• ਗੁਜਰਾਤੀ, ਤੇਲੰਗਾਨਾ, ਕੱਥਕ, ਮਰਾਠੀ ਅਤੇ ਹੋਰ ਕਮਿਊਨਿਟੀ ਦੀਆਂ ਸਭਿਆਚਾਰਕ ਵੰਨਗੀਆਂ ਅਤੇ ਦੇਸ਼ ਭਗਤੀ ਦੇ ਵੱਜੇ ਗੀਤ
(ਰੇਡੀਓ 'ਸਪਾਈਸ' ਅਤੇ 'ਰੌਣਕ ਤ੍ਰਿੰਝਣਾ ਦੀ' ਟੀਮ ਆਜ਼ਾਦੀ ਦਿਵਸ ਮੌਕੇ)
(ਰੇਡੀਓ ‘ਸਪਾਈਸ’ ਅਤੇ ‘ਰੌਣਕ ਤ੍ਰਿੰਝਣਾ ਦੀ’ ਟੀਮ ਆਜ਼ਾਦੀ ਦਿਵਸ ਮੌਕੇ)

ਔਕਲੈਂਡ 11 ਅਗਸਤ -ਬੀਤੇ ਕੱਲ੍ਹ ਮਹਾਤਮੀ ਗਾਂਧੀ ਸੈਂਟਰ ਔਕਲੈਂਡ ਵਿਖੇ ਭਾਰਤ ਦਾ 73ਵਾਂ ਆਜ਼ਾਦੀ ਦਿਵਸ ਇਥੇ ਵਸਦੇ ਭਾਰਤੀ ਭਾਈਚਾਰੇ, ਭਾਰਤੀ ਸਮਾਜ ਅਤੇ ਔਕਲੈਂਡ ਇੰਡੀਅਨ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ। ਦੇਸ਼ ਭਗਤੀ ਦੇ ਗੀਤ ਨਾਲ ਸ਼ੁਰੂ ਹੋਇਆ ਇਹ ਸਮਾਰੋਹ ਗਿੱਧੇ ਅਤੇ ਭੰਗੜੇ ਦੀ ਧਮਕ ਨਾਲ ਸੰਗੀਤਕ ਮਾਹੌਲ ਸਿਰਜਦਾ ਸੰਪੂਰਨ ਹੋਇਆ। ਝੰਡਾ ਝੁਲਾਉਣ ਦੀ ਰਸਮ ਮਾਣਯੋਗ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪ੍ਰਦੇਸੀ ਨੇ ਨਿਭਾਈ। ਇਸ ਮੌਕੇ ਆਨਰੇਰੀ ਕੌਂਸਿਲ ਔਕਲੈਂਡ ਸ. ਭਵਦੀਪ ਸਿੰਘ ਢਿੱਲੋਂ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਕੌਰ, ਨੈਸ਼ਨਲ ਪਾਰਟੀ ਦੇ ਸਰਗਰਮ ਮੈਂਬਰ ਸੰਨੀ ਕੌਸ਼ਿਲ ਸਮੇਤ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਿਰ ਸਨ। ਦੋ ਘੰਟੇ ਚੱਲੇ ਇਸ ਪ੍ਰੋਗਰਾਮ ਦੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧਿਤ ਨਾਚ, ਦੇਸ਼ ਭਗਤੀ ਦੇ ਗੀਤ ਅਤੇ ਹੋਰ ਨ੍ਰਿਤ ਪੇਸ਼ ਕੀਤੇ ਗਏ। ਗੁਜਰਾਤੀ, ਤੇਲੰਗਾਨਾ, ਕੱਥਕ, ਮਰਾਠੀ ਦੇ ਨਾਲ-ਨਾਲ ਰੇਡੀਓ ਸਪਾਈਸ ਦੀ ‘ਰੌਣਕ ਤ੍ਰਿੰਝਣਾ ਦੀ’ ਗਿੱਧਾ ਟੀਮ ਨੇ ਪੂਰਾ ਸਮਾਗਮ ਆਪਣੇ ਨਾਂਅ ਕਰ ਲਿਆ। ਪ੍ਰੋਗਰਾਮ ਦੀ ਸੰਚਾਲਕਾ ਰੂਪਾ ਸੱਚਦੇਵ ਨੇ ਇਸ ਮੌਕੇ ਕਿਹਾ ਕਿ ਭਾਰਤ ਦਾ ਕੋਈ ਵੀ ਰੰਗਾ-ਰੰਗ ਪ੍ਰੋਗਰਾਮ ਪੰਜਾਬੀਆਂ ਦੇ ਸਭਿਆਚਾਰ ਤੋਂ ਬਿਨਾਂ ਅਧੂਰਾ ਹੈ। ‘ਰੌਣਕ ਤ੍ਰਿੰਝਣਾ ਦੀ’ ਟੀਮ ਦੀ ਬਾਰੇ ਨਰਿੰਦਰ ਬੀਰ ਸਿੰਘ ਨੇ ਜਾਣਕਾਰੀ ਦਿੱਤੀ  ਜਦ ਕਿ ਰੂਪ ਨਾਭੈਤ, ਕਰਮਜੀਤ ਦਿਓਲ, ਪਰਵਿੰਦਰ ਕੌਰ ਭੁੱਲਰ, ਮਨਜੋਤ ਕੌਰ, ਪ੍ਰਭਜੋਤ ਕੌਰ ਢਿੱਲੋਂ ਅਤੇ ਕੋਮਲਪ੍ਰੀਤ ਨੇ 8 ਮਿੰਟ ਦੀ ਲਗਾਤਾਰ ਪਰਫਾਰਮੈਂਸ ਕਰਕੇ ਇਕ ਤਰ੍ਹਾਂ ਨਾਲ ਸਟੇਜ ਹਿਲਾ ਦਿੱਤੀ। ਵਿਰਸਾ ਅਕੈਡਮੀ ਦੇ ਬੱਚਿਆਂ ਦੀ ਟੀਮ ਨੇ ਅਖੀਰ ਦੇ ਵਿਚ ਭੰਗੜੇ ਦੀ ਕਲਾਕਾਰੀ ਵਿਖਾ ਕੇ ਪੂਰੇ ਮਾਹੌਲ ਨੂੰ ਸਿਰੇ ਉਤੇ ਪਹੁੰਚਾ ਦਿੱਤਾ। ਇਸ ਮੌਕੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ।