(ਪਿੰਡ ਮਹਿਰਾਜ ਦੀ ਸਬੰਧਤ ਜ਼ਮੀਨ ਵਿੱਚ ਲੱਗਾ ਝੋਨਾ)
(ਪਿੰਡ ਮਹਿਰਾਜ ਦੀ ਸਬੰਧਤ ਜ਼ਮੀਨ ਵਿੱਚ ਲੱਗਾ ਝੋਨਾ)

ਬਠਿੰਡਾ/ 10 ਜੁਲਾਈ/ — ਕਿਸੇ ਜ਼ਮਾਨੇ ‘ਚ ਜਿਸ ਬਾਬਾ ਆਲਾ ਸਿੰਘ ਤੋਂ ਤਿੰਨ ਫੂਲਕੀਆਂ ਰਿਆਸਤਾਂ ਦੇ ਵਸਨੀਕ ਨਿਆਂ ਲੋਚਿਆ ਕਰਦੇ ਸਨ, ਲਾਲਫੀਤਾਸ਼ਾਹੀ ਦਾ ਹੀ ਇਹ ਕ੍ਰਿਸ਼ਮਾ ਹੈ, ਕਿ ਉਸਦੇ ਵਾਰਸ ਦਾ ਸੂਬੇ ਵਿੱਚ ਰਾਜ ਭਾਗ ਹੋਣ ਦੇ ਬਾਵਜੂਦ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਦੀ ਸਾਂਝੀ ਜ਼ਮੀਨ ਇਨਸਾਫ਼ ਲਈ ਕੁਰਲਾਟ ਮਚਾ ਰਹੀ ਹੈ, ਅਫ਼ਸੋਸ ਸੁਣਨ ਵਾਲਾ ਨਾ ਕੋਈ ਸੰਤਰੀ ਐ ਤੇ ਨਾ ਹੀ ਕੋਈ ਮੰਤਰੀ।

ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ 2013-14 ਦੇ ਮਾਲੀ ਵਰ੍ਹੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਜੱਦੀ ਪਿੰਡ ਨੂੰ ਜੋ ਪੰਚਇਤੀ ਜ਼ਮੀਨ ਠੇਕੇ ਤੇ ਦਿੱਤੀ ਸੀ, ਉਸਦਾ ਰਕਬਾ 92 ਏਕੜ ਸੀ। 2014 ਵਿੱਚ ਗਰਾਮ ਪੰਚਾਇਤ ਦੀ ਬਜਾਏ ਹੋਂਦ ਵਿੱਚ ਆਈ ਨਗਰ ਪੰਚਾਇਤ ਨੇ ਮਾਲੀ ਵਰ੍ਹੇ 2014-15 ਲਈ ਜੋ ਪੰਚਾਇਤੀ ਜ਼ਮੀਨ ਠੇਕੇ ਤੇ ਚਾੜ੍ਹੀ, ਉਸਦਾ ਰਕਬਾ ਘੱਟ ਕੇ 59 ਏਕੜ ਰਹਿ ਗਿਆ। ਜਦ ਕਿ 37 ਏਕੜ ਜ਼ਮੀਨ ਗ਼ਾਇਬ ਹੋ ਗਈ। ਬਾਦਲ ਸਰਕਾਰ ਦੇ ਦੌਰ ‘ਚ ਜ਼ਮੀਨ ਨੂੰ ਲੱਗੇ ਇਸ ਖੋਰੇ ਨੇ 55 ਏਕੜ ਗ਼ਾਇਬ ਕਰ ਦਿੱਤੀ।

ਪਿੰਡ ਦੇ ਕੁੱਝ ਉਤਸ਼ਾਹੀ ਵਿਅਕਤੀਆਂ ਨੇ ਕੈਪਟਨ ਸਰਕਾਰ ਬਣਨ ਉਪਰੰਤ ਸਰਕਾਰੇ ਦਰਬਾਰੇ ਚਾਰਾਜੋਈ ਕੀਤੀ, ਤਾਂ ਕਿ ਗੁੰਮ ਹੋਈ ਜ਼ਮੀਨ ਲੱਭੀ ਜਾ ਸਕੇ। ਇੱਕ ਜਾਗਰੂਕ ਨਾਗਰਿਕ ਹਰਮੀਤ ਸਿੰਘ ਮਹਿਰਾਜ ਨੇ ਲਗਾਤਾਰ ਘਪਲੇਬਾਜ਼ੀ ਹੁੰਦੀ ਰਹਿਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਹੁਣ ਨਗਰ ਪੰਚਾਇਤ ਕੋਲ ਵਾਹੀ ਯੋਗ ਜ਼ਮੀਨ ਤੀਹ ਪੈਂਤੀ ਏਕੜ ਹੀ ਬਚੀ ਹੈ। 2019-20 ਦੇ ਮਾਲੀ ਵਰ੍ਹੇ ਲਈ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਲਈ ਪਹਿਲਾਂ 6 ਜੂਨ ਦੀ ਤਾਰੀਖ਼ ਤਹਿ ਕੀਤੀ ਸੀ, ਲੇਕਿਨ ਉਸਨੂੰ ਬਦਲ ਕੇ ਪੰਚਾਇਤੀ ਜ਼ਮੀਨ ਦੀ ਨਿਲਾਮੀ ਲਈ ਬੋਲੀ ਦੀ ਤਾਰੀਖ਼ 11 ਜੁਲਾਈ ਕਰ ਦਿੱਤੀ। ਇਸ ਸਬੰਧੀ ਅਖ਼ਬਾਰਾਂ ਵਿੱਚ ਪੰਚਾਇਤੀ ਖ਼ਰਚੇ ਤੇ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ।

(ਪਿੰਡ ਮਹਿਰਾਜ ਦੀ ਜ਼ਮੀਨ ਦੀ ਬੋਲੀ ਸਬੰਧੀ ਕੰਧ ਤੇ ਲੱਗਾ ਇਸ਼ਤਿਹਾਰ)
(ਪਿੰਡ ਮਹਿਰਾਜ ਦੀ ਜ਼ਮੀਨ ਦੀ ਬੋਲੀ ਸਬੰਧੀ ਕੰਧ ਤੇ ਲੱਗਾ ਇਸ਼ਤਿਹਾਰ)

ਮਾਮਲਾ ਸਿਰਫ ਨਗਰ ਪੰਚਾਇਤ ਦੀ ਲਗਾਤਾਰ ਘੱਟ ਰਹੀ ਜ਼ਮੀਨ ਤੱਕ ਹੀ ਸੀਮਤ ਨਹੀਂ, ਬਲਕਿ ਹੁਣ ਇਸ ਨੇ ਇੱਕ ਅਜਿਹੇ ਸਕੈਂਡਲ ਦਾ ਰੂਪ ਅਖ਼ਤਿਆਰ ਕਰ ਲਿਐ, ਕਿ ਠੇਕੇ ਤੇ ਚਾੜ੍ਹਣ ਲਈ ਜਿਸ ਜ਼ਮੀਨ ਦੀ ਬੋਲੀ 11 ਜੁਲਾਈ ਨੂੰ ਹੋ ਰਹੀ ਹੈ, ਉਸ ਵਿੱਚ ਝੋਨੇ ਦੀ ਫ਼ਸਲ ਵੀਹ ਦਿਨ ਪਹਿਲਾਂ ਹੀ ਲਾ ਦਿੱਤੀ ਗਈ ਸੀ। ਜਾਣਕਾਰੀ ਮਿਲਣ ਤੇ ਪੱਤਰਕਾਰਾਂ ਨੇ ਜਦ ਪਿੰਡ ਮਹਿਰਾਜ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜਿੱਥੇ ਪੰਚਾਇਤ ਘਰ ਦੀਆਂ ਕੰਧਾਂ ਤੇ ਨਿਲਾਮੀ ਦੇ ਇਸ਼ਤਿਹਾਰ ਲੱਗੇ ਹੋਏ ਹਨ, ਉੱਥੇ ਨਿਲਾਮ ਹੋਣ ਵਾਲੀ ਜ਼ਮੀਨ ਵਿੱਚ ਝੋਨੇ ਦੀ ਫ਼ਸਲ ਨਵੀਆਂ ਕਰੂੰਬਲਾਂ ਕੱਢਣ ਦੇ ਅਮਲ ਚੋਂ ਗੁਜ਼ਰ ਰਹੀ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵਡੇਰੇ ਬਾਬਾ ਆਲਾ ਸਿੰਘ ਨੇ ਹੀ ਪਟਿਆਲਾ ਰਿਆਸਤ ਦਾ ਨੀਂਹ ਪੱਥਰ ਰੱਖਿਆ ਸੀ ਤੇ ਉਸੇ ਹੀ ਫੂਲਕੀਆ ਖ਼ਾਨਦਾਨ ਨਾਲ ਸਬੰਧਤ ਦੋ ਹੋਰ ਰਿਆਸਤਾਂ ਨਾਭਾ ਤੇ ਸੰਗਰੂਰ ਵੀ ਹੋਇਆ ਕਰਦੀਆਂ ਸਨ, ਮੁਲਕ ਦੇ ਆਜ਼ਾਦ ਹੋਣ ਤੋਂ ਬਾਅਦ ਜਿਸ ਪੈਪਸੂ ਨਾਂ ਦੇ ਨਵੇਂ ਭੂਗੋਲਿਕ ਖੇਤਰ ਦਾ ਭਾਰਤ ਸਰਕਾਰ ਨੇ ਗਠਨ ਕੀਤਾ ਸੀ, ਉਸਦੇ ਰਾਜ ਪ੍ਰਮੁੱਖ ਵੀ ਮੌਜੂਦਾ ਮੁੱਖ ਮੰਤਰੀ ਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਹੋਇਆ ਕਰਦੇ ਸਨ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜਾਬ ਦੇ ਰਾਜ ਭਾਗ ਦੇ ਮਾਲਕ ਹਨ, ਤਾਂ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਦੀ ਜ਼ਮੀਨ ਨੂੰ ਹੜੱਪਣ ਦਾ ਸਿਲਸਿਲਾ ਰਾਜ ਪ੍ਰਬੰਧ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ।
ਪੱਖ ਜਾਣਨ ਲਈ ਜਦ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਡੀ ਸ੍ਰੀਨਿਵਾਸਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਾਣਕਾਰੀ ਹਾਸਲ ਕਰਨ ਉਪਰੰਤ ਹੀ ਉਹ ਕੁੱਝ ਕਹਿ ਸਕਣਗੇ।