(ਪੀਟਰ ਤਾਬੀਚੀ)
(ਪੀਟਰ ਤਾਬੀਚੀ)

ਅਧਿਆਪਨ ਇਕ ਉੱਚਾ-ਸੁੱਚਾ ਪਵਿੱਤਰ ਕਿੱਤਾ ਹੈ, ਜਿਸ ਦੇ ਬਦੌਲਤ ਹੀ ਕਿਸੇ ਵੀ ਸਮਾਜ ਜਾਂ ਰਾਸ਼ਟਰ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖੀ ਜਾ ਸਕਦੀ ਹੈ। ਮਾਪੇ ਬੱਚੇ ਨੂੰ ਜਨਮ ਦਿੰਦੇ ਹਨ ਪਰ ਅਧਿਆਪਕ ਉਸ ਨੂੰ ਸਹੀ ਅਰਥਾਂ ਵਿਚ ਜ਼ਿੰਦਗੀ ਜਿਊਣਾ ਸਿਖਾਉਂਦਾ ਹੈ। ਇਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਤਾ-ਪਿਤਾ ਬਣ ਕੇ ਉਨ੍ਹਾਂ ਨੂੰ ਕਾਮਯਾਬੀ ਦੀਆਂ ਮੰਜ਼ਿਲਾਂ ਵਲ ਅੱਗੇ ਵਧਣ ਲਈ ਤੁਰਨ ਦੀ ਜਾਂਚ ਸਿਖਾਉਂਦਾ ਹੈ। ਅਧਿਆਪਕ ਜਿੱਥੇ ਵਿਦਿਆਰਥੀਆਂ ਨੂੰ ਪੜਾਈ ਲਿਖਾਈ ਦਾ ਗਿਆਨ ਪ੍ਰਦਾਨ ਕਰਦਾ ਹੈ ਉੱਥੇ ਹੀ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਵਿੱਚ ਵੀ ਪਰਪੱਕ ਬਣਾਉਂਦਾ ਹੈ, ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਅਧਿਆਪਨ ਨਿਰਾ ਇਕ ਕਿੱਤਾ ਨਹੀਂ ਸਗੋ ਇਕ ਬਹੁਤ ਵੱਡੀ ਸਮਾਜਿਕ ਜ਼ਿੰਮੇਵਾਰੀ ਹੈ। ਜਿੱਥੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਹੱਕ-ਹਕੂਕ ਪ੍ਰਤੀ ਜਾਗਰੂਕ ਕਰਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਵਾਉਂਦਾ ਹੈ।

ਅਧਿਆਪਨ ਕਿਤੇ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪਿਛਲੇ ਕੁੱਝ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ਉੱਪਰ ਗਲੋਬਲ ਟੀਚਰ ਪ੍ਰਾਈਜ਼ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ।ਗਲੋਬਲ ਟੀਚਰ ਪ੍ਰਾਈਜ਼ ਇਕ ਮਿਲੀਅਨ ਅਮਰੀਕਨ ਡਾਲਰ ਦਾ ਪੁਰਸਕਾਰ ਹੈ, ਜੋ ਕਿ ਹਰ ਸਾਲ ਇਕ ਬੇਮਿਸਾਲ ਅਧਿਆਪਕ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਅਧਿਆਪਨ ਪੇਸ਼ੇ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ, ‘ਵਰਕੀ ਫਾਊਂਡੇਸ਼ਨ’ ਨੇ 2014 ਵਿੱਚ ਇਸ ਇਨਾਮ ਦੀ ਸਥਾਪਨਾ ਕੀਤੀ। ਇਸ ਸੰਸਥਾ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਪੱਧਰ ਉੱਪਰ ਬੇਮਿਸਾਲ ਅਧਿਆਪਕਾਂ ਨੂੰ ਪਹਿਚਾਨਣਾ ਹੈ, ਜੋ ਬੱਚਿਆਂ ਦੀ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਮਾਨਤਾ ਦੇ ਪਾਤਰ ਹਨ।

ਮੌਜੂਦਾ ਗਲੋਬਲ ਟੀਚਰ ਪ੍ਰਾਈਜ਼ ਪੀਟਰ ਤਾਬੀਚੀ ਨੂੰ ਪ੍ਰਦਾਨ ਕੀਤਾ ਗਿਆ। ਪੀਟਰ, ਜੋ ਕੀਨੀਆ ਦੀ ਰਿਫਟ ਵੈਲੀ ਦੇ ਇਕ ਦਿਹਾਤੀ, ਅਰਧ-ਸੁੱਕੇ ਹਿੱਸੇ ਵਿਚ ਸਥਿਤ, ਪਾਨੀ ਪਿੰਡ ਦੇ ‘ਕੇਰਿਕੋ ਸੈਕੰਡਰੀ ਸਕੂਲ’ ਵਿਚ ਗਣਿਤ ਅਤੇ ਸਾਇੰਸ ਵਿਸ਼ੇ ਪੜਾਉਂਦੇ ਹਨ। ਇਸ ਸਕੂਲ ਵਿੱਚ ਵਿਭਿੰਨ ਸੱਭਿਆਚਾਰਾਂ ਅਤੇઠਧਰਮਾਂ ਦੇ ਸਮੂਹ ਦੇ ਵਿਦਿਆਰਥੀ ਘੱਟ ਸਹੂਲਤਾਂ ਨਾਲ ਲੈਸ ਕਲਾਸ-ਰੂਮਾਂ ਵਿੱਚ ਸਿੱਖਦੇ ਹਨ । ਤਬੀਚੀ ਆਪਣੀ ਤਨਖਾਹ ਦਾ 80% ਹਿੱਸਾ ਪਵਾਨੀ ਪਿੰਡ ਦੇ ਵਿਦਿਆਰਥੀਆਂ ਦੀ ਭਲਾਈ ਵਾਲੇ ਨੇਕ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਦਾਨ ਕਰਦਾ ਹੈ।

10,000 ਤੋਂ ਵੱਧ ਨਾਮਜ਼ਦਗੀਆਂ ਵਿਚੋਂ ਤਬੀਚੀ ਨੂੰ ‘ਗਲੋਬਲ ਟੀਚਰ ਪ੍ਰਾਈਜ਼’ ਦਾ ਵਿਜੇਤਾ ਚੁਣਿਆਂ ਗਿਆ । ਤਬੀਚੀ ਨੇ ਦੁਬਈ ਵਿੱਚ ਇਹ ਸਨਮਾਨ ਪ੍ਰਾਪਤ ਕਰਨ ਲਈ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਯਾਤਰਾ ਕੀਤੀ। ਇਨਾਮ ਜਿੱਤਣ ‘ਤੇ, ਤਬੀਚੀ ਨੇ ਆਪਣੀ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ,”ਅਫ਼ਰੀਕਾ ਵਿਗਿਆਨੀ, ਇੰਜੀਨੀਅਰ, ਬਿਜ਼ਨਸਮੈਨ ਪੈਦਾ ਕਰੇਗਾ ਜਿਨ੍ਹਾਂ ਦੇ ਨਾਮ ਇੱਕ ਦਿਨ ਦੁਨੀਆ ਦੇ ਹਰ ਕੋਨੇ ਵਿੱਚ ਪ੍ਰਸਿੱਧ ਹੋਣਗੇ ਅਤੇ ਕੁੜੀਆਂ ਇਸ ਕਹਾਣੀ ਦਾ ਇੱਕ ਵੱਡਾ ਹਿੱਸਾ ਹੋਣਗੀਆਂ ।”

ਕੋਈ ਵੀ ਅਧਿਆਪਕ ਇਸ ਪੁਰਸਕਾਰ ਲਈ ਨਿਯਮਾਂ ਅਨੁਸਾਰ ਬਿਨੈ ਕਰ ਸਕਦੇ ਹੋ, ਇਸ ਸਾਲ ਨਾਮਜ਼ਦ ਦਾਖਲ ਕਰਨ ਦੀ ਆਖ਼ਰੀ ਮਿਤੀ 22 ਸਤੰਬਰ 2019 ਹੈ। ਇਸ ਸਨਮਾਨ ਲਈ ਆਪਣੇ ਆਪ ਨੂੰ ਨਾਮਜ਼ਦ ਕਰਨ ਸਬੰਧੀ ਨਿਯਮ ਅਤੇ ਹੋਰ ਜਾਣਕਾਰੀ https://www.globalteacherprize.org/ ઠਨਾਮਕ ਵੈਬਸਾਈਟ ਤੋਂ ਅਸਾਨੀ ਨਾਲ ਲਈ ਜਾ ਸਕਦੀ ਹੈ।

ਜਗਜੀਤ ਸਿੰਘ ‘ਗਣੇਸ਼ਪੁਰ’
+91 94655-76022