IMG_6924

ਨਿਊਯਾਰਕ/ਮੋਹਾਲੀ, 14 ਜੁਲਾਈ —ਪੰਜਾਬ ਸਰਕਾਰ ਨੇ ਕੁਰਾਲੀ ਵਿਧਾਨ ਸਭਾ ਹਲਕੇ ਚ ਕੁਰਾਲੀ ਨੇੜੇ ਸਥਿਤ ਚਨਾਲਾਂ ਇੰਡਸਟਰੀਅਲ ਫੋਕਲ ਪੁਆਇੰਟ ਚ ਡ੍ਰੇਨੇਜ ਤੇ ਸੜਕਾਂ ਦੀ ਰਿਪੇਅਰ ਵਾਸਤੇ 10 ਕਰੋੜ ਰੁਪਏ ਆਫਰ ਕੀਤੇ ਹਨ।
ਇਸ ਬਾਰੇ ਖੁਲਾਸਾ ਕਰਦਿਆਂ, ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਕਿ ਸ਼ਨੀਵਾਰ ਨੂੰ ਉਹ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਕੰਗ ਨਾਲ ਇੱਕ ਵਫ਼ਦ ਦੀ ਅਗਵਾਈ ਕਰਦਿਆਂ ਵਧੀਕ ਮੁੱਖ ਸਕੱਤਰ ਇੰਡਸਟਰੀ ਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਨੀ ਮਹਾਜਨ ਨੂੰ ਮਿਲੇ।
ਤਿਵਾੜੀ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ ਦੇ ਧਿਆਨ ਚ ਚਨਾਲਾਂ ਇੰਡਸਟਰੀਅਲ ਫੋਕਲ ਪੁਆਇੰਟ ਦੀ ਮਾੜੀ ਹਾਲਤ ਨੂੰ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਵਿੱਚ ਸੜਕਾਂ ਤੇ ਡਰੇਨੇਜ਼ ਦੀ ਬੜੀ ਬੁਰੀ ਹਾਲਤ ਚ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਵਧੀਕ ਮੁੱਖ ਸਕੱਤਰ ਨੇ ਬਦਹਾਲ ਡ੍ਰੇਨੇਜ ਤੇ ਸੜਕਾਂ ਦੀ ਰਿਪੇਅਰ ਵਾਸਤੇ 10 ਕਰੋੜ ਰੁਪਏ ਜਾਰੀ ਕਰਨ ਦਾ ਆਫਰ ਦਿੱਤਾ ਹੈ।
ਇਸ ਗੱਲ ਤੇ ਵੀ ਸਹਿਮਤੀ ਬਣੀ ਕਿ ਇੰਡਸਟਰੀਅਲ ਐਸੋਸੀਏਸ਼ਨ ਨੂੰ ਦਫ਼ਤਰ ਦੇ ਨਿਰਮਾਣ ਵਾਸਤੇ ਰਾਖਵੇਂ ਮੁੱਲ ਤੇ ਇੱਕ ਪਲਾਟ ਅਲਾਟ ਕੀਤਾ ਜਾਵੇਗਾ। ਸਰਕਾਰ ਫੋਕਲ ਪੁਆਇੰਟ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਗਰੁੱਪ ਹਾਊਸਿੰਗ ਸਕੀਮ ਹੇਠ ਜ਼ਮੀਨ ਮੁਹਈਆ ਕਰਵਾਉਣ ਤੇ ਵੀ ਵਿਚਾਰ ਕਰੇਗੀ। ਸਰਕਾਰ ਉਨ੍ਹਾਂ ਪਲਾਟ ਮਾਲਕਾਂ ਨੂੰ ਵੀ ਨੋਟਿਸ ਜਾਰੀ ਕਰੇਗੀ, ਜਿਨ੍ਹਾਂ ਪਲਾਟਾਂ ਦੀ ਅਲਾਟਮੈਂਟ ਹੋਣ ਤੋਂ ਬਾਅਦ ਕੋਈ ਉਦਯੋਗ ਵਿਕਸਤ ਨਹੀਂ ਕੀਤਾ।
ਉਨ੍ਹਾਂ ਸਥਾਨਕ ਉਦਯੋਗਾਂ ਦੀ ਮੰਗ ਤੇ ਵਿਚਾਰ ਕਰਨ ਲਈ ਵਿਭਾਗ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਚ ਮੁੜ ਵਸੇਵੇਂ ਤੇ ਸੁਧਾਰ ਦੀ ਬਹੁਤ ਲੋੜ ਹੈ, ਜੋ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਚੋਂ ਇੱਕ ਹਨ, ਜਿਸ ਨਾਲ ਮਾਲੀਆ ਤੇ ਨੌਕਰੀਆਂ ਪੈਦਾ ਹੋਣਗੀਆਂ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਨਾਲ ਨਾ ਸਿਰਫ ਮੌਜੂਦਾ ਉਦਯੋਗਾਂ ਨੂੰ ਮਜ਼ਬੂਤੀ ਮਿਲੇਗੀ ਤੇ ਉਨ੍ਹਾਂ ਹਰ ਸੁਵਿਧਾਵਾਂ ਮਿਲਣਗੀਆਂ, ਸਗੋਂ ਇਸ ਨਾਲ ਨਵੇਂ ਨਿਵੇਸ਼ ਨੂੰ ਵੀ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨਾ ਚਾਹੁੰਦੇ ਹਨ ਅਤੇ ਇਸ ਟੀਚੇ ਲਈ ਉਨ੍ਹਾਂ ਆਪਣਾ ਪੂਰਾ ਸਮਰਥਨ ਦਿੱਤਾ ਹੈ।
ਇਸ ਮੌਕੇ ਜਗਮੋਹਨ ਸਿੰਘ ਕੰਗ ਤੋਂ ਇਲਾਵਾ, ਤਿਵਾੜੀ ਨਾਲ ਯੂਥ ਕਾਂਗਰਸੀ ਆਗੂ ਯਾਦਵਿੰਦਰ ਕੰਗ, ਯੋਗੇਸ਼ ਸਾਗਰ ਤੇ ਉਦਯੋਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।