bagel singh dhaliwal 190813 ਸ੍ਰੀ ਅਕਾਲ ਤਖਤ bb

ਉੱਚ ਜਾਤੀਏ ਲੋਕਾਂ ਦੀ ਊਚ ਨੀਚਤਾ ਚ ਬੁਰੀ ਤਰਾਂ ਨਪੀੜੀ ਜਾ ਰਹੀ ਸ਼੍ਰੇਣੀ ਚੋ ਪੈਦਾ ਹੋਈ ਕੌਮ ਦਾ ਨਾਮ ਹੀ ਸਿੱਖ ਕੌਮ ਹੈ। ਇਸ ਸੋਚ ਦਾ ਜਨਮ 1469 ਨੂੰ ਯੁੱਗ ਪੁਰਸ਼ ਬਾਬੇ ਗੁਰੂ ਨਾਨਕ ਸਾਹਿਬ ਦੇ ਰੂਪ ਚ ਉਸ ਮੌਕੇ ਹੋਇਆ, ਜਦੋਂ ਇਹ ਧੁੰਦੂਕਾਰਾ ਚਾਰੇ ਪਾਸੇ ਅਮਰ ਬੇਲ ਦੀ ਤਰਾਂ ਫੈਲਿਆ ਹੋਇਆ ਸੀ। ਇਹ ਸੋਚ ਦਾ ਜਿਵੇਂ ਜਿਵੇਂ ਪਸਾਰਾ ਹੋਇਆ, ਤਿਵੇਂ ਤਿਵੇਂ ਇਸ ਨਵੀਂ ਕੌਮ ਦੀ ਜੜ ਮਜ਼ਬੂਤ ਹੁੰਦੀ ਗਈ। ਗੁਰੂ ਨਾਨਕ ਸਾਹਿਬ ਦੇ ਛੇਵੇਂ ਜਾਮੇ ਤੱਕ ਪੁੱਜਦਿਆਂ ਇਹ ਸੋਚ ਐਨੀ ਕੁ ਪਰਪੱਕ ਹੋ ਗਈ, ਕਿ ਇਸ ਨੇ ਡੰਕੇ ਦੀ ਚੋਟ ਤੇ ਆਜ਼ਾਦ ਰੂਪ ਚ ਵਿਚਰਨ ਦਾ ਐਲਾਨ ਕਰ ਦਿੱਤਾ, ਭਾਵ ਛੇਵੇਂ ਗੁਰੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ, ਮੀਰੀ ਤੇ ਪੀਰੀ ਦਾ ਨਵਾਂ ਸਿਧਾਂਤ ਦਿੰਦੇ ਹੋਏ ਆਪਣੇ ਸਿੱਖ ਨੂੰ ਦੁਨਿਆਵੀ ਹਕੂਮਤਾਂ ਤੋ ਆਜ਼ਾਦ ਕਰ ਦਿੱਤਾ। ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉੱਚ ਜਾਤੀਏ ਲੋਕਾਂ ਦੀ ਭਾਸ਼ਾ ਵਿਚਲੇ ਨੀਚਾਂ ਨੂੰ ਅਨੰਦਪੁਰੀ ਦੇ ਖੁੱਲ੍ਹੇ ਮੈਦਾਨ ਚ ਇਕੱਠਿਆਂ ਕੀਤਾ ਤੇ ਉਸ ਦਿਨ ਇੱਕ ਅਜਿਹਾ ਕ੍ਰਿਸ਼ਮਾ ਹੋਇਆ ਕਿ ਨਾਨਕ ਦੀ ਸੋਚ ਨੂੰ ਸੰਪੂਰਨਤਾ ਹਾਸਲ ਹੋ ਗਈ। ਉਸ ਦਿਨ ਨਪੀੜੇ ਨਿਤਾਣੇ, ਲਿਤਾੜੇ ਲੋਕਾਂ ਦੇ ਵੱਡੇ ਇਕੱਠ ਚੋਂ ਖ਼ੂਨ ਦੀ ਗੁੜ੍ਹਤੀ ਦੇ ਕੇ ਇੱਕ ਵੱਖਰੀ ਅੱਡਰੀ ਪਛਾਣ ਵਾਲੀ ਨਵੀਂ ਕੌਮ ਦੀ ਸਿਰਜਣਾ ਕੀਤੀઠ ਗਈ, ਜਿਸ ਨੂੰ ਖ਼ਾਲਸਾ ਪੰਥ ਦਾ ਨਾਮ ਦਿੱਤਾ ਗਿਆ, ਜਿਹੜੀ ਬਾਅਦ ਵਿਚ ਸ਼ਕਤੀਸ਼ਾਲੀ ਸਿੱਖ ਕੌਮ ਦੇ ਰੂਪ ਵਿਚ ਉੱਭਰਕੇ ਦੁਨੀਆ ਦੇ ਨਕਸ਼ੇ ਤੇ ਦਿਖਾਈ ਦੇਣ ਲੱਗੀ।
ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਦੀ ਧਾਰ ਚੋਂ ਪੈਦਾ ਹੋਈ ਇਹਨਾਂ ਨਪੀੜੇ ਲਿਤਾੜੇ ਤੇ ਨਿਤਾਣੇ ਲੋਕਾਂ ਦੀ ਕੌਮ ਨੇ ਅਜਿਹੇ ਇਤਿਹਾਸ ਸਿਰਜੇ, ਜਿਸ ਦੀ ਮਿਸਾਲ ਦੁਨੀਆ ਵਿਚ ਹੋਰ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ। ਇੱਥੇ ਇੱਕ ਸੁਆਲ ਵੀ ਉੱਠਦਾ ਹੈ ਕਿ ਅਕਸਰ ਇਹ ਕੌਮ ਐਨੀ ਤਾਕਤਵਰ ਰੂਪ ਚ ਕਿਵੇਂ ਪਰਗਟ ਕੀਤੀ ਗਈ? ਇਹਦਾ ਸਿੱਧਾ ਤੇ ਸਰਲ ਜਿਹਾ ਜਵਾਬ ਇਹ ਹੈ ਕਿ ਇਹਦੇ ਸੰਸਥਾਪਕ ਦੀ ਸੋਚ ਵਿਚ ਕੋਈ ਪਾਪ ਜਾਂ ਚਤੁਰਾਈ ਨਹੀਂ, ਬਲਕਿ ਮਾਨਵਤਾ ਦੀ ਇਕਸੁਰਤਾ, ਬਰਾਬਰਤਾ ਅਤੇ ਊਚ ਨੀਚ ਦੇ ਪਾੜੇ ਨੂੰ ਸਮਾਪਤ ਕਰਨ ਦਾ ਸੰਕਲਪ ਹੈ, ਜਿਸ ਸੰਕਲਪ ਤੇ ਪਹਿਰਾ ਦਿੰਦਿਆਂ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਪਹਿਲੇ ਗੁਰੂ ਨਾਨਕ ਦੀ ਸੋਚ ”ਨੀਚਾਂ ਅੰਦਰ ਨੀਚ ਜਾਤਿ”, ਅਤੇ ”ਜਿੱਥੇ ਨੀਚ ਸਮਾਲਿਅਨ” ਦੇ ਸੰਕਲਪ ਤੇ ਦ੍ਰਿੜ੍ਹઠ ਰਹਿ ਕੇ ਉਨ੍ਹਾਂ ਨੀਚਾਂ ਵਿਚ ਅਜਿਹੀ ਤਾਕਤ ਭਰ ਦਿੱਤੀ ਕਿ ਉਹ ਅਨੰਦਪੁਰੀ ਦੇ ਮੈਦਾਨ ਚ ਇਕੱਠੇ ਹੋਏ, ਵਾਪਸ ਆਉਣ ਵੇਲੇ ਨੀਚ ਨਹੀਂ ਰਹੇ, ਸਗੋਂ ਸਿਰਦਾਰ ਬਣ ਕੇ ਵਾਪਸ ਮੁੜੇ। ਅਜਿਹੇ ਸਿਰਦਾਰ, ਜਿਨ੍ਹਾਂ ਨੇ ਵੱਡੇ ਵੱਡੇ ਸਕਤਿਆਂ ਨੂੰ ਪੈਰਾਂ ਚ ਰੋਲ ਦਿੱਤਾ। ਇਹਨਾਂ ਨੀਚਾਂ ਦੀ ਕੌਮ ਨੇ ਹੀ ਸਰਹਿੰਦ ਦੀ ਇੱਟ ਨਾਲ ਇੱਕ ਖੜਕਾ ਕੇ ਜਿੱਥੇ ਜ਼ਾਲਮ ਦੇ ਜ਼ੁਲਮਾਂ ਦਾ ਬਦਲਾ ਲੈ ਕੇ ਆਪਣੇ ਗੁਰੂ ਦਾ ਰੰਚਕ ਮਾਤਰ ਰਿਣ ਚੁਕਾਉਣ ਦਾ ਉਪਰਾਲਾ ਕੀਤਾ, ਓਥੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਵੀ ਕਰ ਦਿੱਤੀ। ਪੰਦ੍ਹਰਵੀਂ ਸਦੀ ਦੀ ਇਸ ਇਨਕਲਾਬੀ ਸੋਚ ਨੇ ਅਠਾਰ੍ਹਵੀਂ ਸਦੀ ਤੱਕ ਦਾ ਸਫ਼ਰ ਤਹਿ ਕਰਦਿਆਂ ਖ਼ਾਲਸਾ ਰਾਜ ਸਥਾਪਤ ਕਰ ਲਿਆ ਤੇ ਉੱਨ੍ਹੀਵੀਂ ਸਦੀ ਤੱਕ ਪੁੱਜਦਿਆਂ ਅਰਬ ਦੀਆਂ ਖਾੜੀਆਂ ਤੋਂ ਚੀਨ ਦੀ ਹੱਦ ਤੱਕ ਝੰਡੇ ਝੁਲਾ ਦਿੱਤੇ।
ਹੁਣ ਇੱਥੇ ਇੱਕ ਸੁਆਲ ਹੋਰ ਪੈਦਾ ਹੁੰਦਾ ਹੈ ਕਿ ਅਜਿਹੀ ਬਰਾਬਰਤਾ ਵਾਲੀ ਸੋਚ ਚੋ ਜਨਮੀ ਤੇ ਪਰਵਾਨ ਚੜ੍ਹੀ ਕੌਮ ਦੇ ਅਜੋਕੇ ਸਮੇਂ ਚ ਇਹ ਹਸ਼ਰ ਹੋਣ ਪਿੱਛੇ ਦੇ ਕੀ ਕਾਰਨ ਹਨ? ਜਵਾਬ ਇਹਦਾ ਵੀ ਸਪਸ਼ਟ ਹੈ ਕਿ ਸਿੱਖ ਕੌਮ ਦੇ ਨਾਲ ਜਨਮ ਸਮੇਂ ਤੋਂ ਹੀ ਇੱਕ ਵਿਰੋਧੀ ਸੋਚ ਵੀ ਨਾਲ ਨਾਲ ਹੀ ਚੱਲੀ ਆ ਰਹੀ ਹੈ, ਜਿਸ ਨੇ ਜਦੋਂ ਵੀ ਸਮਾ ਮਿਲਿਆ ਅਪਣਾ ਨਿਸ਼ਾਨਾ ਖੁੰਝਣ ਨਹੀਂ ਦਿੱਤਾ, ਭਾਵੇਂ ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਵੇ, ਜਾਂ ਗੁਰੂ ਸਾਹਿਬ ਦੇ ਛੋਟੇ ਸਹਿਬਜਾਦਿਆਂ ਨੂੰ ਨੀਂਹਾਂ ਚ ਚਿਣਾਉਣ ਦੀ ਗੱਲ ਹੋਵੇ, ਭਾਵੇਂ ਸਿੱਖ ਰਾਜ ਦੀ ਤਬਾਹੀ ਹੋਵੇ, ਇਹ ਸੋਚ ਸਮੇਂ ਦੇ ਨਾਲ ਨਾਲ ਚੱਲਦੀ ਸਿੱਖਾਂ ਤੇ ਮੁੜ ਭਾਰੂ ਪੈ ਗਈ। ਲਿਹਾਜ਼ਾ ਸਿੱਖ ਨੇ ਗੁਰੂ ਤੋ ਪਾਸਾ ਵੱਟ ਲਿਆ। ਸਿੱਖ ਪਦਾਰਥਵਾਦੀ ਹੋ ਗਿਆ। ਸਿੱਖ ਨੇ ਗੁਰੂ ਦੀ ਸਿੱਖਿਆ ਤੋ ਮੁੱਖ ਮੋੜ ਲਿਆ। ਓਧਰ ਗੁਰੂ ਨਾਨਕ ਸਾਹਿਬ ਵੱਲੋਂ ਦੁਰਕਾਰੀ ਹੋਈ ਵਿਰੋਧੀ ਸੋਚ ਜਿਹੜੀ ਆਪਣੀ ਹੋਂਦ ਦੀ ਲੜਾਈ ਉਸ ਸਮੇਂ ਤੋ ਹੀ ਲੜਦੀ ਰਹੀ, ਤੇ ਸਮਾ ਪਾਕੇ ਭਾਰੂ ਹੁੰਦੀ ਗਈ। ਦੇਸ਼ ਦੀ ਵੰਡ ਵੇਲੇ ਤੱਕ ਨਾਨਕ ਦੀ ਵਿਰੋਧੀ ਸੋਚ ਐਨੀ ਕੁ ਭਾਰੂ ਹੋ ਗਈ ਕਿ ਇਹਨੇ ਸਿੱਖ ਦੀ ਸੋਚ ਨੂੰ ਹੀ ਖੁੰਢਾ ਕਰ ਦਿੱਤਾ। ਸਿੱਖ ਆਪਣੇ ਵਿਸ਼ਾਲ ਰਾਜ ਭਾਗ, ਘਰ ਘਾਟ ਦਾ ਖਹਿੜਾ ਛੱਡ ਕੇ ਇਸ ਵਿਰੋਧੀ ਸੋਚ ਦੇ ਗ਼ੁਲਾਮ ਬਣਦੇ ਗਏ। ਨਤੀਜਾ ਇਹ ਨਿਕਲਿਆ, ਕਿ ਵਿਸ਼ਾਲ ਰਾਜ ਦੀ ਵਾਰਸ ਸਿੱਖ ਕੌਮ ਆਜ਼ਾਦ ਭਾਰਤ ਵਿਚ ਮੁੱੜ ਗ਼ੁਲਾਮ ਹੋ ਗਈ। ਗੁਰੂ ਨਾਨਕ ਵਿਰੋਧੀ ਸੋਚ ਨੇ ਤਾਕਤ ਫੜਦਿਆਂ ਹੀ ਆਪਣੇ ਵਿਰੋਧੀਆਂ ਨੂੰ ਹੋਸ਼ ਅਤੇ ਜੋਸ਼ ਨਾਲ ਚਿੱਤ ਕਰਨਾ ਅਰੰਭ ਦਿੱਤਾ।
ਦੇਸ਼ ਦੇ ਬਹੁ ਗਿਣਤੀ ਦਲਿਤ ਵਰਗ ਨੂੰ ਅਧਰਮੀ ਵੀ ਬਣਾਇਆ ਤੇ ਹਿੰਦੂ ਵੀ, ਭਾਵ ਦਲਿਤ ਵਰਗ ਨੂੰ ਘੱਟ ਗਿਣਤੀਆਂ ਦੇ ਖ਼ਿਲਾਫ਼ ਵਰਤਣ ਅਤੇ ਰਾਜ ਦੀ ਪ੍ਰਾਪਤੀ ਲਈ ਵੋਟ ਬੈਂਕ ਵਜੋਂ ਆਪਣੇ ਨਾਲ ਰਲਾ ਲਿਆ, ਜਦੋਂ ਕਿ ਸਚਾਈ ਇਹ ਹੈ ਕਿ ਭਾਰਤ ਦੇ ਰਾਜ ਭਾਗ ਤੇ ਕਾਬਜ਼ ਬਾਬਾ ਨਾਨਕ ਵਿਰੋਧੀ ਬ੍ਰਾਹਮਣਵਾਦੀ ਸੋਚ ਦਲਿਤ ਸਮਾਜ ਨੂੰ ਅੱਜ ਵੀ ਹਜ਼ਾਰਾਂ ਸਾਲ ਪੁਰਾਣੇ ਮੰਨੂ ਵਾਦੀ ਸਿਧਾਂਤ ਹੇਠ ਲੈ ਕੇ ਆਉਣ ਲਈ ਯਤਨਸ਼ੀਲ ਹੈ, ਜਿਸ ਦੇ ਤਹਿਤ ਭਾਰਤ ਦੇ ਦਲਿਤ ਦੀ ਹਾਲਤ ਪਸ਼ੂਆਂ ਤੋ ਵੀ ਬਦਤਰ ਹੋ ਜਾਵੇਗੀ। ਮੌਜੂਦਾ ਸਮੇਂ ਵਿਚ ਤਾਂ ਬ੍ਰਾਹਮਣਵਾਦੀ ਸੋਚ ਦੇ ਹੌਸਲੇ ਤੇ ਤਾਕਤ ਐਨੀ ਕੁ ਵਧ ਗਈ ਹੈ ਕਿ ਉਹ ਹਕੂਮਤ ਦੇ ਬਲਬੂਤੇ ਘੱਟ ਗਿਣਤੀਆਂ ਨੂੰ ਖ਼ਤਮ ਕਰਕੇ ਦੇਸ਼ ਵਿਚ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਵੀ ਮਿੱਥ ਚੁੱਕੀ ਹੈ, ਹਿੰਦੂ ਰਾਸ਼ਟਰ ਬਣਨ ਦਾ ਮਤਲਬ ਹੈ ਦੇਸ਼ ਦੇ ਸਵਿਧਾਨ ਨੂੰ ਬਦਲ ਕੇ ਮੰਨੂ ਵਾਦੀ ਸੰਵਿਧਾਨ ਦਾ ਥੋਪਿਆ ਜਾਣਾ, ਜਿਹੜਾ ਸਿੱਧੇ ਰੂਪ ਵਿਚ ਦੇਸ਼ ਦੇ 85 ਫ਼ੀਸਦੀ ਦਲਿਤ ਸਮਾਜ ਦੇ ਮਨੁੱਖੀ ਜ਼ਿੰਦਗੀ ਜਿਊਣ ਦੇ ਹੱਕ ਖ਼ਤਮ ਕਰ ਦੇਵੇਗਾ। ਪੜਾ ਦਰ ਪੜਾ ਚੱਲਦੀ ਇਹ ਹੀ ਫ਼ਿਰਕੂ ਸੋਚ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਫ਼ੌਜੀ ਹਮਲੇ ਤੋ ਵਾਇਆ ਬਾਬਰੀ ਮਸਜਿਦ ਅਯੁੱਧਿਆ ਹੁੰਦੇ ਹੋਏ ਦਿੱਲੀ ਦੇ ਤੁਗਲਕਾਬਾਦ ਰਵਿਦਾਸ ਮੰਦਰ ਤੱਕ ਪੁੱਜ ਗਈ ਹੈ।
ਸ੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਸਮੇਂ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਨੇ ਇਹ ਭੂਮਿਕਾ ਨਿਭਾਈ ਤੇ ਉਸ ਤੋ ਬਾਅਦ ਅਯੁੱਧਿਆ ਦੀ ਬਾਬਰੀ ਮਸਜਿਦ ਨੂੰ ਕਾਂਗਰਸ ਅਤੇ ਭਾਜਪਾ ਦੋਹਾਂ ਨੇ ਸਹਿਮਤੀ ਨਾਲ ਢਾਹਿਆ, ਹੁਣ ਜਦੋਂ 2014 ਤੋ ਕੇਂਦਰ ਵਿਚ ਬਹੁ ਸੰਮਤੀ ਨਾਲ ਆਰ ਐਸ ਐਸ ਦੇ ਰਾਜਸੀ ਵਿੰਗ ਵਜੋਂ ਜਾਣੀ ਜਾਂਦੀ ਭਾਜਪਾ ਦੀ ਸਰਕਾਰ ਬਣੀ ਤਾਂ ਭਾਜਪਾ ਦੇ ਹਮਾਇਤੀਆਂ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕਰ ਦਿੱਤਾ, ਜਦੋਂ ਕਿ ਦੂਜੀ ਵਾਰ ਬਣੀ ਭਾਜਪਾ ਦੀ ਕੇਂਦਰੀ ਸਰਕਾਰ ਨੇ ਇਸ ਪਾਸੇ ਅਮਲੀ ਰੂਪ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਖੋਹਣ ਤੋ ਲੈ ਕੇ ਭਗਤ ਰਵਿਦਾਸ ਦੇ ਦਿੱਲੀ ਸਥਿਤ ਪੁਰਾਤਨ ਮੰਦਰ ਨੂੰ ਢਾਹੁਣ ਦੀ ਕਾਰਵਾਈ ਤੱਕ ਦਾ ਵਰਤਾਰਾઠ ਇਹ ਹੀ ਦਰਸਾਉਂਦਾ ਹੈ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਭਵਿੱਖ ਹੁਣ ਸੁਰੱਖਿਅਤ ਨਹੀਂ ਹੋਵੇਗਾ। ਭਾਵੇਂ ਪੰਦ੍ਹਰਵੀਂ ਸਦੀ ਹੋਵੇ ਤੇ ਭਾਵੇਂ ਇੱਕੀਵੀਂ ਸਦੀ ਦਾ ਭਾਰਤ, ਮਾਨਸਿਕਤਾ ਅੱਜ ਵੀ ਉਹ ਹੀ ਹੈ ਜਿਹੜੀ ਮੰਨੂਵਾਦ ਦੀ ਸਿੱਖਿਆ ਅਨੁਸਾਰ ਵਿਕਸਿਤ ਹੋ ਚੁੱਕੀ ਹੈ।
ਆਉਣ ਵਾਲਾ ਸਮਾ ਦਲਿਤਾਂ, ਸਿੱਖਾਂ, ਈਸਾਈਆਂ ਅਤੇ ਮੁਸਲਮਾਨਾਂ ਲਈ ਬੇਹੱਦ ਹੀ ਖ਼ਤਰਨਾਕ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਫ਼ਿਰਕੂ ਕੱਟੜਪੰਥੀ ਲੋਕਾਂ ਵਿਚ ਨਸਲੀ ਵਿਤਕਰਾ ਇਸ ਕਦਰ ਭਰਿਆ ਹੋਇਆ ਹੈ, ਕਿ ਉਹ ਦਲਿਤਾਂ ਨੂੰ ਸਿਰਫ਼ ਘੱਟ ਗਿਣਤੀਆਂ ਖ਼ਿਲਾਫ਼ ਵਰਤਣ ਵਾਲੇ ਤਿੱਖੇ ਤੇ ਮਾਰੂ ਸੰਦਾਂ ਤੋ ਵੱਧ ਕੁੱਝ ਵੀ ਨਹੀਂ ਸਮਝਦੇ। ਇਸ ਵਰਤਾਰੇ ਤੋ ਦੇਸ਼ ਦੇ ਸਮੁੱਚੇ ਦਲਿਤ ਵਰਗ ਨੂੰ ਸਬਕ ਲੈਣ ਦੀ ਜ਼ਰੂਰਤ ਹੈ। ਉਪਰੋਕਤ ਵਰਤਾਰੇ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਦਲਿਤ ਸਮਾਜ ਦੇ ਹਿਤ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਤੇ ਸਿਧਾਂਤ ਅਨੁਸਾਰ ਸਿੱਖ ਧਰਮ ਨਾਲ ਹੀ ਸੁਰੱਖਿਅਤ ਰਹਿ ਸਕਦੇ ਹਨ, ਜਿਸ ਦੀ ਸਥਾਪਨਾ ਹੀ ਨਪੀੜੇ ਲਿਤਾੜੇ, ਨਿਤਾਣੇ ਅਤੇ ਸਮਾਜ ਦੇ ਦੁਰਕਾਰੇ ਲੋਕਾਂ ਦੀ ਬਿਹਤਰੀ ਲਈ ਕੀਤੀ ਗਈ। ਦਲਿਤ ਸਮਾਜ ਨੂੰ ਸੋਚਣਾ ਹੋਵੇਗਾ ਕਿ ਉਨ੍ਹਾਂ ਨੇ ਬ੍ਰਾਹਮਣਵਾਦ ਦੀ ਮੰਨੂ ਵਾਦੀ ਚੱਕੀ ਵਿਚ ਪਿਸਦੇ ਰਹਿਣਾ ਹੈ, ਜਾਂ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਨਾਲ ਮੁਕੰਮਲ ਏਕਤਾ ਕਰਕੇ ਇਸ ਨਸਲੀ ਫ਼ਿਰਕਾਪ੍ਰਸਤੀ ਦੇ ਖ਼ਿਲਾਫ਼ ਸੁਚੇਤ ਰੂਪ ਵਿਚ ਡਟਣਾ ਹੈ। ਦਲਿਤ ਭਾਈਚਾਰੇ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਦੇਸ਼ ਦਾ ਉੱਚ ਜਾਤੀਆ ਹਿੰਦੂ ਦਲਿਤਾਂ ਨੂੰ ਕਦੇ ਵੀ ਬਰਾਬਰ ਦਾ ਹਿੰਦੂ ਸਵੀਕਾਰ ਨਹੀਂ ਕਰਦਾ, ਸਗੋਂ ਉਨ੍ਹਾਂ ਨੂੰ ਹਜ਼ਾਰਾਂ ਸਾਲ ਪੁਰਾਣੀ ਮਾਨਸਿਕਤਾ ਅਨੁਸਾਰ ਆਪਣੇ ਗ਼ੁਲਾਮ ਸ਼ੂਦਰ ਦੇ ਰੂਪ ਵਿਚ ਹੀ ਦੇਖਦਾ ਹੈ, ਜਿਹੜੇ ਸਿਰਫ਼ ਉੱਚ ਜਾਤੀਏ ਸਮਾਜ ਦੀ ਸੇਵਾ ਲਈ ਹੀ ਪੈਦਾ ਹੋਏ ਹਨ। ਦਿੱਲੀ ਦੇ ਤੁਗਲਕਾਬਾਦ ਦੇ ਪੁਰਾਤਨ ਭਗਤ ਰਵਿਦਾਸ ਮੰਦਰ ਨੂੰ ਢਾਹੁਣ ਪਿੱਛੇ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ, ਜਿਸਨੇઠ ਕਸ਼ਮੀਰ ਦੇ ਬੇਹੱਦ ਗੰਭੀਰ ਮੁੱਦੇ ਤੋ ਲੋਕਾਂ ਦਾ ਧਿਆਨ ਹੀ ਪਾਸੇ ਨਹੀਂ ਹਟਾਇਆ, ਬਲਕਿ ਦਲਿਤ ਸਮਾਜ ਨੂੰ ਆਪਣੀ ਭਵਿੱਖੀ ਰਣਨੀਤੀ ਬਾਰੇ ਚਿਤਾਵਨੀ ਵੀ ਦਿੱਤੀ ਹੈ।