-12 ਅਕਤੂਬਰ ਨੂੰ ਵੋਟਾਂ ਦਾ ਕੰਮ ਹੋਵੇਗਾ ਸੰਪਨ

NZ PIC 12 July-1
(ਸ. ਭੁਪਿੰਦਰ ਸਿੰਘ ਪਾਬਲਾ ਅਤੇ ਜੈਸੀ ਪਾਬਲਾ)

ਔਕਲੈਂਡ 12 ਜੁਲਾਈ -ਕਿਸੇ ਵੀ ਦੇਸ਼ ਦੇ ਵਿਚ ਸਥਾਨਕ ਨਗਰ ਕੌਂਸਿਲ ਚੋਣਾਂ ਬੇਹੱਦ ਮਹੱਤਵਪੂਰਨ ਹੁੰਦੀਆਂ ਹਨ। ਵੱਖ-ਵੱਖ ਛੋਟੇ ਖੇਤਰਾਂ ਨੂੰ ਵੱਡੀ ਕੌਂਸਿਲ ਦੇ ਨਾਲ ਜੋੜਨ ਦੇ ਲਈ  ਕੌਂਸਲਰ ਅਤੇ ਲੋਕਲ ਬੋਰਡ ਮੈਂਬਰ ਆਪਣਾ ਖਾਸ ਰੋਲ ਅਦਾ ਕਰਦੇ ਹਨ। ਹੁਣ ਔਕਲੈਂਡ ਕੌਂਸਿਲ ਦੀਆਂ ਚੋਣਾਂ ਅਕਤੂਬਰ ਮਹੀਨੇ ਆ ਰਹੀਆਂ ਹਨ। ਵੱਖ-ਵੱਖ ਸ਼ਹਿਰਾਂ ਤੋਂ ਉਮੀਦਵਾਰ ਆਪਣੀ-ਆਪਣੀ ਪਾਰਟੀ ਦੀ ਮਦਦ ਨਾਲ ਚੋਣ ਪ੍ਰਕ੍ਰਿਆ ਦੇ ਵਿਚੋਂ ਨਿਕਲ ਕੇ ਟਿਕਟਾਂ ਪ੍ਰਾਪਤ ਕਰ ਰਹੇ ਹਨ। ਪਾਪਾਕੁਰਾ-ਮੈਨੁਰੇਵਾ ਖੇਤਰ ਤੋਂ ਦੋ ਕੌਂਸਿਲਰ ਚੁਣੇ ਜਾਣੇ ਹਨ ਜਦ ਕਿ 6 ਲੋਕਲ ਬੋਰਡ ਮੈਂਬਰ ਪਾਪਾਕੁਰਾ ਚੁਣੇ ਜਾਂਣੇ ਹੁੰਦੇ ਹਨ ਅਤੇ ਮੈਨੁਰੇਵਾ ਦੇ 6 ਲੋਕਲ ਬੋਰਡ ਮੈਂਬਰ ਵੱਖਰੇ। ਲੋਕਲ ਬੋਰਡ ਮੈਂਬਰ ਸਥਾਨਕ ਕੌਂਸਲਰ ਦੇ ਨਾਲ ਰਾਬਤਾ ਕਾਇਮ ਕਰਕੇ ਸਥਾਨਕ ਸਰੋਕਾਰਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਮਦਦ ਕਰਦੇ ਹਨ।
ਹੁਣ ਪਾਪਾਕੁਰਾ ਹਲਕੇ ਤੋਂ ਸ. ਭੁਪਿੰਦਰ ਸਿੰਘ ਪਾਬਲਾ ਅਤੇ ਜੈਸੀ ਪਾਬਲਾ ਇਸ ਵਾਰ ਲੇਬਰ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਪਿੰਡ ਲਸਾੜਾ ਨੇੜੇ ਫਿਲੌਰ ਨਾਲ ਆਪਣਾ ਜੱਦੀ ਰਿਸ਼ਤਾ ਰੱਖਦਾ ਇਹ ਪਰਿਵਾਰ ਨਿਊਜ਼ੀਲੈਂਡ ਦੇ ਵਿਚ 34 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਹੈ। ਸ. ਭੁਪਿੰਦਰ ਸਿੰਘ ਪਾਬਲਾ (54) ਇਸ ਵੇਲੇ ਨਿਊਜ਼ੀਲੈਂਡ ਨੇਵੀ ਦੇ ਵਿਚ ਪਿਛਲੇ 12 ਸਾਲ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਇੰਸਟਰਕਟਰ ਦੇ ਤੌਰ ‘ਤੇ ਸੇਵਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਰੋਜ਼ਹਿੱਲ ਕਾਲਜ ਪਾਪਾਕੁਰਾ ਦੇ ਵਿਚ ਵੀ ਇਸੇ ਵਿਸ਼ੇ ‘ਚ ਰਿਲੀਫ ਅਧਿਆਪਕ ਰਹਿ ਚੁੱਕੇ ਹਨ। ਨੇਵੀ ਦੇ ਵਿਚ ਸ਼ਾਇਦ ਇਹ ਪਹਿਲੇ ਪੰਜਾਬੀ ਇੰਸਟਰਕਟਰ ਹਨ। ਪਾਪਾਕੁਰਾ ਉਨ੍ਹਾਂ ਦਾ ਪੱਕਾ ਰੈਣ ਬਸੇਰਾ ਹੋਣ ਕਰਕੇ ਉਨ੍ਹਾਂ ਨੇ ਇਸ ਨੂੰ ਹੋਰ ਸੁੰਦਰ ਬਨਾਉਣ ਦਾ ਸੁਪਨਾ ਲਿਆ ਹੈ ਅਤੇ ਉਹ ਲੋਕਲ ਬੋਰਡ ਮੈਂਬਰ ਬਣ ਕੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ।
ਇਸਦੇ ਨਾਲ ਹੀ ਉਨ੍ਹਾਂ ਦਾ ਫਰਜੰਦ ਜੈਸੀ  ਪਾਬਲਾ (24) ਵੀ ਚੋਣ ਮੈਦਾਨ ਦੇ ਵਿਚ ਹੈ। ਜੈਸੀ ਪਾਬਲਾ ਇਸ ਤੋਂ ਪਹਿਲਾਂ 2017 ਦੇ ਵਿਚ ਹੋਈਆਂ ਆਮ ਚੋਣਾਂ (ਜਨਰਲ ਇਲੈਕਸ਼ਨ) ਦੇ ਵਿਚ ਪਾਪਾਕੁਰਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਚੁੱਕਾ ਹੈ ਅਤੇ 12,780 ਵੋਟਾਂ (35.08%) ਲੈ ਕੇ ਦੂਜੇ ਨੰਬਰ ਉਤੇ ਰਿਹਾ ਸੀ। ਜੈਸੀ ਪਾਬਲਾ ਬਾਅਦ ਵਿਚ ਵੀ ਲੇਬਰ ਪਾਰਟੀ ਦੇ ਨਾਲ ਜੁੜਿਆ ਰਿਹਾ ਹੈ ਅਤੇ ਲੇਬਰ ਪਾਰਟੀ ਦੇ ਮਲਟੀ ਕਲਚਰਲ ਵਿੰਗ ਦਾ ਚੇਅਰਮੈਨ ਵੀ ਰਹਿ ਚੁੱਕਾ ਹੈ। ਲੇਬਰ ਪਾਰਟੀ ਵੱਲੋਂ ਇਨ੍ਹਾਂ ਦੋਹਾਂ ਉਮੀਦਵਾਰਾਂ ਦੀ ਚੋਣ ਇਨ੍ਹਾਂ ਦੀ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਵੇਖਦਿਆਂ ਕੀਤੀ ਗਈ ਹੈ। ਇਹ ਦੋਵੇਂ ਚੁਣੇ ਗਏ ਉਮੀਦਵਾਰ ਜਲਦੀ ਹੀ ਆਪਣੀ ਨਾਮਜ਼ਦਗੀ ਦਾਖਲ ਕਰਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ। 19 ਜੁਲਾਈ ਤੋਂ ਨਾਮਜ਼ਦਗੀਆਂ ਦਾਖਲ ਕਰਨੀਆਂ ਸ਼ੁਰੂ ਹੋ ਜਾਣਗੀਆਂ। 21 ਅਗਸਤ ਨੂੰ ਉਮਦੀਵਾਰਾਂ ਦੀ ਲਿਸਟ ਤਿਆਰ ਹੋ ਜਾਵੇਗੀ।
ਪਾਪਾਕੁਰਾ-ਮੈਨੁਰੇਵਾ ਹਲਕੇ ਤੋਂ ਭਾਰਤੀ ਮੂਲ ਦੇ ਇਲਾਂਗੋ ਕ੍ਰਿਸ਼ਾਨਾਮੂਰਥੀ (ਤਾਮਿਲਨਾਢੂ) ਵੀ ਮੈਦਾਨ ਵਿਚ ਹਨ ਅਤੇ ਉਹ ਕੌਂਸਲਰ ਦੀ ਚੋਣ ਲੜ ਰਹੇ ਹਨ ਇਸ ਤੋਂ ਇਲਾਵਾ ਜਗਨ ਰੈਡੀ ਵੋਡਨਾਲਾ ਲੋਕਲ ਬੋਰਡ ਦੇ ਉਮੀਦਵਾਰ ਹਨ।
ਇਲੈਕਸ਼ਨ ਵਿਭਾਗ ਵੱਲੋਂ ਇਸ ਵੇਲੇ ਲੋਕਾਂ ਨੂੰ ਆਪਣੀਆਂ ਵੋਟਾਂ ਬਨਾਉਣ, ਐਡਰੈਸ ਤਬਦੀਲ ਕਰਾਉਣ ਜਾਂ ਨਵੀਂਆਂ ਬਨਾਉਣ ਵਾਸਤੇ ਕਿਹਾ ਜਾਣ ਲੱਗ ਪਿਆ ਹੈ 16 ਅਗਸਤ ਤੱਕ ਵੋਟਾਂ ਬਣਾਈਆਂ ਜਾ ਸਕਦੀਆਂ ਹਨ। ਜੇਕਰ ਬਾਅਦ ਵਿਚ ਵੋਟ ਬਨਾਉਣੀ ਹੋਵੇ ਤਾਂ ਵਿਸ਼ੇਸ਼ ਤੌਰ ‘ਤੇ ਅਰਜੀ ਦੇਣੀ ਹੋਵੇਗੀ। 20 ਤੋਂ 25 ਸਤੰਬਰ ਦਰਮਿਆਨ ਔਕਲੈਂਡ ਕੌਂਸਿਲ ਦੀਆਂ ਵੋਟਾਂ ਦੇ ਪੇਪਰ ਆਉਣੇ ਸ਼ੁਰੂ ਹੋ ਜਾਣੇ ਹਨ। 11 ਅਕਤੂਬਰ ਤੱਕ ਵੋਟਾਂ ਦਿੱਤੀਆਂ ਜਾ ਸਕਣੀਆਂ ਅਤੇ 12 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਇਹ ਵੋਟਾਂ  ਦਾ ਕੰਮ ਖਤਮ ਹੋ ਜਾਵੇਗਾ। ਲਾਇਬ੍ਰੇਰੀਆਂ ਅਤੇ ਡਾਕਖਾਨਿਆਂ ਦੇ ਵਿਚ 12 ਅਕਤੂਬਰ 12 ਵਜੇ ਤੱਕ ਹੀ ਵੋਟਾਂ ਡ੍ਰੋਪ ਕੀਤੀਆਂ ਜਾ ਸਕਣੀਆਂ।