(ਲਿਖੇ ਜਾ ਰਹੇ ਲੰਬੇ ਰੇਖਾ-ਚਿਤਰ ਵਿਚੋਂ)

Ninder Ghugianvi 190711 jarnail-singh-sekha-new

ਸੇਖੇ ਨੂੰ ਮੈਂ ‘ਤਾਇਆ’ ਆਖ ਕੇ ਬੁਲਾਉਂਦਾ ਹਾਂ ਪਹਿਲੇ ਦਿਨ ਤੋਂ ਹੀ। ਇਸ ਨਿਬੰਧ ਵਿਚ ਵੀ ਮੈਂ ‘ਤਾਇਆ’ ਹੀ ਆਖਾਂਗਾ। ਟੋਰਾਂਟੋ ਵਾਲੇ ਬਲਜਿੰਦਰ ਤੇ ਸਰ੍ਹੀ ਵਾਲੇ ਹਰਪ੍ਰੀਤ ਸੇਖੇ ਨੇ ਕੋਈ ਠੇਕਾ ਨਹੀਂ ਲੈ ਰੱਖਿਆ ਕਿ ਜਰਨੈਲ ਸਿੰਘ ‘ਸੇਖਾ’ ਸਿਰਫ ਉਨ੍ਹਾਂ ਦਾ ਹੀ ‘ਤਾਇਆ’ ਹੈ, ਉਹ ਮੇਰਾ ਤੇ ਗੁਰਮੀਤ ਕੜਿਆਲਵੀ ਦਾ ਵੀ ਤਾਇਆ ਹੈ। ਤਾਏ ਸੇਖੇ ਦੀ ਸੰਗਤ ਸੁਖ ਦੇਣ ਵਾਲੀ ਹੁੰਦੀ ਹੈ। ਸ਼ਾਂਤ, ਸਹਿਜ, ਸਿਆਣੀ ਤੇ ਸੁਹਣੀ ਜਿਹੀ ਸੰਗਤ! ਉਹਦਾ ਘੱਟ ਬੋਲਣਾ ਤੇ ਵੱਧ ਸੁਣਨਾ, ਚੰਗਾ-ਚੰਗਾ ਲਗਦੈ। ਮਿੰਨ੍ਹਾਂ-ਮਿੰਨ੍ਹਾ ਮੁਸਕਰਾਉਣਾ ਤੇ ਤੇਜ਼-ਤੇਜ਼ ਤੁਰਨਾ ਵੀ। ਉਹ ਲੰਮੀਆਂ ਲਾਂਘਾਂ ਭਰ-ਭਰ ਤੁਰਦੈ। ਸਰ੍ਹੀ ਦੀਆਂ ਕਿੰਨੀਆਂ ਹੀ ਗਲੀਆਂ ਵਿਚ ਉਹਦੇ ਨਾਲ-ਨਾਲ ਤੁਰਿਆ ਹਾਂ ਲੰਬੀ ਵਾਟ ਤੀਕਰ। ਉਹ ਹਫਦਾ ਨਹੀਂ ਤੇ ਨਾ ਹੀ ਡਾਹੀ ਦਿੰਦੈ। (ਹੁਣ ਪਿਛਲੇ ਕੁੱਝ ਸਮੇਂ ਤੋਂ ਤੁਰਨ ਸਪੀਡ ਘੱਟ ਕੀਤੀ ਹੋਣੀ, ਡਾਕਟਰਾਂ ਦੀ ਸਲਾਹ ‘ਤੇ)।

ਮੈਂ ਜਦ ਵੀ ਬ੍ਰਿਟਿਸ਼ ਕੋਲੰਬੀਆ ਗਿਆ ਹਾਂ 2001 ਤੋਂ 2014 ਤੱਕ, ਤਾਂ ਤਾਏ ਸੇਖੇ ਦੇ ਘਰ ਟਿਕਾਣਾ ਹੁੰਦੈ, ਉਹ ਹਰ ਥਾਂ ਮੇਰੇ ਨਾਲ ਜਾਂਦੈ, ਜਿਵੇਂ ਘਰ ਦੇ ਕਿਸੇ ਨਿੱਕੇ ਨਿਆਣੇ ਨਾਲ ਜਾਈਦੈ ਹੁੰਦੈ ਸੁਰੱਖਿਆ ਤੇ ਸੰਭਾਲ ਵਜੋਂ। ਉਹਨੇ ਘਰੋਂ ਕਿਤੇ ਨਾ ਵੀ ਜਾਣਾ ਹੋਵੇ, ਤਦ ਵੀ ਬਣ-ਠਣ ਕੇ ਰਹਿੰਦਾ ਹੈ, ਟੌਹਰ ਨਾਲ ਪੱਗ ਬੰਨ੍ਹ ਕੇ ਤੇ ਬੂਟ ਲਿਸ਼ਕਾ ਕੇ। ਉਹਦਾ ਨਿੱਕਾ ਜਿਹਾ ਪੋਤਾ ਪਿੰਦਰ ਸੱਤ ਅੱਠ ਸਾਲ ਦਾ, (ਨਵਰੀਤ ਸੇਖਾ ਦਾ ਮੁੰਡਾ) ਮੇਰਾ ਬੇਲੀ ਬਣ ਗਿਆ, ਤੇ ਮੇਰੀ ਤੂੰਬੀ ਨਾਲ ਖੜਮਸਤੀਆਂ ਕਰਨ ਲੱਗ ਪਿਆ। ਹੌਲੀ-ਹੌਲੀ ਪਿੰਦਰ ਨੇ ਤੂੰਬੀ ਉਤੇ ਆਪਣੇ ਨਿੱਕੇ ਨਿੱਕੇ ਪੋਟੇ ਸਿੱਧੇ ਕਰ ਲਏ। ਵਧੀਆ ਤੂੰਬੀ ਵਜਾਈ ਤੇ ਕਈ ਇਨਾਮ ਵੀ ਹਾਸਲ ਕੀਤੇ। ਤਾਇਆ ਖ਼ੁਸ਼ ਸੀ। ਦੱਸਦਾ ਸੀ ਕਿ ਤੈਂ ਪਿੰਦਰ ਨੂੰ ਜਾਗ ਲਾਈ ਤੇ ਗੋਰੇ ਵੀ ਖ਼ੁਸ਼ ਹੋਗੇ ਉਹਦੀ ਤੂੰਬੀ ਤੋਂ।

ਉਹ ਆਪਣੀਆਂ ਲਿਖਤਾਂ ਆਪੇ ਟਾਈਪ ਕਰਦੈ ਲੰਬੇ ਸਮੇਂ ਤੋਂ। ਕਿਸੇ ਉਤੇ ਨਿਰਭਰ ਨਹੀਂ ਕਰਦਾ। ਇੱਕ ਵਾਰ ਉਹਦਾ ਕਹਾਣੀ-ਨੁਮਾ ਮਜ਼ਮੂਨ ਪੜ੍ਹਿਆ ਉਸਤਾਦ ਲਾਲ ਚੰਦ ਯਮਲੇ ਜੱਟ ਬਾਬਤ, ‘ਤ੍ਰਿਸ਼ੰਕੂ’ ਵਿਚ ਛਪਿਆ ਸੀ। ਫ਼ੋਨ ਕੀਤਾ ਕਿ ਤਾਇਆ ਏਸ ਲਿਖਤ ਨੂੰ ਯਮਲਾ ਜੀ ਬਾਰੇ ਛਪ ਰਹੀ ਆਪਣੀ ਕਿਤਾਬ ਵਿਚ ਵਰਤ ਲਵਾਂ? ਤਾਂ ਉਹ ਹੱਸਿਆ, ”ਭਤੀਜ, ਇਹ ਵੀ ਕੋਈ ਪੁੱਛਣ ਵਾਲੀ ਗੱਲ ਐ?”

ਤਾਏ ਸੇਖੇ ਦੀ ਸ਼ਖ਼ਸੀਅਤ ਵਾਂਗ ਉਹਦੀ ਲਿਖਤ ਵੀ ਸਹਿਜ ਭਰੀ ਹੁੰਦੀ ਹੈ। ਸੰਜਮ ਭਰਪੂਰ। ਕਿਤੇ ਵੀ ਛਪੀ ਉਹਦੀ ਲਿਖਤ ਦਾ ਕੋਈ ਹਿੱਸਾ ਨਜ਼ਰ ਪੈ ਜਾਏ, ਮੈਂ ਛੱਡਦਾ ਨਹੀਂ। ਪਹਿਲੀ ਵਾਰ ਉਹਦਾ ਨਾਵਲ ‘ਭਗੌੜਾ’ ਪੜ੍ਹਿਆ ਸੀ ਤਾਂ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਡਾ ਦਰਸ਼ਨ ਸਿੰਘ ਨੂੰ ਟੋਰਾਂਟੋ ਲੜੀਵਾਰ ਛਪਣ ਲਈ ਰਿਕਮੈਂਡ ਕੀਤਾ ਸੀ, ਜਦ ਉਹ ਛਪਿਆ ਤਾਂ ‘ਸੇਖਾ ਸੇਖਾ’ ਹੋ ਗਈ। ਦਿਨ ਵਿਚ ਪਾਠਕਾਂ ਦੇ ਫ਼ੋਨ ‘ਤੇ ਫ਼ੋਨ ਆਈ ਜਾਣ। ਤਾਇਆ ਪ੍ਰਸੰਨ ਸੀ ਪਾਠਕਾਂ ਪਾਸੋਂ ਮਿਲ ਦਾਦ ਤੋਂ। ਦਰਸ਼ਨ ਸਿੰਘ ਨੇ ਪੰਜ ਸੌ ਡਾਲਰ ਦਾ ਸਨਮਾਨ ਉਸਨੂੰ ਭੇਜਿਆ। ‘ਦੁਨੀਆ ਕੈਸੀ ਹੋਈ’ ਉਸਦੀ ਕਿਤਾਬ ਪੜ੍ਹ ਕੇ ਸੋਚਦਾ ਰਿਹਾ ਸਾਂ ਪਰਵਾਸੀ ਪੰਜਾਬੀਆਂ ਦਾ ਜੀਵਨ ਬਾਰੇ ਤੇ ਬੀਸੀ ਵਿਚ ਬੇਰੀ ਤੋੜਨ ਵਾਲੇ ਬਜ਼ੁਰਗਾਂ ਬਾਰੇ। ਉਦਾਸ ਵੀ ਹੋਇਆ ਸਾਂ। ਤਾਏ ਸੇਖੇ ਨੇ ਇਸ ਲਿਖਤ ਵਿਚ ਲਿਖਣ ਕਲਾ ਦੀ ਸਿਖਰ ਛੂਹਣ ਦਾ ਕਾਰਜ ਕੀਤਾ ਸੀ। ਉਸਦੀ ਸਵੈ-ਜੀਵਨੀ ‘ਸਿਮਰਤੀਆਂ ਦੀ ਲਾਲਟੈਨ’ ਪੜ੍ਹ ਕੇ ਆਪਣੇ ਪੇਂਡੂ ਬਚਪਨ ਦੇ ਝਲਕਾਰੇ ਵੀ ਪਏ ਤੇ ਤਾਏ ਸੇਖੇ ਦੇ ਸਾਦ-ਮੁਰਾਦੇ, ਔਖੇ-ਸੌਖੇ ਪੇਂਡੂ ਮਲਵਈ ਜੀਵਨ ਬਾਰੇ ਪੜ੍ਹਦਿਆਂ ਮੈਂ ਉਹਦੇ ਹੋਰ ਵੀ ਕਲੋਜ਼ ਹੋ ਗਿਆ ਸਾਂ।

ਤਾਇਆ ਸੇਖਾ ਸਾਊ ਸਾਹਿੱਤਕਾਰ ਹੈ।ਢਕਵੰਜੀ ਨਹੀਂ। ਮੁਖੌਟੀਆ ਨਹੀਂ। ਤਿਕੜਮੀਂ ਨਹੀਂ। ਜੁਗਾੜੀ ਨਹੀਂ। ਹਿਰਖੀ ਨਹੀਂ। ਹਮਦਰਦ ਹੈ। ਈਰਖਾਲੂ ਨਹੀਂ। ਦਿਆਲੂ ਹੈ। ਦਾਨਿਸ਼ਵਰ ਹੈ। ਦਿਲ ਦਰਿਆ ਹੈ। ਮਹਿਫ਼ਲ ਵਿਚ ਬੈਠਾ ਕਿਸੇ ਨੂੰ ਚੁੱਭਦਾ ਨਹੀਂ ਸਗੋਂ ਸੋਭਦਾ ਹੈ। ਲੋੜ ਪਵੇ ਤਾਂ ਟਿੱਪਣੀ ਕਰਦਾ ਹੈ, ਟਿੱਪਣੀ ਕਰਨ ਵਾਸਤੇ ਹੀ ਨਹੀਂ ਟਿੱਪਣੀ ਨਹੀਂ ਕਰਦਾ। ਸੁਣਦਾ ਹੈ ਸਲੀਕੇ ਨਾਲ। ਹੱਸਦਾ ਹੈ ਲੋੜ ਜੋਕਰਾ। ਕਿਸੇ ਦੀ ਖਿੱਲੀ ਉਡਾਣਾ ਉਹਦੇ ਸੁਭਾਅ ਵਿਚ ਸ਼ਾਮਿਲ ਨਹੀਂ। ਉਸਨੂੰ ਮਿਲ ਕੇ ਲਗਦਾ ਹੈ ਕਿ ਸਹਿਜ ਸਹਿਜ ਹੋ ਗਿਆ ਹਾਂ।

ਆਥਣ ਮੁੱਕੀ ਤੇ ਰਾਤ ਬੋਲੀ, ”ਮੈਂ ਆਈ…।” ”ਆ ਜਾ ਭਤੀਜ, ਘੁਟ-ਘੁਟ ਰੈੱਡ ਵਾਈਨ ਪੀਈਏ ਤੇ ਗੱਲਾਂ ਕਰੀਏ।” ਉਹਦੇ ਕਮਰੇ ਦੀਆਂ ਕਿਤਾਬਾਂ ਮੁਸਕਾਉਣ ਲੱਗੀਆਂ। ਸਾਰੀ ਸਰੀ੍ਹ ਰਾਤ ਵੱਲ ਸਰਕਣ ਲੱਗੀ ਹੈ। ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਪਰਦੇਸ ਵਿਚ ਹਾਂ, ਲੱਗ ਰਿਹਾ ਹੈ ਕਿ ਮੈਂ ਆਪਣੇ ਕੈਨੇਡਾ ਵਾਲੇ ਘਰ ਵਿਚ ਹਾਂ। ਤਾਏ ਦੀ ਹਸਤੀ ਦਾ ਪਰਛਾਵਾਂ ਅੰਗ-ਸੰਗ ਹੈ। ਮੇਰਾ ਮਨ ਟਿਕਾਓ ਵਿਚ ਹੈ। ਥੋੜ੍ਹੇ ਦਿਨਾਂ ਨੂੰ ਟੋਰਾਂਟੋ ਚਲੇ ਜਾਣਾ ਹੈ ਪਰ ਤਾਏ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ। ਮੇਰੇ ਮੇਜ਼ਬਾਨ ਨਾਰਾਜ਼ ਨੇ ਕਿ ਤਾਏ ਘਰ ਡੇਰਾ ਲਈ ਬੈਠਾ, ਮਿਲਦਾ ਨਹੀਂ ਸਾਨੂੰ। ਤਾਏ ਕੋਲ ਬੈਠਾ ਹਾਂ ਡਾਇਰੀ ਦਾ ਪੰਨਾ ਲਿਖ ਰਿਹਾਂ, ਮੁਸਕਰਾ ਰਿਹਾ ਤਾਇਆ ਤੇ ਦੇਖ ਰਿਹਾ ਭਤੀਜ ਦੀ ਕਲਮ ਕਾਗ਼ਜ਼ ਦੀ ਹਿੱਕ ਉਤੇ ਮੇਲ੍ਹਦੀ ਪਈ ਹੈ।
”ਚੱਲ ਤਾਇਆ ਰੋਟੀ ਖਾਈਏ…।” ਅਸੀਂ ਪੌੜੀਆਂ ਚੜ੍ਹਨ ਲਗਦੇ ਹਾਂ। ”ਤਾਇਆ, ਤੂੰ ਸਦਾ ਖ਼ੁਸ਼ ਰਹਵੇਂ ਤੇ ਮੌਜਾਂ ਮਾਣੇਂ।” ਭਤੀਜ ਦੇ ਮੂੰਹੋਂ ਤਾਏ ਵਾਸਤੇ ਅਸੀਸ ਨਿਕਲੀ ਹੈ।