• ਗੁਰਕ੍ਰਿਪਾਲ ਸੂਰਾਂਪੁਰੀ ਦਾ ‘ਵਿਆਹ ਵਾਲਾ ਗਾਣਾ’ ਡੀ.ਜੇ. ਉਤੇ ਬਣੇਗਾ ਸਭ ਦੀ ਪਸੰਦ
  • ਮਾਮਾ-ਮਾਮੀ, ਫੁੱਫੜ-ਭੂਆ, ਭੈਣ-ਜੀਜਾ, ਬੇਬੇ-ਬਾਪੂ, ਚਾਚਾ-ਚਾਚੀ, ਡੈਡੀ-ਮੰਮੀ, ਤਾਇਆ-ਤਾਈ, ਮਾਸੜ-ਮਾਸੀ, ਬੋਲੀਆਂ ਤੇ ਖੁਸ਼ੀਆਂ ਦੀਆਂ ਵਧਾਈਆਂ ਦਾ ਕੀਤਾ ਸੰਗਮ
NZ PIC 10 Sep-1
(ਗਾਇਕ ਗੁਰਕ੍ਰਿਪਾਲ ਸੂਰਾਂਪੁਰੀ ਦੇ ਗੀਤ ‘ਵਿਆਹ ਵਾਲਾ ਗਾਣਾ’ ਦਾ ਪੋਸਟਰ)

ਔਕਲੈਂਡ 10 ਸਤੰਬਰ – ਰਿਸ਼ਤਿਆਂ ਦੀ ਪਟਰੀ ਉਤੇ ਤੁਰਦੀ ਸਾਡੀ ਮਾਡਰਨ ਜ਼ਿੰਦਗੀ ਬਹੁਤੀ ਵਾਰ ਨੇੜ ਪਰਿਵਾਰਾਂ ਦੇ ਸਟੇਸ਼ਨ ਉਤੇ ਘੱਟ ਹੀ ਰੁਕਦੀ ਹੈ ਜਾਂ ਫਿਰ ਚੰਦ ਮਿੰਟਾਂ ਲਈ ਹੌਲੀ ਹੋ ਕੇ ਅੱਗੇ ਤੁਰ ਨਿਕਲਦੀ ਹੈ। ਸਮਾਰਟ ਯੁੱਗ ਵਿਚ ਪੂਰਾ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ ਲੋਕ ਨਿੱਜੀ ਤੌਰ ‘ਤੇ ਆਪਣੇ ਨੇੜਲੇ ਰਿਸ਼ਤੇਦਾਰਾਂ ਜਿਵੇਂ ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਫੁੱਫੜ-ਭੂਆ, ਭੈਣ-ਜੀਜਾ, ਬੇਬੇ-ਬਾਪੂ, ਚਾਚਾ-ਚਾਚੀ, ਡੈਡੀ-ਮੰਮੀ, ਤਾਇਆ-ਤਾਈ, ਮਾਸੜ-ਮਾਸੀ ਨੂੰ ਹੁਣ ਵਿਆਹਾਂ ਆਦਿ ਉਤੇ ਹੀ ਸੰਯੁਕਤ ਰੂਪ ਵਿਚ ਮਿਲਦੇ ਤੇ ਵੇਖਦੇ ਹਨ। ਮਾਂ-ਪਿਉ ਵਾਸਤੇ ਮੁੰਡੇ ਜਾਂ ਕੁੜੀ ਦਾ ਵਿਆਹ ਉਨ੍ਹਾਂ ਦੇ ਜਨਮ ਦਿਨ ਤੋਂ ਬਾਅਦ ਦੂਜੀ ਵੱਡੀ ਖੁਸ਼ੀ ਦੇ ਰੂਪ ਵਿਚ ਹੁੰਦਾ ਹੈ। ਇਸ ਖੁਸ਼ੀ ਦੇ ਮੌਕੇ ਸਾਰੇ ਰੁੱਸੇ ਹੋਏ ਰਿਸ਼ਤੇਦਾਰ ਵੀ ਪੁਰਾਣੀਆਂ ਰੰਜਿਸ਼ਾਂ ਭੁਲਾ ਕੇ ਸੰਗੀਤਕ ਡੀ. ਜੇ. ਉਤੇ ਨੱਚਣ ਲੱਗਦੇ ਹਨ। ਜੇਕਰ ਡੀ. ਜੇ. ਉਤੇ ਗਾਣਾ ਇਸ ਤਰ੍ਹਾਂ ਦਾ ਵੱਜ ਰਿਹਾ ਹੋਵੇ ਕਿ ਸਾਰੇ ਰਿਸ਼ਤੇਦਾਰਾਂ ਦੀ ਸਾਂਝ ਦੀ ਖੁਸ਼ਬੋ ਇਕ ਹੀ ਗੀਤ ਵਿਚ ਬਿਖਰ ਰਹੀ ਹੋਵੇ ਤਾਂ ਪੂਰਾ ਪਿੜ ਹੀ ਨੱਚਦਾ ਮਹਿਸੂਸ ਹੋਵੇਗਾ। ਇਕ ਅਜਿਹਾ ਹੀ ਨਵਾਂ ਗੀਤ ਜਿਸ ਦਾ ਨਾਂਅ ਹੀ ‘ਵਿਆਹ ਵਾਲਾ ਗਾਣਾ’ ਹੈ ਅੱਜ ਬਹੁਤ ਹੀ ਮਕਲੂਬ ਗਾਇਕ ਗੁਰਕ੍ਰਿਪਾਲ ਸੂਰਾਂਪੁਰੀ ਨੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਉਨ੍ਹਾਂ ਖੁਦ ਲਿਖੇ ਹਨ ਅਤੇ ਇਸ ਨੂੰ ਸੰਗੀਤਬੱਧ ਕੀਤਾ ਹੈ ਪ੍ਰਸਿੱਧ ਸੰਗੀਤਕਾਰ ਲਾਲ ਕਮਲ ਨੇ। ਗੀਤ ਦੇ ਬੋਲਾਂ ਦੀ ਸ਼ੁਰੂਆਤ ਵਿਆਹ ਦੇ ਵਿਚ ਨਾਨਕੀ ਸ਼ੱਕ ਲੈ ਕੇ ਆਉਣ ਵਾਲੇ ਮਾਮਾ-ਮਾਮੀ ਤੋਂ ਕੀਤੀ ਗਈ ਹੈ।

ਇਸ ਤੋਂ ਬਾਅਦ ਵਾਰੋ-ਵਾਰੀ  ਫੁੱਫੜ-ਭੂਆ, ਭੈਣ-ਜੀਜਾ, ਬੇਬੇ-ਬਾਪੂ, ਚਾਚਾ-ਚਾਚੀ, ਡੈਡੀ-ਮੰਮੀ, ਤਾਇਆ-ਤਾਈ, ਮਾਸੜ-ਮਾਸੀ, ਬੋਲੀਆਂ ਤੇ ਖੁਸ਼ੀਆਂ ਦੀਆਂ ਵਧਾਈਆਂ ਨੂੰ ਇਸ ਤਰ੍ਹਾਂ ਸੰਗਮ ਕਰ ਦਿੱਤਾ ਗਿਆ ਹੈ ਕਿ ਡੀ. ਜੇ. ਉਤੇ ਵਾਰ-ਵਾਰ ਇਸੀ ਗੀਤ ਦੀ ਫਰਮਾਇਸ਼ ਹੋਇਆ ਕਰੇਗੀ ਤਾਂ ਕਿ ਸਾਰੇ ਇਕੋ ਵੇਲੇ ਨੱਚ ਸਕਣ। ਅੱਜ ਦੇ ਸਮੇਂ ਦੇ ਵਿਚ ਅਜਿਹੇ ਗੀਤ ਦਿਲਖਿਚਵੇਂ ਸੰਗੀਤ ਦੇ ਵਿਚ ਤਿਆਰ ਹੋਣੇ ਆਪਣੇ ਆਪ ਵਿਚ ਲੋਕ ਗੀਤ ਦੀ ਪਰਿਭਾਸ਼ਾ ਵਿਚ ਨਾਂਅ ਲਿਖਵਾਉਣ ਦੇ ਬਰਾਬਰ ਹਨ। ਮੇਰੇ ਨਾਨਕਿਆਂ ਦੇ ਪਿੰਡ ਦੇ ਹੋਣ ਕਰਕੇ ਮੇਰੇ ਮਾਮਾ ਜੀ ਲਗਦੇ ਗੁਰਕ੍ਰਿਪਾਲ ਸੂਰਾਂਪੁਰੀ ਨੂੰ ਨਿਊਜ਼ੀਲੈਂਡ ਵਸਦੇ ਸਮੁੱਚੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਲੱਖ-ਲੱਖ ਵਧਾਈ। ਸੰਨ 2006 ਦੀ ਗੋਲ ਹੋਣੀ ਆ ਇਕ ਵਾਰ ਉਹ ਮੈਨੂੰ ਜਲੰਧਰ ਘਰ ਮਿਲਣ ਆਏ ਸਨ ਅਤੇ ਘਰ ਦੀ ਛੱਤ ਉਤੇ ਧੁੱਪੇ ਬੈਠ ਅਸੀਂ ਨਿਊਜ਼ੀਲੈਂਡ ਟੂਰ ਦੀ ਗੱਲ ਕੀਤੀ ਸੀ। ਹੁਣ ਤੱਕ ਉਨ੍ਹਾਂ ਦੇ ਸਾਰੇ ਗੀਤ ਪਰਿਵਾਰਕ ਗੀਤਾਂ ਦੀ ਸ਼੍ਰੇਣੀ ਵਿਚ ਆਏ ਹਨ ਜੋ ਕਿ ਅਕਸਰ ਲੋਕ ਵਿਆਹਾਂ ਵਿਚ ਵਜਾਉਂਦੇ ਹਨ। ਤੁਹਾਡੇ ਇਸ ਗੀਤ ਦੀ ਉਮਰ ਲੋਕ ਗੀਤਾਂ ਜਿੰਨੀ ਹੋਵੇ….ਸ਼ਾਬਾਸ਼! ਬਹੁੱਤ ਅੱਛੇ।