bagel singh dhaliwal 190712 SYL CANAL

ਭਾਵੇਂ ਪੰਜਾਬ ਦੇ ਜਾਇਆਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ, ਭਾਵੇਂ ਦੇਸ਼ ਦੇ ਅੰਨ ਭੰਡਾਰ ਵਿਚ ਸਭ ਤੋ ਵੱਡਾ ਹਿੱਸਾ ਪੰਜਾਬ ਦੇ ਕਿਸਾਨਾਂ ਵੱਲੋਂ ਪਾਇਆ ਜਾਂਦਾ ਹੈ, ਭਾਵੇਂ ਅੱਜ ਵੀ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਸਿੱਖ ਫ਼ੌਜੀਆਂ ਨੂੰ ਸਭ ਤੋ ਮੂਹਰੇ ਰੱਖਿਆ ਜਾਂਦਾ ਹੈ, ਇਸ ਦੇ ਬਾਵਜੂਦ ਵੀ ਪੰਜਾਬ ਨਾਲ ਵਿਤਕਰਾ ਕੇਂਦਰ ਦੀ ਫ਼ਿਤਰਤ ਰਹੀ ਹੈ। ਦੇਸ਼ ਦੀ ਆਜ਼ਾਦੀ ਮੌਕੇ ਬੜੇ ਫ਼ਰੇਬ ਨਾਲ ਸਿੱਖ ਆਗੂਆਂ ਨੂੰ ਭਰਮਾ ਕੇ ਉਨ੍ਹਾਂ ਨੂੰ ਅਪਣਾ ਮੁਲਕ ਬਣਾਉਣ ਤੋ ਰੋਕ ਕੇ ਭਾਰਤ ਨਾਲ ਜੋੜਿਆ ਗਿਆ। ਦੇਸ਼ ਆਜ਼ਾਦ ਹੁੰਦਿਆਂ ਹੀ ਵਿਤਕਰਿਆਂ ਦੀ ਦਾਸਤਾਨ ਸ਼ੁਰੂ ਹੋਈ, ਸਗੋਂ ਦੇਸ਼ ਵੰਡ ਦੇ ਨਾਲ ਹੀ ਕਹੀ ਜਾ ਸਕਦੀ ਹੈ ਜਦੋਂ ਪੰਜਾਬ ਦਾ ਸੀਨਾ ਚੀਰ ਕੇ ਅੱਧ ਤੋ ਵੱਧ ਪੰਜਾਬ ਪਾਕਿਸਤਾਨ ਵਾਲੇ ਪਾਸੇ ਕਰ ਦਿੱਤਾ ਗਿਆ ਸੀ, ਏਥੇ ਹੀ ਬੱਸ ਨਹੀਂ 1966 ਵਿਚ ਇੱਕ ਵਾਰ ਫਿਰ ਦੋ ਸੂਬੇ ਹਰਿਆਣਾ ਅਤੇ ਹਿਮਾਚਲ ਸਮੇਤ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਪੰਜਾਬ ਤੋ ਬਾਹਰ ਰੱਖ ਕੇ ਪੰਜਾਬ ਨੂੰ ਅਸਲੋਂ ਹੀ ਨਕਾਰਾ ਕਰ ਦਿੱਤਾ ਗਿਆ।

ਇਹਦੇ ਪਿੱਛੇ ਦਾ ਕਾਰਨ ਵੀ ਭਾਰਤੀ ਹੁਕਮਰਾਨਾਂ ਦੇ ਮਨ ਦਾ ਡਰ ਹੀ ਸੀ ਕਿ ਜੇਕਰ ਪੰਜਾਬ ਤਕੜਾ ਰਹਿ ਗਿਆ ਤਾਂ ਉਹ ਆਪਣੇ ਬਰਾਬਰ ਦੇ ਅਧਿਕਾਰ ਦਬਾਅ ਬਣਾ ਕੇ ਹਾਸਿਲ ਕਰ ਲਵੇਗਾ, ਇੱਥੋਂ ਤੱਕ ਪੰਜਾਬ ਆਪਣੀ ਅਸਲ ਅਰਥਾਂ ਵਿਚ ਆਜ਼ਾਦੀ ਹਾਸਲ ਕਰਨ ਲਈ ਵੀ ਸਫਲਤਾ ਪ੍ਰਾਪਤ ਕਰ ਸਕਦਾ ਹੈ, ਇਸ ਲਈ ਪੰਜਾਬ ਨੂੰ ਵਾਰ ਵਾਰ ਵੱਢਿਆ ਟੁੱਕਿਆ ਅਤੇ ਕੁੱਟਿਆ ਮਾਰਿਆ ਜਾਂਦਾ ਰਿਹਾ ਹੈ। ਜੂਨ ਅਤੇ ਨਵੰਬਰ 1984 ਦੇ ਜ਼ਖਮ ਦੱਸਦੇ ਹਨ ਕਿ ਭਾਰਤੀ ਹੁਕਮਰਾਨ ਪੰਜਾਬ ਖ਼ਾਸ ਕਰ ਸਿੱਖਾਂ ਨਾਲ ਕਿੰਨੀ ਨਫ਼ਰਤ ਕਰਦੇ ਹਨ। ਪੰਜਾਬ ਦੇ ਪਾਣੀ ਖੋਹ ਕੇ ਹਰਿਆਣੇ, ਦਿੱਲੀ ਅਤੇ ਰਾਜਸਥਾਨ ਨੂੰ ਦੇ ਦਿੱਤੇ ਗਏ, ਪੰਜਾਬ ਨੂੰ ਧਰਤੀ ਹੇਠਲਾ ਪਾਣੀ ਕੱਢਣ ਲਈ ਕਿਰਾਏ ਦੇ ਟਿਊਬਵੈੱਲ ਮੱਥੇ ਮਾਰੇ ਗਏ, ਏਸੇ ਤਰਾਂ ਪੰਜਾਬ ਦੇ ਪਾਣੀਆਂ ਤੋ ਤਿਆਰ ਹੁੰਦੀ ਸਸਤੀ ਬਿਜਲੀ ਖੋਹ ਕੇ ਦਿੱਲੀ ਅਤੇ ਹਿਮਾਚਲ ਨੂੰ ਦੇ ਦਿੱਤੀ, ਜਦੋਂ ਕਿ ਪੰਜਾਬ ਨੂੰ ਮੁੱਲ ਦੇ ਕੋਇਲੇ ਨਾਲ ਚੱਲਣ ਵਾਲੇ ਥਰਮਲਾਂ ਸਹਾਰੇ ਛੱਡ ਦਿੱਤਾ।

ਇੱਥੇ ਵੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਥੇ ਸਿਰਫ਼ ਪੰਜਾਬ ਬਿਜਲੀ ਪਾਣੀ ਖੋਹੇ ਹੀ ਨਹੀਂ ਗਏ, ਸਗੋਂ ਪੰਜਾਬ ਨੂੰ ਹਰ ਪੱਖ ਤੋ ਕਮਜ਼ੋਰ ਕਰਨ ਲਈ ਕੇਂਦਰ ਨੇ ਬਹੁਤ ਚਲਾਕੀ ਅਤੇ ਧੱਕੇ ਨਾਲ ਆਪਣੇ ਮੁਥਾਜ ਬਣਾ ਲਿਆ। ਅੱਜ ਹਾਲਾਤ ਇਹ ਹਨ ਕਿ ਕੇਂਦਰ ਜਦੋਂ ਮਰਜ਼ੀ ਚਾਹੇ ਪੰਜਾਬ ਦਾ ਕੋਇਲਾ ਬੰਦ ਕਰਵਾ ਕੇ ਪੰਜਾਬ ਦੀ ਬਿਜਲੀ ਗੁੱਲ ਕਰ ਸਕਦਾ ਹੈ। ਉੱਧਰ ਜੇਕਰ ਗੱਲ ਟਿਊਬਵੈੱਲਾਂ ਦੀ ਕੀਤੀ ਜਾਵੇ ਤਾਂ ਇੱਥੇ ਵੀ ਪੰਜਾਬ ਨੂੰ ਬਹੁਤ ਬੁਰੀ ਤਰਾਂ ਨਪੀੜਿਆ ਗਿਆ ਹੈ। ਝੋਨੇ ਵਰਗੀ ਫ਼ਸਲ ਦਾ ਪੰਜਾਬ ਵਿਚ ਆਉਣਾ ਕੋਈ ਇਤਫ਼ਾਕ ਨਹੀਂ ਸਗੋਂ ਇਹ ਫ਼ਸਲ ਜਾਣ ਬੁੱਝ ਕੇ ਪੰਜਾਬ ਵਿਚ ਭੇਜੀ ਗਈ ਤਾਂ ਕਿ ਧਰਤੀ ਹੇਠਲੇ ਪਾਣੀਆਂ ਨੂੰ ਖ਼ਤਮ ਕਰਕੇ ਪਹਿਲਾਂ ਹੀ ਅੰਗਹੀਣਤਾ ਦਾ ਦਰਦ ਝੱਲਦੇ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕੀਤਾ ਜਾ ਸਕੇ। ਅੱਜ ਪੰਜਾਬ ਦੇ ਪਾਉਣ ਪਾਣੀ ਦੂਸ਼ਿਤ ਹੋਣ ਅਤੇ ਪਾਣੀ ਦੇ ਖ਼ਤਮ ਹੋਣ ਦੇ ਖ਼ਤਰੇ ਲਈ ਕੇਂਦਰ ਦੀਆਂ ਪੰਜਾਬ ਪ੍ਰਤੀ ਦੁਸ਼ਮਣੀ ਵਾਲੀਆਂ ਨੀਤੀਆਂ ਜ਼ੁੰਮੇਵਾਰ ਹਨ।

ਐਨੇ ਵਿਤਕਰਿਆਂ ਦੇ ਬਾਵਜੂਦ ਵੀ ਪੰਜਾਬ ਨੇ ਕਦੇ ਕੋਈ ਪ੍ਰਵਾਹ ਨਹੀਂ ਸੀ ਕੀਤੀ, ਪ੍ਰੰਤੂ ਹੁਣ ਜਦੋਂ ਪਿਛਲੇ ਪੰਜ ਸਾਲਾਂ ਤੋ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਆਈ ਹੈ ਤਾਂ ਇਸ ਵਿਤਕਰੇ ਨੇ ਬਹੁਤ ਵਿਰਾਟ ਰੂਪ ਧਾਰਨ ਕਰ ਲਿਆ ਹੈ। ਜਿੰਨੀ ਕੱਟੜਵਾਦ ਦੀ ਹਨੇਰੀ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਚੱਲ ਰਹੀ ਹੈ, ਇਹ ਪਹਿਲਾਂ ਕਦੇ ਨਹੀਂ ਦੇਖੀ ਗਈ। ਅੱਜ ਦੇਸ਼ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਸਮੁੱਚੀਆਂ ਘੱਟ ਗਿਣਤੀਆਂ ਭਾਰਤੀ ਜਨਤਾ ਪਾਰਟੀ ਦੇ ਕੱਟੜਵਾਦ ਦੀ ਦਹਿਸ਼ਤ ਦੇ ਛਾਏ ਹੇਠ ਜੀਅ ਰਹੇ ਹਨ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਫ਼ਿਰਕੂ ਗੁੰਡਾਗਰਦੀ ਸਾਰੇ ਹੱਦਾਂ ਬੰਨੇ ਤੋੜਦੀ ਜਾਪਦੀ ਹੈ। ਦਲਿਤਾਂ ਮੁਸਲਮਾਨਾਂ ਅਤੇ ਸਿੱਖਾਂ ਤੇ ਨਸਲੀ ਹਮਲਿਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਘੱਟ ਗਿਣਤੀਆਂ ਦੇ ਜਿਊਣ ਦੇ ਹੱਕ ਇੱਕ ਇੱਕ ਕਰਕੇ ਖੋਹੇ ਜਾ ਰਹੇ ਹਨ।

ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਦਿੱਤਾ ਗਿਆ ਫ਼ੈਸਲਾ ਵੀ ਪੰਜਾਬ ਲਈ ਡਾਹਢੀ ਫ਼ਿਕਰਮੰਦੀ ਵਾਲਾ ਹੈ। ਸਰਬ ਉੱਚ ਅਦਾਲਤ ਨੇ ਕੇਂਦਰ ਨੂੰ ਹੁਕਮ ਕੀਤਾ ਹੈ ਕਿ ਕੇਂਦਰ ਪੰਜਾਬ ਅਤੇ ਹਰਿਆਣਾ ਨਾਲ ਬੈਠਕ ਕਰ ਕੇ ਸਤਲੁਜ ਯਮੁਨਾ ਨਹਿਰ ਦੇ ਫ਼ੈਸਲੇ ਨੂੰ ਲਾਗੂ ਕਰੇ। ਅਦਾਲਤ ਨੇ ਆਪਣੇ ਆਦੇਸ਼ ਵਿਚ ਇਹ ਵੀ ਕਿਹਾ ਹੈ ਕਿ ਜੇਕਰ ਕੇਂਦਰ ਕਿਸੇ ਨਤੀਜੇ ਤੇ ਨਹੀਂ ਪਹੁੰਚਦਾ ਤਾਂ ਅਦਾਲਤ ਇਸ ਤੇ ਅੰਤਿਮ ਫ਼ੈਸਲਾ ਦੇਵੇਗੀ। ਜਿੱਥੇ ਦੇਸ਼ ਦਾ ਇੱਕੋ ਕਾਨੂੰਨ ਬਹੁ ਗਿਣਤੀ ਲਈ ਹੋਰ ਅਤੇ ਘੱਟ ਗਿਣਤੀਆਂ ਲਈ ਹੋਰ ਪਹੁੰਚ ਅਪਣਾਉਂਦਾ ਹੋਵੇ, ਓਥੇ ਇਨਸਾਫ਼ ਦੀ ਕੋਈ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਨਾਲ ਆਏ ਦਿਨ ਨਵਾਂ ਵਿਤਕਰਾ ਸਾਹਮਣੇ ਆ ਜਾਂਦਾ ਹੈ, ਪ੍ਰੰਤੂ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਬਿਨਾ ਸਿਆਸੀ ਬਿਆਨਬਾਜ਼ੀ ਤੋ ਹੋਰ ਕੋਈ ਵੀ ਪੁਖ਼ਤਾ ਕਾਰਵਾਈ ਅਮਲ ਵਿਚ ਲੈ ਕੇ ਆਉਣ ਤੋ ਪਤਾ ਨਹੀਂ ਕਿਉਂ ਡਰਦੇ ਰਹਿੰਦੇ ਹਨ।

ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਤਰਾਸਦੀ ਲਈ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਬਰਾਬਰ ਦੇ ਜ਼ੁੰਮੇਵਾਰ ਹਨ, ਜਿਹੜੇ ਆਪਣੇ ਨਿੱਜੀ ਮੁਫਾਦਾਂ ਖ਼ਾਤਰ ਕੇਂਦਰ ਦੇ ਹਰ ਮਾਰੂ ਫ਼ੈਸਲੇ ਨੂੰ ਵੀ ਅੱਖਾਂ ਬੰਦ ਕਰਕੇ ਮਨਜ਼ੂਰ ਕਰਦੇ ਆ ਰਹੇ ਹਨ। ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਕੈਪਟਨ ਤੋ ਬਹੁਤ ਆਸਾਂ ਸਨ, ਖ਼ਾਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤਾਂ ਲੋਕਾਂ ਤਾਂ ਮੰਨਣਾ ਸੀ ਕਿ ਕੈਪਟਨ ਕਦੇ ਵੀ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਨਹੀਂ ਜਣ ਦੇਣਗੇ, ਪ੍ਰੰਤੂ ਸਰਕਾਰ ਦਾ ਜੋ ਕੰਮ ਕਰਨ ਦੇ ਰੰਗ ਢੰਗ ਰਹੇ ਹਨ, ਉਸ ਤੋ ਜਾਪਦਾ ਹੈ ਕਿ ਪੰਜਾਬ ਦਾ ਕੋਈ ਵੀ ਵਾਲੀ ਨਹੀਂ ਹੈ। ਹੁਣ ਇੱਕ ਹੋਰ ਧੱਕਾ ਮੁਹਾਲੀ ਦੇ ਹਵਾਈ ਅੱਡੇ ਦਾ ਸਾਹਮਣੇ ਆਇਆ ਹੈ। ਮੋਹਾਲੀ ਦਾ ਹਵਾਈ ਅੱਡਾ ਪੰਜਾਬ ਦੀ ਤਿੰਨ ਸੌ ਏਕੜ ਜ਼ਮੀਨ ਤੇ ਬਣਨ ਦੇ ਬਾਵਜੂਦ ਵੀ ਪੰਜਾਬ ਤੋ ਖੋਹਣ ਦੀ ਤਿਆਰੀ ਲਗਭਗ ਮੁਕੰਮਲ ਹੀ ਸਮਝੀ ਜਾ ਸਕਦੀ ਹੈ।

bagel singh dhaliwal 190712 mohali air port
(ਮੋਹਾਲੀ ਦਾ ਹਵਾਈ ਅੱਡਾ)

ਇਹ ਖ਼ੁਲਾਸਾ ਦੇਸ਼ ਦੀ ਸੰਸਦ ਵਿਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸੀ ਸਾਂਸਦ ਮੁਨੀਸ਼ ਤਿਵਾੜੀ ਵੱਲੋਂ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਤੇ ਇਹ ਕਹਿੰਦਿਆਂ ਕੀਤਾ ਹੈ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾ ਸਕਦਾ ਹੈ, ਪਰ ਇਹਨੂੰ ਮੋਹਾਲੀ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਇਸ ਤੇ ਹਰਿਆਣੇ ਨੂੰ ਇਤਰਾਜ਼ ਹੈ, ਇਸ ਲਈ ਇਸ ਹਵਾਈ ਅੱਡੇ ਨੂੰ ਚੰਡੀਗੜ੍ਹ ਦਾ ਹਵਾਈ ਅੱਡਾ ਹੀ ਸਮਝਿਆ ਜਾਵੇ। ਪੰਜਾਬ ਨਾਲ ਇਹ ਸਰਾਸਰ ਕੀਤੇ ਜਾਣ ਵਾਲੇ ਧੱਕੇ ਲਈ ਮੋਹਰਾ ਫਿਰ ਇੱਕੋ ਇੱਕ ਸਿੱਖ ਮੰਤਰੀ ਨੂੰ ਬਣਾਇਆ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਮੰਤਰੀ ਚੋਣ ਸ੍ਰੀ ਅੰਮ੍ਰਿਤਸਰ ਤੋ ਲੜਦਾ ਹੈ ਤੇ ਭੁਗਤਦਾ ਹਰਿਆਣੇ ਦੇ ਪੱਖ ਵਿਚ ਹੈ। ਇਹਦੇ ਵਿਚ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਜਦੋਂ ਬਾਦਲ ਪਰਿਵਾਰ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਵੀ ਹੁਣ ਤੱਕ ਪੰਜਾਬ ਦੀ ਬਰਬਾਦੀ ਤੇ ਦਸਤਖ਼ਤ ਕਰਨ ਵਾਲਿਆਂ ਵਿਚੋਂ ਇੱਕ ਹੋ ਸਕਦਾ ਹੈ, ਫਿਰ ਇਹ ਰਾਸ਼ਟਰੀ ਸਿੱਖ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ।

ਦੂਜੀ ਗੱਲ ਇਹ ਹੈ ਕੀ ਫ਼ੈਸਲੇ ਤਾਂ ਕੇਂਦਰ ਦੇ ਸੋਚੇ ਸਮਝੇ ਹੀ ਹਨ, ਬੱਸ ਸਿੱਖ ਚਿਹਰੇ ਨੂੰ ਤਾਂ ਮੋਹਰੇ ਵਜੋਂ ਵਰਤਣ ਲਈ ਹੀ ਰੱਖਿਆ ਜਾਂਦਾ ਹੈ। ਇਸੇ ਸੰਸਦ ਵਿਚ ਬਾਦਲ ਪਰਿਵਾਰ ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਮੰਤਰੀ ਹੈ, ਪਰ ਉਨ੍ਹਾਂ ਦੀ ਕੀ ਮਜਾਲ ਹੈ ਕਿ ਉਹ ਪੰਜਾਬ ਦੇ ਹਿਤਾਂ ਖ਼ਾਤਰ ਜ਼ੁਬਾਨ ਚੋ ਇੱਕ ਸ਼ਬਦ ਵੀ ਕੱਢ ਸਕਣ। ਪੰਜਾਬ ਦੀ ਖ਼ੁਸ਼ਹਾਲੀ ਹਰ ਫ਼ਿਰਕੇ ਲਈ ਹੀ ਲਾਹੇਵੰਦ ਰਹਿਣੀ ਹੈ, ਕਿਉਂਕਿ ਜੇਕਰ ਪੰਜਾਬ ਆਰਥਿਕ ਤੌਰ ਤੇ ਮਜ਼ਬੂਤ ਹੋਵੇਗਾ, ਤਾਂ ਇੱਥੋਂ ਦਾ ਵਪਾਰੀ ਵਰਗ, ਜਿਹੜਾ ਬਹੁ ਗਿਣਤੀ ਵਿਚ ਪੰਜਾਬੀ ਹਿੰਦੂ ਭਾਈਚਾਰੇ ਚੋ ਹੈ, ਉਹ ਵੀ ਤਕੜੇ ਹੋਣਗੇ, ਉਨ੍ਹਾਂ ਦੇ ਕਾਰੋਬਾਰ ਤਰੱਕੀ ਫਿਰ ਹੀ ਕਰ ਸਕਦੇ ਹਨ, ਜਦੋਂ ਪੰਜਾਬ ਦੇ ਕਿਸਾਨ ਮਜ਼ਦੂਰ, ਭਾਵ ਹਰ ਵਰਗ ਖ਼ੁਸ਼ਹਾਲ ਹੋਵੇਗਾ, ਇਸ ਲਈ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਵੀ ਸਭਨਾਂ ਵਰਗਾਂ ਨੂੰ ਇੱਕਜੁੱਟਤਾ ਨਾਲ ਲਾਮਬੰਦ ਹੋਣਾ ਚਾਹੀਦਾ ਹੈ। ਜਿੰਨੀ ਦੇਰ ਪੰਜਾਬ ਦੇ ਲੋਕ ਪੰਜਾਬੀਅਤ ਦੀ ਰਾਖੀ ਲਈ ਇੱਕ ਮੰਚ ਤੇ ਨਹੀਂ ਆਉਂਦੇ ਅਤੇ ਰੋੜਾਂ ਵਾਂਗੂ ਖਿੱਲਰਿਆ ਸਿੱਖ ਪੰਥ ਇਕੱਠਾ ਨਹੀਂ ਹੁੰਦਾ ਓਨੀ ਦੇਰ ਅਜਿਹੇ ਵਰਤਾਰੇ ਲਗਾਤਾਰ ਵਾਪਰਦੇ ਰਹਿਣਗੇ। ਸੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸੁਹਿਰਦਤਾ ਨਾਲ ਸੋਚਣਾ ਹਰ ਪੰਜਾਬੀ ਦਾ ਪਹਿਲਾ ਫ਼ਰਜ਼ ਹੈ।