Harpal Singh Pannu 190813 j&k pta aa

(ਹੁਣੇ ਹੁਣੇ ਧਾਰਾ 370 ਅਤੇ 35-ਏ ਕੇਂਦਰ ਸਰਕਾਰ ਨੇ ਸਮਾਪਤ ਕੀਤੀ ਹੈ ਜਿਸ ਬਾਰੇ ਹੱਕ ਅਤੇ ਵਿਰੋਧ ਵਿਚ ਦਲੀਲਾਂ ਦਾ ਬਾਜ਼ਾਰ ਗਰਮ ਹੈ। ਅਕਤੂਬਰ 1947 ਵਿਚ ਪੰਡਤ ਜਵਾਹਰਲਾਲ ਨੇ ਕਸ਼ਮੀਰ ਦੇ ਰਾਜਾ ਹਰੀ ਸਿੰਘ ਨਾਲ ਉਸ ਸੰਧੀ ਤੇ ਦਸਤਾਖਰ ਕੀਤੇ ਸਨ ਜਿਸਨੂੰ ਸ੍ਰੀ ਨਰਿੰਦਰ ਮੋਦੀ ਨੇ 5 ਅਗਸਤ 2019 ਨੂੰ ਰੱਦ ਕਰ ਦਿਤਾ। ਇਕ ਸੰਧੀ ਅੰਗਰੇਜ਼ਾਂ ਨੇ ਰਾਜਾ ਗੁਲਾਬ ਸਿੰਘ ਨਾਲ ਕੀਤੀ ਸੀ, ਖਿਆਲ ਆਇਆ, ਉਸ ਤੋਂ ਵੀ ਪੰਜਾਬੀ ਪਾਠਕ ਜਾਣੂ ਹੋਣ। ਇਹ ਸੰਧੀ ਦੇਸ ਆਜਾਦ ਹੋਣ ਤੋਂ ਸੌ ਸਾਲ ਪਹਿਲਾ ਹੋਈ। ਉਦੋਂ ਤੋਂ ਡੋਗਰੇ ਜੰਮੂ ਕਸ਼ਮੀਰ ਦੇ ਹਾਕਮ ਚਲੇ ਆਏ ਸਨ। ਪਹਾੜੀ ਲੋਕ ਗੀਤਾਂ ਵਿਚ ”ਜੰਮੂਏ ਦਾ ਡੋਗਰਾ” ਸ਼ਬਦ ਅਨੇਕ ਵਾਰ ਆਉਂਦੇ ਜਾਂਦੇ ਹਨ। ਡੋਗਰਿਆਂ ਦੀ ਬੇਵਫਾਈ ਤੋਂ ਅਸੀਂ ਵਾਕਫ ਹਾਂ।)

ਅੰਮ੍ਰਿਤਸਰ ਦੀ ਸੰਧੀ – ਮਾਰਚ 16, 1846
ਬਰਤਾਨੀਆਂ ਸਰਕਾਰ ਇਕ ਧਿਰ ਤੇ ਜੰਮੂ ਦੇ ਮਹਾਰਾਜਾ ਗੁਲਾਬ ਸਿੰਘ ਨੇ ਦੂਜੀ ਧਿਰ ਵਜੋਂ ਸੰਧੀ ਕੀਤੀ। ਬਰਤਾਨਵੀ ਸਰਕਾਰ ਵਲੋਂ ਫਰੈਡਰਿਕ ਕਰੀ ਅਤੇ ਮੇਜਰ ਹੈਨਰੀ ਮੋਂਟਗੁਮਰੀ ਲਾਰੰਸ, ਸਰ ਹੈਨਰੀ ਹਾਰਡਿੰਗ ਵਲੋਂ ਨਾਮਜ਼ਦ ਮੈਂਬਰ ਹਨ। ਸਰ ਹੈਨਰੀ ਬਰਤਾਨਵੀ ਮਲਿਕਾ ਦੇ ਪੂਰਨ ਸਨਮਾਨਯੋਗ ਪ੍ਰਿਵੀ ਕੌਂਸਲ, ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ, ਕੰਪਨੀ ਦੀ ਜਾਇਦਾਦ ਦੇ ਪ੍ਰਬੰਧਕ ਹਨ, ਉਹ ਈਸਟ ਇੰਡੀਆ ਕੰਪਨੀ ਦੇ ਸਾਰੇ ਮਾਮਲੇ ਨਜਿਠਣ ਦੇ ਹਕਦਾਰ ਹਨ। ਸਰ ਹੈਨਰੀ ਹਾਰਡਿੰਗ ਵਲੋਂ ਉਕਤ ਦੋਵੇਂ ਨੁਮਾਇੰਦੇ ਅਤੇ ਮਹਾਰਾਜਾ ਗੁਲਾਬ ਸਿੰਘ ਬਜ਼ਾਤਿ ਖੁਦ ਪੇਸ਼ ਹੋਏ, ਸਾਲ 1846.

ਧਾਰਾ 1: ਬਰਿਟਿਸ਼ ਸਰਕਾਰ ਸਿੰਧ ਦਰਿਆ ਦੇ ਪੂਰਬ ਵੱਲ ਦੀਆਂ ਅਤੇ ਰਾਵੀ ਦੇ ਪੱਛਮ ਵੱਲ ਦੀਆਂ ਸਾਰੀਆਂ ਪਹਾੜੀਆਂ ਅਤੇ ਰਿਆਸਤਾਂ, ਚੰਬੇ ਸਮੇਤ ਸਦਾ ਵਾਸਤੇ ਮਹਾਰਾਜਾ ਗੁਲਾਬ ਸਿੰਘ ਅਤੇ ਉਸਦੇ ਨਰ ਵਾਰਸਾਂ ਨੂੰ ਸੁਤੰਤਰ ਮਾਲਕੀ ਵਜੋਂ ਸੌਂਪਦੀ ਹੈ। ਇਸ ਵਿਚ ਲਾਹੌਲ ਸ਼ਾਮਲ ਨਹੀਂ ਹੈ। ਇਹ ਇਲਾਕੇ ਬਰਿਟਿਸ਼ ਸਰਕਾਰ ਨੇ ਲਾਹੌਰ ਸਟੇਟ ਪਾਸੋਂ ਲਾਹੌਰ ਸੰਧੀ ਦੀ ਧਾਰਾ ਚਾਰ ਰਾਹੀਂ 9 ਮਾਰਚ 1846 ਨੂੰ ਆਪਣੇ ਅਧੀਨ ਕੀਤੇ ਸਨ।

ਧਾਰਾ 2: ਉਕਤ ਧਾਰਾ ਰਾਹੀਂ ਮਹਾਰਾਜਾ ਗੁਲਾਬ ਸਿੰਘ ਨੂੰ ਸੌਂਪੇ ਗਏ ਇਲਾਕੇ ਦੀ ਪੂਰਬੀ ਹੱਦਬੰਦੀ ਦਾ ਫੈਸਲਾ ਬਰਿਟਿਸ਼ ਸਰਕਾਰ ਅਤੇ ਮਹਾਰਾਜਾ ਗੁਲਾਬ ਸਿੰਘ ਦੇ ਨੁਮਾਇੰਦੇ ਕਰਨਗੇ। ਸਰਵੇਖਣ ਕਰਨ ਉਪਰੰਤ ਇਸ ਨੂੰ ਪਰਿਭਾਸ਼ਿਤ ਕੀਤਾ ਜਾਵੇਗਾ।

ਧਾਰਾ 3: ਉਨ੍ਹਾਂ ਨੂੰ ਅਤੇ ਉਨ੍ਹਾ ਦੇ ਉਤਰਾਧਿਕਾਰੀਆਂ ਨੂੰ ਉਕਤ ਪਹਾੜੀ ਇਲਾਕੇ ਸੌਂਪਣ ਬਦਲੇ ਮਹਾਰਾਜਾ ਗੁਲਾਬ ਸਿੰਘ ਬਰਿਟਿਸ਼ ਸਰਕਾਰ ਨੂੰ ਨਾਨਕਸ਼ਾਹੀ ਪਝੱਤਰ ਲਖ ਰੁਪਏ ਅਦਾ ਕਰਨਗੇ ਜਿਸ ਵਿਚੋਂ ਪੰਜਾਹ ਲੱਖ ਇਕ ਅਕਤੂਬਰ 1846 ਤੱਕ ਜਾਂ ਉਸ ਤੋਂ ਪਹਿਲਾ ਦੇਣੇ ਹਨ।

ਧਾਰਾ 4: ਮਹਾਰਾਜਾ ਗੁਲਾਬ ਸਿੰਘ ਆਪਣੇ ਇਲਾਕਿਆਂ ਦੀ ਹੱਦਬੰਦੀ ਵਿਚ ਬਰਿਟਿਸ਼ ਸਰਕਾਰ ਦੀ ਮਰਜ਼ੀ ਬਗੈਰ ਵਾਧਾ ਘਾਟਾ ਨਹੀਂ ਕਰਨਗੇ।

ਧਾਰਾ 5: ਉਨ੍ਹਾਂ ਅਤੇ ਬਰਿਟਿਸ਼ ਸਰਕਾਰ ਜਾਂ ਗਵਾਂਢੀ ਰਿਆਸਤਾਂ ਵਿਚ ਕੋਈ ਝਗੜਾ ਹੋਣ ਦੀ ਸੂਰਤ ਵਿਚ ਮਹਾਰਾਜਾ ਗੁਲਾਬ ਸਿੰਘ ਬਰਿਟਿਸ਼ ਸਰਕਾਰ ਦੀ ਸਾਲਸੀ ਮੰਨਣਗੇ ਤੇ ਬਰਿਟਿਸ਼ ਫੈਸਲੇ ਉਪਰ ਕਾਇਮ ਰਹਿਣ ਦੇ ਪਾਬੰਦ ਹੋਣਗੇ।

ਧਾਰਾ 6: ਮਹਾਰਾਜਾ ਗੁਲਾਬ ਸਿੰਘ ਅਤੇ ਉਸਦੇ ਵਾਰਸ ਲੋੜ ਪੈਣ ਤੇ ਬਰਿਟਿਸ਼ ਫੌਜਾਂ ਨੂੰ ਸਮਰਥਨ ਦੇਣਗੇ।

ਧਾਰਾ 7: ਬਰਿਟਿਸ਼ ਸਰਕਾਰ ਦੀ ਸਹਿਮਤੀ ਬਗੈਰ ਮਹਾਰਾਜਾ ਗੁਲਾਬ ਸਿੰਘ ਕਿਸੇ ਅੰਗਰੇਜ਼, ਯੋਰਪੀਨ ਜਾਂ ਅਮਰੀਕਣ ਨਾਗਰਿਕ ਨੂੰ ਨੌਕਰੀ ਨਹੀਂ ਦੇਣਗੇ।

ਧਾਰਾ 8: ਬਰਿਟਿਸ਼ ਸਰਕਾਰ ਦੀ ਲਾਹੌਰ ਦਰਬਾਰ ਨਾਲ 11 ਮਾਰਚ, 1846 ਨੂੰ ਜੋ ਸੰਧੀ ਹੋਈ, ਮਹਾਰਾਜਾ ਗੁਲਾਬ ਸਿੰਘ ਸੌਂਪੇ ਗਏ ਇਲਾਕਿਆਂ ਬਾਰੇ ਉਸ ਦੀਆਂ ਧਾਰਾਵਾਂ ਪੰਜ, ਛੇ ਅਤੇ ਸੱਤ ਦਾ ਸਨਮਾਨ ਕਰਨਗੇ।

ਧਾਰਾ 9: ਬਾਹਰੀ ਹਮਲਿਆਂ ਤੋਂ ਖਤਰੇ ਦੀ ਸੂਰਤ ਵਿਚ ਬਰਿਟਿਸ਼ ਸਰਕਾਰ ਮਹਾਰਾਜ ਗੁਲਾਬ ਸਿੰਘ ਦੀ ਸਹਾਇਤਾ ਕਰੇਗੀ।

ਧਾਰਾ 10: ਮਹਾਰਾਜਾ ਗੁਲਾਬ ਸਿੰਘ ਬਰਿਟਿਸ਼ ਪ੍ਰਭੂਸੱਤਾ ਨੂੰ ਮਾਹਾਨਤਾ ਦੇਣਗੇ ਤੇ ਇਸ ਮਾਨਤਾ ਦੀ ਨਿਸ਼ਾਨੀ ਵੱਜੋਂ ਹਰ ਸਾਲ ਇੱਕ ਘੋੜਾ, ਬਾਰਾਂ ਭੇਡਾਂ ਪ੍ਰਵਾਵਿਤ ਨਸਲ ਦੀਆਂ(ਛੇ ਨਰ ਛੇ ਮਾਦਾ) ਅਤੇ ਕਸ਼ਮੀਰੀ ਸ਼ਾਲਾਂ ਦੇ ਤਿੰਨ ਜੋੜੇ ਬਤੌਰ ਨਜ਼ਰਾਨਾ ਦਿਆ ਕਰਨਗੇ।

ਦਸ ਧਾਰਾਵਾਂ ਦੀ ਸੰਧੀ ਉਪਰ ਇਸ ਦਿਨ ਫਰੈਡਰਿਕ ਕਰੀ, ਮੇਜਰ ਹੈਨਰੀ ਮੋਂਟਗੁਮਰੀ ਲਾਰੰਸ, ਬਰਿਟਿਸ਼ ਰਾਜ ਦੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਦੇ ਨੁਮਾਇੰਦਿਆਂ ਵਜੋਂ ਅਤੇ ਮਹਾਰਾਜਾ ਗੁਲਾਬ ਸਿੰਘ ਦੇ ਹਸਤਾਖਰਾਂ ਰਾਹੀਂ ਪ੍ਰਵਾਨ ਚੜ੍ਹੀ, ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਦੇ ਹਸਤਾਖਰਾਂ ਅਤੇ ਮੁਹਰ ਨਾਲ ਮਨਜੂਰ ਹੋਈ।

ਮਾਰਚ 16, 1846 ਈਸਵੀ ਦਾ ਦਿਨ; ਰੂਬੀ-ਉਲ-ਅੱਵਲ ਮਹੀਨੇ ਦੀ 17 ਤਰੀਕ, 1262 ਹਿਜਰੀ।

ਸਹੀ/- ਅਤੇ ਮੁਹਰ ਸਹੀ/- ਸਹੀ/-
ਹੈਨਰੀ ਹਾਰਡਿੰਗ ਫ. ਕਰੀ ਹੈ. ਲਾਰੰਸ