Hardeep Singh Jhaj 190811 S. Ajit Singh- Copy

ਭਾਰਤ ਉੱਤੇ ਅੰਗਰੇਜ਼ੀ ਰਾਜ ਦੀ ਹਕੂਮਤ ਨੂੰ ਜ਼ੋਰਦਾਰ ਝਟਕਾ ਦੇਣ ਵਾਲੇ ਮੁੱਖ ਦੇਸ਼-ਭਗਤਾਂ ‘ਚ ਸ਼ਹੀਦ ਭਗਤ ਸਿੰਘ ਦੇ ਚਾਚਾ ਸ੍ਰ. ਅਜੀਤ ਸਿੰਘ ਦਾ ਉੱਘਾ ਸਥਾਨ ਹੈ। ਉਸਨੇ ਆਪਣੀ ਜ਼ਿੰਦਗੀ ਦੇ ਕੀਮਤੀ 50 ਵਰ੍ਹੇ ਲੋਕ ਇਨਕਲਾਬ ਰਾਹੀਂ ਆਪਣੀ ਹੋਂਦ ਦੇ ਆਪ ਮਾਲਕ ਬਣਨ ਦੇ ਯੋਗ ਬਣਾਉਣ ਵਿੱਚ ਲਗਾਏ। ਅਜੀਤ ਸਿੰਘ ਦਾ ਜਨਮ ਖਟਕੜ ਕਲਾਂ (ਹੁਣ ਜਿਲ੍ਹਾ ਨਵਾਂ ਸ਼ਹਿਰ) ਵਿੱਚ 23 ਫ਼ਰਵਰੀ 1881 ਈ: ਨੂੰ ਪਿਤਾ ਸ੍ਰ. ਅਰਜਨ ਸਿੰਘ ਤੇ ਮਾਤਾ ਜੈ ਕੌਰ ਦੇ ਘਰ ਹੋਇਆ। ਅਜੀਤ ਸਿੰਘ ਦੇ ਪੁਰਖੇ ਦੇਸ਼-ਭਗਤ, ਪਿਤਾ ਸ੍ਰ. ਅਰਜਨ ਸਿੰਘ ਲੋਕ-ਸੇਵਕ, ਵੱਡੇ ਭਰਾ ਸ੍ਰ. ਕਿਸ਼ਨ ਸਿੰਘ ਸੁਤੰਤਰਤਾ ਸੰਗ੍ਰਾਮੀ ਅਤੇ ਭਤੀਜਾ ਸ਼ਹੀਦ ਭਗਤ ਸਿੰਘ ਮਹਾਨ ਇਨਕਲਾਬੀ ਸੀ। ਆਪ ਨੇ ਮੁੱਢਲੀ ਪੜ੍ਹਾਈ ਬੰਗਾ ਦੇ ਸਕੂਲ ਵਿੱਚ ਪੂਰੀ ਕਰਨ ਤੋਂ ਬਾਅਦ, ਦਸਵੀਂ ਸਾਂਈ ਦਾਸ ਐਗਲੋਂ ਸੰਸਕ੍ਰਿਤ ਸਕੂਲ ਜਲੰਧਰ ਤੋਂ ਪਾਸ ਕੀਤੀ। ਮਗਰੋਂ ਡੀ.ਏ.ਵੀ. ਕਾਲਜ ਲਾਹੌਰ ਵਿੱਚੋਂ ਐਫ.ਏ. ਦੀ ਪ੍ਰੀਖਿਆ 1896 ਈ: ਵਿੱਚ ਪਾਸ ਕੀਤੀ।

ਅਜੀਤ ਸਿੰਘ ਨੇ ਆਪਣੇ ਵੱਡੇ ਭਰਾ ਸ੍ਰ. ਕਿਸ਼ਨ ਸਿੰਘ ਨਾਲ 1898, ਬਰਾਰ (ਮੱਧ ਪ੍ਰਾਂਤ) ਵਿੱਚ ਅਕਾਲ ਦੀ ਮੱਦਦ, 1900 ਅਹਿਮਦਾਬਾਦ ਵਿੱਚ ਅਕਾਲ ਪੀੜ੍ਹਤਾਂ ਦੀ ਸਹਾਇਤਾ, 1904 ਵਿੱਚ ਕਾਂਗੜੇ ਭੂਚਾਲ ਪੀੜ੍ਹਤਾਂ ਦੀ ਮੱਦਦ, 1905 ਵਿੱਚ ਜਿਹਲਮ ਦੇ ਹੜ੍ਹਾਂ ਵਿੱਚ ਸ੍ਰੀ ਨਗਰ ਦੇ ਪੀੜ੍ਹਤਾਂ ਦੀ ਮੱਦਦ ਕੀਤੀ। ਇਸ ਸਮੇਂ ਦੌਰਾਨ ਉਹ ਮਿਸਟਰ ਮੌਰਲੇ ਭਾਰਤ ਦੇ ਸੈਕਟਰੀ ਆਫ਼ ਸਟੇਟ ਦੇ ਕਥਨ ਦੀ ਅਸਲੀਅਤ ਜਾਣ ਚੁੱਕੇ ਸਨ, ਕਿ ਅੰਗਰੇਜ਼ ਲੋਕਾਂ ਨੂੰ ਅਜਿਹਾ ਕੁਸ਼ਲ ਰਾਜ-ਪ੍ਰਬੰਧ ਨਹੀਂ ਦੇ ਸਕਦੇ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਿੰਮੇਵਾਰੀ ਨਾਲ ਕਰੇ।

ਇੰਡੀਅਨ ਨੈਸ਼ਨਲ ਕਾਂਗਰਸ ਨਾਲ ਅਜੀਤ ਸਿੰਘ ਦਾ ਸੰਪਰਕ ਦਸੰਬਰ 1906 ਈ: ਵਿੱਚ ਸਥਾਪਿਤ ਹੋਇਆ। ਜਦੋਂ ਕਲਕੱਤਾ (ਵਰੀਸਾਲ) ਵਿਖੇ ਦਾਦਾ ਭਾਈ ਨਾਰੋਜੀ ਦੀ ਅਧੀਨਗੀ ਹੇਠ ਕਾਂਗਰਸ ਦਾ 22ਵਾਂ ਅਜਲਾਸ ਹੋ ਰਿਹਾ ਸੀ। ਉਸ ਸਮੇਂ ਕਾਂਗਰਸ ਦੇ ਦੋ ਧੜਿਆਂ ਦਾ ਆਪਸੀ ਮੱਤਭੇਦ ਚੱਲ ਰਿਹਾ ਸੀ। ਗਰਮ-ਦਲ ਦੇ ਆਗੂ ਦਾਦਾ ਭਾਈ ਨਾਰੋਜੀ ਨੇ ਪ੍ਰਧਾਨਗੀ ਭਾਸ਼ਨ ਆਖਿਆ, ”ਅਸੀਂ ਕੋਈ ਦਾਨ ਨਹੀਂ ਮੰਗਦੇ, ਅਸੀਂ ਕੇਵਲ ਨਿਆਂ ਚਾਹੁੰਦੇ ਹਾਂ। ਸਾਡੀ ਮੰਗ ਹੈ-ਸਵਰਾਜ”। ਮਗਰੋਂ ਅਜੀਤ ਸਿੰਘ ਨੇ ਪ੍ਰਭਾਵਿਤ ਹੋ ਕੇ ਆਪਣਾ ਰਿਸ਼ਤਾ ਗਰਮ-ਦਲ ਨਾਲ ਜੋੜ ਲਿਆ। ਸਮਾਗਮ ਦੇ ਦੌਰਾਨ ਅਜੀਤ ਸਿੰਘ ਦਾ ਮੇਲ ਔਰਬਿੰਦੋ ਘੋਸ਼, ਮੋਤੀ ਲਾਲ ਘੋਸ਼, ਬਾਲ ਗੰਗਾਧਰ ਤਿਲਕ ਅਤੇ ਰਮੇਸ਼ ਚੰਦਰ ਦੱਤ ਵਰਗੇ ਨੀਤੀਵਾਨਾਂ ਨਾਲ ਹੋਇਆ ਤੇ ਆਜ਼ਾਦੀ ਦੀ ਪ੍ਰਾਪਤੀ ਲਈ ਮਚਲਦੇ ਜਜ਼ਬਾਤ ਨੂੰ ਦਿਸ਼ਾ ਮਿਲੀ।

ਅਜੀਤ ਸਿੰਘ ਨੇ 1907 ਈ: ਪੰਜਾਬ ਪਹੁੰਚ ਕੇ ਇੱਕ ਸੁਤੰਤਰ ਸੰਸਥਾ ‘ਭਾਰਤ ਮਾਤਾ ਸੋਸਾਇਟੀ’ ਲਾਹੌਰ ਵਿੱਚ ਸਥਾਪਿਤ ਕੀਤੀ। ਜਲਦੀ ਹੀ ਸੂਫ਼ੀ ਅੰਬਾ ਪ੍ਰਸਾਦ, ਲਾਲ ਚੰਦ ਫਲਕ, ਜ਼ੀਆ-ਉਲ-ਹੱਕ, ਸ੍ਰ. ਕਿਸ਼ਨ ਸਿੰਘ ਅਤੇ ਸਵਰਨ ਸਿੰਘ ਆਦਿ ਇਸ ਸਭਾ ਦੇ ਮੈਂਬਰ ਬਣ ਗਏ। ਹੋਮ ਡਿਪਾਰਟਮੈਂਟ ਦੇ ਅਨੁਸਾਰ ਇਸ ਸਭਾ ਦੇ ਮੈਂਬਰਾਂ ਦੀ ਸੂਚੀ ਬਹੁਤ ਲੰਮੀ ਸੀ। ਜਿਨ੍ਹਾਂ ਵਿੱਚ ਮਹਿਤਾ ਅਨੰਦ ਕਿਸ਼ੋਰ ਸਕੱਤਰ (ਅੰਜੁਮਨ-ਏ-ਮੋਹਿਬੱਨ-ਏ-ਵਤਨ), ਦੁਨੀ ਚੰਦ (ਲਾਹੌਰ), ਘਸੀਟਾ ਰਾਮ, ਲਾਲ ਪਿੰਡੀ ਦਾਸ ਆਦਿ। ਅਜੀਤ ਸਿੰਘ ਨੇ ਉਕਤ ਮੈਂਬਰਾਂ ਸਹਾਇਤਾ ਨਾਲ ਇਸ ਸਭਾ ਰਾਹੀਂ ਇਨਕਲਾਬੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸ਼ੂਰੁ ਕਰ ਦਿੱਤਾ। ਪੰਜਾਬ ਸਰਕਾਰ ਨੇ 1906 ਵਿੱਚ ਆਬਾਕਾਰੀ ਬਿੱਲ ਪੇਸ਼ ਕਰਕੇ ਚਨਾਬ ਕਲੋਨੀ ਦੇ ਕਿਸਾਨਾਂ ਦੀ ਨਾਰਾਜ਼ਗੀ ਵਧਾ ਦਿੱਤੀ।

ਨਵੰਬਰ 1906 ਵਿੱਚ ‘ਬਾਰੀ ਦੋਆਬ ਐਕਟ’ ਪਾਸ ਕਰਕੇ ਅਬਿਆਨਾ ਕਰ ਵਧਾ ਦਿੱਤਾ। ਇਸਦੇ ਕਾਰਨ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲਾਹੌਰ ਦੇ ਛੋਟੇ ਕਿਸਾਨ ਆਰਥਿਕ ਪੱਖ ਤੋਂ ਹੋਰ ਕਮਜ਼ੋਰ ਹੋ ਗਏ।ਮਗਰੋਂ ਅਜੀਤ ਸਿੰਘ ਨੇ ਪੰਜਾਬ ਵਿੱਚ ‘ਜ਼ਿੰਮੀਦਾਰਾ ਲੀਗ’ ਕਾਇਮ ਕਰਕੇ ਆਬਾਦਕਾਰੀ ਕਾਨੂੰਨ ਅਤੇ ਲਗਾਨ ਵਧਾਉਣ ਵਿਰੁੱਧ ਅੰਦੋਲਨ ਤੇਜ਼ ਕਰ ਦਿੱਤਾ। ਲਾਹੌਰ ਵਿੱਚ ਸਵੇਰੇ ਸ਼ਾਮ ਜਲਸੇ ਹੁੰਦੇ ਸਨ, ਇਨ੍ਹਾਂ ਜਲਸਿਆਂ ਵਿੱਚ ਸ੍ਰ. ਕਿਸ਼ਨ ਸਿੰਘ ਅਤੇ ਲਾਲਾ ਘਸੀਟਾ ਰਾਮ ਵੀ ਭਾਸ਼ਣ ਦਿੰਦੇ ਸਨ। ਅੰਤ ਅਜੀਤ ਸਿੰਘ ਨੇ ਆਪਣੀ ਤਕਰੀਰ ਸ਼ੁਰੂ ਕੀਤੀ। ਪੂਰੇ ਢਾਈ ਘੰਟੇ ਦਲੀਲਮਈ ਭਾਸ਼ਣ ਦਿੱਤਾ। ਉਨ੍ਹਾਂ ਆਖਿਆ ਕਿ ਅੰਗਰਜ਼ੀ ਸਰਕਾਰ ਨੇ ਸਦਾ ਸ਼ਰਾਰਤੀ ਚਾਲਾਂ ਚੱਲ ਕੇ ਲੋਕਾਂ ਨੂੰ ਲੁੱਟਿਐ। ਇਸ ਤਰ੍ਹਾਂ ਅਜੀਤ ਸਿੰਘ ਦੀ ਵੰਗਾਰ ਸੁਣ ਕੇ 180 ਆਦਮੀ ਚੌਕੜੀਆਂ ਮਾਰ ਕੇ ਬੈਠ ਗਏ। ਸਭਾ ਵਿੱਚ ਸ਼ਾਮਿਲ ਲੋਕਾਂ ਨੇ ਉੱਥੋਂ ਕਦਮ ਪੁੱਟਣ ਤੋਂ ਪਹਿਲਾਂ ਦੇਸ਼ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦੀ ਰਜ਼ਾਮੰਦੀ ਜ਼ਾਹਿਰ ਕੀਤੀ। ਅਜੀਤ ਸਿੰਘ ਦਾ ਉਦੇਸ਼ ਕਿਸਾਨ ਅੰਦੋਲਨ ਨੂੰ ਪੱਕੇ ਪੈਰਾਂ ਉਪਰ ਖੜ੍ਹਾ ਕਰਨਾ ਸੀ। ਫ਼ੌਜੀ ਕਿਸਾਨਾਂ ਦੁਆਰਾ ਫ਼ੌਜ ਵਿੱਚ ਬਗ਼ਾਬਤ ਕਰਵਾਉਣਾ ਵੀ ਇੱਕ ਮੰਤਵ ਸੀ।

3 ਮਾਰਚ, 1907 ਨੂੰ ਲਾਇਲਪੁਰ ਵਿਖੇ ਵਿਸ਼ਾਲ ਸਭਾ ਹੋਈ। ਝੰਗ ਸਿਆਲ ਦੇ ਸੰਪਾਦਕ ਬਾਂਕੇ ਦਿਆਲ ਨੇ ਆਪਣੀ ਕਵਿਤਾ ”ਪੱਗੜੀ ਸੰਭਾਲ ਓ ਜੱਟਾ” ਨਾਲ ਲੋਕਾਂ ਦੇ ਦਿਲ ਜਿੱਤ ਲਏ। ਅਜੀਤ ਸਿੰਘ ਨੇ ਪੰਜਾਬ ਦਾ ਤੁਫ਼ਾਨੀ ਦੌਰਾ ਸ਼ੁਰੂ ਕਰਕੇ ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਫ਼ੀਰੋਜ਼ਪੁਰ, ਕਸੂਰ, ਗੁਜਰਾਵਾਲਾ, ਰਾਵਲਪਿੰਡੀ ਅਤੇ ਮੁਲਤਾਨ ਵਿੱਚ ਖੁਫ਼ੀਆ ਸਭਾਵਾਂ ਆਯੋਜਿਤ ਕੀਤੀਆਂ ਅਤੇ ਰਾਜ-ਪ੍ਰਬੰਧ ਨੂੰ ਭੰਗ ਕਰਨ ਲਈ ਭਾਸ਼ਣ ਦਿੱਤਾ। ਲਾਰਡ ਕਿਚਨਰ (1850-1916) ਕਿਸਾਨਾਂ, ਸਿਪਾਹੀਆਂ ਅਤੇ ਫ਼ੌਜੀਆਂ ਦੀ ਬਗ਼ਾਬਤ ਕਾਰਣ ਬਹੁਤ ਪ੍ਰੇਸ਼ਾਨ ਸੀ। ਸਰਕਾਰ ਨੇ ਮਈ 1907 ਈ: ਨੂੰ ਲਾਲਾ ਲਾਜਪਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਇਸਦੇ ਕਾਰਨ ਲਾਹੌਰ ਵਿੱਚ ਮੁੜ ਦੰਗੇ ਸ਼ੁਰੂ ਹੋ ਗਏ। ਅਜੀਤ ਸਿੰਘ ਨੇ 2 ਜੂਨ, 1907 ਨੂੰ ਅੰਮ੍ਰਿਤਸਰ ਵਿਖੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤਾ। ਬਾਅਦ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਮਾਂਡਲੇ ਜੇਲ੍ਹ ਵਿਚੋਂ 11 ਨਵੰਬਰ 1907 ਨੂੰ ਰਿਹਾ ਕਰ ਦਿੱਤਾ।

1909 ਵਿੱਚ ਅਜੀਤ ਸਿੰਘ ਨੇ ਪੰਜਾਬ ਆ ਕੇ ‘ਪੇਸ਼ਵਾ’ ਨਾਮੀ ਰਸਾਲਾ ਸ਼ੁਰੂ ਕੀਤਾ। ਇਸਦੇ ਸੰਪਾਦਕ ਸ੍ਰ. ਸਵਰਨ ਸਿੰਘ ਨੂੰ ਬਣਾਇਆ ਗਿਆ। ਬਾਅਦ ਵਿੱਚ ਸੂਫ਼ੀ ਅੰਬਾ ਪ੍ਰਸਾਦ ਨੇ ਇਸਦੇ ਸੰਪਾਦਕ ਵਜੋਂ ਕੰਮ ਕੀਤਾ। ਇਸ ਤੋਂ ਬਿਨ੍ਹਾਂ ਇਨਕਲਾਬੀ ਸਾਹਿਤ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚੋਂ ਪ਼ਮੁੱਖ ਰਚਨਾਵਾਂ 1857 ਦਾ ਗ਼ਦਰ, ਮਹਿਬੂਬਾਨੇ ਵਤਲ, ਬੰਦਰ ਬਾਂਟ, ਦੇਸੀ ਫ਼ੌਜ਼ ਜਾਫ਼ਰ ਮੌਜ਼, ਉਂਗਲੀ ਪਕੜੀ ਪੰਜਾ ਪਕੜਾ, ਹੱਕ, ਹਿੰਦੁਸਤਾਨ ਕੀ ਮੌਜੂਦ ਹਾਲਤ, ਬਾਗ਼ੀ ਮਸੀਹਾ ਤਰੱਕੀ ਦਾ ਆਗਾਜ, ਜਲਾਲਵਤਨੀ ਨੰ. 1,2,3, ਸ਼ਾਮਿਲ ਹਨ। 1932-38 ਈ: ਦੇ ਦੌਰਾਨ ਅਜੀਤ ਸਿੰਘ ਨੇ ਫਰਾਂਸ, ਸਵਿਟਰਜ਼ਰਲੈਂਡ ਅਤੇ ਜਰਮਨੀ ਵਿੱਚ ਰਹਿੰਦਿਆਂ ਯੂਰਪ ਵਿੱਚ ਕੰਮ ਕਰ ਰਹੇ ਭਾਰਤੀ ਇਨਕਲਾਬੀਆਂ ਨਾਲ ਸੰਪਰਕ ਕੀਤੇ। ਦੂਜੇ ਵਿਸ਼ਵ ਯੁੱਧ (1939-45) ਦੌਰਾਨ ਅਜੀਤ ਸਿੰਘ ਨੇ ਇਟਲੀ ਵਿੱਚ ਰਿਹਾਇਸ਼ ਸਥਾਪਿਤ ਕਰ ਲਈ। ਇੱਥੇ ਉਨ੍ਹਾਂ ”ਇੰਡੀਅਨ ਫ਼ਰੀਡਮ ਸੋਸਾਇਟੀ” ਤੇ ‘ਆਜ਼ਾਦ ਹਿੰਦ ਫ਼ੌਜ’ 1941 (ਜਗਮੋਹਨ ਸਿੰਘ, ਸੈਵ-ਜੀਵਨੀ ਸ੍ਰ. ਅਜੀਤ ਸਿੰਘ) ਦੀ ਸਥਾਪਨਾ ਕੀਤੀ। ਇਹ ਕੰਮ ਸਾਭਾਸ਼ ਚੰਦਰ ਬੋਸ ਤੋਂ ਪਹਿਲਾਂ ਕੀਤਾ ਗਿਆ ਸੀ। ਰੋਮ ਰੇਡੀਓ ਤੋਂ ਅਜੀਤ ਸਿੰਘ ਨੇ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਪ੍ਰਚਾਰ ਕੀਤਾ। ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ (1775-1862) ਦੀ ਨਜ਼ਮ ਖੂਬ ਜੋਸ਼ ਵਿੱਚ ਆ ਕੇ ਪੜ੍ਹਨੀ ਸ਼ੂਰੁ ਕਰ ਦਿੱਤੀ:

ਗ਼ਾਜ਼ੀਓ ਮੇਂ ਬੂ ਰਹੇਗੀ ਜਬ ਤਲਕ ਈਮਾਨ ਕੀ
ਤਬ ਤੱਕ ਲੰਡਨ ਤੱਕ ਚਲੇਗੀ ਤੇਗ਼ ਹਿੰਦੋਸਤਾਨ ਕੀ।’

ਅਜੀਤ ਸਿੰਘ ਨੇ ਆਪਣੇ ਭਾਸ਼ਣ ਦਾ ਅੰਤ ਇਨ੍ਹਾਂ ਸ਼ੇਅਰਾਂ ਨਾਲ ਕੀਤਾ:-

‘ਮਜ਼ਾ ਆਏਗਾ ਜਬ ਅਪਨਾ ਰਾਜ ਦੇਖੇਂਗੇ
ਕਿ ਅਪਨੀ ਹੀ ਜ਼ਮੀ ਹੋਗੀ ਅਪਨਾ ਆਸਮਾਂ ਹੋਗਾ।
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਨਾਮ-ਓ-ਨਿਸ਼ਾਂ ਹੋਗਾ।’

ਮਈ 1945 ਵਿੱਚ ਅਜੀਤ ਸਿੰਘ ਨੂੰ ਅੰਗਰੇਜ਼ੀ ਫ਼ੌਜ ਨੇ ਕੈਦ ਕਰ ਲਿਆ। ਉਨ੍ਹਾਂ ਨੂੰ ਜਰਮਨੀ ਵਿੱਚ ਫ਼ੌਜੀ ਕੈਦੀਆਂ ਦੇ ਕੈਂਪ ਵਿੱਚ ਰੱਖਿਆ ਗਿਆ। ਜੇਲ੍ਹ ਦੀਆਂ ਸਖਤੀਆਂ ਕਾਰਨ ਅਜੀਤ ਸਿੰਘ ਦੀ ਸਿਹਤ ਵਿਗੜ ਗਈ। ਦਸੰਬਰ 1946 ਵਿੱਚ ਉਹ ਜਰਮਨੀ ਤੋਂ ਛੁਟਕਾਰਾ ਪਾ ਕੇ ਲੰਦਨ ਪਹੁੰਚੇ। 7 ਮਾਰਚ, 1947 ਨੂੰ 38 ਸਾਲ ਬਾਅਦ ਕਰਾਚੀ ਪਹੁ਼ੰਚੇ ਉੱਥੇ ਇੱਕ ਹਫ਼ਤਾ ਠਹਿਰਨ ਪਿੱਛੋਂ ਸਿੱਧੇ ਦਿੱਲੀ ਆ ਗਏ।

ਅਜੀਤ ਸਿੰਘ ਆਜ਼ਾਦੀ ਦੇ ਸੁਪਨੇ ਸਾਕਾਰ ਹੁੰਦੇ ਦੇਖਣੇ ਚਾਹੁੰਦੇ ਸਨ। ਪਰ ਉਨ੍ਹਾਂ ਦੇ ਦੇਖਦਿਆਂ ਹੀ ਕਲਕੱਤੇ ਵਿੱਚ ਮੁਜ਼ਹਬੀ ਫ਼ਸਾਦ ਸ਼ੁਰੂ ਹੋ ਗਏ। ਉਨ੍ਹਾਂ ਦੀ ਆਤਮਾ ਕੰਬ ਉੱਠੀ ਤੇ ਉਨ੍ਹਾਂ ਨੂੰ ਸਖਤ ਧੱਕਾ ਲੱਗਾ। ਡਲਹੌਜ਼ੀ ਵਿਖੇ ਖ਼ੂਨੀ ਆਜ਼ਾਦੀ ਦੇ ਚੜਦੇ ਸੂਰਜ ਨੂੰ ਦੇਖਣ ਤੋਂ ਪਹਿਲਾਂ, ਤਾਰਿਆਂ ਦੀ ਨਿੰਮ੍ਹੀ ਲੋਅ ਵਿੱਚ, ਸਵੇਰ ਦੇ ਸਾਢੇ ਤਿੰਨ ਵਜੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ। 15 ਅਗਸਤ, 1947 ਦਾ ਪਹਿਲਾ ਤਿਰੰਗਾ ਸ੍ਰ. ਅਜੀਤ ਸਿੰਘ ਦੀ ਅੰਤਮ ਯਾਤਰਾ ‘ਤੇ ਚਾੜ੍ਹਿਆ ਗਿਆ। ਪਰ ਅੱਜ ਆਜ਼ਾਦੀ ਦੇ 72 ਵਰ੍ਹੇ ਪੂਰੇ ਹੋਣ ਮਗਰੋਂ ਵੀ ਸਮਾਜਿਕ ਤੇ ਰਾਜਨੀਤਿਕ ਕ੍ਰਾਂਤੀ ਦੀ ਵੰਗਾਰ ਸਮਾਜ ਨੂੰ ਲਲਕਾਰ ਰਹੀ ਹੈ। ਅੱਜ ਵੀ ਭਾਰਤੀਆਂ ਨੂੰ ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਆਉਣ ਦੀ ਲੋੜ ਹੈ।

(ਹਰਦੀਪ ਸਿੰਘ ਝੱਜ)
+91 94633-64992
jhajhardeep@gmail.com