂ ਕਰ ਰਿਹਾ ਕਿ ਜੇ ਕਿਤੇ ਭੁਲੇਖੇ ਨਾਲ ਇਕ ਨਾਮ ਵੀ ਲਿਖਣਾ ਭੁੱਲ ਗਿਆ ਤਾਂ ਮੈਂ ਆਪਣੇ ਆਪ ਨੂੰ ਕਦੇ ਮੁਆਫ ਨਹੀਂ ਕਰ ਸਕਾਂਗਾ। ਇਹੋ ਅਰਦਾਸ ਹੈ ਕਿ ਮੇਰੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੂਲਿਤ ਕਰਨ ਵਾਲਾ ਸਾਡਾ ਹਰਮਨ ਰੇਡੀਓ ਵੱਸਦਾ ਰਹੇ ਅਤੇ ਵੱਸਦੇ ਰਹਿਣ ਮੇਰੇ ਰੇਡੀਓ ਮਿੱਤਰ ਦੋਸਤ, ਜਿਨ੍ਹਾਂ ਦੀਆਂ ਦੁਆਵਾਂ ਕਰਕੇ ਮੇਰੇ ਸਾਹ ਚਲਦੇ ਨੇ।

(ਦਲਜੀਤ ਸਿੰਘ)

wmunch09@gmail.com