rasta

ਸਵੇਰ ਹੋਣ ‘ਤੇ ਗੁਰਦੁਆਰੇ ਦਾ ਭਾਈ ਸਪੀਕਰ ਵਿੱਚ ਦੀ ਬੋਲ ਕੇ, ਸੁੱਤੇ ਲੋਕਾਂ ਨੂੰ ਜਗਾਉਂਦਾ ਹੈ, ਪਰ ਉਸ ਦੇ ਕਹੇ ਮੈਂ ਕਦੇ ਨਹੀਂ ਜਾਗਿਆ, ਭਾਈ ਦੇ ਬੋਲ ਹਟਣ ਪਿੱਛੋਂ ਇੱਕ ਚਿੜੀ ਮੇਰੇ ਸਿਰਹਾਂਦੀ ਚੀਂ-ਚੀਂ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਵੇਂ ਆਖਦੀ ਪਈ ਹੋਵੇ, ਉੱਠ ਵੀਰਾ ਵੇ, ਉੱਠ…ਦਿਨ ਚਿੱਟਾ ਚੜ੍ਹਨ ਵਾਲਾ ਏ… ਤੇ ਤੂੰ ਮੰਜਾ ਹਾਲੇ ਨਹੀਂ ਛੱਡਿਆ, ਚਿੜੀ ਦੇ ਆਖਣ ‘ਤੇ ਮੈਂ ਝੱਟ ਉੱਠ ਪੈਂਦਾ ਹਾਂ ਤੇ ਮੂੰਹ-ਹੱਥ ਧੋ, ਚਾਹ ਪੀ, ਸਿਰ ਉੱਤੇ ਪਟਕਾ ਬੰਨ੍ਹ ਤੇ ਬੂਟ ਪਾ ਕੇ ਘਰੋਂ ਨਿਕਲ ਪਿੰਡ ਚੇ ਚੜ੍ਹਦੇ ਵੱਲ ਨੂੰ ਪੁਰਾਣਾ ਜੰਗਲ ਹੈ, ਉਸ ਨੂੰ ਲੰਮਾ ਤੇ ਰੇਤਲਾ ਪਹਾ ਜਾਂਦਾ ਹੈ, ਚੌੜੇ ਪਹੇ ਦੇ ਆਸ-ਪਾਸ ਟਿੱਬੇ ਹਨ, ਪਹਾੜੀ ਕਿੱਕਰਾਂ ਹਨ, ਸਰ-ਕਾਂਹੀ, ਅੱਕ ਤੇ ਹੋਰ ਝਾੜ-ਬੂਟ ਹਨ, ਖੁੰਡਾਂ ਦੇ ਮਘੋਰੇ ਹਨ, ਪਹੇ ਦੀ ਰੇਤ ਮੀਂਹ ਪੈਣ ‘ਤੇ ਥੋੜ੍ਹੇ ਦਿਨਾਂ ਲਈ ਪਰ ਫੇਰ ਉਠ ਖਲੋਂਦੀ ਹੈ, ਇਸ ਰਾਤ ਉੱਤੇ ਸਿਵਾਏ ਖੇਤਾਂ ਵਾਲਿਆਂ ਤੋਂ ਕੋਈ ਨਹੀਂ ਆਉਂਦਾ-ਜਾਂਦਾ,
ਸਵੇਰ ਨੂੰ ਨੀਵੀਂ ਪਾਈ ਪਹੇ ‘ਤੇ ਤੁਰਦਾ ਜਾਂਦਾ ਹਾਂ, ਆਸੇ-ਪਾਸੇ ਦਰਖ਼ਤਾਂ ਵਿੱਚੋਂ ਕੋਈ-ਕੋਈ ਪੰਛੀ ਬੋਲਦਾ ਸੁਣਾਈ ਦਿੰਦਾ ਨਵੇਂ ਨਾਮ ਸਿਮਰ ਰਿਹਾ ਹੋਵੇ, ਰੇਤ ਉਪਰ ਨਿੱਕੀਆਂ ਪੈੜਾਂ, ਨਿਸ਼ਾਂ ਤੇ ਚਿੱਤਰ ਜਿਹੇ ਵਾਹੇ ਹੋਏ ਦਿਖਾਈ ਦਿੰਦੇ ਹਨ, ਜਿਵੇਂ ਨਿੱਕੇ ਪੈਰਾਂ ਵਾਲੇ ਨਿਆਣੇ ਡਕੇ ਫੜਕੇ ਰੇਤ ਉੱਤੇ ਮੂਰਤਾਂ ਬਣਾ-ਬਣਾ ਖੇਡਦੇ ਰਹੇ ਹੋਣ!

ਸੱਪਾਂ ਦੀਆਂ ਲੀਹਾਂ ਤਾਂ ਏਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਮੈਥੋਂ ਗਿਣੀਆਂ ਹੀ ਨਹੀਂ ਜਾਂਦੀਆਂ… ਸਾਰਾ ਪਹਾ ਸੱਪਾਂ ਦੀਆਂ ਲੀਹਾਂ ਨਾਲ ਭਰਿਆ ਪਿਆ ਹੁੰਦਾ ਹੈ… ਲੰਮੀਆਂ ਤੇ ਮੋਟੀਆਂ ਡਾਗਾਂ ਵਰਗੀਆਂ ਲੀਹਾਂ…ਪਤਲੀਆਂ ਪੈੜਾਂ ਤੇ ਸੁੰਦਰ ਨਿਸ਼ਾਂ ਅਨੇਕਾਂ ਜੀਵਨ-ਜੰਤੂਆਂ ਦੇ ਹਨ, ਜੋ ਸਾਰਾ ਦਿਨ ਝਾੜਾਂ-ਬੂਟਿਆ ਤੇ ਖੁੰਡਾਂ-ਖੁਰਲਿਆਂ ਵਿੱਚ ਤੜੇ ਰਹਿੰਦੇ ਹਨ, ਧਰਤੀ ਗਰਮਾਇਸ਼ ਛੱਡਦੀ ਹੈ, ਆਥਣ ਪੈਂਦੀ ਸਾਰ ਹੀ ਖੇਤਾਂ ਦੇ ਰਖਵਾਲੇ ਰੋਟੀ-ਟੁੱਕਰ ਖਾਣ ਆਪਣੇ ਖੇਤਾਂ ਵਿੱਚੋਂ ਚਲੇ ਜਾਂਦੇ ਹਨ, ਪਰ ਪਹਾ ਸੁੰਨਾ ਤੇ ਠੰਡਾ ਹੋ ਜਾਂਦਾ ਹੈ, ਰਾਤ ਹੋਣ ‘ਤੇ ਜਦ ਲੋਕ ਟਿਕ ਜਾਂਦੇ ਹਨ ਤਾਂ ਇਹ ਸਬ ਜੀਵ-ਜੰਤੂ, ਝਾੜਾਂ-ਬੂਟਿਆਂ ਤੇ ਖੁੱਡਾਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ ਤੇ ਹੌਲੀ-ਹੌਲੀ, ਆਲਾ-ਦੁਆਲਾ ਤਾੜਦੇ ਹੋਏ, ਇੱਕ ਦੂਸਰੇ ਨੂੰ ਵਾਜਾਂ ਮਾਰਦੇ ਹਨ, ਆਜੋ… … ਖੇਲ੍ਹੀਏ… ਗੱਲਾਂ ਕਰੀਏ… ਹੱਸੀਏ ਤੇ ਗਾਈਏ, ਕਿਰਲੇ, ਨਿਊਲੇ, ਗੋਹਾਂ, ਸੱਪ, ਸੱਪਣੀਆਂ, ਕਿਰਲੀਆਂ, ਦੋ ਮੂੰਹੀਆਂ, ਕਾਟੋਆਂ, ਟਿੱਡੇ ਤੇ ਹੋਰ ਕਈ ਕੁਝ ਪਹੇ ਉਪਰ ਆ ਲਿਟਣ ਲਗਦੇ ਹਨ, ਅਠਖੇਲੀਆਂ ਕਰਦੇ ਹਨ, ਆਪਣੇ ਪਿੰਡੇ ਠੰਡੀ ਰੇਤ ਉਪਰ ਘਿਸਾਉਂਦੇ ਹਨ…

ਉਨ੍ਹਾਂ ਦੇ ਇਕੱਠੇ ਹੋ ਕੇ ਖੇਡਣ-ਮੱਲਣ ਸਮੇਂ ਪਹੇ ਉਤੋਂ ਵੰਨ-ਸੁਵੰਨੀਆਂ ਆਵਾਜ਼ਾਂ ਆਉਣ ਲਗਦੀਆਂ ਹਨ ਤਾਂ ਨੇੜੇ-ਤੇੜੇ ਆਪਣੇ ਆਂਡਿਆਂ ਉਤੇ ਬੈਠੀ ਟਟਹਿਰੀ ਟੀਰੂ-ਰੂੰ-ਟੀਰੂ-ਰੂੰ ਕਰਦੀ ਕੁਰਲਾਹਟ ਮਚਾਉਣ ਲੱਗ ਪੈਂਦੀ ਹੈ, ਜਦ ਉਹ ਫਰ-ਫਰ ਖੰਭ ਫੜਕਾਉਂਦੀ ਪਹੇ ਉਤੋਂ ਦੀ ਉਡਾਰੀਆਂ ਲਾਉਣ ਲਗਦੀ ਹੈ ਤਾਂ ਇਹ ਚੁੱਪ ਹੋ ਜਾਂਦੇ ਹਨ, ਬੀੜ ਵਿੱਚੋਂ ਗਿੱਦੜਾਂ ਦੇ ਹੁਆਂਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ, ਇਹ ਖਾਮੋਸ਼ ਇੱਕ ਦੂਜੇ ਵੱਲ ਵੇਖਣ ਲਗਦੇ ਹਨ, ਫ਼ਸਲਾਂ ਨੂੰ ਪਾਣੀ ਲਾ ਰਿਹਾ ਕਿਸਾਂ ਆਪਣੇ ਗੁਆਂਢੀ ਨੂੰ ਚਾਹ ਪੀਣ ਲਈ ਸੱਦਦਾ ਹੈ, ਉੱਚੀ ਹਾਕ ਮਾਰਕੇ… ਇਹ ਸਹਿਮ ਜਾਂਦੇ ਹਨ,  ਜਦ ਚੰਨ ਆਪਣੇ ਟਹਿਕੇ ਵਿੱਚ ਆ ਜਾਂਦਾ ਹੈ ਤਾਂ ਇਨ੍ਹਾਂ ਦੀ ਰੌਣਕ ਹੋਰ ਵੀ ਵਧ ਜਾਂਦੀ ਹੈ, ਅੱਧੀ ਰਾਤ ਹੋਣ ‘ਤੇ ਆਸਮਾਂ ਤਰੇਲ ਸੁੱਟਣ ਲੱਗ ਪੈਂਦੀ ਹੈ, ਇਹ ਸਭ ਕੱਲ੍ਹ ਫੇਰ ਮਿਲਣ ਦਾ ਵਾਅਦਾ ਕਰਕੇ, ਆਪਣੇ ਸੁੱਕੇ ਪਿੰਡਿਆਂ ਨਾਲ, ਰੇਤ ਉੱਤੇ ਸੁਨੱਖੀਆਂ ਪੈੜਾਂ ਤੇ ਚਿਤਰ ਵਾਹੁੰਦੇ ਹੋਏ, ਖੁੱਡਾਂ ਤੇ ਝਾੜਾਂ ਵਿੱਚ ਵੜ ਜਾਂਦੇ ਹਨ, ਸਾਰੇ ਰਾਹ ਮੈਂ ਪੈੜਾਂ, ਨਿਸ਼ਾਂ ਤੇ ਨਕਸ਼ੇ ਜਿਹੇ ਦੇਖਦਾ ਬੀੜ ਵੱਲ ਨੂੰ ਤੁਰਿਆ ਜਾਂਦਾ ਹਾਂ।