• ਕੌਮੀ ਹਿਤਾਂ ਲਈ ਸਿੱਖ ਬੁੱਧੀਜੀਵੀ ਵਰਗ ਜ਼ਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ

bagel singh dhaliwal 190729 ਸਮੇ ਦੀ ਮੰਗ gg

ਸਿੱਖਾਂ ਅੰਦਰ ਰਾਜ ਕਰਨ ਦੀ ਭਾਵਨਾ ਤਾਂ ਉਸ ਸਮੇਂ ਹੀ ਪੈਦਾ ਹੋ ਗਈ ਸੀ, ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬੈਠਾਂ ਕੇ, ਉੱਪਰੋਂ ਤੱਤੀ ਰੇਤ ਪਾ ਕੇ ਅਤੇ ਫਿਰ ਉਬਲਦੀ ਦੇਗ ਵਿਚ ਉਬਾਲ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਪੰਜਵੇਂ ਗੁਰੂ ਸਾਹਿਬ ਦੀ ਇਸ ਸ਼ਹੀਦੀ ਦੇ ਪ੍ਰਤੀਕਰਮ ਚੋ ਹੀ ਆਜ਼ਾਦઠ ਪ੍ਰਭੂਸੱਤਾ ਨੇ ਅੰਗੜਾਈ ਭਰੀ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸਮੇਂ ਦੀ ਹਕੂਮਤ ਦੇ ਬਰਾਬਰ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਵਜੋਂ ਕੀਤੀ ਗਈ। ਏਥੇ ਹੀ ਬੱਸ ਨਹੀਂ, ਸਗੋਂ ਸ਼ਸਤਰ, ਘੋੜੇ ਰਣਜੀਤ ਨਗਾਰਾ, ਬਾਜ ਅਤੇ ਸ਼ਿਕਾਰ ਖੇਡਣਾ ਜਿੱਥੇ ਗੁਰੂ ਸਾਹਿਬ ਵੱਲੋਂ ਦੁਨਿਆਵੀ ਬਾਦਸ਼ਾਹ ਨੂੰ ਆਪਣੀ ਆਜ਼ਾਦ ਪ੍ਰਭੂਸੱਤਾ ਦਾ ਸੁਨੇਹਾ ਸੀ, ਓਥੇ ਨਗਾਰੇ ਦੀ ਚੋਟ ਨਾਲ ਸਮੇਂ ਦੀ ਹਕੂਮਤ ਨੂੰ ਲਲਕਾਰਿਆ ਵੀ ਗਿਆ, ਕਿ ਕਿਤੇ ਕੋਈ ਹਾਕਮ ਇਹ ਭੁਲੇਖਾ ਨਾ ਪਾਲ ਬੈਠੇ ਕਿ ਸ਼ਾਇਦ ਇਹ ਗੁਰੂ ਸਾਹਿਬ ਦੇ ਸਿਰਫ਼ ਸ਼ੌਕ ਮਾਤਰ ਹੀ ਹੋ ਸਕਦੇ ਹਨ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿਧਾਂਤ ਤੇ ਹੋਰ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਖ਼ਾਲਸੇ ਦੀ ਸਾਜਣਾ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਪ੍ਰਵਾਨ ਚਾੜ੍ਹਿਆ।

ਦੁਨਿਆਵੀ ਹਕੂਮਤਾਂ ਦੀ ਗ਼ੁਲਾਮੀ ਤੋ ਦੂਰ, ਆਜ਼ਾਦ ਪ੍ਰਭੂਸੱਤਾ ਦੇ ਆਸ਼ੇ ਚੋ ਪੈਦਾ ਹੋਈ ਇਸ ਕੌਮ ਨੇ ਜਿੰਨੀ ਦੇਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ, ਓਨੀ ਦੇਰ ਸਫਲਤਾ ਖ਼ਾਲਸੇ ਦੇ ਪੈਰਾਂ ਵਿਚ ਦਾਸੀ ਬਣਕੇ ਬੈਠੀ ਰਹੀ ਹੈ, ਪ੍ਰੰਤੂ ਜਦੋਂ ਤੋਂ ਸਿੱਖਾਂ ਨੇ ਗੁਰੂ ਨਾਲੋਂ ਦੁਨਿਆਵੀ ਹਾਕਮਾਂ ਨੂੰ ਨੇੜੇ ਸਮਝਣਾ ਸ਼ੁਰੂ ਕਰ ਦਿੱਤਾ, ਉਸ ਵੇਲੇ ਤੋਂ ਹੀ ਸਿੱਖ ਕੌਮ ਨਿਘਾਰ ਵੱਲ ਜਾ ਰਹੀ ਹੈ। ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੇ ਆਜ਼ਾਦ ਹਸਤੀ ਵਜੋਂ ਆਪਣੇ ਆਪ ਦੀ ਪਛਾਣ ਖ਼ਤਮ ਕਰ ਲਈ। ਸਿੱਖ ਲੀਡਰਾਂ ਨੇ ਕੌਮ ਅਤੇ ਕੌਮੀ ਖ਼ਿੱਤੇ ਦੇ ਸਾਰੇ ਮੁੱਢਲੇ ਹੱਕ ਹਕੂਕ ਭਾਰਤੀ ਹਕੂਮਤ ਪਾਸ ਵੇਚ ਦਿੱਤੇ ਜਾਂ ਸਹਿਮਤੀ ਨਾਲ ਆਪਣੀ ਹੋਣੀ ਦੇ ਸਾਰੇ ਅਧਿਕਾਰ ਕੇਂਦਰ ਨੂੰ ਸੌਂਪ ਦਿੱਤੇ ਅਤੇ ਬਦਲੇ ਵਿਚ ਸੂਬੇ ਦੀ ਚੌਧਰ ਕਬੂਲ ਕਰ ਲਈ। ਸਿੱਖ ਕੌਮ ਦੀ ਨੁਮਾਇੰਦਗੀ ਦੇ ਨਾਮ ਤੇ ਸੂਬੇ ਦੀ ਰਾਜ-ਸੱਤਾ ਤੇ ਲੰਮਾ ਸਮਾ ਕਾਬਜ਼ ਰਹੇ ਸਿੱਖ ਆਗੂਆਂ ਨੇ ਕੇਂਦਰੀ ਤਾਕਤਾਂ ਨਾਲ ਅਜਿਹੀ ਗੂੜ੍ਹੀ ਸਾਂਝ ਪਾ ਲਈ, ਜਿਹੜੀ ਉਨ੍ਹਾਂ ਦੀ ਆਪਣੀ ਕੌਮ ਲਈ ਬੇਹੱਦ ਘਾਟੇਵੰਦ ਸਾਬਤ ਹੋਈ। ਨਤੀਜੇ ਵਜੋਂ ਘੱਟ ਗਿਣਤੀਆਂ ਦੀ ਕੱਟੜ ਦੁਸ਼ਮਣ ਜਮਾਤ ਆਰ ਐਸ ਐਸ ਸਿੱਖ ਆਗੂਆਂ ਦੀ ਬਦੌਲਤ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਘੁਸਪੈਠ ਕਰਨ ਵਿਚ ਸਫਲ ਹੋ ਗਈ। ਇਹੋ ਕਾਰਨ ਹੈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ ਬ੍ਰਾਹਮਣੀ ਕਰਨ ਹੋ ਚੁੱਕਾ ਹੈ, ਹਰ ਪਾਸੇ ਜਾਤ ਪਾਤ, ਪਾਖੰਡਵਾਦ, ਕਰਮਕਾਂਡ ਅਤੇ ਵਿਪਰਵਾਦ ਦਾ ਬੋਲਬਾਲਾ ਹੈ।

ਹਰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕੋਲ ਮੰਦਰ ਸਥਾਪਿਤ ਹੋ ਚੁੱਕੇ ਹਨ। ਇਤਿਹਾਸਿਕ ਗੁਰਦੁਆਰਿਆਂ ਵਿਚੋਂ ਬਾਬੇ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਬ੍ਰਾਹਮਣਵਾਦ ਦੀ ਪਾਣ ਦਿੱਤੀ ਜਾ ਰਹੀ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵੇਲੇ ਅੱਜ ਵੀ ਜਨਮ ਅਸਥਾਨ ਅਨੰਦਪੁਰ ਸਾਹਿਬ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਕਹਿਣ ਵਾਲਾ ਖਾਲਸਾ ਮਜ਼੍ਹਬੀ ਸਿੱਖ, ਜੱਟ ਸਿੱਖ, ਰਾਮਦਾਸੀਆ ਸਿੱਖ, ਨਾਈ ਸਿੱਖ, ਮਹਿਰਾ ਸਿੱਖ, ਛੀਂਬਾ ਸਿੱਖ ਆਦਿ ਪਤਾ ਨਹੀਂ ਕਿੰਨੀਆਂ ਕੁ ਜਾਤਾਂ, ਕੁਜਾਤਾਂ ਵਿਚ ਉਲਝ ਕੇ ਸਿਰਫ਼ ਨਾਮ ਦਾ ਹੀ ਸਿੱਖ ਰਹਿ ਗਿਆ ਹੈ। ਓਧਰ ਦੂਜੇ ਪਾਸੇ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਨੂੰ ਜਾਤਾਂ ਪਾਤਾਂ ਵਿਚ ਉਲਝਾ ਕੇ ਅਤੇ ਧੜੇਬੰਦੀਆਂ ਵਿਚ ਵੰਡ ਕੇ ਪਹਿਲਾਂ ਤਾਕਤ ਪੱਖੋਂ ਕਮਜ਼ੋਰ ਕੀਤਾ ਗਿਆ ਹੈ, ਫਿਰ ਸਿਧਾਂਤਾਂ ਤੇ ਹਮਲੇ ਸ਼ੁਰੂ ਕੀਤੇ। ੧ਓ ਦਾ ਧਾਰਨੀ ਸਿੱਖ ਅੱਜ ਪਤਾ ਨਹੀਂ ਕਿੱਥੇ ਕਿੱਥੇ ਨੱਕ ਰਗੜਦਾ ਫਿਰਦਾ ਹੈ।

ਪੰਜਾਬ ਅੰਦਰ ਡੇਰਾਵਾਦ ਦਾ ਬੋਲਬਾਲਾ ਵੀ ਸਿੱਖੀ ਸਿਧਾਂਤਾਂ ਦੇ ਘਾਣ ਦੀ ਇੱਕ ਕੜੀ ਹੈ, ਜਿਸ ਨੂੰ ਸਮਝਣ ਦੀ ਬਜਾਏ ਸਿੱਖ ਖ਼ੁਦ ਹੀ ਗੁਰੂ ਨਾਲੋਂ ਟੁੱਟ ਕੇ ਡੇਰਿਆਂ ਦੇ ਪ੍ਰੇਮੀ, ਰਾਧਾ ਸੁਆਮੀ, ਗਰੀਬਦਾਸੀਏ ਅਤੇ ਹੋਰ ਪਤਾ ਨਹੀਂ ਕੀ ਕੀ ਤਖ਼ੱਲਸ ਲਵਾ ਕੇ ਡੇਰਾਵਾਦ ਦੀ ਕਾਇਮੀ ਅਤੇ ਕਾਮਯਾਬੀ ਲਈ ਸਰਗਰਮ ਹੋ ਗਏ। ਇਸ ਸਾਰੇ ਵਰਤਾਰੇ ਤੋ ਬਾਅਦ ਬੜੀ ਚਲਾਕੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ, ਜਿਸ ਵਿਚ ਜਿੱਥੇ ਸੂਬੇ ਦੀ ਤਤਕਾਲੀ ਅਕਾਲੀ ਦਲ ਦੀ ਸਰਕਾਰ ਬੇਅਦਬੀਆਂ ਵਿਚ ਦੋਸ਼ੀਆਂ ਨਾਲ ਰਲ਼ੀ ਹੋਣ ਦੀ ਦੋਸ਼ੀ ਬਣੀ, ਓਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਦੇਖਣ ਪਿੱਛੇ ਦਾ ਵੀ ਇਹ ਹੀ ਕਾਰਨ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਸਿੱਖਾਂ ਦੇ ਹੱਥਾਂ ਚੋ ਬਹੁਤ ਦੇਰ ਪਹਿਲਾਂ ਦੀ ਨਿਕਲ ਕੇ ਸਿੱਖ ਵਿਰੋਧੀਆਂ ਦੇ ਹੱਥਾਂ ਵਿਚ ਜਾ ਚੁੱਕੀ ਹੈ, ਜਿਸ ਨੂੰ ਨਾਗਪੁਰ ਦਾ ਇਸ਼ਾਰਾ ਗੁਰੂ ਦੇ ਇਲਾਹੀ ਹੁਕਮ ਤੋ ਸ੍ਰੇਸ਼ਟ ਅਤੇ ਨੇੜੇ ਜਾਪਦਾ ਹੈ। ਭਾਰਤੀ ਹਕੂਮਤ ਨੇ ਸਿੱਖਾਂ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਰਿਹਾਅ ਹੀ ਨਹੀਂ ਕਰਵਾਇਆ ਬਲਕਿ ਸੀ ਬੀ ਆਈ ਵੱਲੋਂ ਅਦਾਲਤ ਵਿਚ ਇਸ ਕੇਸ ਨੂੰ ਬੰਦ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ ਹੈ, ਜਿਸ ਦੇ ਖ਼ਿਲਾਫ਼ ਨਾ ਹੀ ਸਿੱਖਾਂ ਦੀ ਮੁੱਖ ਨੁਮਾਇੰਦਾ ਪਾਰਟੀ ਕਹੀ ਜਾਣ ਵਾਲੀ ਅਕਾਲੀ ਦਲ ਦੇ ਆਗੂਆਂ ਨੇ ਜ਼ੁਬਾਨ ਖੋਲੀ ਹੈ ਅਤੇ ਨਾ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਪੁਖ਼ਤਾ ਪ੍ਰਤੀਕਰਮ ਦਿੱਤਾ ਹੈ, ਅਜਿਹੇ ਸਮੇਂ ਇਨਸਾਫ਼ ਲੈਣ ਲਈ ਉਹ ਰਵਾਇਤੀ ਪੰਥਕ ਧਿਰਾਂ ਵੀ ਅੱਗੇ ਨਹੀਂ ਆਈਆਂ, ਜਿਨ੍ਹਾਂ ਨੇ ਬੇਅਦਬੀ ਦਾ ਇਨਸਾਫ਼ ਲੈਣ ਲਈ ਮੋਰਚੇ ਵੀ ਲਾਏ ਸਨ, ਪ੍ਰੰਤੂ ਨਿਰੋਲ ਸਿੱਖ ਜਥੇਬੰਦੀਆਂ, ਪੰਥ ਦਰਦੀ ਅਤੇ ਸਿੱਖ ਜੁਆਨੀ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਦੁਬਾਰਾ ਫਿਰ ਸੜਕਾਂ ਤੇ ਜ਼ਰੂਰ ਆ ਗਈ।

ਪਿਛਲੇ ਦਿਨੀਂ ਸੀ ਬੀ ਆਈ ਦੇ ਸਿੱਖ ਵਿਰੋਧੀ ਫ਼ੈਸਲੇ ਦੇ ਖ਼ਿਲਾਫ਼ ਰੋਸ ਪਰਗਟ ਕਰਨ ਲਈ ਚੰਡੀਗੜ੍ਹ ਪਹੁੰਚੇ ਪੰਥ ਦਰਦੀ, ਸਿੱਖ ਸੰਸਥਾਵਾਂ ਦੇ ਆਗੂ ਵਰਕਰ ਅਤੇ ਸਿੱਖ ਨੌਜਵਾਨਾਂ ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਸੁੱਟ ਕੇ ਜਿੱਥੇ ਦਸਤਾਰਾਂ ਪੈਰਾਂ ਵਿਚ ਰੋਲੀਆਂ ਗਈਆਂ ਓਥੇ ਸ਼ਾਂਤਮਈ ਸਿੱਖਾਂ ਨੂੰ ਬੁਛਾੜਾਂ ਨਾਲ ਜ਼ਖਮੀ ਕਰਕੇ ਉਨ੍ਹਾਂ ਦੀ ਅਣਖ ਨੂੰ ਜਾਣਬੁੱਝ ਕੇ ਹਲੂਣਿਆ ਗਿਆ, ਤਾਂ ਕਿ ਸਿੱਖ ਉਲਟਾ ਪ੍ਰਤੀਕਰਮ ਕਰਨ ਤਾਂ ਕਿ ਸਿੱਖਾਂ ਨੂੰ ਮੁੜ ਤੋ 1984 ਦੀ ਯਾਦ ਤਾਜ਼ਾ ਕਰਵਾ ਕੇ ਨਸਲਕੁਸ਼ੀ ਕੀਤੀ ਜਾ ਸਕੇ। ਹੁਣ ਉਪਰੋਕਤ ਵਰਤਾਰੇ ਦੇ ਮੱਦੇਨਜ਼ਰ ਇਹ ਸਮਝਣ ਦੀ ਜ਼ਰੂਰਤ ਹੈ, ਕਿ ਸਿੱਖਾਂ ਨੂੰ ਆਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ਼ ਸੀ ਬੀ ਆਈ ਦੇ ਦਫ਼ਤਰ ਦਾ ਘਿਰਾਓ ਕਰਕੇ ਮਿਲਣਾ ਮੁਸ਼ਕਲ ਹੈ, ਸੋ ਇਸ ਸਿੱਖ ਵਿਰੋਧੀ ਵਰਤਾਰੇ ਦੀ ਜੜ ਨੂੰ ਫੜਨ ਦੀ ਜ਼ਰੂਰਤ ਹੈ, ਉਹ ਜੜ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਪ੍ਰਬੰਧ ਸਹੀ ਹੱਥਾਂ ਵਿਚ ਆ ਜਾਣ ਨਾਲ ਇਸ ਸਾਰੇ ਵਰਤਾਰੇ ਨੂੰ ਸੌਖਿਆਂ ਹੀ ਠੱਲ੍ਹ ਪਾਈ ਜਾ ਸਕਦੀ ਹੈ। ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਚੇ ਸੁੱਚੇ ਗੁਰਸਿੱਖ ਬੈਠੇ ਹੋਣਗੇ, ਫਿਰ ਹੀ ਆਜ਼ਾਦ ਪ੍ਰਭੂਸੱਤਾ ਬਾਰੇ ਸੋਚਿਆ ਜਾ ਸਕਦਾ ਹੈ। ਜਿੰਨੇ ਸਿੱਖ ਬੁੱਧੀਜੀਵੀ ਹਨ, ਜਿੰਨੇ ਪੰਥਕ ਵਿਦਵਾਨ ਅਤੇ ਸੰਤ ਸਮਾਜ ਦੇ ਉਹ ਲੋਕ ਜਿਹੜੇ ਸੱਚਮੁੱਚ ਕੌਮੀ ਦਰਦ ਰੱਖਦੇ ਹਨ, ਉਨ੍ਹਾਂ ਸਭਨਾਂ ਨੂੰ ਕੌਮੀ ਲਾਮਬੰਦੀ ਲਈ ਇੱਕ ਸਾਂਝਾ ਪ੍ਰੋਗਰਾਮ ਉਲੀਕਣਾ ਪਵੇਗਾ।

ਰਾਜਨੀਤਕ ਸਿੱਖ ਜਥੇਬੰਦੀਆਂ ਦੇ ਆਗੂ ਕਦੇ ਵੀ ਆਪਣੀ ਹਉਮੈਂ ਨਹੀਂ ਛੱਡਣਗੇ, । ਜੇਕਰ ਸਿੱਖ ਇਸ ਲਾਮਬੰਦੀ ਤੋ ਇਹ ਕਹਿ ਕੇ ਪੱਲਾ ਝਾੜਦੇ ਰਹਿਣਗੇ, ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਕੋਈ ਪਤਾ ਨਹੀਂ ਕਿ ਕਦੋਂ ਹੋਣੀਆਂ ਹਨ, ਫਿਰ ਕਾਮਯਾਬੀ ਮਿਲਣੀ ਮੁਸ਼ਕਲ ਹੈ। ਸਾਡੀ ਤਿਆਰੀ ਪਹਿਲਾਂ ਹੀ ਹੋਣੀ ਚਾਹੀਦੀ ਹੈ, ਕਿਉਂਕਿ ਖੱਖੜੀਆਂ ਕਰੇਲੇ ਹੋਈ ਕੌਮ ਨੂੰ ਮੌਕੇ ਤੇ ਇਕੱਠੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਜਦੋਂ ਕਿ ਦੂਜੇ ਪਾਸੇ ਦੁਸ਼ਮਣ ਸਮੁੱਚੀਆਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਲਈ ਇੱਕ-ਮੱਤ ਅਤੇ ਬੇਹੱਦ ਤਾਕਤਵਰ ਹੈ, ਇਸ ਲਈ ਸਮਾ ਮੰਗ ਕਰਦਾ ਹੈ ਕਿ ਕੌਮੀ ਵਿਦਵਾਨ ਆਪਣੇ ਫ਼ਰਜ਼ਾਂ ਤੇ ਪਹਿਰਾ ਦਿੰਦੇ ਹੋਏ ਆਪਣੀ ਕਲਮ, ਤੇ ਬੁੱਧੀਮਾਨਤਾ ਨੂੰ ਕੌਮ ਦੇ ਸੁਨਹਿਰੀ ਭਵਿੱਖ ਲਈ ਇਸਤੇਮਾਲ ਕਰਨ, ਤਾਂ ਕਿ ਸਿੱਖੀ ਸਿਧਾਂਤਾਂ ਦੀ ਰਾਖੀ, ਗੁਰਦੁਆਰਾ ਪ੍ਰਬੰਧ ਨੂੰ ਸਿੱਖ ਦੁਸ਼ਮਣ ਤਾਕਤਾਂ ਤੋ ਮੁਕਤ ਕਰਵਾਉਣ ਅਤੇ ਪੰਜਾਬ, ਪੰਜਾਬੀਅਤ ਤੇ ਪੰਥ ਦੀ ਆਜ਼ਾਦ ਹਸਤੀ ਬਰਕਰਾਰ ਰੱਖਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਸ਼ੇ ਅਨੁਸਾਰ ਆਜ਼ਾਦ ਪ੍ਰਭੂਸੱਤਾ ਦੀ ਪ੍ਰਾਪਤੀ ਲਈઠ ਖਿੰਡੀ ਪੁੰਡੀ ਸਿੱਖ ਸ਼ਕਤੀ ਦਾ ਇੱਕ ਲੜੀ ਵਿਚ ਪਰੋ ਕੇ ਕੌਮੀ ਕਾਰਜ ਲਈ ਸਦਉਪਯੋਗ ਕੀਤਾ ਜਾ ਸਕੇ। ਇਹ ਸੱਚ ਹੈ ਕਿ ਮੌਜੂਦਾ ਸੰਕਟ ਦੇ ਦੌਰ ਅੰਦਰ ਕੌਮੀ ਹਿਤਾਂ ਲਈ ਬੁੱਧੀਜੀਵੀ ਵਰਗ ਹੀ ਜ਼ਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ।